ਰਾਜ ਕਰੇਗਾ ਖ਼ਾਲਸਾ - ਜਗਮੀਤ ਸਿੰਘ ਹੱਥ ਆਈ ਕੈਨੇਡਾ ਸਰਕਾਰ ਦੀ ਕੁੰਜੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਜਗਮੀਤ ਸਿੰਘ ਦਾ ਜਨਮ 2 ਜਨਵਰੀ 1979 ਨੂੰ ਸਕਾਰਨਬਰੋ, ਓਂਟਾਰੀਉ ਵਿਚ ਹੋਇਆ ਸੀ।

Jagmeet Singh

ਕੈਨੇਡਾ ਵਿਚ ਹੁਣੇ-ਹੁਣੇ ਹੋਈਆਂ ਚੋਣਾਂ ਵਿਚ ਪੰਜਾਬੀਆਂ ਤੇ ਖ਼ਾਸ ਤੌਰ ਉਤੇ ਸਿੱਖਾਂ ਨੇ ਇਤਿਹਾਸ ਸਿਰਜ ਦਿਤਾ ਹੈ। ਭਾਵੇਂ ਟਰੂਡੋ ਦੀ ਪਾਰਟੀ ਸੱਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ ਪਰ ਘੱਟ ਗਿਣਤੀ ਵਿਚ ਹੋਣ ਕਾਰਨ ਇਸ ਵੇਲੇ ਸਰਕਾਰ ਬਣਾਉਣ ਦੀ ਚਾਬੀ ਸਤਿਗੁਰੂ ਨੇ ਅੰਮ੍ਰਿਤਧਾਰੀ ਤਿਆਰ ਬਰ ਤਿਆਰ ਸਿੰਘ, ਜਗਮੀਤ ਸਿੰਘ ਦੇ ਹੱਥ ਫੜਾ ਦਿਤੀ ਹੈ। ਨਿਊ ਡੈਮੋਕਰੈਟਿਕ ਪਾਰਟੀ (ਐਨ.ਡੀ.ਪੀ.) ਵਲੋਂ ਇਸ ਚੋਣ ਵਿਚ ਜਿੱਤੀਆਂ 24 ਸੀਟਾਂ ਕਾਰਨ ਜਗਮੀਤ ਸਿੰਘ ਕਿੰਗ ਮੇਕਰ ਦੀ ਭੂਮਿਕਾ ਵਿਚ ਆ ਗਿਆ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੱਭ ਕਿਆਸਆਰਾਈਆਂ ਨੂੰ ਝੂਠਲਾਉਂਦਾ ਹੋਇਆ, ਇਕ ਗਹਿਗੱਚ ਮੁਕਾਬਲੇ ਵਿਚ ਕੰਜ਼ਰਵੇਟਿਵ ਪਾਰਟੀ ਨੂੰ ਪਛਾੜ ਕੇ ਐਨ.ਡੀ.ਪੀ. ਦੀ ਮਦਦ ਨਾਲ ਘੱਟ ਗਿਣਤੀ ਸਰਕਾਰ ਬਣਾਉਣ ਵਲ ਵੱਧ ਰਿਹਾ ਹੈ। ਐਲਾਨੇ ਗਏ ਨਤੀਜਿਆਂ ਮੁਤਾਬਕ ਟਰੂਡੋ ਦੀ ਲਿਬਰਲ ਪਾਰਟੀ ਨੇ 157 ਸੀਟਾਂ, ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਨੇ 121, ਬਲਾਕ ਕਿਊਬਿਕ ਪਾਰਟੀ ਨੇ 32, ਗਰੀਨ ਪਾਰਟੀ ਨੇ 3 ਅਤੇ ਜਗਮੀਤ ਸਿੰਘ ਦੀ ਐਨ.ਡੀ.ਪੀ. ਨੇ 24 ਸੀਟਾਂ ਜਿਤੀਆਂ ਹਨ।

ਟਰੂਡੋ ਨੂੰ ਹੁਣ ਸਰਕਾਰ ਬਣਾਉਣ ਲਈ ਜ਼ਰੂਰੀ 170 ਐਮ.ਪੀ. ਪੂਰੇ ਕਰਨ ਲਈ 13 ਮੈਂਬਰਾਂ ਦੀ ਜ਼ਰੂਰਤ ਹੈ ਜਿਸ ਸਬੰਧੀ ਜਗਮੀਤ ਸਿੰਘ ਨੇ ਪਹਿਲਾਂ ਹੀ ਐਲਾਨ ਕਰ ਦਿਤਾ ਹੈ ਕਿ ਉਹ ਹਰ ਹਾਲਤ ਵਿਚ ਕੰਜ਼ਰਵੇਟਿਵ ਪਾਰਟੀ ਦੀ ਬਜਾਏ ਟਰੂਡੋ ਦੀ ਹੀ ਮਦਦ ਕਰਨਗੇ। ਬਲਾਕ ਕਿਊਬਿਕ ਪਾਰਟੀ, ਕੰਜ਼ਰਵੇਟਿਵ ਪਾਰਟੀ ਦੀ ਪੱਕੀ ਹਮਾਇਤੀ ਹੈ। ਇਸ ਲਈ ਟਰੂਡੋ ਕੋਲ ਜਗਮੀਤ ਦੀ ਮਦਦ ਲੈਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ। ਚੋਣਾਂ ਦੇ ਇਨ੍ਹਾਂ ਨਤੀਜਿਆਂ ਨੇ ਜਗਮੀਤ ਸਿੰਘ ਦੀ ਐਨ.ਡੀ.ਪੀ. ਦੀ ਪ੍ਰਧਾਨਗੀ ਬਚਾਅ ਲਈ ਹੈ।

ਜੇਕਰ ਟਰੂਡੋ ਨੂੰ ਬਹੁਸੰਮਤੀ ਮਿਲ ਜਾਂਦੀ ਤਾਂ ਜਗਮੀਤ ਸਿੰਘ ਦੀ ਪ੍ਰਧਾਨਗੀ ਜਾਂਦੀ ਰਹਿਣੀ ਸੀ ਕਿਉਂਕਿ 2015 ਦੀਆਂ ਚੋਣਾਂ ਵਿਚ ਐਨ.ਡੀ.ਪੀ. ਨੇ ਥਾਮਸ ਮੁਲਕੇਅਰ ਦੀ ਪ੍ਰਧਾਨਗੀ ਹੇਠ 44 ਸੀਟਾਂ ਜਿੱਤੀਆਂ ਸਨ। ਸੀਟਾਂ ਘੱਟ ਜਿੱਤਣ ਦੇ ਬਾਵਜੂਦ ਸਰਕਾਰ ਦਾ ਹਿੱਸਾ ਬਣਨ ਦੀ ਆਸ ਕਾਰਨ ਐਨ.ਡੀ.ਪੀ. ਵਿਚ ਜਸ਼ਨ ਦਾ ਮਾਹੌਲ ਚੱਲ ਰਿਹਾ ਹੈ। ਇਹ ਵੀ ਵਰਨਣਯੋਗ ਹੈ ਕਿ ਜਗਮੀਤ ਸਿੰਘ ਕੈਨੇਡਾ ਦੇ ਇਤਿਹਾਸ ਵਿਚ ਕਿਸੇ ਰਾਸ਼ਟਰੀ ਪਾਰਟੀ ਦਾ ਬਣਨ ਵਾਲਾ ਪਹਿਲਾ ਗ਼ੈਰ ਗੋਰਾ ਪ੍ਰਧਾਨ ਹੈ।

ਜਗਮੀਤ ਸਿੰਘ ਦਾ ਜਨਮ 2 ਜਨਵਰੀ 1979 ਨੂੰ ਸਕਾਰਨਬਰੋ, ਓਂਟਾਰੀਉ ਵਿਚ ਹੋਇਆ ਸੀ। ਉਸ ਦੇ ਪਿਤਾ ਦਾ ਨਾਂ ਜਗਤਾਰਨ ਸਿੰਘ ਧਾਲੀਵਾਲ ਅਤੇ ਮਾਤਾ ਦਾ ਨਾਂ ਹਰਮੀਤ ਕੌਰ ਹੈ। ਹਰਮੀਤ ਕੌਰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਘੁਡਾਣੀ ਖ਼ੁਰਦ ਅਤੇ ਜਗਤਾਰਨ ਸਿੰਘ ਬਰਨਾਲੇ ਜ਼ਿਲ੍ਹੇ ਦੇ ਠੀਕਰੀਵਾਲ ਪਿੰਡ ਦੇ ਜੱਦੀ ਵਸਨੀਕ ਹਨ। ਮਹਾਨ ਆਜ਼ਾਦੀ ਘੁਲਾਟੀਆ, ਸ. ਸੇਵਾ ਸਿੰਘ ਠੀਕਰੀਵਾਲ ਜਗਮੀਤ ਸਿੰਘ ਦਾ ਪੜਦਾਦਾ ਹੈ। ਜਗਮੀਤ ਸਿੰਘ ਦਾ ਇਕ ਭਰਾ ਗੁਰਰਤਨ ਸਿੰਘ ਤੇ ਭੈਣ ਮਨਜੋਤ ਕੌਰ ਹੈ ਤੇ ਉਸ ਦੀ ਪਤਨੀ ਦਾ ਨਾਂ ਗੁਰਕਿਰਨ ਕੌਰ ਸਿੱਧੂ ਹੈ।

ਗੁਰਕਿਰਨ ਕੌਰ ਮਸ਼ਹੂਰ ਫੈਸ਼ਨ ਡਿਜ਼ਾਈਨਰ ਹੈ। ਗੁਰਰਤਨ ਸਿੰਘ ਵੀ ਰਾਜਨੀਤੀ ਵਿਚ ਹੈ ਤੇ ਬਰਾਂਪਟਨ ਹਲਕੇ ਤੋਂ ਓਂਟਾਰੀਉ ਅਸੈਂਬਲੀ ਦਾ ਐਮ.ਐਲ.ਏ. ਹੈ। ਜਗਮੀਤ ਸਿੰਘ ਨੇ ਯੂਨੀਵਰਸਟੀ ਆਫ਼ ਵੈਸਟਨ ਓਂਟਾਰੀਉ ਤੋਂ ਬੀ.ਐਸ.ਸੀ. ਤੇ ਯਾਰਕ ਯੂਨੀਵਰਸਟੀ ਤੋਂ 2005 ਵਿਚ ਐਲ.ਐਲ.ਬੀ. ਦੀ ਡਿਗਰੀ ਹਾਸਲ ਕੀਤੀ ਹੈ। 2006 ਤੋਂ ਉਹ ਟਰਾਂਟੋ ਅਦਾਲਤਾਂ ਵਿਚ ਫ਼ੌਜਦਾਰੀ ਮੁਕੱਦਮਿਆਂ ਦੀ ਵਕਾਲਤ ਕਰ ਰਿਹਾ ਹੈ। 2011 ਵਿਚ ਉਹ ਸਿਆਸਤ ਵਿਚ ਆ ਗਿਆ ਤੇ ਪਹਿਲੀ ਚੋਣ ਐਨ.ਡੀ.ਪੀ. ਵਲੋਂ ਮਾਲਟਨ ਹਲਕੇ ਤੋਂ ਲੜੀ ਪਰ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਬੱਲ ਗੋਸਲ ਤੋਂ 539 ਵੋਟਾਂ ਨਾਲ ਹਾਰ ਗਿਆ।

ਉਸ ਨੇ ਹੌਂਸਲਾ ਨਾ ਛਡਿਆ ਤੇ 2011 ਵਿਚ ਦੁਬਾਰਾ ਓਂਟਾਰੀਉ ਸੂਬੇ ਦੇ ਰਾਈਡਿੰਗ ਹਲਕੇ ਤੋਂ ਅਸੈਂਬਲੀ ਦੀ ਚੋਣ ਲੜੀ ਤੇ ਲਿਬਰਲ ਪਾਰਟੀ ਦੇ ਉਮੀਦਵਾਰ ਕੁਲਦੀਪ ਕੁਲਾਰ ਨੂੰ 2277 ਵੋਟਾਂ ਨਾਲ ਹਰਾ ਦਿਤਾ। ਇਸ ਦੌਰਾਨ ਉਸ ਨੇ ਬਹੁਤ ਮਿਹਨਤ ਨਾਲ ਅਸੈਂਬਲੀ ਦੀਆਂ ਬਹਿਸਾਂ ਵਿਚ ਭਾਗ ਲਿਆ ਤੇ ਕਈ ਬਿੱਲ ਪਾਸ ਕਰਵਾਏ। ਉਸ ਦੀ ਵਧਦੀ ਹੋਈ ਪ੍ਰਸਿੱਧੀ ਕਾਰਨ 2017 ਵਿਚ ਉਸ ਨੂੰ ਟੌਮ ਮੁਲਕੇਅਰ ਦੀ ਜਗ੍ਹਾ ਐਨ.ਡੀ.ਪੀ. ਦਾ ਪ੍ਰਧਾਨ ਚੁਣ ਲਿਆ ਗਿਆ। ਉਸ ਨੇ ਸਖ਼ਤ ਮੁਕਾਬਲੇ ਵਿਚ ਗਾਏ ਕੈਰੋਨ ਨੂੰ ਭਾਰੀ ਵੋਟਾਂ ਨਾਲ ਹਰਾਇਆ।

ਕੈਨੇਡਾ ਵਿਚ ਰਵਾਇਤ ਹੈ ਕਿ ਕਿਸੇ ਵੀ ਨਵੇਂ ਚੁਣੇ ਰਾਸ਼ਟਰੀ ਪਾਰਟੀ ਪ੍ਰਧਾਨ ਵਾਸਤੇ ਇਲੈਕਸ਼ਨ ਲੜ ਕੇ ਮੈਂਬਰ ਪਾਰਲੀਮੈਂਟ ਬਣਨਾ ਜ਼ਰੂਰੀ ਹੁੰਦਾ ਹੈ। ਇਸ ਉਤੇ ਅਗੱਸਤ 2019 ਵਿਚ ਜਗਮੀਤ ਸਿੰਘ ਨੇ ਬਰਨਬੀ ਦਖਣੀ (ਬ੍ਰਿਟਿਸ਼ ਕੋਲੰਬੀਆ) ਸੀਟ, ਜੋ ਕੈਨੇਡੀ ਸਟੀਵਰਟ ਦੇ ਵੈਨਕੂਵਰ ਦੇ ਮੇਅਰ ਦੀ ਚੋਣ ਲੜਨ ਕਾਰਨ ਖ਼ਾਲੀ ਹੋਈ ਸੀ, ਤੋਂ ਚੋਣ ਲੜੀ ਤੇ ਸਾਰੇ ਵਿਰੋਧੀਆਂ ਨੂੰ ਪਛਾੜਦਾ ਹੋਇਆ ਐਮ.ਪੀ. ਬਣ ਗਿਆ। ਹੁਣ ਅਕਤੂਬਰ 2019 ਵਿਚ ਉਹ ਦੁਬਾਰਾ ਇਸੇ ਸੀਟ ਤੋਂ ਐਮ.ਪੀ. ਬਣਿਆ ਹੈ।

ਜਗਮੀਤ ਸਿੰਘ ਸਿਆਸਤ ਤੋਂ ਇਲਾਵਾ ਸ਼ਾਨਦਾਰ ਕਪੜੇ ਪਹਿਨਣ ਦਾ ਬੇਹਦ ਸ਼ੌਕੀਨ ਹੈ। ਉਸ ਨੂੰ ਇਸ ਲਈ ਕਈ ਵਾਰ ਟਰਾਂਟੋ ਲਾਈਫ਼, ਜੀ.ਕਿਊ., ਟਰਾਂਟੋ ਸਟਾਰ ਵਰਗੇ ਮੈਗ਼ਜ਼ੀਨਾਂ ਤੇ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵਲੋਂ ਸਨਮਾਨਤ ਕੀਤਾ ਜਾ ਚੁੱਕਾ ਹੈ। ਸਿਹਤ ਤੰਦਰੁਸਤ ਰੱਖਣ ਲਈ ਉਹ ਬਰਾਜ਼ੀਲੀ ਕੁਸ਼ਤੀ ਜੀਊ ਜਿਤਸੂ ਖੇਡਦਾ ਹੈ ਤੇ ਕਈ ਮੁਕਾਬਲੇ ਜਿੱਤ ਚੁੱਕਾ ਹੈ। 1984 ਦੇ ਦਿੱਲੀ ਸਿੱਖ ਕਤਲੇਆਮ ਬਾਰੇ ਬਿਆਨ ਦੇਣ ਕਾਰਨ 2013 ਵਿਚ ਉਸ ਨੂੰ ਭਾਰਤ ਦਾ ਵੀਜ਼ਾ ਦੇਣ ਤੋਂ ਇਨਕਾਰ ਕਰ ਦਿਤਾ ਗਿਆ ਸੀ।

ਉਹ ਪਛਮੀ ਦੇਸ਼ਾਂ ਦਾ ਪਹਿਲਾ ਵਿਧਇਕ-ਮੈਂਬਰ ਪਾਰਲੀਮੈਂਟ ਹੈ ਜਿਸ ਨੂੰ ਅਜਿਹਾ ਇਨਕਾਰ ਕੀਤਾ ਗਿਆ ਹੋਵੇ। ਜਗਮੀਤ ਸਿੰਘ ਦੀ ਮੌਜੂਦਾ ਰਾਜਨੀਤਕ ਹੈਸੀਅਤ ਤੋਂ ਵਿਸ਼ਵ ਭਰ ਦੇ ਪੰਜਾਬੀ ਖ਼ੁਸ਼ੀਆਂ ਮਨਾ ਰਹੇ ਹਨ। ਜਗਮੀਤ ਸਿੰਘ ਨੇ ਜਿੱਤਣ ਤੋਂ ਬਾਅਦ ਪ੍ਰੈੱਸ ਨੂੰ ਬਿਆਨ ਜਾਰੀ ਕੀਤਾ ਹੈ ਕਿ ਉਹ ਕੈਨੇਡੀਅਨ ਲੋਕਤੰਤਰ ਦੇ ਮੁਤਾਬਕ ਪਾਰਲੀਮੈਂਟ ਵਿਚ ਲੋਕਾਂ ਦੀ ਭਲਾਈ ਲਈ ਸਰਗਰਮ ਰਹੇਗਾ ਤੇ ਵਿਧਾਨਿਕ ਮਸਲਿਆਂ ਵਿੱਚ ਉਸਾਰੂ ਰੋਲ ਨਿਭਾਵੇਗਾ। ਐਨ.ਡੀ.ਪੀ. ਵਾਤਾਵਰਣ ਨੂੰ ਬਚਾਉਣ ਤੇ ਮਹਾਂ ਅਮੀਰਾਂ ਕੋਲੋਂ ਵੱਧ ਟੈਕਸ ਉਗਰਾਹੁਣ ਲਈ ਕਾਨੂੰਨ ਬਣਾਉਣ ਲਈ ਅਵਾਜ਼ ਉਠਾਏਗੀ ਤਾਕਿ ਆਮ ਲੋਕਾਂ ਦਾ ਜੀਵਨ ਚੰਗਾ ਬਣਾਇਆ ਜਾ ਸਕੇ।
ਸੰਪਰਕ : 95011-00062