ਡਾ. ਧਰਮਵੀਰ ਗਾਂਧੀ ਵਲੋਂ ਗੋਦ ਲਏ ਜਨਸੂਆ ਪਿੰਡ ਦੇ ਹਾਲਾਤ ਤਰਸਯੋਗ, ਪਿੰਡ ਵਾਸੀਆਂ ਨੇ ਕੀਤਾ ਖ਼ੁਲਾਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵਲੋਂ ਗੋਦ ਲਏ ਪਿੰਡ ਜਨਸੂਆ ਵਿਖੇ ਸਪੋਕਸਮੈਨ ਟੀਵੀ ਦੀ ਟੀਮ ਦੌਰਾ ਕਰਨ ਪਹੁੰਚੀ। ਇਸ ਦੌਰਾਨ...

Jansua Village

ਚੰਡੀਗੜ੍ਹ : ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵਲੋਂ ਗੋਦ ਲਏ ਪਿੰਡ ਜਨਸੂਆ ਵਿਖੇ ਸਪੋਕਸਮੈਨ ਟੀਵੀ ਦੀ ਟੀਮ ਦੌਰਾ ਕਰਨ ਪਹੁੰਚੀ। ਇਸ ਦੌਰਾਨ ਪਿੰਡ ਵਾਸੀਆਂ ਨੇ ਪਿੰਡ ਦੇ ਹਾਲਾਤਾਂ ਬਾਰੇ ਜਾਣੂ ਕਰਵਾਉਂਦੇ ਹੋਏ ਕਈ ਅਹਿਮ ਖ਼ੁਲਾਸੇ ਕੀਤੇ। ਸਥਾਨਕ ਲੋਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਿਰਫ਼ ਕਹਿਣ ਨੂੰ ਹੀ ਡਾ. ਧਰਮਵੀਰ ਗਾਂਧੀ ਨੇ ਉਨ੍ਹਾਂ ਦੇ ਪਿੰਡ ਨੂੰ ਗੋਦ ਲਿਆ ਹੈ ਪਰ ਅਸਲ ਵਿਚ ਉਨ੍ਹਾਂ ਨੇ ਕਦੇ ਪਿੰਡ ਦਾ ਦੌਰਾ ਕੀਤਾ ਹੀ ਨਹੀਂ, ਵਿਕਾਸ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।

ਉਨ੍ਹਾਂ ਦੱਸਿਆ ਕਿ ਪਿੰਡ ਵਿਚ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਹੈ। ਪਿੰਡ ਵਿਚ ਪੀਣ ਦੇ ਪਾਣੀ ਦਾ ਪ੍ਰਬੰਧ ਨਹੀਂ ਹੈ ਅਤੇ ਨਾਂ ਹੀ ਨਿਕਾਸ ਦਾ ਪ੍ਰਬੰਧ ਹੈ। ਮੀਂਹ ਦੇ ਦਿਨਾਂ ਵਿਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਸਕੂਲ ਦੇ ਬਾਹਰ ਛੱਪੜ ਦਾ ਪਾਣੀ ਹਮੇਸ਼ਾ ਇਕੱਠਾ ਹੋਇਆ ਰਹਿੰਦਾ ਹੈ ਜਿਸ ਕਾਰਨ ਬੱਚਿਆਂ ਨੂੰ ਉੱਥੋਂ ਲੰਘਣ ਵਿਚ ਮੁਸ਼ਕਿਲ ਆਉਂਦੀ ਹੈ ਅਤੇ ਸਕੂਲ ਵਿਚ ਪੀਣ ਦੇ ਪਾਣੀ ਦਾ ਵੀ ਪ੍ਰਬੰਧ ਨਹੀਂ ਹੈ।

ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਪਿੰਡ ਵਿਚ ਕੋਈ ਡਿਸਪੈਂਸਰੀ ਨਹੀਂ ਹੈ ਜੋ ਕਿ ਹਰੇਕ ਪਿੰਡ ਦੀ ਸਭ ਤੋਂ ਮੁੱਢਲੀ ਜ਼ਰੂਰਤ ਹੁੰਦੀ ਹੈ ਪਰ ਸਹੂਲਤ ਨਾ ਹੋਣ ਕਰਕੇ ਉਨ੍ਹਾਂ ਨੂੰ ਇਲਾਜ ਲਈ 6 ਕਿਲੋਮੀਟਰ ਦੂਰ ਪਿੰਡ ਰਾਜਪੁਰੇ ਜਾਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿਚ ਕਿਸੇ ਤਰ੍ਹਾਂ ਦੀ ਸਰਕਾਰ ਵਲੋਂ ਸਹੂਲਤ ਨਹੀਂ ਦਿਤੀ ਗਈ। ਇਸ ਦੌਰਾਨ ਇਕ ਗੱਲ ਹੋਰ ਸਾਹਮਣੇ ਆਈ ਕਿ ਕਈ ਪਿੰਡ ਵਾਸੀਆਂ ਨੂੰ ਇਸ ਬਾਰੇ ਪਤਾ ਵੀ ਨਹੀਂ ਸੀ

ਕਿ ਉਨ੍ਹਾਂ ਦੇ ਪਿੰਡ ਨੂੰ ਡਾ. ਧਰਮਵੀਰ ਗਾਂਧੀ ਨੇ ਗੋਦ ਲੈ ਰੱਖਿਆ ਹੈ ਜੋ ਇਹ ਦਰਸਾਉਂਦਾ ਹੈ ਕਿ ਧਰਮਵੀਰ ਗਾਂਧੀ ਨੇ ਸਿਰਫ਼ ਕਹਿਣ ਨੂੰ ਹੀ ਪਿੰਡ ਗੋਦ ਲਿਆ ਹੈ ਪਰ ਅਸਲੀਅਤ ਇਹ ਹੈ ਕਿ ਉਨ੍ਹਾਂ ਨੇ ਪਿੰਡ ਦੀ ਕਦੇ ਸਾਰ ਵੀ ਨਹੀਂ ਲਈ। ਪਿੰਡ ਵਾਸੀਆਂ ਨੇ ਸਖ਼ਤ ਨਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਧਰਮਵੀਰ ਗਾਂਧੀ ਨੇ ਅੱਜ ਤੱਕ ਪਿੰਡ ਲਈ ਕੁਝ ਨਹੀਂ ਕੀਤਾ। ਜੇਕਰ ਪਿੰਡ ਲਈ ਕੁਝ ਕਰਨਾ ਹੀ ਨਹੀਂ ਸੀ ਤਾਂ ਪਿੰਡ ਗੋਦ ਲੈਣ ਦਾ ਕੋਈ ਮਤਲਬ ਨਹੀਂ ਬਣਦਾ ਸੀ।