ਮਹਿਲਾ ਦਿਵਸ ‘ਤੇ ਵਿਸ਼ੇਸ਼ : ਸਿੱਖ ਇਤਿਹਾਸ ਦੀ ਪਹਿਲੀ ਸਿੱਖ ਪ੍ਰਸ਼ਾਸਕ ਸਦਾ ਕੌਰ 

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸਦਾ ਕੌਰ ਨੂੰ ਸਿੱਖ ਸਮਾਜ ਵਿਚ ਪਹਿਲੀ ਸਿੱਖ ਪ੍ਰਸ਼ਾਸਕ ਵਜੋਂ ਜਾਣਿਆ ਜਾਂਦਾ ਹੈ। ਸਦਾ ਕੌਰ ਪੰਜਾਬੀ ਸਿੰਘਣੀ ਸੀ

Sardarni Sada Kaur

ਸਦਾ ਕੌਰ ਨੂੰ ਸਿੱਖ ਸਮਾਜ ਵਿਚ ਪਹਿਲੀ ਸਿੱਖ ਪ੍ਰਸ਼ਾਸਕ ਵਜੋਂ ਜਾਣਿਆ ਜਾਂਦਾ ਹੈ। ਸਦਾ ਕੌਰ ਪੰਜਾਬੀ ਸਿੰਘਣੀ ਸੀ, ਜਿਸ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ਦੇ ਤਖ਼ਤ ਤੇ ਬਿਠਾਇਆ ਸੀ। ਸਦਾ ਕੌਰ ਦਾ ਜਨਮ 1762 ਨੂੰ ਫਿਰੋਜ਼ਪੁਰ ਵਿਚ ਸਰਦਾਰ ਦਸੌਂਧਾ ਸਿੰਘ ਗਿੱਲ ਦੇ ਘਰ ਹੋਇਆ ਸੀ। ਸਦਾ ਕੌਰ ਦਾ ਪਿੰਡ ਰਾਉਕੇ ਹੈ ਜੋ ਹੁਣ ਮੋਗਾ ਜ਼ਿਲ੍ਹੇ ਵਿਚ ਸਥਿਤ ਹੈ ।

ਉਹਨਾਂ ਦਾ ਵਿਆਹ ਕਨ੍ਹਈਆ ਮਿਸਲ ਦੇ ਸਰਦਾਰ ਜੈ ਸਿੰਘ ਦੇ ਪੁੱਤਰ ਗੁਰਬਖਸ਼ ਸਿੰਘ ਨਾਲ ਹੋਇਆ ਸੀ। ਸਰਦਾਰਨੀ ਸਦਾ ਕੌਰ ਨੂੰ ਇਕ ਸਮਝਦਾਰ ਅਤੇ ਰਣਨੀਤਕ ਲੀਡਰ ਵਜੋਂ ਜਾਣਿਆ ਜਾਂਦਾ ਹੈ ਅਤੇ ਉਹਨਾਂ ਨੇ ਆਪਣੇ ਜਵਾਈ ਰਣਜੀਤ ਸਿੰਘ ਨਾਲ ਮਿਲ ਕੇ ਪੰਜਾਬ ਰਾਜ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੀ ਸੀ।

ਉਹ ਲਗਭਗ 22 ਸਾਲ ਦੀ ਉਮਰ ਵਿਚ ਹੀ ਵਿਧਵਾ ਹੋ ਗਈ, ਉਸ ਤੋ ਬਾਅਦ ਕਨ੍ਹਈਆ ਮਿਸਲ ਦਾ ਕੰਟਰੋਲ ਰਾਣੀ ਸਦਾ ਕੌਰ ਕੋਲ ਚਲਾ ਗਿਆ ਅਤੇ ਉਹ 8,000 ਦੀ ਤਾਕਤ ਵਾਲੀ ਘੋੜ ਸਵਾਰ ਫੌਜ ਦੀ ਕਮਾਂਡਰ ਬਣ ਗਈ। ਆਪਣੇ ਪਿਤਾ ਸਰਦਾਰ ਮਹਾ ਸਿੰਘ ਦੀ ਮੌਤ ਦੇ ਬਾਅਦ ਰਣਜੀਤ ਸਿੰਘ 1792 ਵਿਚ ਸ਼ੁਕਰਚਕੀਆ ਮਿਸਲ ਦੇ ਮੁਖੀ ਬਣੇ।

ਸਦਾ ਕੌਰ ਰਣਜੀਤ ਸਿੰਘ ਦੀ ਸਰਪ੍ਰਸਤ ਬਣ ਗਈ। ਉਹਨਾਂ ਨੇ ਆਪਣੀ ਮਿਸਲ ਦੀ ਵਾਗਡੋਰ ਸੰਭਾਲਦਿਆਂ ਤਲਵਾਰ ਹੱਥ ਵਿਚ ਚੁੱਕੀ, ਵੈਰੀਆਂ ਤੋਂ ਗਿਣ-ਗਿਣ ਬਦਲੇ ਲਏ। ਉਹਨਾਂ ਨੇ ਲਗਭਗ 34 ਸਾਲ ਛੋਟੀਆਂ-ਵੱਡੀਆਂ ਲੜਾਈਆਂ ਅੱਗੇ ਹੋ ਕੇ ਲੜੀਆਂ। ਉਹਨਾਂ ਨੇ ਇਕ ਸਿੰਘਣੀ ਦੇ ਰੂਪ ਵਿਚ ਜੀਵਨ ਬਤੀਤ ਕੀਤਾ।

ਉਹ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਨੂੰ ਸਥਾਪਿਤ ਕਰਨ ਲਈ ਦਿਨ-ਰਾਤ ਮਿਹਨਤ ਕਰਕੇ ਇਕ ਮਜ਼ਬੂਤ ਥੰਮ੍ਹ ਬਣ ਕੇ ਸਾਹਮਣੇ ਆਈ, ਪਰ ਫਿਰ ਵੀ ਇਕ ਮਹਾਨ ਔਰਤ ਹੁੰਦਿਆਂ ਹੋਇਆਂ ਸਿੱਖ ਇਤਿਹਾਸ ਵਿਚੋਂ ਅੱਖੋਂ-ਪਰੋਖੇ ਹੀ ਰਹੀ। ਸੋ ਆਓ ਅੱਜ ਵਿਸ਼ਵ ਮਹਿਲਾ ਦਿਵਸ ਮੌਕੇ ਇਸ ਮਹਾਨ ਸਿੱਖ ਔਰਤ ਦੇ ਜੀਵਨ ਤੋਂ ਸਿੱਖਿਆ ਲਈਏ।