ਕਾਰਗਿਲ ਦੀ ਜੰਗ ਦੇ ਪੋਸਟਰ ਬੁਆਏ ਵਿਕਰਮ ਬੱਤਰਾ ਦੀ ਅੱਜ ਹੈ ਬਰਸੀ, ਜਾਣੋ ਕਿਉਂ ਥਰ-ਥਰ ਕੰਬਦੀ ਸੀ ਪਾਕਿ ਸੈਨਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕਾਰਗਿਲ ਦੀ ਜਿੱਤ ਦੀ ਕਹਾਣੀ ਪਾਲਮਪੁਰ ਦੇ ਇਸ ਪੁੱਤਰ ਬਿਨਾਂ ਅਧੂਰੀ ਹੈ

photo

 

ਚੰਡੀਗੜ੍ਹ (ਮੁਸਕਾਨ ਢਿੱਲੋਂ): 22 ਸਾਲ ਪਹਿਲਾਂ 1999 ਵਿਚ ਭਾਰਤ-ਪਾਕਿਸਤਾਨ ਦੇ ਵਿਚਕਾਰ ਭਾਰਤੀ ਜ਼ਮੀਨ 'ਤੇ ਕਬਜ਼ਾ ਕਰਨ ਨੂੰ ਲੈ ਕੇ ਹੋਈ ਜੰਗ ਵਿਚ ਭਾਰਤੀ ਫੌਜ ਦੇ ਯੋਧਿਆਂ ਦੀ ਜਿੱਤ ਇਤਿਹਾਸ ਦੇ ਪੰਨਿਆਂ ਵਿਚ ਸੁਨਹਿਰੀ ਅੱਖਰਾਂ ਵਿਚ ਦਰਜ ਹੈ। ਕਾਰਗਿਲ ਯੁੱਧ ਵਿਚ ਪਾਕਿਸਤਾਨ ਉੱਤੇ ਭਾਰਤ ਦੀ ਜਿੱਤ ਤੋਂ ਬਾਅਦ, ਇਸ ਦਿਨ ਨੂੰ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੁਆਰਾ ਜਿੱਤ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਸੀ।

ਇਸ ਯੁੱਧ ਵਿਚ 500 ਤੋਂ ਵੱਧ ਭਾਰਤੀ ਜਵਾਨਾਂ ਨੇ ਆਪਣੀਆਂ ਜਾਨਾਂ ਦਾ ਬਲੀਦਾਨ ਦੇ ਕੇ ਸ਼ਹੀਦੀ ਪ੍ਰਾਪਤ ਕੀਤੀ। ਇਨ੍ਹਾਂ ਵੀਰਾਂ ਵਿਚੋ ਹੀ ਇਕ ਸਨ ਦੇਸ਼ ਦੇ ਪ੍ਰਤੀ ਬੇਮਿਸਾਲ ਵਫ਼ਾਦਾਰੀ ਦਿਖਾਉਂਦੇ ਹੋਏ ਸਰਵਉੱਚ ਕੁਰਬਾਨੀ ਦੇਣ ਵਾਲੇ ਸ਼ੇਰਸ਼ਾਹ ਜਿਨ੍ਹਾਂ ਤੋਂ ਦੁਸ਼ਮਣ ਵੀ ਥਰ ਥਾਰ ਕੰਬਦੇ ਸਨ :'ਕੈਪਟਨ ਵਿਕਰਮ ਬਤਰਾ "। ਉਨ੍ਹਾਂ ਨੇ ਪਾਕਿ ਸੈਨਾ ਵਿਚ ਡਰ ਪੈਦਾ ਕਰ ਦਿਤਾ ਸੀ, ਇਸੇ ਕਰਕੇ ਕਾਰਗਿਲ ਯੁੱਧ ਦੌਰਾਨ ਉਨ੍ਹਾਂ ਨੂੰ ਕੋਡ ਨਾਮ 'ਸ਼ੇਰਸ਼ਾਹ' ਦਿਤਾ ਗਿਆ ਸੀ। ਸਾਲ 1997 'ਚ ਉਹ ਫੌਜ 'ਚ ਭਰਤੀ ਹੋ ਗਏ ਅਤੇ ਸਿਰਫ ਦੋ ਸਾਲਾਂ ਦੇ ਅੰਦਰ ਹੀ ਉਹ ਕਪਤਾਨ ਬਣ ਗਏ। ਉਸ ਸਮੇਂ ਦੇ ਆਰਮੀ ਚੀਫ ਦੀਪਕ ਚੋਪੜਾ ਨੇ ਉਨ੍ਹਾਂ ਬਾਰੇ ਕਿਹਾ ਸੀ ਕਿ ਜੇਕਰ ਉਹ ਕਾਰਗਿਲ ਦੀ ਜੰਗ ਤੋਂ ਜ਼ਿੰਦਾ ਪਰਤ ਜਾਂਦੇ ਤਾਂ ਉਹ ਸਭ ਤੋਂ ਘੱਟ ਉਮਰ ਦੇ ਆਰਮੀ ਚੀਫ ਬਣ ਜਾਂਦੇ।

ਆਓ ਕਾਰਗਿਲ ਯੁੱਧ ਦੇ ਬਹਾਦਰ ਨਾਇਕ ਨੂੰ ਯਾਦ ਕਰੀਏ ਕਿਉਂਕਿ ਅੱਜ 7 ਜੁਲਾਈ ਨੂੰ ਦੇਸ਼ ਦੇ ਉਸ ਬਹਾਦਰ ਪੁੱਤਰ ਦੀ ਬਰਸੀ ਹੈ। ਕਾਰਗਿਲ ਦੀ ਜਿੱਤ ਦੀ ਕਹਾਣੀ ਪਾਲਮਪੁਰ ਦੇ ਇਸ ਪੁੱਤਰ ਬਿਨਾਂ ਅਧੂਰੀ ਹੈ। 'ਯੇ ਦਿਲ ਮਾਂਗੇ ਮੋਰ'' ਇਹ ਲਾਈਨਾਂ ਸਿਰਫ਼ ਇਕ ਕੋਲਡ ਡਰਿੰਕ ਕੰਪਨੀ ਦੀਆਂ ਨਹੀਂ ਹਨ ਜੇਕਰ ਕੋਈ ਸੱਚਮੁੱਚ ਇਨ੍ਹਾਂ ਲਾਈਨਾਂ ਨੂੰ ਪਛਾਣਦਾ ਹੈ ਤਾਂ ਉਹ ਭਾਰਤ ਫੌਜ ਦੀ 13ਵੀਂ ਬਟਾਲੀਅਨ ਜੰਮੂ ਅਤੇ ਕਸ਼ਮੀਰ ਰਾਈਫਲਜ਼ ਦੇ ਬਹਾਦਰ ਅਫਸਰ ਕੈਪਟਨ ਵਿਕਰਮ ਬੱਤਰਾ ਸਨ।

ਦੱਸ ਦਈਏ ਕਿ ਕਾਰਗਿਲ ਦੇ ਯੁੱਧ 'ਚ ਪਾਕਿਸਤਾਨ ਦੇ ਖਿਲਾਫ ਲੜਦੇ ਹੋਏ ਵਿਕਰਮ ਬੱਤਰਾ ਨੇ ਕਿਹਾ ਸੀ ਕਿ "ਮੈ ਆਖਰੀ ਚੋਟੀ 'ਤੇ ਤਿਰੰਗਾ ਲਹਿਰਾਉਣ ਤੋਂ ਬਾਅਦ ਆਵਾਂਗਾ ਜਾਂ ਫਿਰ ਤਿਰੰਗੇ 'ਚ ਲਿਪਟ ਕੇ ਵਾਪਸ ਆਵਾਂਗਾ।" ਵਿਕਰਮ ਨੇ ਆਪਣੇ ਦੋਵੇਂ ਵਾਅਦੇ ਪੂਰੇ ਕੀਤੇ। ਕੈਪਟਨ ਵਿਕਰਮ ਬੱਤਰਾ ਨੇ 7 ਜੁਲਾਈ 1999 ਨੂੰ ਆਪਣੇ ਇਕ ਜ਼ਖ਼ਮੀ ਦੋਸਤ ਅਧਿਕਾਰੀ ਲੈਫਟੀਨੈਂਟ ਨਵੀਨ ਨੂੰ ਬਚਾਉਂਦੇ ਹੋਏ ਕਿਹਾ ਸੀ: 'ਤੁਮ ਹਟੋ ਯਾਰ, ਤੁਮ੍ਹਾਰੇ ਬੀਵੀ ਬੱਚੇ ਹੈ। ਇਸ ਦੌਰਾਨ ਪੁਆਇੰਟ 8475 'ਤੇ ਆਪਣੇ ਸਾਥੀ ਨੂੰ ਬਚਾਉਦੇ ਹੋਏ ਦੁਸ਼ਮਣ ਨੇ ਉਨ੍ਹਾਂ ਨੂੰ ਗੋਲੀ ਮਾਰ ਦਿਤੀ ਅਤੇ ਇਸ ਪੁਆਇੰਟ ਤੇ ਫਤਿਹ ਹਾਂਸਲ ਕਰਨ ਤੋਂ ਬਾਅਦ ਉਹ ਸ਼ਹੀਦ ਹੋ ਗਏ ਸਨ। ਕੈਪਟਨ ਬੱਤਰਾ ਨੂੰ ਮਰਨ ਉਪਰੰਤ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਅੱਜ ਵੀ ਪੁਆਇੰਟ 4875 ਨੂੰ ਬੱਤਰਾ ਟਾਪ ਵਜੋਂ ਜਾਣਿਆ ਜਾਂਦਾ ਹੈ।

ਵਿਕਰਮ ਬੱਤਰਾ ਦੀ ਕਹਾਣੀ ਵਿਚ ਡਿੰਪਲ ਚੀਮਾ ਦਾ ਜ਼ਿਕਰ ਤਾਂ ਲਾਜ਼ਮੀ ਹੈ। ਇਸ ਹੈਂਡਸਮ ਮੁੰਡੇ ਦੀ ਮੁਲਾਕਾਤ ਕਾਲਜ ਦੇ ਦਿਨਾਂ ਵਿਚ ਪੰਜਾਬ ਯੂਨੀਵਰਸਿਟੀ ਵਿੱਚ ਡਿੰਪਲ ਚੀਮਾ ਨਾਂ ਦੀ ਕੁੜੀ ਨਾਲ ਹੋਈ ਸੀ ਪਰ 4 ਸਾਲਾਂ ਦੇ ਰਿਸ਼ਤੇ ਵਿਚ ਦੋਹਾਂ ਨੇ ਸਿਰਫ 40 ਦਿਨ ਹੀ ਇਕੱਠੇ ਬਿਤਾਏ ਸਨ। ਇਨ੍ਹਾਂ 40 ਦਿਨਾਂ ਨੂੰ ਹੀ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦੀ ਫ਼ਿਲਮ "ਸ਼ੇਰਸ਼ਾਹ" ਵਿਚ ਫਿਲਮਾਇਆ ਗਿਆ ਹੈ।' ਵਿਕਰਮ ਡਿੰਪਲ ਨੇ ਜੰਗ 'ਤੇ ਜਾਣ ਤੋਂ ਪਹਿਲਾਂ ਉਸ ਨੇ ਡਿੰਪਲ ਦੀ ਮਾਂਗ ਨੂੰ ਆਪਣੇ ਖੂਨ ਨਾਲ ਭਰਿਆ ਸੀ। ਡਿੰਪਲ ਨੇ ਦੱਸਿਆ ਕਿ ਇੱਕ ਵਾਰ ਅਸੀਂ ਦੋਵੇਂ ਮਨਸਾ ਦੇਵੀ ਅਤੇ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਦੇ ਦਰਸ਼ਨਾਂ ਲਈ ਗਏ।

ਅਸੀਂ ਗੁਰਦੁਆਰੇ ਦੀ ਪਰਿਕਰਮਾ ਕਰ ਰਹੇ ਸੀ ਅਤੇ ਵਿਕਰਮ ਮੇਰਾ ਦੁਪੱਟਾ ਫੜ ਕੇ ਮੇਰੇ ਪਿੱਛੇ ਤੁਰ ਰਿਹਾ ਸੀ। ਜਦੋਂ ਸਾਡੀ ਪਰਿਕਰਮਾ ਖ਼ਤਮ ਹੋਈ ਤਾਂ ਉਸ ਨੇ ਮੈਨੂੰ ਕਿਹਾ, 'ਵਧਾਈਆਂ ਮਿਸਿਜ਼ ਬੱਤਰਾ। ਆਪਾਂ ਇਕੱਠੇ ਚਾਰ ਫੇਰੇ ਲੈ ਲਏ ਹਨ ... ਇਹ ਚੌਥੀ ਪਰਿਕਰਮਾ ਹੈ। ਇਸ ਦੌਰਾਨ ਜਦੋਂ ਡਿੰਪਲ ਨੇ ਵਿਆਹ ਦੀ ਗੱਲ ਕੀਤੀ ਤਾਂ ਕੈਪਟਨ ਬੱਤਰਾ ਨੇ ਬਿਨਾਂ ਕੁਝ ਸੋਚੇ ਅਪਣੇ ਹੱਥ ਦੇ ਅੰਗੂਠੇ 'ਤੇ ਬਲੇਡ ਮਾਰ ਡਿੰਪਲ ਦੀ ਮਾਂਗ ਨੂੰ ਭਰ ਦਿਤਾ। ਇਹ ਕਹਾਣੀ ਕਿਸੇ ਵੀ ਫ਼ਿਲਮੀ ਸਟੋਰੀ ਨਾਲੋਂ ਘੱਟ ਨਹੀਂ ਸੀ। ਵਿਕਰਮ ਦੇ ਤਿਰੰਗੇ ਵਿਚ ਲਿਪਟ ਕੇ ਆਉਣ ਤੋਂ ਬਾਅਦ ਡਿੰਪਲ ਨੇ ਵਿਆਹ ਨਾ ਕਰਾ ਕੇ ਆਪਣੀ ਸਾਰੀ ਜ਼ਿੰਦਗੀ ਓਹਨਾ ਦੀ ਉਡੀਕ 'ਚ ਗੁਜ਼ਾਰਨ ਦਾ ਫੈਸਲਾ ਕੀਤਾ।