ਸ਼ਾਇਦ ਕੁਦਰਤੀ ਵਾਤਾਵਰਣ ਨੂੰ ਤਬਾਹ ਕਰਨ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਜੀਵਨ ਲਈ ਜ਼ਰੂਰੀ ਕੁਦਰਤੀ ਸੋਮਿਆਂ ਦਾ ਖ਼ਾਤਮਾ ਵੀ ਮਨੁੱਖ ਦੁਆਰਾ ਕੀਤਾ ਜਾ ਰਿਹਾ ਹੈ

Cut tree

ਸਾਲ 2020 ਦੇ ਸ਼ੁਰੂ ਵਿਚ ਹੀ ਦੁਨੀਆਂ ਨੂੰ ਕੋਰੋਨਾ(Corona)  ਨਾਮ ਦੀ ਇਕ ਭਿਆਨਕ ਛੂਤ ਦੀ ਬਿਮਾਰੀ ਨੇ ਘੇਰਨਾ ਸ਼ੁਰੂ ਕਰ ਦਿਤਾ ਸੀ। ਇਸ ਦੌਰਾਨ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਉਠੀਆਂ ਅਤੇ ਤਰ੍ਹਾਂ-ਤਰ੍ਹਾਂ ਦੇ ਇਲਜਾਮ ਇਕ ਦੂਜੇ ਵਿਰੁਧ ਲੱਗੇ।  ਕਾਰਨ ਕੁੱਝ ਵੀ ਹੋਣ ਪਰ ਮਨੁੱਖ ਵਲੋਂ ਜੋ ਪਿਛਲੇ ਕੁੱਝ ਸਮੇਂ ਤੋਂ ਅਖੌਤੀ ਤਰੱਕੀ ਦੇ ਨਾਮ ਉਤੇ ਜੋ ਕੁਦਰਤ ਨਾਲ ਖਿਲਵਾੜ ਕੀਤਾ ਗਿਆ ਹੈ ਅਤੇ ਕੀਤਾ ਜਾ ਰਿਹਾ ਹੈ, ਅਸਲ ਵਿਚ ਇਨ੍ਹਾਂ ਭਿਆਨਕ ਮਹਾਂਮਾਰੀਆਂ( Terrible epidemics) ਦਾ ਇਕ ਬਹੁਤ ਵੱਡਾ ਕਾਰਨ ਇਹ ਵੀ ਹੈ।

ਜੇਕਰ ਅਸੀ ਜੀਵ ਵਿਗਿਆਨੀਆਂ(Biologists) ਵਲੋਂ ਕੀਤੀਆਂ ਗਈਆਂ ਖੋਜਾਂ ਉਤੇ ਨਜ਼ਰ ਮਾਰੀਏ ਤਾਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੁਦਰਤ ਦੇ ਇਸ ਖਾਸ ਹਿੱਸੇ ਧਰਤੀ ਉਪਰ ਜੀਵਨ ਏਨਾ ਕਠਿਨ ਕਿਵੇਂ ਹੋ ਗਿਆ? ਜਿਸ ਧਰਤੀ ਉਤੇ ਕਰੋੜਾਂ ਸਾਲ ਪਹਿਲਾਂ ਜੀਵਨ ਅਪਣੇ ਆਪ ਹੋਂਦ ਵਿਚ ਆਉਂਦਾ ਹੈ ਅਤੇ ਲੱਖਾਂ ਤਬਦੀਲੀਆਂ ਦੇ ਵੱਖ-ਵੱਖ ਪੜਾਵਾਂ ਵਿਚੋਂ ਗੁਜ਼ਰਦਾ ਤਰੱਕੀ ਦੀਆਂ ਬੁਲੰਦੀਆਂ ਨੂੰ ਛੋਂਹਦਾ ਹੋਇਆ ਆਧੁਨਿਕ ਮਨੁੱਖ ਦੇ ਰੂਪ ਵਿਚ ਸਾਡੇ ਸਾਹਮਣੇ ਹੈ। ਅਸਲ ਵਿਚ ਇਸ ਧਰਤੀ ਉਤੇ ਜੀਵਨ ਵਿਚ ਉੱਥਲ-ਪੁੱਥਲ ਮਨੁੱਖ ਦੀਆਂ ਗ਼ੈਰ ਕੁਦਰਤੀ ਕਾਰਵਾਈਆਂ ਰਾਹੀਂ ਅਖੌਤੀ ਤਰੱਕੀ ਹੀ ਹੈ ਜਿਸ ਨੇ ਬਾਕੀ ਜੀਵ-ਜੰਤੂਆਂ ਦੇ ਜੀਵਨ ਉਤੇ ਵੀ ਡੂੰਘਾ ਪ੍ਰਭਾਵ ਪਾਇਆ ਹੈ। 

ਜੀਵਨ ਲਈ ਜ਼ਰੂਰੀ ਕੁਦਰਤੀ ਸੋਮਿਆਂ ਦਾ ਖ਼ਾਤਮਾ ਵੀ ਮਨੁੱਖ ਦੁਆਰਾ ਕੀਤਾ ਜਾ ਰਿਹਾ ਹੈ, ਜਿਵੇਂ ਜੰਗਲਾਂ ਦੀ ਕਟਾਈ( Deforestation) ਅਤੇ ਪਾਣੀ ਦੇ ਸੋਮਿਆਂ ਦਰਿਆਵਾਂ, ਛੱਪੜਾਂ ਅਤੇ ਨਹਿਰਾਂ ਨੂੰ ਦੂਸ਼ਤ ਕਰਨਾ ਆਦਿ। ਇਸ ਤਰ੍ਹਾਂ ਕਰ ਕੇ ਮਨੁੱਖ ਪਸ਼ੂ-ਪੰਛੀਆਂ ਨੂੰ ਹੀ ਨਹੀਂ ਸਗੋਂ ਅਪਣੀ ਹੋਂਦ ਨੂੰ ਵੀ ਖ਼ਤਰੇ ਵਿਚ ਪਾ ਰਿਹਾ ਹੈ। ਅਜਿਹਾ ਕਰ ਕੇ ਅਸੀ ਗੁਰੂ ਸਾਹਿਬ ਦੇ ਵਿਚਾਰਾਂ ਦੇ ਉਲਟ ਹੀ ਨਹੀਂ ਜਾ ਰਹੇ ਸਗੋਂ ਵਿਰੋਧ ਵਿਚ ਖੜੇ ਹੋ ਜਾਂਦੇ ਹਾਂ, ਜਿਨ੍ਹਾਂ ਅਨੁਸਾਰ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਮੰਨਿਆ ਗਿਆ ਹੈ।

ਮਤਲਬ ਹਵਾ, ਪਾਣੀ ਅਤੇ ਮਿੱਟੀ ਤਿੰਨੇ ਜੀਵਨ ਦਾ ਅਧਾਰ ਹਨ, ਕਿਉਂਕਿ ਆਕਸੀਜਨ( Oxygen) ਸਾਫ਼ ਹਵਾ ਵਿਚੋਂ ਮਿਲਣੀ ਹੈ, ਪਾਣੀ ਕੁਦਰਤੀ ਸੋਮਿਆਂ ਗਲੇਸ਼ੀਅਰ, ਦਰਿਆਵਾਂ ਅਤੇ ਧਰਤੀ ਹੇਠੋਂ ਮਿਲਣਾ ਹੈ ਅਤੇ ਖ਼ੁਰਾਕ ਮਿੱਟੀ ਵਿਚ ਪੈਦਾ ਹੋਣੀ ਹੈ। ਅਫ਼ਸੋਸ ਮਨੁੱਖ ਇਨ੍ਹਾਂ ਤਿੰਨਾਂ ਨੂੰ ਹੀ ਬੁਰੀ ਤਰ੍ਹਾਂ ਦੂਸ਼ਤ ਕਰ ਚੁੱਕਾ ਹੈ ਜਿਸ ਦੇ ਨਤੀਜੇ ਅਸੀ ਖ਼ਤਰਨਾਕ ਬਿਮਾਰੀਆਂ ਦਾ ਸਾਹਮਣਾ ਕਰ ਕੇ ਭੁਗਤ ਰਹੇ ਹਾਂ। ਸੱਭ ਤੋਂ ਪਹਿਲਾਂ ਅਸੀ ਕੁਦਰਤ ਦੀ ਨਿਆਮਤ ਅਪਣੇ ਪਾਣੀ ਦੇ ਸੋਮਿਆਂ ਨੂੰ ਦੂਰ ਕੀਤਾ, ਜਿਵੇਂ ਅਪਣੇ ਦਰਿਆਵਾਂ ਵਿਚ ਸ਼ਹਿਰਾਂ ਦਾ ਗੰਦਾ ਪਾਣੀ ਮਿਲਾ ਕੇ ਕੁੱਝ ਵਪਾਰੀ ਬਿਰਤੀ ਵਾਲੇ ਲੋਕਾਂ ਨੇ ਇਸ ਦਾ ਭਰਪੂਰ ਫ਼ਾਇਦਾ ਉਠਾਇਆ।

 

 

ਨਤੀਜੇ ਵਜੋਂ ਅਸੀ ਕੁਦਰਤ ਵਲੋਂ ਮਿਲਣ ਵਾਲਾ ਮੁਫ਼ਤ ਪਾਣੀ ਅੱਜ ਬਾਜ਼ਾਰ ਵਿਚੋਂ ਮਹਿੰਗੇ ਭਾਅ ਉਤੇ ਖ਼ਰੀਦ ਕੇ ਪੀ ਰਹੇ ਹਾਂ। ਇਹੀ ਹਾਲ ਖ਼ੁਰਾਕ ਪਦਾਰਥਾਂ ਦਾ ਹੈ। ਲੋਕਾਂ ਵਲੋਂ ਅਪਣਾ ਜੀਵਨ ਢੰਗ ਬਦਲਣ ਕਾਰਨ, ਬੇ ਮੌਸਮੀ ਖ਼ੁਰਾਕ ਪਦਾਰਥਾਂ ਦੀ ਮੰਗ ਵਧਣ ਕਰ ਕੇ ਇਨ੍ਹਾਂ ਬੇ ਮੌਸਮੀ ਖ਼ੁਰਾਕ ਪਦਾਰਥਾਂ ਦੀ ਗ਼ੈਰ ਕੁਦਰਤੀ ਢੰਗ ਨਾਲ ਪੈਦਾਵਾਰ ਜ਼ੋਰਾਂ ਉਤੇ ਹੈ। ਬੇ ਮੌਸਮੀ ਸਬਜ਼ੀਆਂ, ਫੱਲ ਆਦਿ ਪੈਦਾ ਕਰਨ ਲਈ ਬਹੁਤ ਸਾਰੇ ਜ਼ਹਿਰੀਲੇ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਕਾਰਨ ਕੇਵਲ ਸਾਡੀ ਮਿੱਟੀ ਹੀ ਪ੍ਰਦੂਸ਼ਤ ਨਹੀਂ ਹੋ ਰਹੀ ਸਗੋਂ ਇਸ ਦਾ ਸਿੱਧਾ ਪ੍ਰਭਾਵ ਸਾਡੇ ਸਰੀਰ ਦੀ ਰੋਗ ਵਿਰੋਧਕ ਪ੍ਰਣਾਲੀ (ਇਮਿਊਨਟੀ ਸਿਸਟਮ) ਉਤੇ ਪੈ 
ਰਿਹਾ ਹੈ ਅਤੇ ਇਸ ਨੂੰ ਕਮਜ਼ੋਰ ਬਣਾ ਰਿਹਾ ਹੈ। 

 

 

ਇਕ ਹਵਾ ਬਚੀ ਸੀ ਜਿਸ ਦਾ ਅਜੇ ਕਾਰੋਬਾਰ ਸ਼ੁਰੂ ਨਹੀਂ ਹੋਇਆ ਸੀ ਪਰ ਸਾਲ 2021 ਦੀ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਇਹ ਵੀ ਸ਼ੁਰੂ ਹੋ ਗਿਆ ਹੈ। 
ਅੱਜ ਸਾਫ਼ ਹਵਾ ਵੀ ਆਕਸੀਜਨ ਦੇ ਰੂਪ ਵਿਚ ਪਾਣੀ ਦੀ ਤਰ੍ਹਾਂ ਬੋਤਲਾਂ ਵਿਚ ਵਿਕਣੀ  ਸ਼ੁਰੂ ਹੋ ਚੁੱਕੀ ਹੈ। ਅਸਲ ਵਿਚ ਇਹ ਸੱਭ ਹੋਣਾ ਹੀ ਸੀ, ਇਸ ਵਿਚ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ ਹੈ। ਦਰਅਸਲ ਜਿਸ ਤਰ੍ਹਾਂ ਪਿਛਲੇ ਲੰਮੇ ਸਮੇਂ ਤੋਂ ਅਸੀ ਵਾਤਾਵਰਣ ( The environment) ਮਾਹਿਰਾਂ ਵਲੋਂ ਦਿਤੀਆਂ ਜਾ ਰਹੀਆਂ ਚੇਤਾਵਨੀਆਂ ਨੂੰ ਅੱਖੋਂ ਪਰੋਖੇ ਕਰ ਕੇ ਜੰਗਲਾਂ ਅਤੇ ਅਪਣੇ ਆਲੇ ਦੁਆਲੇ ਦੇ ਰੁੱਖਾਂ ਦੀ ਕਟਾਈ ਕਰ ਰਹੇ ਸੀ, ਇਹ ਸੱਭ ਕੁੱਝ ਕੁਦਰਤੀ ਹੀ ਸੀ। ਮਨੁੱਖ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਸ ਕੁਦਰਤ ਵਿਚ ਜੋ ਵੀ ਜੀਵ-ਜੰਤੂ, ਬਨਸਪਤੀ ਪੈਦਾ ਹੁੰਦੀ ਹੈ, ਉਹ ਇਸ ਕੁਦਰਤੀ ਜੀਵਨ ਚੱਕਰ ਵਿਚ ਅਪਣਾ ਕੋਈ ਖਾਸ ਕਿਰਦਾਰ ਨਹੀਂ ਨਿਭਾਅ ਰਿਹਾ ਹੈ, ਉਹ ਵਾਧੂ ਜਾਂ ਐਵੇਂ ਨਹੀਂ ਹੈ।

 

ਦੋ ਘੰਟੇ ਵਿਚ ਕੰਮ ਤਮਾਮ ਕਰਨ ਦਾ ਦਾਅਵਾ ਕਰਨ ਵਾਲਾ ਜਨਰਲ ਸੁੰਦਰਜੀ ਜਦ ਛਿੱਥਾ ਪੈ ਗਿਆ....

 

ਇਸ ਲਈ ਮਨੁੱਖ ਦੀ ਹੋਂਦ ਇਨ੍ਹਾਂ ਪਸ਼ੂ-ਪੰਛੀਆਂ, ਜੀਵ-ਜੰਤੂਆਂ ਅਤੇ ਬਨਸਪਤੀ ਨਾਲ ਹੀ ਹੈ, ਇਕੱਲੇ ਨਹੀਂ। ਇਸ ਲਈ ਮਨੁੱਖ ਨੂੰ ਅਪਣੀ ਹੋਂਦ ਬਚਾਈ ਰੱਖਣ ਲਈ ਅਪਣੇ ਆਲੇ ਦੁਆਲੇ ਦੇ ਵਾਤਾਵਰਣ ਅਤੇ ਉਸ ਵਿਚਲੇ ਪੂਸ਼-ਪੰਛੀਆਂ, ਜੀਵ-ਜੰਤੂਆਂ, ਬਨਸਪਤੀ ਅਤੇ ਪਾਣੀ ਦੇ ਕੁਦਰਤੀ ਸੋਮਿਆਂ ਦਰਿਆਵਾਂ ਆਦਿ ਨੂੰ ਵੀ ਆਪ ਹੀ ਬਚਾਅ ਕੇ ਰੱਖਣਾ ਪਵੇਗਾ ਅਤੇ ਸਮਝ ਲੈਣਾ ਪਵੇਗਾ ਕਿ ਇਸ ਕੁਦਰਤ ਉਤੇ ਉਕਤ ਸੱਭ ਦਾ ਵੀ ਬਰਾਬਰ ਦਾ ਹੱਕ ਹੈ, ਇਕੱਲੇ ਮਨੁੱਖ ਦਾ ਨਹੀਂ। ਇਸ ਲਈ ਆਉ ਸਾਰੇ ਰਲ ਮਿਲ ਕੇ ਅਪਣੀ ਇਸ ਖ਼ੂਬਸੂਰਤ ਕੁਦਰਤ ਨੂੰ ਬਚਾਉਣ ਲਈ ਹੰਭਲਾ ਮਾਰੀਏ ਅਤੇ ਇਕ ਤੰਦਰੁਸਤ ਸਮਾਜ ਦੀ ਸਿਰਜਣਾ ਕਰੀਏ। 
ਸੰਪਰਕ: 84370-75077