ਮੁਹੰਮਦ ਸਦੀਕ ਦਾ ਗਾਇਕੀ ਤੋਂ ਲੈ ਕੇ ਸਿਆਸਤ ਤੱਕ ਦਾ ਸਫ਼ਰ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕਿਵੇਂ ਬਣਿਆ ਲੋਕ ਗੀਤਾਂ ਦਾ ਗਾਇਕ ਇੱਕ ਨੇਤਾ, ਜਾਣਨ ਲਈ ਪੜੋ

Mohammad Sadiq's journey from singing to politics

ਮੁਹੰਮਦ ਸਦੀਕ ਇਕ ਉੱਘੇ ਪੰਜਾਬੀ ਗਾਇਕ, ਅਦਾਕਾਰ ਅਤੇ ਸਿਆਸਤਦਾਨ ਹਨ। ਮੁਹੰਮਦ ਸਦੀਕ ਨੂੰ ਦੋਗਾਣਿਆਂ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ। ਉਸ ਨੇ ਬਹੁਤ ਸਾਰੇ ਸੋਲੋ ਗੀਤ ਵੀ ਗਾਏ ਹਨ। ਇਸ ਵਿਚ ਦੀਦਾਰ ਸੰਧੂ ਦਾ ਲਿਖਿਆ ਮੇਰੀ ਐਸੀ ਝਾਂਜਰ ਛਣਕੇ ਛਣਕਾਟਾ ਪੈਂਦਾ ਗਲੀ ਗਲੀ  ਸਦੀਕ ਦੇ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਗੀਤਾਂ ਵਿਚੋਂ ਇਕ ਹਨ। ਜ਼ਿਆਦਾਤਰ ਉਸ ਨੇ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ ਦੇ ਗੀਤ ਗਾਏ ਹਨ। ਸਦੀਕ ਨੇ ਪੰਜਾਬ ਵਿਧਾਨ ਸਭਾ 2012 ਦੀਆਂ ਚੋਣ ਹਲਕਾ ਭਦੌੜ ਤੋਂ ਜਿੱਤ ਕੇ ਸਰਗਰਮ ਸਿਆਸਤਦਾਨ ਵਜੋਂ ਅਪਣੀ ਪਛਾਣ ਬਣਾਈ ਹੈ।

ਪਰ ਉਸ ਨੂੰ ਸਿਆਸਤ ਰਾਸ ਨਾ ਆਈ। ਪੰਜਾਬ ਵਿਧਾਨਸਭਾ ਵਿਚ ਮੁਹੰਮਦ ਸਦੀਕ ਵੱਲੋਂ ਆਧੁਨਿਕ ਪੰਜਾਬੀ ਕਵਿਤਾ ਦੇ ਉੱਚ ਦੁਮਾਲੜੇ ਨਾਂ ਪ੍ਰੋ. ਮੋਹਨ ਸਿੰਘ ਦੀ ਇਕ ਬੇਹੱਦ ਖੂਬਸੂਰਤ ਅਤੇ ਅਰਥਭਰਪੂਰ ਰਚਨਾ ਪੇਸ਼ ਕੀਤੇ ਜਾਣ ਦੇ ਸੰਬੰਧ ਵਿਚ ਜੋ ਕੁਝ ਹੋਇਆ ਉਹ ਪੰਜਾਬੀਆਂ ਖਾਸ ਕਰਕੇ ਲੇਖਕਾਂ ਤੇ ਕਲਾਕਾਰਾਂ ਲਈ ਬਹੁਤ ਵੱਡਾ ਮਸਲਾ ਹੈ। ਸਦੀਕ ਨੇ ਅਖਬਾਰਾਂ ਵਿਚ ਦੱਸਿਆ ਕਿ ਸਦਨ ਸ਼ੁਰੂ ਹੋਣ ਸਮੇਂ ਹੀ ਬਾਦਲ ਸਾਹਿਬ ਉਸ ਨੂੰ ਵਾਰ ਵਾਰ ਗੀਤ ਸੁਣਾਉਣ ਲਈ ਕਹਿ ਰਹੇ ਸਨ।

ਜਦੋਂ ਸਦੀਕ ਗਾਉਣ ਲਈ ਤਿਆਰ ਹੋਏ ਤਾਂ ਉਸ ਨੂੰ ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਅਤੇ ਕੁਝ ਹੋਰ ਵਿਧਾਇਕਾਂ ਨੇ ਰੋਕਣਾ ਚਾਹਿਆ। ਪਰ ਉਹ ਕਹਿੰਦਾ, ਬਾਦਲ ਸਾਹਿਬ ਸਦਨ ਵਿਚ ਸਭ ਤੋਂ ਵੱਡੀ ਉਮਰ ਦੇ ਸਿਆਸਤਦਾਨ ਹਨ ਤੇ ਮੈਂ ਇਹਨਾਂ ਦੀ ਬਹੁਤ ਇੱਜ਼ਤ ਕਰਦਾ ਹਾਂ, ਇਸ ਕਰਕੇ ਮੈਂ ਇਹਨਾਂ ਦਾ ਕਿਹਾ ਨਹੀਂ ਮੋੜ ਸਕਦਾ। ਇਸ ਦੌਰਾਨ ਸਪੀਕਰ ਸਾਹਿਬ ਨੇ ਵੀ ਮੁੱਖ ਮੰਤਰੀ ਜੀ ਦੀ ਫ਼ਰਮਾਇਸ਼ ਦੀ ਪੁਸ਼ਟੀ ਕਰਦਿਆਂ ਗਾਉਣ ਦੀ ਆਗਿਆ ਦੇ ਦਿੱਤੀ।

ਜਦੋਂ ਹੀ ਸਦੀਕ ਨੇ ਕਾਵਿ-ਸਮਰਾਟ ਮੋਹਨ ਸਿੰਘ ਦੀ ਗ਼ਜ਼ਲ ਸਮਾਪਤ ਕੀਤੀ, ਮੁੱਖ ਮੰਤਰੀ ਜੀ ਬੋਲੇ, ਸਦੀਕ ਹੁਣ ਕਾਂਗਰਸ ਦੀ ਹਾਰ ਦੇ ਵੈਣ ਵੀ ਪਾ ਦੇ। ਸਦੀਕ ਦਾ ਅਵਾਕ ਰਹਿ ਜਾਣਾ ਕੁਦਰਤੀ ਸੀ। ਮੁੱਖ ਮੰਤਰੀ ਬਾਦਲ ਜੀ ਦੀ ਸ਼ਤਰੰਜੀ ਚਾਲ ਤੋਂ ਉਹ ਮਾਤ ਖਾ ਚੁੱਕਿਆ ਸੀ ਅਤੇ ਉਹਨਾਂ ਦੇ ਇਹਨਾਂ ਬੋਲਾਂ ਨਾਲ ਦੂਜੇ ਅਕਾਲੀਆਂ ਨੂੰ ਉਸ ਉੱਤੇ ਅਤੇ ਨਾਲ ਹੀ ਕਾਂਗਰਸ ਉੱਤੇ ਹਮਲੇ ਕਰਨ ਵਾਸਤੇ ਲੋੜੀਂਦਾ ਸੰਕੇਤ ਮਿਲ ਚੁੱਕਿਆ ਸੀ।

ਇਸ ਤੇ ਸੰਵਿਧਾਨਿਕ ਮਾਹਿਰਾਂ ਦਾ ਕਹਿਣਾ ਹੈ ਕਿ ਸਪੀਕਰ ਵੱਲੋਂ ਗਾਉਣ ਦੀ ਆਗਿਆ ਹੋਣ ਕਾਰਨ ਅਤੇ ਇਕ ਵੀ ਗਲਤ ਸ਼ਬਦ ਨਾ ਗਾਏ ਜਾਣ ਕਾਰਨ ਜੋ ਕੁਝ ਵੀ ਕੀਤਾ ਉਹ ਪੂਰੀ ਤਰ੍ਹਾਂ ਸਹੀ ਹੈ ਅਤੇ ਵਿਧਾਨ ਸਭਾ ਦੀ ਮਰਯਾਦਾ ਦੀ ਉਲੰਘਣਾ ਨਹੀਂ ਬਣਦੀ। ਭਦੌੜ ਤੋਂ ਕਾਂਗਰਸੀ ਵਿਧਾਇਕ ਮੁਹੰਮਦ ਸਦੀਕ ਦੀ ਵਿਧਾਨ ਸਭਾ ਮੈਂਬਰਸ਼ਿਪਿ ਰੱਦ ਕਰ ਦਿੱਤੀ ਗਈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮੁਹੰਮਦ ਸਦੀਕ ਦੀ ਵਿਧਾਇਕੀ ਰੱਦ ਕੀਤੀ ਸੀ।

ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਮੁਹੰਮਦ ਸਦੀਕ ਕਾਂਗਰਸੀ ਟਿਕਟ ਤੋਂ ਚੋਣ ਲੜੇ ਸਨ। ਸ਼੍ਰੋਮਣੀ ਅਕਾਲੀ ਦਲ ਦੇ ਹਾਰੇ ਉਮੀਦਵਾਰ ਦਰਬਾਰਾ ਸਿੰਘ ਨੇ ਹਾਈਕੋਰਟ ਵਿਚ ਪਟੀਸ਼ਨ ਪਾਈ ਸੀ ਕਿ ਸਦੀਕ ਨੇ ਰਾਖਵੇਂਕਰਨ ਦਾ ਝੂਠਾ ਸਾਰਟੀਫਿਕੇਟ ਦਿਖਾ ਕੇ ਚੋੜ ਲੜੀ ਸੀ। ਪਟੀਸ਼ਨ ਮੁਤਾਬਕ ਭਦੌੜ ਦੀ ਸੀਟ ਪੱਛੜੀ ਸ਼੍ਰੇਣੀ ਲਈ ਰਾਖਵੀਂ ਸੀ ਪਰ ਸਦੀਕ ਅਸਲ ਵਿਚ ਰਾਖਵੇਂਕਰਨ ਦੀ ਸ਼੍ਰੇਣੀ ਵਿਚ ਨਹੀਂ ਆਉਂਦੇ।

ਸਦੀਕ ਨੇ ਹਾਈਕੋਰਟ ਵਿਚ ਹਲਫਨਾਮਾ ਦਾਖਲ ਕਰ ਕੇ ਕਿਹਾ ਕਿ ਬੇਸ਼ੱਕ ਉਹਨਾਂ ਦਾ ਪਰਿਵਾਰ ਮੁਸਲਮਾਨ ਹੈ ਪਰ ਉਹ ਸਿੱਖ ਧਰਮ ਦੀ ਅਨੁਸੂਚਿਤ ਜਾਤੀ ਨਾਲ ਸੰਬੰਧ ਰੱਖਦੇ ਹਨ ਪਰ ਫਿਰ ਵੀ ਉਹ ਕੇਸ ਹਾਰ ਗਏ। ਪਟੀਸ਼ਨਰ ਦਰਬਾਰਾ ਸਿੰਘ ਗੁਰੂ ਦੇ ਵਕੀਲ ਮੁਤਾਬਕ ਉਹਨਾਂ ਨੇ ਸਿਰਫ ਸਦੀਕ ਦੀ ਵਿਧਾਇਕੀ ਰੱਦ ਕਰਵਾਉਣ ਸਬੰਧੀ ਪਟੀਸ਼ਨ ਪਾਈ ਸੀ ਨਾ ਕਿ ਦਰਬਾਰਾ ਸਿੰਘ ਨੂੰ ਜੇਤੂ ਕਰਾਰ ਦੇਣ ਲਈ। ਸੁਪਰੀਮ ਕੋਰਟ ਨੇ ਮੁਹੰਮਦ ਸਦੀਕ ਨੂੰ ਵੱਡੀ ਰਾਹਤ ਦਿੰਦੇ ਹੋਏ ਉਹਨਾਂ ਦੀ ਪਟੀਸ਼ਨ ਮਨਜ਼ੂਰ ਕਰ ਲਈ ਤੇ ਵਿਧਾਇਕ ਅਹੁਦੇ ਲਈ ਯੋਗ ਕਰਾਰ ਦੇ ਦਿੱਤਾ।