ਤਾਲਾਬੰਦੀ ਦੌਰਾਨ ਤਰਸਯੋਗ ਬਣੀ ਮਜ਼ਦੂਰਾਂ ਦੀ ਦਸ਼ਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕੋਵਿਡ-19 ਵਾਇਰਸ ਮੁੱਖ ਤੌਰ ਉਤੇ ਸਾਹ ਪ੍ਰਣਾਲੀ ਨੂੰ ਪ੍ਰਭਾਵਤ ਕਰਦਾ ਹੈ।

File Photo

ਕੋਵਿਡ-19 ਵਾਇਰਸ ਮੁੱਖ ਤੌਰ ਉਤੇ ਸਾਹ ਪ੍ਰਣਾਲੀ ਨੂੰ ਪ੍ਰਭਾਵਤ ਕਰਦਾ ਹੈ। ਇਸ ਨਾਲ ਸਬੰਧਤ ਬੀਮਾਰੀ ਦਸੰਬਰ-2019 ਵਿਚ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋ ਕੇ ਪੂਰੀ ਦੁਨੀਆਂ ਵਿਚ ਫੈਲ ਚੁੱਕੀ ਹੈ। ਵਿਸ਼ਵ ਸਿਹਤ ਜਥੇਬੰਦੀ ਨੇ ਇਸ ਨੂੰ ਮਹਾਂਮਾਰੀ ਐਲਾਨਿਆ ਹੈ ਜਿਸ ਨੇ ਇਸ ਦੀ ਗੰਭੀਰਤਾ ਨੂੰ ਦਰਸਾਇਆ ਹੈ। ਵਿਸ਼ਵ ਸਿਹਤ ਜਥੇਬੰਦੀ ਨੇ ਕੋਰੋਨਾ ਦੀ ਗੰਭੀਰਤਾ ਨੂੰ ਦਰਸਾਉਂਦਿਆਂ ਦਸਿਆ ਹੈ ਕਿ 67 ਦਿਨਾਂ ਵਿਚ ਇਕ ਲੱਖ ਲੋਕ ਇਸ ਤੋਂ ਪੀੜਤ ਹੋਏ ਹਨ, ਅਗਲੇ 11 ਦਿਨਾਂ ਵਿਚ ਹੀ ਇਕ ਲੱਖ ਲੋਕ ਇਸ ਤੋਂ ਪ੍ਰਭਾਵਤ ਹੋਏ ਤੇ ਇਸ ਤੋਂ ਅਗਲੇ ਮਾਤਰ 4 ਦਿਨਾਂ ਵਿਚ ਹੀ ਇਕ ਲੱਖ ਤੋਂ ਜ਼ਿਆਦਾ ਲੋਕ ਇਸ ਦੀ ਲਪੇਟ ਵਿਚ ਆ ਗਏ ਸਨ।

24 ਮਾਰਚ 2020 ਦੀ ਸ਼ਾਮ ਨੂੰ ਰਾਸ਼ਟਰ ਨੂੰ ਕੋਰੋਨਾ ਮਹਾਂਮਾਰੀ ਦੇ ਸਬੰਧ ਵਿਚ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਪੂਰੇ ਦੇਸ਼ ਵਿਚ ਅਗਲੇ 21 ਦਿਨਾਂ ਲਈ ਮੁਕੰਮਲ ਬੰਦ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ। ਇਸ ਨੂੰ ਸੰਪੂਰਨ ਕਰਫ਼ਿਊ ਦਸਦਿਆਂ ਪ੍ਰਧਾਨ ਮੰਤਰੀ ਨੇ ਦੇਸ਼ ਦੇ ਨਾਗਰਿਕਾਂ ਨੂੰ ਕਾਨੂੰਨ ਦਾ ਪਾਲਣ ਕਰਦਿਆਂ ਘਰ ਵਿਚ ਰਹਿਣ ਦੇ ਆਦੇਸ਼ ਦਿਤੇ ਸਨ। ਜਿਥੋਂ ਤਕ ਹੋ ਸਕੇ ਲੋਕ ਮੌਕੇ ਦੀ ਨਜ਼ਾਕਤ ਨੂੰ ਸਮਝਣ ਕਿ ਉਨ੍ਹਾਂ ਦੇ ਇਸ ਸਮੇਂ ਸਹਿਯੋਗ ਨਾਲ ਵੱਡੇ ਨੁਕਸਾਨ ਨੂੰ ਅਸਾਨੀ ਨਾਲ ਟਾਲਿਆ ਜਾ ਸਕਦਾ ਹੈ ਤੇ ਜਿੰਨੇ ਘੱਟ ਲੋਕ ਕੋਰੋਨਾ ਵਾਇਰਸ ਤੋਂ ਪ੍ਰਭਾਵਤ ਹੋਣਗੇ, ਉਨਾਂ ਹੀ ਵਧੀਆ ਇਲਾਜ ਸੰਭਵ ਹੋ ਸਕੇਗਾ। ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਤਾਲਾਬੰਦੀ 3 ਮਈ ਤਕ ਵਧਾਈ ਗਈ। 20 ਅਪ੍ਰੈਲ ਤੋਂ ਬਾਅਦ ਖੇਤੀ ਖੇਤਰ ਦੇ ਨਾਲ ਕੁੱਝ ਸਨਅਤੀ ਖੇਤਰਾਂ ਨੂੰ ਕੁੱਝ ਰਾਹਤ ਦਿਤੀ ਗਈ।

ਸਰਕਾਰ ਦੇ ਇਸ ਫ਼ੈਸਲੇ ਦਾ ਕਿਸਾਨਾਂ, ਖੇਤ ਮਜ਼ਦੂਰਾਂ ਦੇ ਨਾਲ ਸਨਅਤੀ ਮਜ਼ਦੂਰਾਂ ਨੇ ਸੁਆਗਤ ਕੀਤਾ। ਤਾਲਾਬੰਦੀ ਦੌਰਾਨ ਕੰਮ ਧੰਦਿਆਂ ਦਾ ਬੇਹਦ ਨੁਕਸਾਨ ਹੋਇਆ ਹੈ। ਖੇਤੀ ਖੇਤਰ ਤੇ ਇਸ ਦੇ ਸਹਾਇਕ ਮਜ਼ਦੂਰਾਂ ਦੇ ਮੰਦੇ ਹਾਲ ਨੂੰ ਬਿਆਨ ਕਰਨਾ ਮੁਸ਼ਕਲ ਹੈ। ਹੁਣ ਕਣਕ ਦੀ ਫ਼ਸਲ ਮੰਡੀਆਂ ਵਿਚ ਆ ਰਹੀ ਹੈ।
ਇਸ ਵਰ੍ਹੇ ਮਾਰਚ ਦੇ ਪਹਿਲੇ ਹਫ਼ਤੇ ਦੌਰਾਨ ਸਾਡੇ ਸੂਬੇ ਵਿਚ ਪਈ ਬੇਮੌਸਮੀ ਬਰਸਾਤ ਤੇ ਗੜੇਮਾਰੀ ਨੇ ਕਣਕ ਦੀ ਫ਼ਸਲ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਸੰਗਰੂਰ ਜ਼ਿਲ੍ਹੇ ਅੰਦਰ ਇਸ ਮੌਸਮੀ ਕਰੋਪੀ ਦਾ ਕਹਿਰ ਜ਼ਿਆਦਾ ਵੇਖਣ ਨੂੰ ਮਿਲਿਆ ਹੈ। ਇਸ ਤੋਂ ਬਾਅਦ ਪੂਰਾ ਮਹੀਨਾ ਰੁਕ-ਰੁਕ ਕੇ ਪੈ ਰਹੀ ਬਾਰਸ਼, ਜੋ ਅਪ੍ਰੈਲ ਮਹੀਨੇ ਦੇ ਅੰਤ ਤਕ ਵੀ ਜਾਰੀ ਰਹੀ ਉਸ ਨਾਲ ਫ਼ਸਲਾਂ ਦੇ ਝਾੜ ਉਪਰ ਵੀ ਮਾੜਾ ਅਸਰ ਪਿਆ ਹੈ।

ਕਿਸਾਨ ਤੇ ਇਸ ਦੇ ਸਹਾਇਕ ਖੇਤ ਮਜ਼ਦੂਰ ਦੀ ਮਿਹਨਤ ਸਦਕਾ ਦੁਨੀਆਂ ਨੂੰ ਖਾਣਾ ਨਸੀਬ ਹੁੰਦਾ ਹੈ। ਕਿਸਾਨ ਦੀ ਫ਼ਸਲ ਹੀ ਉਸ ਦੀ ਪੂੰਜੀ ਹੁੰਦੀ ਹੈ, ਜੋ ਉਸ ਦੀ ਆਰਥਕਤਾ ਦਾ ਧੁਰਾ ਹੁੰਦੀ ਹੈ। ਕਿਸਾਨ ਸੰਸਾਰ ਦਾ ਇਕ ਮਾਤਰ ਅਜਿਹਾ ਪ੍ਰਾਣੀ ਹੈ, ਜੋ ਅਪਣੀ ਪੂੰਜੀ ਆਸਮਾਨ ਥੱਲੇ ਰੱਖ ਕੇ ਲੋਕਾਂ ਲਈ ਅਨਾਜ ਦਾ ਪ੍ਰਬੰਧ ਕਰਦਾ ਹੈ। ਕੁਦਰਤ ਜਦੋਂ ਚਾਹੇ ਉਸ ਦੀ ਜਾਇਦਾਦ ਨੂੰ ਨਸ਼ਟ ਕਰ ਸਕਦੀ ਹੈ ਤੇ ਕੁਦਰਤੀ ਕਰੋਪੀਆਂ ਕਾਰਨ ਪਿਛਲੇ ਲੰਮੇ ਸਮੇਂ ਤੋਂ ਨਸ਼ਟ ਵੀ ਕਰ ਰਹੀ ਹੈ। ਇਸ ਵਰਤਾਰੇ ਕਾਰਨ ਵੀ ਮਨੁੱਖ ਨੇ ਆਪ ਹੀ ਕਸ਼ਟ ਸਹੇੜੇ ਹਨ।

ਹਰ ਸਾਲ ਕੁਦਰਤੀ ਆਫ਼ਤਾਂ ਫ਼ਸਲਾਂ ਨੂੰ ਨਸ਼ਟ ਕਰਦੀਆਂ ਹਨ ਤੇ ਕਿਸਾਨ ਬੇਵਸ ਹੋ ਕੇ ਤਬਾਹੀ ਦਾ ਮੰਜ਼ਰ ਵੇਖਦਾ ਰਹਿ ਜਾਂਦਾ ਹੈ। ਪਿਛਲੇ ਕੁੱਝ ਸਾਲਾਂ ਦੌਰਾਨ ਇਹ ਵਰਤਾਰਾ ਬਹੁਤ ਵੱਧ ਗਿਆ ਹੈ। ਆਮ ਦਿਨਾਂ ਵਿਚ ਹੀ ਸਾਡੇ ਮੁਲਕ ਵਿਚ ਭੁੱਖਮਰੀ ਦੀ ਬਹੁਤਾਤ ਹੈ। ਹੁਣ ਤਾਂ ਮਹਾਂਮਾਰੀ ਦੇ ਚਲਦਿਆਂ ਗ਼ਰੀਬ ਲੋਕਾਂ ਨੂੰ ਭੁੱਖਮਰੀ ਨੇ ਇਸ ਹੱਦ ਤਕ ਪ੍ਰੇਸ਼ਾਨ ਕੀਤਾ ਹੈ ਕਿ ਉਹ ਫਾਕੇ ਕੱਟਣ ਲਈ ਮਜਬੂਰ ਹਨ ਤੇ ਲੰਗਰ ਆਦਿ ਉਤੇ ਨਿਰਭਰ ਹਨ, ਪੰਜਾਬ ਵਿਚ ਤਾਂ ਲੋਕ ਇਸ ਪਾਸੇ ਤਤਪਰ ਹਨ। ਪਰ ਹੋਰ ਸੂਬਿਆਂ ਵਿਚ ਜਿਥੇ ਲੰਗਰ ਆਦਿ ਦੀ ਪਹੁੰਚ ਨਹੀ ਹੈ, ਉਥੇ ਤਾਂ ਹਾਲਾਤ ਭਿਆਨਕ ਹਨ।

ਲੋਕ ਕੋਰੋਨਾ ਤੋਂ ਉਨੇ ਪ੍ਰੇਸ਼ਾਨ ਨਹੀਂ ਜਿੰਨੇ ਕਿ ਭੁੱੱਖਮਰੀ ਤੋਂ ਹਨ। ਵੈਸੇ ਵੀ ਸੰਯੁਕਤ ਰਾਸ਼ਟਰ ਦੀ ਰੀਪੋਰਟ ਅਨੁਸਾਰ ਆਮ ਹਾਲਾਤ ਅੰਦਰ ਸਾਡੇ ਦੇਸ਼ ਦੀ 17.5 ਫ਼ੀ ਸਦੀ ਜਨਸੰਖਿਆ ਭਾਵ 21 ਕਰੋੜ ਲੋਕ ਭੁੱਖਮਰੀ ਦੇ ਸ਼ਿਕਾਰ ਹਨ। ਇਕ ਅੰਦਾਜ਼ੇ ਮੁਤਾਬਕ ਭਾਰਤ ਵਿਚ ਵਿਸ਼ਵ ਦੀ ਸੱਭ ਤੋਂ ਜ਼ਿਆਦਾ ਭੁੱਖਮਰੀ ਹੈ ਤੇ ਦੁਨੀਆਂ ਦੀ ਕੁੱਲ ਭੁੱਖਮਰੀ ਨਾਲ ਪੀੜਤ ਅਬਾਦੀ ਦਾ 25 ਫ਼ੀ ਸਦੀ ਭਾਗ ਭਾਰਤ ਵਿਚ ਨਿਵਾਸ ਕਰਦਾ ਹੈ। ਸੱਭ ਤੋਂ ਜ਼ਿਆਦਾ ਪ੍ਰਭਾਵਤ ਦੇਸ਼ਾਂ ਵਿਚ ਭਾਰਤ 19ਵੇਂ ਸਥਾਨ ਉਤੇ ਸੀ।

ਵਿਸ਼ਵ ਬੈਂਕ ਅਨੁਸਾਰ ਦੁਨੀਆਂ ਦੇ 49 ਫ਼ੀ ਸਦੀ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ ਜਿਨ੍ਹਾਂ ਵਿਚੋਂ 34 ਫ਼ੀ ਸਦੀ ਬੱਚੇ ਭਾਰਤ ਵਿਚ ਹਨ। ਯੂਨੀਸੈਫ਼ ਦੀ ਤਾਜ਼ਾ ਰੀਪੋਰਟ ਅਨੁਸਾਰ 42 ਫ਼ੀ ਸਦੀ ਬੱਚੇ ਭਾਰਤ ਵਿਚ ਕੁਪੋਸ਼ਣ ਦਾ ਸ਼ਿਕਾਰ ਹਨ ਜਿਨ੍ਹਾਂ ਦੀ ਉਮਰ ਪੰਜ ਸਾਲ ਤੋਂ ਘੱਟ ਹੈ। ਪਿਛਲੇ ਵਰ੍ਹੇ ਮੀਡੀਆ ਵਿਚ ਨਸ਼ਰ ਇਸ ਸ਼ਰਮਨਾਕ ਤੇ ਦੁਖਭਰੀ ਖ਼ਬਰ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿਤਾ ਸੀ ਕਿ ਭੁੱਖਮਰੀ ਨੇ ਤਿੰਨ ਮਾਸੂਮਾਂ ਦੀ ਬਲੀ ਲੈ ਲਈ। ਇਹ ਖ਼ਬਰ ਕੋਈ ਭਾਰਤ ਦੇ ਕਿਸੇ ਦੂਰ ਦੁਰਾਡੇ ਇਲਾਕੇ ਦੀ ਨਹੀਂ ਸਗੋਂ ਦੇਸ਼ ਦੀ ਰਾਜਧਾਨੀ ਦਿੱਲੀ ਦੀ ਸੀ ਤੇ ਉਪਰੋਕਤ ਬਿਆਨ ਦੇਣ ਵਾਲੇ ਆਗੂਆਂ ਦੀ ਕਰਮਭੂਮੀ ਸੰਸਦ ਦੇ ਬਿਲਕੁਲ ਨੇੜੇ ਪੈਂਦੀ ਹੈ, ਜਿਥੇ ਇਕ ਗ਼ਰੀਬ ਬਦਨਸੀਬ ਬਾਪ ਅਪਣੇ ਮਾਸੂਮ ਬੱਚਿਆਂ ਲਈ ਇਕ ਸਮੇਂ ਦਾ ਭੋਜਨ ਵੀ ਨਹੀਂ ਜੁਟਾ ਸਕਿਆ।

ਰਿਕਸ਼ਾ ਚਾਲਕ ਇਹ ਬਾਪ ਲੁਟੇਰਿਆਂ ਦੀ ਲੁੱਟ ਦਾ ਸ਼ਿਕਾਰ ਹੋਣ ਤੋਂ ਬਾਅਦ ਅਪਣੇ ਪ੍ਰਵਾਰ ਲਈ ਰੋਟੀ ਦਾ ਪ੍ਰਬੰਧ ਕਰਨ ਲਈ ਨਿਕਲਿਆ ਸੀ ਪਰ ਵਾਪਸ ਨਹੀਂ ਪਰਤਿਆ। ਇਸੇ ਦੌਰਾਨ ਉਨ੍ਹਾਂ ਮਾਸੂਮਾਂ ਨੇ ਵੀ ਦਮ ਤੋੜ ਦਿਤਾ ਤੇ ਪੋਸਟਮਾਰਟਮ ਦੀ ਰੀਪੋਰਟ ਨੇ ਇਹ ਖ਼ੁਲਾਸਾ ਕੀਤਾ ਕਿ ਕਈ ਦਿਨਾਂ ਤੋਂ ਬੱਚਿਆਂ ਦੇ ਪੇਟ ਅੰਦਰ ਅੰਨ ਦਾ ਦਾਣਾ ਤਕ ਨਹੀਂ ਸੀ ਗਿਆ। ਪਿਛਲੇ ਸਾਲ ਪਛਮੀ ਬੰਗਾਲ ਵਿਚ ਆਧਾਰ ਕਾਰਡ ਨਾ ਹੋਣ ਕਾਰਨ ਰਾਸ਼ਨ ਡਿਪੂ ਵਿਚੋਂ ਰਾਸ਼ਨ ਨਾ ਮਿਲਣ ਕਰ ਕੇ ਇਕ ਪ੍ਰਵਾਰ ਦੇ ਕਈ ਜੀਆਂ ਦੀ ਭੁੱਖ ਨਾਲ ਮੌਤ ਹੋ ਗਈ ਸੀ। ਹੁਣ ਵੀ ਹਰ ਰੋਜ਼ ਵਾਪਰ ਰਹੀਆਂ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਡਿਜੀਟਲ ਭਾਰਤ ਦਾ ਮੂੰਹ ਚਿੜਾਉਂਦੀਆਂ ਹਨ ਤੇ ਧਾਰਮਕ-ਸਮਾਜਕ ਸੰਸਥਾਵਾਂ ਨੂੰ ਬਹੁਤ ਵੱਡੀ ਵੰਗਾਰ ਪਾਉਂਦਿਆਂ ਚੁਨੌਤੀ ਦਿੰਦੀਆਂ ਹਨ।

ਉਕਤ ਮੰਦਭਾਗੀਆਂ ਖ਼ਬਰਾਂ ਤਾਂ ਉਸ ਵੇਲੇ ਦੀਆਂ ਹਨ, ਜਦ ਦੇਸ਼ ਵਿਚ ਕੋਈ ਤਾਲਾਬੰਦੀ ਨਹੀਂ ਸੀ ਤੇ ਜ਼ਿੰਦਗੀ, ਕੰਮਕਾਜ ਆਦਿ ਆਮ ਵਾਂਗ ਸਨ। ਜੇਕਰ ਉਸ ਸਮੇਂ ਭੁੱਖਮਰੀ ਨੇ ਦੇਸ਼ ਅੰਦਰ ਹਾਹਾਕਾਰ ਮਚਾਈ ਹੋਈ ਸੀ ਤਾਂ ਸੋਚੋ ਹੁਣ ਹਾਲਾਤ ਕਿਹੋ ਜਹੇ ਹੋਣਗੇ? ਇਹ ਸੋਚ ਕੇ ਲੂ-ਕੰਡੇ ਖੜੇ ਹੋ ਜਾਂਦੇ ਹਨ। ਦਿੱਲੀ ਵਿਚ ਪੀਜ਼ਾ ਪਹੁੰਚਾਉਣ ਵਾਲੇ ਲੜਕੇ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਆਉਣ ਨਾਲ ਪ੍ਰਸ਼ਾਸਨ ਨੇ ਖਾਣਾ ਸਪਲਾਈ ਕਰਨ ਉਤੇ ਰੋਕ ਦੇ ਨਾਲ-ਨਾਲ ਲੰਗਰ ਵਰਤਾਉਣ ਉਤੇ ਵੀ ਪਾਬੰਦੀ ਲਗਾ ਦਿਤੀ ਹੈ ਤੇ ਲੰਗਰ ਵਰਤਾਉਣ ਦਾ ਇਹ ਜ਼ਿੰਮਾ ਸਿਰਫ਼ ਰੈੱਡ ਕਰਾਸ ਨੂੰ ਸੌਪਿਆ ਗਿਆ ਹੈ।

ਕੀ ਹੁਣ ਉਹ ਏਨੀ ਵੱਡੀ ਜਨਸੰਖਿਆ ਨੂੰ ਭੋਜਨ ਮੁਹਈਆ ਕਰਵਾ ਪਾਉਂਦੇ ਹਨ? ਪਰ ਵਿਗਿਆਨੀਆਂ ਦੀ ਚੇਤਾਵਨੀ ਨੂੰ ਪ੍ਰਸ਼ਾਸਨ ਨਜ਼ਰਅੰਦਾਜ਼ ਨਹੀਂ ਕਰ ਸਕਦਾ ਕਿ ਆਉਂਦੇ ਨਵੰਬਰ ਮਹੀਨੇ ਵਿਚ ਇਸੇ ਤਰ੍ਹਾਂ ਦੇ ਹਾਲਾਤ ਮੁੜ ਬਣ ਸਕਦੇ ਹਨ ਤਾਂ ਧਾਰਮਕ ਸੰਸਥਾਵਾਂ ਨੂੰ ਇਸ ਪਾਸੇ ਜਾਗਰੂਕ ਕਰ ਕੇ ਲੋੜੀਂਦੀਆਂ ਹਦਾਇਤਾਂ ਦੇ ਕੇ ਅਪਣੇ ਨਾਲ ਜੋੜ ਕੇ ਭੁੱਖਮਰੀ ਨੂੰ ਠੱਲ੍ਹ ਪਾਉਣ ਦੇ ਯਤਨ ਆਰੰਭਣੇ ਚਾਹੀਦੇ ਹਨ।

ਇਸ ਤਾਲਾਬੰਦੀ ਦੌਰਾਨ ਪ੍ਰਵਾਸੀ ਮਜ਼ਦੂਰ ਅਪਣੇ ਘਰਾਂ ਨੂੰ ਜਾਣ ਲਈ ਪੈਦਲ ਕੂਚ ਕਰ ਰਹੇ ਹਨ ਤੇ ਹਜ਼ਾਰਾਂ ਕਿਲੋਮੀਟਰ ਦੇ ਪੈਂਡੇ ਪੈਦਲ ਤੈਅ ਕਰਨ ਲਈ ਮਜਬੂਰ ਹਨ। ਕੰਮ ਦੀ ਅਣਹੋਂਦ ਕਾਰਨ ਉਹ ਭੁੱਖੇ ਮਰਨ ਦੀ ਹਾਲਤ ਵਿਚ ਸਨ ਜਿਸ ਕਾਰਨ ਉਨ੍ਹਾਂ ਨੇ ਅਜਿਹਾ ਕਦਮ ਪੁਟਿਆ ਹੈ। ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ਉਤੇ ਪਿਛਲੇ ਦਿਨੀਂ ਰੇਲਗੱਡੀ ਆਉਣ ਦੀ ਅਫ਼ਵਾਹ ਕਾਰਨ ਵੱਡੀ ਸੰਖਿਆ ਵਿਚ ਲੋਕ ਇਕੱਠੇ ਹੋਏ ਸਨ। ਉਨ੍ਹਾਂ ਨੂੰ ਰਫ਼ੂਚਕਰ ਕਰਨ ਲਈ ਪੁਲਿਸ ਨੂੰ ਲਾਠੀਚਾਰਜ ਦਾ ਸਹਾਰਾ ਲੈਣਾ ਪਿਆ ਸੀ।

ਸੱਭ ਤੋਂ ਵੱਡੀ ਗੱਲ ਇਸ ਤਾਲਾਬੰਦੀ ਦੌਰਾਨ ਕੋਰੋਨਾ ਤੋਂ ਬਚਣ ਲਈ ਸ੍ਰੀਰਕ ਦੂਰੀ ਤਾਂ ਲਾਜ਼ਮੀ ਹੈ ਪਰ ਮਾਨਸਿਕ ਦੂਰੀ ਹਰਗਿਜ਼ ਨਹੀਂ ਹੋਣੀ ਚਾਹੀਦੀ ਹੈ। ਇਹ ਮਹਾਂਮਾਰੀ ਤਾਂ ਚਲੀ ਜਾਵੇਗੀ ਪਰ ਭਾਈਚਾਰਕ ਸਾਂਝ ਨਹੀਂ ਪਰਤੇਗੀ। ਇਸ ਔਖੇ ਸਮੇਂ ਦੌਰਾਨ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਹੋਰ ਵੀ ਗੂੜ੍ਹਾ ਕਰਨ ਦੀ ਲੋੜ ਹੈ। ਕਿਸੇ ਨਾਲ ਕਿਸੇ ਕਿਸਮ ਦਾ ਵਿਤਕਰਾ ਕਰ ਕੇ ਤ੍ਰਿਸਕਾਰਿਆ ਨਹੀਂ ਜਾਣਾ ਚਾਹੀਦਾ।

ਮੱਧਵਰਗ, ਗ਼ਰੀਬ ਲੋਕਾਂ, ਮਜ਼ਦੂਰਾਂ ਤੇ ਕਿਸਾਨਾਂ ਦਾ ਸੱਭ ਨੂੰ ਸਹਾਰਾ ਬਣਨ ਦੀ ਲੋੜ ਹੈ। ਇਕ ਪਾਕਿਸਤਾਨੀ ਟੀਵੀ ਉਤੇ ਕਈ ਦਿਨ ਪਹਿਲਾਂ ਕੋਈ ਵਿਦਵਾਨ ਬੋਲ ਰਿਹਾ ਸੀ ਕਿ 'ਅਗਰ ਇਸ ਮਹਾਂਮਾਰੀ ਦੌਰਾਨ 226 ਲੋਕ ਅਰਬਪਤੀਆਂ ਦੀ ਸੂਚੀ ਵਿਚੋਂ ਖਿਸਕ ਗਏ ਹਨ ਤਾਂ ਕੋਈ ਫ਼ਰਕ ਨਹੀਂ ਪੈਂਦਾ, ਚਾਹੇ ਹੋਰ ਵੀ ਅਰਬਪਤੀ ਤੋਂ ਕਰੋੜਪਤੀ ਰਹਿ ਜਾਣ ਪਰ ਜੇਕਰ ਕਾਮਾ ਜਮਾਤ ਜਿਸ ਵਿਚ ਕਿਸਾਨ, ਮਜ਼ਦੂਰ, ਧੋਬੀ, ਬਾਵਰਚੀ, ਸਫ਼ਾਈ ਸੇਵਕ ਆਦਿ ਹਨ, ਖ਼ਤਮ ਹੋ ਗਈ ਤਾਂ ਦੁਨੀਆਂ ਖ਼ਤਮ ਹੋਈ ਸਮਝੋ।'
ਸੰਪਰਕ-94641-72783,ਡਾ. ਗੁਰਤੇਜ ਸਿੰਘ