ਭਾਰਤ ਵਿਚ ਮਨੁੱਖੀ ਜਾਨਾਂ ਐਨੀਆਂ ਸਸਤੀਆਂ ਕਿਉਂ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਨਵੰਬਰ 84 ਵਿਚ ਸਿੱਖਾਂ ਦੇ ਜਾਨ ਮਾਲ ਦਾ ਕੋਈ ਮੁੱਲ ਨਹੀਂ ਸੀ ਰਹਿ ਗਿਆ। ਕਿਉਂ?

Why is human life so cheap in India?

ਭਾਰਤ 15 ਅਗੱਸਤ 1947 ਨੂੰ ਆਜ਼ਾਦ ਹੋਇਆ ਸੀ। ਇਸ ਨੂੰ ਆਜ਼ਾਦ ਕਰਵਾਉਣ ਲਈ ਲੱਖਾਂ  ਆਜ਼ਾਦੀ ਘੁਲਾਟੀਆਂ ਨੇ ਜੇਲਾਂ ਕਟੀਆਂ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਪਰ ਕੀ ਇਨ੍ਹਾਂ ਆਜ਼ਾਦੀ ਦੇ ਪਰਵਾਨਿਆਂ ਦੀਆਂ ਸ਼ਹੀਦੀਆਂ ਦਾ ਸਹੀ ਮੁੱਲ ਪਾਇਆ ਗਿਆ ਹੈ? ਮੇਰੀ ਸਮਝ ਮੁਤਾਬਕ ਦੁਨੀਆਂ ਵਿਚ ਭਾਰਤ ਹੀ ਸਿਰਫ਼ ਇਕ ਇਹੋ ਅਜਿਹਾ ਦੇਸ਼ ਹੈ ਜਿਸ ਦੀ ਆਜ਼ਾਦੀ ਦੇ ਜਸ਼ਨ ਲੱਖਾਂ ਲੋਕਾਂ ਦੇ ਕਤਲੋ ਗਾਰਤ ਕਰ ਕੇ ਮਨਾਏ ਗਏ। ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਆਜ਼ਾਦੀ ਲੈਣ ਵਾਸਤੇ ਕੁਰਬਾਨੀਆਂ ਦੀ ਲੋੜ ਪੈਂਦੀ ਹੈ।

ਪਰ  ਭਾਰਤ ਹੀ ਇਕ ਅਜਿਹਾ ਦੇਸ਼ ਹੈ ਜਿਥੇ ਕਿ ਆਜ਼ਾਦੀ ਮਿਲਣ ਤੋਂ ਬਾਅਦ ਵੀ ਲੋਕਾਂ ਨੂੰ ਅਪਣੀਆਂ ਜਾਨਾਂ ਦੀ ਕੁਰਬਾਨੀ ਦੇਣੀ ਪਈ। ਉਹ ਵੀ ਆਜ਼ਾਦੀ ਦੇ ਤੋਹਫ਼ੇ ਵਜੋਂ। ਇਹ ਸੱਭ ਕੁੱਝ ਲੀਡਰਾਂ ਦੀ ਰਾਜਸੀ ਭੁੱਖ ਕਾਰਨ ਹੋਇਆ। ਆਜ਼ਾਦੀ ਮਿਲਣ ਤੋਂ ਬਾਅਦ ਲੋਕਾਂ ਦੀ ਕੁਰਬਾਨੀ ਦਾ ਜੋ ਸਿਲਸਲਾ ਸ਼ੁਰੂ ਹੋਇਆ ਉਹ ਅੱਜ ਤਕ ਜਾਰੀ ਹੈ। ਪੂਰੀ ਦੁਨੀਆਂ ਵਿਚ ਸਿਰਫ਼ ਭਾਰਤ ਦੇਸ਼ ਦੇ ਲੀਡਰਾਂ ਨੇ ਹੀ ਅਪਣੇ ਰਾਜ ਸੁੱਖ ਵਾਸਤੇ ਲੱਖਾਂ ਲੋਕਾਂ ਦਾ ਇਕ ਦੂਜੇ ਤੋਂ ਕਤਲੇਆਮ ਕਰਵਾਇਆ ਜਿਸ ਨਾਲ ਨੁਕਸਾਨ ਸਿਰਫ਼ ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਦਾ ਹੀ ਹੋਇਆ ਹੈ।

ਕਿੰਨੇ ਦੁੱਖ ਵਾਲੀ ਗੱਲ ਹੈ ਕਿ ਲੱਖਾਂ ਲੋਕਾਂ ਦੀ ਜਾਨ ਨੂੰ ਉਸ ਵੇਲੇ ਦੇ ਲੀਡਰਾਂ ਵਲੋਂ ਕਿੰਨਾ ਸਸਤਾ ਸਮਝਿਆ ਗਿਆ ਜੋ ਕਿ ਅੱਜ ਵੀ ਸਮਝਿਆ ਜਾ ਰਿਹਾ ਹੈ। ਇਸ ਦੀਆਂ ਉਦਾਹਰਣਾਂ ਇਸ ਤਰ੍ਹਾਂ ਹਨ। ਪਹਿਲੀ ਉਦਾਹਰਣ ਅਸੀ ਆਜ਼ਾਦੀ ਤੋਂ ਬਾਅਦ 1984 ਵਿਚ ਭਾਰਤੀ ਫ਼ੌਜ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਕੀਤੇ ਹਮਲੇ ਦੀ ਲਵਾਂਗੇ। ਉਸ ਸਮੇਂ ਦਰਬਾਰ ਸਾਹਿਬ ਮੱਥਾ ਟੇਕਣ ਆਏ ਹਜ਼ਾਰਾਂ ਹੀ ਸ਼ਰਧਾਲੂਆਂ ਦੀਆਂ ਜਾਨਾਂ ਗਈਆਂ। ਇਸ ਮਾਮਲੇ ਵਿਚ ਵੀ ਭਾਰਤ ਹੀ ਇਕੱਲਾ ਅਜਿਹਾ ਦੇਸ਼ ਹੈ ਜਿਸ ਦੀ ਫ਼ੌਜ ਵਲੋਂ ਅਪਣੇ ਹੀ ਦੇਸ਼ ਦੇ ਧਾਰਮਕ ਪਵਿੱਤਰ ਅਸਥਾਨ ਅਤੇ ਅਪਣੇ ਹੀ ਦੇਸ਼ ਦੇ ਲੋਕਾਂ ਉਪਰ ਟੈਂਕਾਂ ਤੇ ਬੰਦੂਕਾਂ ਨਾਲ ਹਮਲਾ ਕੀਤਾ ਗਿਆ ਹੋਵੇ।

ਕਿੰਨੇ ਹੀ ਲੋਕਾਂ ਨੂੰ ਬਿਨਾਂ ਕਸੂਰੋਂ ਮੌਤ ਦੇ ਘਾਟ ਉਤਾਰ ਦਿਤਾ ਗਿਆ। ਇਸ ਹਮਲੇ ਤੋਂ ਬਾਅਦ ਰੋਹ ਵਿਚ ਆਏ ਦੋ ਸਿੱਖਾਂ ਨੇ ਉਸੇ ਸਾਲ ਨਵੰਬਰ ਮਹੀਨੇ ਵਿਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਕਤਲ ਕਰ ਦਿਤਾ। ਇਸ ਕਤਲ ਤੋਂ ਬਾਅਦ 1 ਤੋਂ ਲੈ ਕੇ 3 ਨਵੰਬਰ ਤਕ ਪੂਰੇ ਦੇਸ਼ ਵਿਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ। ਪੂਰੇ ਦੇਸ਼ ਵਿਚ ਸਿੱਖਾਂ ਨੂੰ ਚੁਣ-ਚੁਣ ਕੇ ਮਾਰਿਆ ਗਿਆ ਤੇ ਹਜ਼ਾਰਾਂ ਹੀ ਸਿੱਖ ਪ੍ਰਵਾਰਾਂ ਨੂੰ ਉਜਾੜ ਦਿਤਾ ਗਿਆ ਤੇ ਸਿੱਖਾਂ ਦੀ ਕਰੋੜਾਂ, ਅਰਬਾਂ ਦੀ ਜਾਇਦਾਦ ਦਾ ਨੁਕਸਾਨ ਕੀਤਾ ਗਿਆ। ਕਿੰਨੇ ਦੁੱਖ ਵਾਲੀ ਗੱਲ ਹੈ ਕਿ ਏਨਾ ਵੱਡਾ ਕਤਲੇਆਮ ਹੋਇਆ ਪਰ ਸਰਕਾਰ ਵਲੋਂ ਇਸ ਨੂੰ ਦੰਗਿਆਂ ਦਾ ਨਾਂ ਦਿਤਾ ਗਿਆ।

ਦੰਗੇ ਉਸ ਨੂੰ ਆਖਿਆ ਜਾਂਦਾ ਹੈ ਜਿਸ ਵਿਚ ਦੋ ਫ਼ਿਰਕਿਆਂ ਵਿਚ ਲੜਾਈ ਹੋਵੇ ਅਤੇ ਨੁਕਸਾਨ ਦੋਹਾਂ ਫ਼ਿਰਕਿਆਂ ਦਾ ਹੋਇਆ ਹੋਵੇ। ਪਰ ਇਹ ਤਾਂ ਸਾਜ਼ਿਸ਼ ਅਧੀਨ ਕੀਤੀ ਗਈ ਨਸਲਕੁਸ਼ੀ ਸੀ ਜਿਸ ਵਿਚ ਜਾਨੀ-ਮਾਲੀ ਨੁਕਸਾਨ ਸਿਰਫ਼ ਸਿੱਖ ਦਾ ਹੀ ਹੋਇਆ। ਇਸ ਮਾਮਲੇ ਵਿਚ ਵੀ ਭਾਰਤ ਦੁਨੀਆਂ ਦਾ ਇਕੱਲਾ ਅਜਿਹਾ ਦੇਸ਼ ਹੈ ਜਿਥੇ ਕਿ ਲਗਾਤਾਰ ਕਈ ਦਿਨ ਗੁੰਡੇ ਸ਼ਰੇਆਮ ਦਿਨ ਦਿਹਾੜੇ ਸਿੱਖਾਂ ਦੀ ਨਸਲਕੁਸ਼ੀ ਕਰਦੇ ਰਹੇ ਤੇ ਸਰਕਾਰ ਮੂਕ ਦਰਸ਼ਕ ਬਣ ਕੇ ਵੇਖਦੀ ਰਹੀ। ਅੱਜ 35 ਸਾਲ ਬਾਅਦ ਵੀ ਇਸ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲੀਆਂ ਤੇ ਦੋਸ਼ੀ ਆਜ਼ਾਦ ਘੁੰਮ ਰਹੇ ਹਨ।

ਦੂਜੀ ਉਦਾਹਰਣ ਭੂਪਾਲ ਗੈਸ ਕਾਂਡ ਦੀ ਲਈ ਜਾ ਸਕਦੀ ਹੈ। ਇਸ ਕਾਂਡ ਵਿਚ ਇਕ ਕੰਪਨੀ ਦੀ ਅਣਗਹਿਲੀ ਕਾਰਨ ਹਜ਼ਾਰਾਂ ਹੀ ਮਨੁੱਖੀ ਜਾਨਾਂ ਨੂੰ ਅਪਣੀ ਜਾਨ ਤੋਂ ਹੱਥ ਧੋਣੇ ਪਏ। ਕਿੰਨੇ ਦੁੱਖ ਵਾਲੀ ਗੱਲ ਹੈ ਕਿ ਸਰਕਾਰ ਨੇ ਕੰਪਨੀ ਵਿਰੁਧ ਕੋਈ ਕਾਰਵਾਈ ਕਰਨ ਦੀ ਬਜਾਏ ਕੰਪਨੀ ਦੇ ਮਾਲਕਾਂ ਨੂੰ ਪੂਰੀ ਹਿਫ਼ਾਜ਼ਤ ਨਾਲ ਦੇਸ਼ ਤੋਂ ਬਾਹਰ ਭੇਜ ਦਿਤਾ। ਵੇਖੋ ਭਾਰਤ ਦੇਸ਼ ਦਾ ਸਿਸਟਮ, ਏਨਾ ਵੱਡਾ ਹਾਦਸਾ ਹੋਣ ਦੇ ਬਾਵਜੂਦ ਵੀ ਮਾਲਕਾਂ ਵਿਰੁਧ ਕੋਈ ਕਾਰਵਾਈ ਨਹੀਂ ਹੋਈ।

ਬਾਕੀ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਿੰਨੀਆਂ ਹੀ ਮਨੁੱਖੀ ਜਾਨਾਂ ਭਾਰਤ ਵਿਚ ਹਰ ਰੋਜ਼ ਕਿਸੇ ਨਾ ਕਿਸੇ ਅਣਗਹਿਲੀ ਕਾਰਨ ਮੌਤ ਦਾ ਸ਼ਿਕਾਰ ਹੁੰਦੀਆਂ ਰਹਿੰਦੀਆਂ ਨੇ। ਕਿੰਨੇ ਕੁ ਹਾਦਸਿਆਂ ਦਾ ਜ਼ਿਕਰ ਕਰਾਂ। ਸਾਰੇ ਲਿਖੇ ਨਹੀਂ ਜਾਣੇ। ਅੱਜ ਤਕ ਕਿੰਨੇ ਹੀ ਲੋਕ ਪੁਰਾਣੀਆਂ ਇਮਾਰਤਾਂ ਡਿੱਗਣ ਕਾਰਨ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ, ਕਿੰਨੇ ਹੀ ਮਜ਼ਦੂਰ ਨਾਜਾਇਜ਼ ਚੱਲ ਰਹੀਆਂ ਫ਼ੈਕਟਰੀਆਂ ਵਿਚ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।

ਕਿੰਨੇ ਹੀ ਸਫ਼ਾਈ ਕਰਮਚਾਰੀ ਸੀਵਰੇਜ ਦੀ ਸਫ਼ਾਈ ਕਰਦੇ ਸਮੇਂ ਸਫ਼ਾਈ ਯੰਤਰਾਂ ਦੀ ਘਾਟ ਕਾਰਨ ਮੌਤ ਦਾ ਸ਼ਿਕਾਰ ਹੋ ਗਏ। ਕਿੰਨੇ ਹੀ ਮਰੀਜ਼ ਬੱਚੇ ਬਜ਼ੁਰਗ ਹਸਪਤਾਲਾਂ ਵਿਚ, ਕਦੇ ਦਵਾਈਆਂ ਦੀ ਘਾਟ, ਕਦੇ ਆਕਸੀਜਨ ਦੀ ਘਾਟ ਤੇ ਡਾਕਟਰਾਂ ਦੀ ਅਣਗਹਿਲੀ ਕਾਰਨ ਮੌਤ ਦਾ ਸ਼ਿਕਾਰ ਹੋ ਗਏ। ਪਰ ਅਪਣੇ ਦੇਸ਼ ਦੀ ਇਕ ਖ਼ਾਸੀਅਤ ਹੈ ਕਿ ਜਦੋਂ ਕੋਈ ਹਾਦਸਾ ਹੋ ਜਾਂਦਾ ਹੈ, ਉਦੋਂ ਹੀ ਪ੍ਰਸ਼ਾਸਨ ਕੁੰਭਕਰਨੀ ਨੀਂਦ ਵਿਚੋਂ ਜਾਗਦਾ ਹੈ। ਹਾਦਸਾ ਹੋਣ ਤੇ ਬਾਅਦ ਹੀ ਪਤਾ ਲਗਦਾ ਹੈ ਇਹ ਇਮਾਰਤ ਨਾਜਾਇਜ਼ ਬਣੀ ਸੀ। ਬਿਨਾਂ ਮਨਜ਼ੂਰੀ ਤੋਂ ਫ਼ੈਕਟਰੀ ਚਲਾਈ ਜਾ ਰਹੀ ਸੀ ਜਾਂ ਸੀਵਰੇਜ ਠੇਕੇਦਾਰ ਦੀ ਗ਼ਲਤੀ ਸੀ।

ਇਹ ਸੱਭ ਪ੍ਰਸ਼ਾਸਨ ਨੂੰ ਹਾਦਸਾ ਵਾਪਰਨ ਤੋਂ ਬਾਅਦ ਹੀ ਕਿਉਂ ਪਤਾ ਲਗਦਾ ਹੈ? ਅਪਣੇ ਦੇਸ਼ ਵਿਚ ਦੋ ਗੱਲਾਂ ਬਹੁਤ ਮਸ਼ਹੂਰ ਨੇ। ਪਹਿਲੀ ਇਹ ਕਿ ਚੱਲ ਕੌਣ ਵੇਖਦਾ ਹੈ। ਇਹ ਗੱਲ ਪਬਲਿਕ ਵਲੋਂ ਜ਼ਿਆਦਾ ਵਰਤੀ ਜਾਂਦੀ ਹੈ ਤੇ ਦੂਜੀ ਗੱਲ ਹੈ ਦੋਸ਼ੀਆਂ ਵਿਰੁਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਗੱਲ ਪ੍ਰਸ਼ਾਸਨ ਵਲੋਂ ਜ਼ਿਆਦਾ ਕਹੀ ਜਾਂਦੀ ਰਹੀ ਹੈ। ਪਰ ਮੈਨੂੰ ਨਹੀਂ ਲਗਦਾ ਕਿ ਇਨ੍ਹਾਂ ਹਾਦਸਿਆਂ ਦੇ ਜ਼ਿੰਮੇਵਾਰ ਲੋਕਾਂ ਨੂੰ ਕਦੇ ਕੋਈ ਸਜ਼ਾ ਮਿਲੀ ਹੋਵੇਗੀ। ਅਜਕਲ ਭਾਰਤ ਵਿਚ ਭੀੜ ਵਲੋਂ ਕੁੱਟ-ਕੁੱਟ ਕੇ ਜਾਨ ਲੈਣਾ ਆਮ ਹੀ ਹੋ ਗਿਆ ਹੈ।

ਅੱਜ ਆਪਾਂ ਵੇਖਦੇ ਹੀ ਹਾਂ ਕਿ ਭੀੜ ਵਲੋਂ ਕਦੇ ਗਊ ਰਖਿਆ ਦੇ ਨਾਂ ਤੇ ਲੋਕਾਂ ਨੂੰ ਮਾਰ ਦਿਤਾ ਜਾਂਦਾ ਹੈ, ਕਦੇ ਬੱਚਾ ਚੋਰ ਗਿਰੋਹ ਦੇ ਨਾਂ ਉਤੇ ਤੇ ਕਦੇ ਜਾਦੂ ਟੂਣੇ ਦੇ ਨਾਂ ਉਤੇ ਭੀੜ ਵਲੋਂ ਕੁੱਟ ਕੇ ਮਾਰ ਦੇਣਾ ਆਮ ਹੀ ਹੋ ਗਿਆ ਹੈ। ਅੱਜ ਭਾਰਤ ਵਿਚ ਅਵਾਰਾ ਪਸ਼ੂਆਂ ਵਲੋਂ ਸੜਕ ਹਾਦਸਿਆਂ ਵਿਚ ਮਨੁੱਖੀ ਜਾਨਾਂ ਲੈਣਾ ਵੀ ਆਮ ਜਿਹਾ ਹੀ ਹੋ ਗਿਆ ਹੈ। ਭਾਰਤ ਵਿਚ ਹਰ ਰੋਜ਼ ਕਿੰਨੇ ਹੀ ਮਨੁੱਖ ਇਨ੍ਹਾਂ ਅਵਾਰਾ ਪਸ਼ੂਆਂ ਕਾਰਨ ਹੋਣ ਵਾਲੇ ਹਾਦਸਿਆਂ ਵਿਚ ਅਪਣੀ ਜਾਨ ਗਵਾ ਦਿੰਦੇ ਨੇ। ਕਿੰਨੇ ਦੁੱਖ ਵਾਲੀ ਗੱਲ ਹੈ ਕਿ ਇਨ੍ਹਾਂ ਪਸ਼ੂਆਂ ਕਾਰਨ ਹੋਣ ਵਾਲੇ ਹਾਦਸਿਆਂ ਲਈ ਨਾ ਹੀ ਕੋਈ ਪ੍ਰਸ਼ਾਸਨ ਜ਼ਿੰਮੇਵਾਰ ਹੈ ਤੇ ਨਾ ਹੀ ਸਰਕਾਰ।

ਬਸ ਜ਼ਿੰਮੇਵਾਰ ਹੈ ਤਾਂ ਖ਼ੁਦ ਉਹ ਆਦਮੀ ਜੋ ਇਸ ਹਾਦਸੇ ਦਾ ਸ਼ਿਕਾਰ ਹੋਇਆ। ਕਈ ਸੂਬਿਆਂ ਵਲੋਂ ਜਨਤਾ ਤੋਂ ਗਊ ਟੈਕਸ ਵੀ ਲਿਆ ਜਾਂਦਾ ਹੈ ਪਰ ਟੈਕਸ ਦੇਣ ਤੋਂ ਬਾਅਦ ਵੀ ਜਨਤਾ ਨੂੰ ਇਨ੍ਹਾਂ ਅਵਾਰਾ ਪਸ਼ੂਆਂ ਤੋਂ ਨਿਜਾਤ ਨਹੀਂ ਮਿਲਦੀ। ਲਗਦਾ ਹੈ ਕਿ ਅੱਜ ਭਾਰਤ ਵਿਚ ਮਨੁੱਖ ਦੀ ਜਾਨ ਦੀ ਕੀਮਤ ਘੱਟ ਅਤੇ ਇਕ ਪਸ਼ੂ ਦੀ ਜਾਨ ਦੀ ਕੀਮਤ ਵੱਧ ਹੈ। ਅੰਤ ਵਿਚ ਸਰਕਾਰਾਂ ਨੂੰ ਇਹੀ ਬੇਨਤੀ ਹੈ ਕਿ ਭਾਰਤ ਵਿਚ ਮਨੁੱਖੀ ਜਾਨਾਂ ਨੂੰ ਏਨਾ ਸਸਤਾ ਨਾ ਸਮਝਿਆ ਜਾਵੇ ਬਲਕਿ ਲੋਕਾਂ ਨੂੰ ਇਨ੍ਹਾਂ ਹੋਣ ਵਾਲੇ ਹਾਦਸਿਆਂ ਤੋਂ ਬਚਾਉਣ ਲਈ ਪ੍ਰਸ਼ਾਸਨ ਅਤੇ ਸਰਕਾਰ ਵਲੋਂ ਠੋਸ ਫੈਸਲੇ ਏ ਜਾਣ ਦੀ ਲੋੜ ਹੈ ਤਾਕਿ ਮਨੁੱਖੀ ਜਾਨਾਂ ਨੂੰ ਹਾਦਸਿਆਂ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾ ਸਕੇ।
ਸੰਪਰਕ : 99963-81134