ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਗੋਦ ਲਏ ਪਿੰਡ ਮੁੰਡਾ ਦੀ ਤਸਵੀਰ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਪਿੰਡ ਦੇ ਹਾਲਾਤ ਤਰਸਯੋਗ, ਸਥਾਨਕ ਲੋਕਾਂ ਨੇ ਕੀਤੇ ਕਈ ਅਹਿਮ ਖ਼ੁਲਾਸੇ

A picture of the village adopted by Ranjit Singh Brahmpura

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਗੋਦ ਲਏ ਗਏ ਪਿੰਡ ਮੁੰਡਾ ਵਿਖੇ ਪਹੁੰਚ ਕੇ 'ਸਪੋਕਸਮੈਨ ਟੀਵੀ’ ਦੀ ਟੀਮ ਵਲੋਂ ਪਿੰਡ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਪਿੰਡ ਵਾਸੀਆਂ ਨੇ ਕਈ ਅਹਿਮ ਖ਼ੁਲਾਸੇ ਕੀਤੇ। ਲੋਕਾਂ ਨੇ ਦੱਸਿਆ ਕਿ ਪਿੰਡ ਦੇ ਹਾਲਾਤ ਬਹੁਤ ਹੀ ਤਰਸਯੋਗ ਹਨ। ਪਿੰਡ ਵਿਚ ਗਲੀਆਂ ਨਾਲੀਆਂ ਦਾ ਪ੍ਰਬੰਧ ਨਹੀਂ ਹੈ। ਮੀਂਹ ਦੇ ਦਿਨਾਂ ਵਿਚ ਪਾਣੀ ਗਲੀਆਂ ਵਿਚ ਜਮ੍ਹਾ ਹੋ ਜਾਂਦਾ ਹੈ ਜਿਸ ਕਰਕੇ ਆਉਣ-ਜਾਣ ਵਿਚ ਦਿੱਕਤ ਆਉਂਦੀ ਹੈ।

ਨਸ਼ਿਆਂ ਸਬੰਧੀ ਗੱਲਬਾਤ ਕਰਦਿਆਂ ਨੌਜਵਾਨਾਂ ਨੇ ਦੱਸਿਆ ਕਿ ਪਿੰਡ ਵਿਚ ਨਸ਼ਿਆਂ ਪੱਖੋ ਵੀ ਕਿਸੇ ਤਰ੍ਹਾਂ ਦਾ ਕੋਈ ਸੁਧਾਰ ਨਹੀਂ ਹੈ। ਬੇਰਜ਼ੁਗਾਰੀ ਦਿਨੋ-ਦਿਨ ਵਧਦੀ ਜਾਂਦੀ ਹੈ, ਪਿੰਡ ਵਿਚ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਹੈ। ਪਿੰਡ ਵਿਚ ਡਿਸਪੈਂਸਰੀ ਤਾਂ ਹੈ ਪਰ ਕੋਈ ਸਹੂਲਤ ਨਹੀਂ ਹੈ। ਪਿੰਡ ਦੇ ਸਥਾਨਕ ਵਾਸੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਪਿੰਡ ਨੂੰ ਗੋਦ ਤਾਂ ਲੈ ਲਿਆ ਗਿਆ ਪਰ ਪਿੰਡ ਦੇ ਸੁਧਾਰ ਜਾਂ ਦੇਖਭਾਲ ਵੱਲ ਕੋਈ ਧਿਆਨ ਨਹੀਂ ਦਿਤਾ ਗਿਆ।

ਪਿੰਡ ਦੇ ਸਕੂਲ ਦਾ ਦੌਰਾ ਕਰਨ ’ਤੇ ਵਿਦਿਆਰਥੀਆਂ ਨੇ ਸਕੂਲ ਦੇ ਹਾਲਾਤਾਂ ਨੂੰ ਬਿਆਨ ਕਰਦੇ ਹੋਏ ਦੱਸਿਆ ਕਿ ਸਕੂਲ ਦੇ ਹਾਲਾਤ ਬਹੁਤੇ ਚੰਗੇ ਨਹੀਂ ਹਨ। ਸਕੂਲ ਵਿਚ ਕਮਰਿਆਂ ਦੀ ਘਾਟ ਹੈ ਜਿਸ ਕਰਕੇ ਛੋਟੀਆਂ ਤੇ ਵੱਡੀਆਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਕਈ ਵਾਰ ਤਾਂ ਇਕੋ ਕਲਾਸ ਵਿਚ ਬੈਠਣਾ ਪੈਂਦਾ ਹੈ ਅਤੇ ਮੀਂਹ ਦੇ ਦਿਨਾਂ ਵਿਚ ਗਰਾਉਂਡ ਵਿਚ ਜ਼ਿਆਦਾ ਮਾਤਰਾ ਵਿਚ ਪਾਣੀ ਇਕੱਠਾ ਹੋ ਜਾਂਦਾ ਹੈ ਅਤੇ ਕਲਾਸਾਂ ਦੀਆਂ ਛੱਤਾਂ ਵਿਚੋਂ ਵੀ ਪਾਣੀ ਹੇਠਾਂ ਡਿੱਗਦਾ ਹੈ ਜਿਸ ਕਰਕੇ ਵਿਦਿਆਰਥੀਆਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਵਿਦਿਆਰਥੀਆਂ ਨੇ ਸਕੂਲ ਵਿਚ ਪੜ੍ਹਾਈ ਦੇ ਬਾਰੇ ਗੱਲ ਕਰਦਿਆਂ ਦੱਸਿਆ ਕਿ ਪੜ੍ਹਾਈ ਉਨ੍ਹਾਂ ਨੂੰ ਸਕੂਲ ਵਿਚ ਵਧੀਆ ਕਰਵਾਈ ਜਾ ਰਹੀ ਹੈ। ਅਧਿਆਪਕ ਪੂਰੇ ਹਨ ਅਤੇ ਪੀਰੀਅਡ ਵੀ ਸਾਰੇ ਲੱਗਦੇ ਹਨ। ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਅਪਣੀ ਵੱਖਰੀ ਪਾਰਟੀ ਬਣਾਉਣ ਦੇ ਬਾਰੇ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਬ੍ਰਹਮਪੁਰਾ ਵਲੋਂ ਬਹੁਤ ਵਧੀਆ ਫ਼ੈਸਲਾ ਲਿਆ ਗਿਆ ਹੈ ਕਿਉਂਕਿ ਪੰਜਾਬ ਦੇ ਲੋਕ ਅਕਾਲੀ ਅਤੇ ਕਾਂਗਰਸ ਦੋਵਾਂ ਪਾਰਟੀਆਂ ਤੋਂ ਤੰਗ ਆ ਚੁੱਕੇ ਹਨ। ਇਸ ਲਈ ਹੁਣ ਉਨ੍ਹਾਂ ਨੂੰ ਪੰਜਾਬ ਵਿਚ ਨਵੀਂ ਪਾਰਟੀ ਦੇ ਆਉਣ ਨਾਲ ਵਿਕਾਸ ਹੋਣ ਦੀ ਉਮੀਦ ਹੈ।