ਅਮੀਨ ਮਲਿਕ ਜੀ ਨੂੰ ਯਾਦ ਕਰਦਿਆਂ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਰੋਜ਼ਾਨਾ ਸਪੋਕਸਮੈਨ ਵਿਚ ਕਦੇ ਜਿਨ੍ਹਾਂ ਦੀਆਂ ਲਿਖਤਾਂ ਦਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਸੀ,

Amin Malik

ਰੋਜ਼ਾਨਾ ਸਪੋਕਸਮੈਨ ਵਿਚ ਕਦੇ ਜਿਨ੍ਹਾਂ ਦੀਆਂ ਲਿਖਤਾਂ ਦਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਸੀ, ਉਸੇ ਅਖ਼ਬਾਰ ਵਿਚ ਜਦੋਂ ਅਮੀਨ ਸਾਹਬ ਦੇ ਇੰਤਕਾਲ ਦੀ ਖ਼ਬਰ ਪੜ੍ਹੀ ਤਾਂ ਮਨ ਬਹੁਤ ਪ੍ਰੇਸ਼ਾਨ ਹੋਇਆ। ਰੋਜ਼ਾਨਾ ਸਪੋਕਸਮੈਨ ਅਖ਼ਬਾਰ ਰਾਹੀਂ ਇਹ ਪੰਜਾਬੀ ਸਾਹਿਤ ਦਾ ਧਰੂ ਤਾਰਾ ਜਿੰਨੀ ਜਲਦੀ ਚੜਿ੍ਹਆ ਉਨੀ ਹੀ ਜਲਦੀ ਅਲੋਪ ਵੀ ਹੋ ਗਿਆ। ਅਕਾਲ ਪੁਰਖ ਵਿਛੜੀ ਰੂਹ ਨੂੰ ਸ਼ਾਂਤੀ ਪ੍ਰਦਾਨ ਕਰੇ। ਇਨ੍ਹਾਂ ਦੀਆਂ ਲਿਖਤਾਂ ਪੜ੍ਹ ਕੇ ਜਦੋਂ ਕਦੇ ਇਨ੍ਹਾਂ ਨੂੰ ਫ਼ੋਨ ਕਰਨਾ, ਬੜੇ ਹੀ ਪਿਆਰ ਨਾਲ ਗੱਲਾਂ ਕਰਦੇ ਸਨ ਅਤੇ ਪੰਜਾਬੀ ਮਾਂ-ਬੋਲੀ ਦਾ ਪਿਆਰ ਇਨ੍ਹਾਂ ਦੇ ਕਣ-ਕਣ ਵਿਚ ਵਸਦਾ ਸੀ ਤੇ ਝਲਕਦਾ ਸੀ। 

ਵੇਲੇ ਕੁ-ਵੇਲੇ ਫ਼ੋਨ ਕਰਨ ਤੇ ਕਈ ਵਾਰੀ ਜਦੋਂ ਨਾਰਾਜ਼ ਹੋਣਾ ਤਾਂ ਕਹਿਣਾ, ‘‘ਪਤਾ ਹੈ ਕੀ ਟਾਈਮ ਹੋਇਆ ਹੈ?’’ ਫਿਰ ਮੈਂ ਕਹਿਣਾ, ‘‘ਕੀ ਕਰੀਏ ਤੁਹਾਡੀ ਲਿਖਤ ਪੜ੍ਹਨ ਤੋਂ ਬਾਅਦ ਇੰਤਜ਼ਾਰ ਹੀ ਨਹੀਂ ਹੁੰਦਾ। ਜਦੋਂ ਭਾਰਤ ਵਿਚ ਸਵੇਰੇ 9 ਜਾਂ 10 ਵਜੇ ਹੁੰਦੇ ਹਨ ਤਾਂ ਇੰਗਲੈਂਡ ਵਿਚ ਤੜਕੇ ਮੂੰਹ ਹਨੇਰਾ ਹੁੰਦਾ ਹੈ। ਇਕ ਵਾਰ ਜਦੋਂ ਮੈਂ ਉਨ੍ਹਾਂ ਦੀ ਇਕ ਲਿਖਤ ਪੜ੍ਹ ਕੇ ਫ਼ੋਨ ਕੀਤਾ ਤਾਂ ਮੈਨੂੰ ਕਹਿੰਦੇ, ‘‘ਗੱਲ ਸੁਣ ਤੈਨੂੰ ਪਤਾ ਹੈ ਬੁਆਟ ਕੀ ਹੁੰਦਾ ਹੈ?’’ ਮੈਂ ਕਿਹਾ, ‘‘ਹਾਂ ਇਹ ਸਿਆਲਾਂ ਵਿਚ ਸ਼ਟਾਲੇ ਵਿਚ (ਪਸ਼ੂਆਂ ਦੇ ਖਾਣ ਦੇ ਹਰੇ ਚਾਰੇ) ਵਿਚ ਹੁੰਦਾ ਹੈ। ਗੰਢੇ ਦੀਆਂ ਭੂਕਾਂ ਵਾਂਗ ਇਸ ਦੀਆਂ ਭੁਕਾਂ ਹੁੰਦੀਆਂ ਹਨ।

ਪਰ ਗੰਢੇ ਦੀਆਂ ਭੁਕਾਂ ਨਾਲੋਂ ਪਤਲੀਆਂ ਹੁੰਦੀਆਂ ਹਨ। ਦਾਦ-ਖੁਜਲੀ ਉਤੇ ਮੱਲਣ ਨਾਲ ਬਹੁਤ ਫ਼ਾਇਦਾ ਹੁੰਦਾ ਹੈ।’’ ਅੱਗੇ ਕਹਿੰਦੇ, ‘‘ਤੂੰ ਦਿੱਲੀ ਛੱਡ ਤੇ ਅੰਮ੍ਰਿਤਸਰ ਜਾਹ, ਮੇਰੀ ਲੋਕਾਂ ਨੇ ਪੁੱਛ-ਪੁੱਛ ਕੇ ਜਾਨ ਖਾਧੀ ਪਈ ਹੈ ਕਿ ਬਈ ਇਹ ਬੁਆਟ ਕੀ ਹੁੰਦਾ ਹੈ।’’ ਜਿਹੜੇ ਪਾਠਕਾਂ ਨੇ ਉਨ੍ਹਾਂ ਨੂੰ ਪੁਛਿਆ ਹੋਵੇਗਾ, ਉਨ੍ਹਾਂ ਨੂੰ ਇਹ ਗੱਲ ਯਾਦ ਆ ਜਾਵੇਗੀ। ਖ਼ੈਰ ਗੱਲਾਂ ਤਾਂ ਮੈਂ ਉਨ੍ਹਾਂ ਨਾਲ ਬੜੀਆਂ ਕੀਤੀਆਂ ਪਰ ਸਾਰੀਆਂ ਦਾ ਵੇਰਵਾ ਦੇਣਾ ਮੁਸ਼ਕਲ ਹੈ। ਪਰ ਰੱਬ ਨੇ ਇਹ ਸਾਡਾ ਪਿਆਰਾ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲਾ ਸਾਥੋਂ ਖੋਹ ਲਿਆ ਹੈ।

ਕੁੱਝ ਸਾਲ ਪਹਿਲਾਂ ਜਦੋਂ ਇਹ ਬੀਮਾਰ ਹੋਏ ਸਨ ਤਾਂ ਮੈਂ ਦੋ ਤਿੰਨ ਵਾਰ ਇਨ੍ਹਾਂ ਨੂੰ ਜਦੋਂ ਹਸਪਤਾਲ ਫ਼ੋਨ ਕਰਨਾ ਤਾਂ ਰਾਣੀ ਮੈਮ ਇਨ੍ਹਾਂ ਦੀ ਬੇਗ਼ਮ ਸਾਹਬਾ ਹੀ ਫ਼ੋਨ ਚੁਕਦੇ ਸਨ। ਉਹ ਵੀ ਬੜੀ ਹੀ ਤਹਿਜ਼ੀਬ ਨਾਲ ਗੱਲ ਕਰਦੇ ਸਨ ਅਤੇ ਅਮੀਨ ਸਾਹਬ ਦੀ ਸਿਹਤ ਦੀ ਖ਼ਬਰ ਦੇ ਦਿੰਦੇ ਸਨ। ਮੇਰੀ ਅੱਲ੍ਹਾ ਅੱਗੇ ਅਰਦਾਸ ਹੈ ਕਿ ਅੱਲ੍ਹਾ ਰਾਣੀ ਮੈਮ ਨੂੰ ਇਹ ਅਸਹਿ ਦੁੱਖ ਝੱਲਣ ਦੀ ਹਿੰਮਤ ਅਤੇ ਹੌਸਲਾ ਬਖ਼ਸ਼ੇ। 
ਸੰਪਰਕ : 70489-95933, 93112-89977