ਵਿਦੇਸ਼ ਵਿਚ ਪਹਿਲਾ ਸਿੱਖ ਪ੍ਰਧਾਨ ਮੰਤਰੀ ਬਣ ਸਕਦਾ ਹੈ ਜਗਮੀਤ ਸਿੰਘ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸ. ਜਗਮੀਤ ਸਿੰਘ ਆਮ ਕੈਨੇਡੀਅਨਾਂ ਦੇ ਅਚਿਹੇ ਵਿਚਾਰਾਂ ਦੀ ਤਰਜਮਾਨੀ ਕਰ ਕੇ ਇਕ 'ਰਾਕ ਸਟਾਰ ਰਾਜਨੀਤਕ ਆਗੂ' ਵਜੋਂ ਉਭਰਿਆ ਹੈ।

Jagmeet Singh

ਭਲਕੇ (21 ਅਕਤੂਬਰ) ਕੈਨੇਡਾ ਅੰਦਰ 43ਵੀਆਂ ਪਾਰਲੀਮੈਂਟਰੀ ਵੋਟਾਂ ਪੈਣਗੀਆਂ। ਇਨ੍ਹਾਂ ਵੋਟਾਂ ਵਿਚ ਵੋਟਰ ਅਪਣੀ ਹਰਮਨ ਪਿਆਰੀ ਸਰਕਾਰ ਅਗਲੇ 4 ਸਾਲਾਂ ਲਈ ਚੁਣਨ ਲਈ ਅਪਣੇ ਮੱਤ ਅਧਿਕਾਰ ਦੀ ਵਰਤੋਂ ਕਰਨਗੇ। ਪਿਛਲੀਆਂ ਪਾਰਲੀਮੈਂਟਰੀ ਚੋਣਾਂ ਵਿਚ ਕੈਨੇਡੀਅਨ ਵੋਟਰਾਂ ਨੇ 338 ਮੈਂਬਰੀ ਹਾਊਸ ਆਫ਼ ਕਾਮਨਜ਼ ਵਿਚ ਜਸਟਿਨ ਟਰੂਡੋ ਦੀ ਅਗਵਾਈ ਵਿਚ ਚੋਣਾਂ ਲੜਨ ਵਾਲੀ ਲਿਬਰਲ ਪਾਰਟੀ ਨੂੰ 184 ਸੀਟਾਂ ਉਤੇ ਜਿਤਾਇਆ ਜਿਸ ਨੇ ਅਪਣੀ ਸਰਕਾਰ ਦਾ ਗਠਨ ਕੀਤਾ। ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਦੀ ਅਗਵਾਈ ਵਿਚ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਪਾਰਟੀ ਸਿਰਫ਼ 99 ਸੀਟਾਂ ਜਿੱਤ ਸਕੀ। ਥਾਮਸ ਮੁਲਕੇਅਰ ਦੀ ਅਗਵਾਈ ਵਿਚ ਨਿਊ ਡੈਮੋਕ੍ਰੇਟਿਕ ਪਾਰਟੀ ਨੇ 44 ਸੀਟਾਂ ਜਿੱਤੀਆਂ, ਅਲੈਜ਼ਾਬੈਥ ਮੇਅ ਦੀ ਅਗਵਾਈ ਵਿਚ ਗਰੀਨ ਪਾਰਟੀ ਨੇ ਸਿਰਫ਼ ਇਕ ਸੀਟ ਜਦਕਿ ਖੇਤਰੀ ਪਾਰਟੀ ਕਿਊਬੈਕ ਬਲਾਕ ਨੇ ਗਿਲਸ ਡੁਸੱਪੇ ਦੀ ਅਗਵਾਈ ਵਿਚ 10 ਸੀਟਾਂ ਉਤੇ ਜਿੱਤ ਪ੍ਰਾਪਤ ਕੀਤੀ।

ਇਨ੍ਹਾਂ ਚੋਣਾਂ ਵਿਚ ਮੁੱਖ ਮੁਕਾਬਲਾ ਸੱਤਾਧਾਰੀ ਲਿਬਰਲ ਪਾਰਟੀ ਜੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਿਚ ਚੋਣ ਲੜ ਰਹੀ ਹੈ ਅਤੇ ਵਿਰੋਧੀ ਕੰਜ਼ਰਵੇਟਿਵ ਪਾਰਟੀ ਦਰਮਿਆਨ ਹੈ, ਜੋ ਐਂਡਰਿਊ ਸ਼ੀਅਰ ਦੀ ਅਗਵਾਈ ਵਿਚ ਚੋਣ ਲੜ ਰਹੀ ਹੈ। ਐਨ. ਡੀ. ਪੀ. ਜਗਮੀਤ ਸਿੰਘ ਅਤੇ ਕਿਊਬੈੱਕ ਬਲਾਕ ਫ਼ਰਾਂਕੋਸ ਬਲੈਂਚੇ ਦੀ ਅਗਵਾਈ ਹੇਠ ਚੋਣ ਮੈਦਾਨ ਵਿਚ ਹਨ। ਗਰੀਨ ਪਾਰਟੀ ਅਪਣੀ ਪੁਰਾਣੀ ਆਗੂ ਅਲੈਜ਼ਾਬੈੱਥ ਮੇਅ ਦੀ ਅਗਵਾਈ ਵਿਚ ਨਵ-ਗਠਤ ਪੀਪਲਜ਼ ਪਾਰਟੀ ਆਫ਼ ਕੈਨੇਡਾ ਮੈਕਸਿਮ ਬਰਨੀਅਰ ਦੀ ਅਗਵਾਈ ਵਿਚ ਚੋਣਾਂ ਲੜ ਰਹੀਆਂ ਹਨ। ਮੈਕਸਿਮ ਬਰਨੀਅਰ ਨੇ ਐਂਡਰੀਊਸ਼ੀਅਰ ਤੋਂ ਕੰਜ਼ਰਵੇਟਿਵ ਪਾਰਟੀ ਲੀਡਰਸ਼ਿਪ ਹਾਰ ਜਾਣ ਕਾਰਨ ਨਵੀਂ ਪਾਰਟੀ ਗਠਤ ਕਰ ਲਈ ਸੀ।

ਕੈਨੇਡਾ ਅੰਦਰ ਚੋਣਾਂ ਭਾਰਤ ਤੇ ਪਛਮੀ ਲੋਕਤੰਤਰ ਦੇਸ਼ਾਂ ਨਾਲੋਂ ਅਲੱਗ ਢੰਗ ਨਾਲ ਹੁੰਦੀਆਂ ਹਨ। ਵੱਡੀਆਂ-ਵੱਡੀਆਂ ਰੈਲੀਆਂ, ਜਲਸੇ-ਜਲੂਸਾਂ ਤੋਂ ਅਲੱਗ ਨੁਕੜ ਮੀਟਿੰਗਾਂ ਤੇ ਡੀਬੇਟਾਂ ਰਾਹੀਂ ਹੁੰਦੀਆਂ ਹਨ। ਇਹ ਡੀਬੇਟ ਰਾਸ਼ਟਰੀ ਤੇ ਹਲਕਾ ਪੱਧਰ ਉਤੇ ਕੀਤੇ ਜਾਂਦੇ ਹਨ। ਰਾਸ਼ਟਰੀ ਪੱਧਰ ਉਤੇ ਕੈਨੇਡੀਅਨ ਰਾਸ਼ਟਰੀ ਡਿਬੇਟ ਕਮਿਸ਼ਨ ਤੇ ਟੈਲੀਵਿਜ਼ਨ ਨਾਲ ਸਬੰਧਤ ਕਾਰਪੋਰੇਟ ਕਰਵਾਉਂਦੇ ਹਨ। ਡਿਬੇਟਾਂ ਵਿਚ ਲਾਈਵ ਟੀ.ਵੀ. ਸ਼ੋਅ ਤੇ ਰਾਸ਼ਟਰੀ ਪੱਧਰ ਉਤੇ ਆਗੂਆਂ ਨੂੰ ਜਿਨ੍ਹਾਂ ਦੀ ਪਾਰਟੀ ਘਟੋ-ਘੱਟ 5 ਪਾਰਲੀਮਾਨੀ ਹਲਕਿਆਂ ਵਿਚ ਚੋਣਾਂ ਲੜ ਰਹੀ ਹੋਵੇ, ਸਦਿਆ ਜਾਂਦਾ ਹੈ ਜਿਸ ਵਿਚ ਹੰਢੇ ਹੋਏ ਮੀਡੀਆ ਨਾਲ ਸਬੰਧਤ ਕਰਮਚਾਰੀ ਆਦਿ ਦੇ ਕੰਪੀਅਰ ਵੱਖ-ਵੱਖ ਵਿਸ਼ਿਆਂ ਉਤੇ ਸਵਾਲ ਪੁਛਦੇ ਹਨ।

ਇਸ ਵਾਰ ਇਨ੍ਹਾਂ ਰਾਜਨੀਤਕ ਡੀਬੇਟਾਂ ਵਿਚ ਐਨ.ਡੀ.ਪੀ. ਆਗੂ ਸ. ਜਗਮੀਤ ਸਿੰਘ ਨੇ ਬਾਕੀ ਪੰਜ ਪਾਰਟੀਆਂ ਦੇ ਆਗੂਆਂ ਮੁਕਾਬਲੇ ਅਸ਼-ਅਸ਼ ਕਰਾ ਦਿਤੀ ਹੈ। ਸਾਬਤ ਸੂਰਤ ਗੁਰਸਿੱਖ ਜੋ ਘੱਟ ਗਿਣਤੀ ਸਿੱਖ ਭਾਈਚਾਰੇ ਨਾਲ ਸਬੰਧਤ ਹੈ, ਦੇ ਰਾਜਨੀਤਕ ਜਲਵੇ ਦੀ ਤਾਬ ਕੋਈ ਵੀ ਕੈਨੇਡੀਅਨ ਆਗੂ ਨਹੀਂ ਝੱਲ ਸਕਿਆ। ਉਨ੍ਹਾਂ ਦੀ ਤੀਖਣ ਬੁੱਧੀ, ਹਾਜ਼ਰ-ਜਵਾਬੀ, ਦੂਰ ਅੰਦੇਸ਼ੀ, ਦਲੇਰਾਨਾ ਪੇਸ਼ਕਸ਼, ਆਮ ਕੈਨੇਡੀਅਨ ਵਰਗ ਦੇ ਲੋਕਾਂ ਦੀਆਂ ਅਭਿਲਾਸ਼ਾਵਾਂ ਤੇ ਕੌਮਾਂਤਰੀ ਮਾਮਲਿਆਂ ਸਬੰਧੀ ਰਾਜਨੀਤਕ ਜਲਵੇ ਬਾਰੇ ਕੈਨੇਡੀਅਨ ਟੀ.ਵੀ. ਸ਼ੋਅ, ਸੋਸ਼ਲ ਮੀਡੀਏ, ਨਾਮਵਰ ਅਖ਼ਬਾਰਾਂ ਤੇ ਨਾਮਵਰ ਕਾਲਮ ਨਵੀਸਾਂ ਨੇ ਆਪੋ ਅਪਣੇ ਪ੍ਰਭਾਵਸ਼ਾਲੀ ਤੇ ਸਰਾਹਨਾ ਭਰੇ ਢੰਗ ਨਾਲ ਚਰਚਾ ਕੀਤੀ। ਇਸ ਨਾਲ ਜਿੱਥੇ ਐਨ.ਡੀ.ਪੀ. ਪਾਰਟੀ ਦੀ ਚੋਣ ਮੁਹਿੰਮ ਨੂੰ ਹੁਲਾਰਾ ਮਿਲਿਆ, ਉਥੇ ਸਿੱਖ ਧਰਮ ਦੇ ਗੁਰੂਆਂ ਵਲੋਂ ਇਕ ਸੋਹਣੇ ਖ਼ੂਬਸੂਰਤ ਸਰਬੱਤ ਦਾ ਭਲਾ ਸੋਚਣ ਤੇ ਉਸ ਉਤੇ ਅਮਲ ਕਰਨ ਵਾਲੇ ਅਨੁਸ਼ਾਸਤ, ਉੱਚ ਆਚਾਰ ਤੇ ਵਿਵਹਾਰ ਵਾਲੇ ਸਿੱਖ ਤੇ ਸਿੱਖੀ ਦੀ ਜੋ ਸਿਰਜਣਾ ਕੀਤੀ ਗਈ ਸੀ, ਦਾ ਵਿਲੱਖਣ ਮੁਜ਼ਾਹਰਾ ਹੁੰਦਾ ਵੇਖਿਆ।

ਜਗਮੀਤ ਸਿੰਘ ਜੋ ਕਿੱਤੇ ਵਜੋਂ ਇਕ ਵਕੀਲ ਹੈ ਤੇ ਜਿਸ ਦੇ ਮਾਪਿਆਂ ਦਾ ਪਿਛੋਕੜ ਪੰਜਾਬ (ਭਾਰਤ), ਸਿੱਖ ਧਰਮ ਤੇ ਪੰਜਾਬੀ ਮਾਂ-ਬੋਲੀ ਨਾਲ ਸਬੰਧਤ ਹੈ, ਦਾ ਜਨਮ 2 ਜਨਵਰੀ 1979 ਨੂੰ ਸਕਾਰਬੋਰੋ, ਓਂਟਾਰੀਉ ਕੈਨੇਡਾ ਵਿਚ ਹੋਇਆ। ਉਸ ਦਾ ਪਾਲਣ-ਪੋਸਣ ਸਿੱਖ ਧਾਰਮਕ, ਸਮਾਜਕ ਤੇ ਵਿਵਹਾਰਕ ਰਹੁ-ਰੀਤਾਂ ਅਨੁਸਾਰ ਹੋਇਆ। ਪਰ ਉਸ ਦੀ ਵਿਦਿਆ ਤੇ ਸਮਾਜਕ ਪ੍ਰਵਰਿਸ਼ ਕੈਨੇਡੀਅਨ ਸਭਿਆਚਾਰ ਅਨੁਸਾਰ ਹੋਈ। ਉਹ ਇਕ ਅੰਮ੍ਰਿਤਧਾਰੀ ਗੁਰਸਿੱਖ ਹੈ। ਪਿਛਲੇ ਸਾਲ ਉਸ ਨੇ ਕਪੜਾ ਡਿਜ਼ਾਈਨਰ ਗੁਰਕਿਰਨ ਕੌਰ ਨਾਲ ਵਿਆਹ ਕੀਤਾ।

ਸੰਨ 2011 ਵਿਚ ਉਹ ਬਰਾਮਲੀ ਗੋਰ ਮਾਲਟਨ ਹਲਕੇ ਤੋਂ ਓਂਟਾਰੀਉ ਸੂਬੇ ਦੀ ਪ੍ਰੋਵਿੰਸ਼ੀਅਲ ਅਸੈਂਬਲੀ ਲਈ ਚੁਣੇ ਗਏ ਸਨ। ਸੂਬਾਈ ਐਨ.ਡੀ.ਪੀ. ਇਕਾਈ ਦੇ ਡਿਪਟੀ ਲੀਡਰ ਵੀ ਰਹੇ। ਐਨ.ਡੀ.ਪੀ. ਆਗੂ ਟਾਮ ਮੁਲਕੇਅਰ ਦੀ ਥਾਂ ਪਹਿਲੀ ਅਕਤੂਬਰ, 2017 ਨੂੰ ਪਾਰਟੀ ਨੇ ਉਨ੍ਹਾਂ ਨੂੰ ਅਪਣਾ ਰਾਸ਼ਟਰੀ ਆਗੂ ਚੁਣ ਲਿਆ। ਪਾਰਟੀ ਮੈਂਬਰਾਂ ਨੇ ਚੋਣ ਦੇ ਪਹਿਲੇ ਗੇੜ ਵਿਚ 53.8 ਫ਼ੀ ਸਦੀ ਵੋਟਾਂ ਰਾਹੀਂ ਉਨ੍ਹਾਂ ਨੂੰ ਚੁਣ ਲਿਆ। ਇਕ ਸਾਬਤ ਸੂਰਤ ਸਿੱਖ ਦਾ ਕੈਨੇਡਾ ਦੀ ਰਾਸ਼ਟਰੀ ਪਾਰਟੀ ਦਾ ਆਗੂ ਚੁਣਿਆ ਜਾਣਾ ਨਿਸ਼ਚਿਤ ਤੌਰ ਉਤੇ ਸਿੱਖ ਘੱਟ ਗਿਣਤੀ ਲਈ ਬੜੇ ਮਾਣ ਵਾਲੀ ਗੱਲ ਹੈ। ਉਂਜ ਤਾਂ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਵਿਚ ਚਾਰ ਸਿੱਖ ਆਗੂਆਂ ਦੀ ਕੈਬਨਿਟ ਮੰਤਰੀਆਂ ਵਜੋਂ ਨਿਯੁਕਤੀ ਵੀ ਇਸ ਦੇਸ਼ ਵਿਚ ਸਿੱਖ ਭਾਈਚਾਰੇ ਦੀ ਵੱਡੀ ਪ੍ਰਾਪਤੀ ਸੀ।

ਸੰਨ 2017 ਵਿਚ ਜਦੋਂ ਸ. ਜਗਮੀਤ ਸਿੰਘ ਐਨ.ਡੀ.ਪੀ. ਦੇ ਆਗੂ ਚੁਣੇ ਗਏ ਸਨ ਤਾਂ ਸ਼ੁਰੂ-ਸ਼ੁਰੂ ਵਿਚ ਉਨ੍ਹਾਂ ਉਤੇ ਤਰ੍ਹਾਂ-ਤਰ੍ਹਾਂ ਦੇ ਰਾਜਨੀਤਕ ਹਮਲੇ ਤੇ ਤਨਜ਼ਾਂ ਵੇਖਣ ਨੂੰ ਮਿਲੀਆਂ। ਹੈਰਾਨਗੀ ਵਾਲੀ ਗੱਲ ਇਹ ਸੀ ਕਿ ਪੱਛਮ ਦੇ ਇਸ ਵਿਕਸਤ ਤੇ ਅਮੀਰ ਦੇਸ਼ ਦੀ ਰਾਸ਼ਟਰੀ ਰਾਜਨੀਤਕ ਪਾਰਟੀ ਦਾ ਆਗੂ ਸਿੱਖ ਘੱਟ-ਗਿਣਤੀ ਨਾਲ ਸਬੰਧਤ ਹੋਣ ਕਰ ਕੇ ਉਹ ਗਲੋਬਲ ਪੱਧਰ ਉਤੇ ਇਕ ਵਿਸ਼ੇਸ਼ ਰਾਜਨੀਤੀਵਾਨ ਵਜੋਂ ਉਭਰ ਕੇ ਸਾਹਮਣੇ ਆਇਆ। ਉਸ ਨੇ ਇਸ ਅਹੁਦੇ ਕਰ ਕੇ ਕੈਨੇਡੀਅਨ ਇਤਿਹਾਸ ਤੇ ਜਨ-ਸਮੂਹ ਅੰਦਰ ਵਿਸ਼ੇਸ਼ ਥਾਂ ਪੈਦਾ ਕੀਤੀ। ਉਹ ਵੱਖ-ਵੱਖ ਧਰਮਾਂ, ਮਜ਼ਹਬਾਂ, ਇਲਾਕਿਆਂ, ਭਾਸ਼ਾਵਾਂ, ਸਭਿਆਚਾਰਾਂ ਦੇ ਲੱਖਾਂ ਨੌਜੁਆਨ ਕੈਨੇਡੀਅਨਾਂ ਲਈ ਇਕ ਪ੍ਰੇਰਣਾ ਸ੍ਰੋਤ ਵਜੋਂ ਉੱਭਰੇ। ਉਨ੍ਹਾਂ ਨੇ ਸਾਬਤ ਕਰ ਦਿਤਾ ਕਿ ਸਿੱਖ ਘੱਟ ਗਿਣਤੀਆਂ ਨਾਲ ਸਬੰਧਤ ਨੌਜੁਆਨ ਅਤੇ ਰਾਜਨੀਤਕ ਆਗੂ ਕਿਸੇ ਵੀ ਕੈਨੇਡੀਅਨ ਗੋਰੇ, ਕਾਲੇ, ਭੂਰੇ ਪੁਰਾਣੇ ਪ੍ਰਵਾਸੀਆਂ ਤੋਂ ਘੱਟ ਕੈਨੇਡੀਅਨ, ਰਾਸ਼ਟਰਵਾਦੀ ਤੇ ਦੂਰ-ਅੰਦੇਸ਼ ਰਾਜਨੀਤਕ ਆਗੂ ਨਹੀਂ ਹਨ।

ਪਰ ਏਨਾ ਜ਼ਰੂਰ ਹੈ ਕਿ ਉਹ ਅਜੋਕੇ ਕੈਨੇਡੀਅਨ ਰਾਜਨੀਤੀਵਾਨਾਂ ਨਾਲੋਂ ਜ਼ਿਆਦਾ ਸੱਚਾ-ਸੁੱਚਾ, ਸਿਧਾਂਤਕ, ਦਿਆਨਤਦਾਰ, ਇਮਾਨਦਾਰ ਤੇ ਅਗਾਂਹ-ਵੱਧੂ ਆਗੂ ਹੈ। ਉਹ ਸਿੱਖ ਹੋਣ ਦੇ ਨਾਲ-ਨਾਲ ਕੈਨੇਡੀਅਨ ਖੁੱਲ੍ਹੇ ਸਮਾਜ ਤੇ ਸਭਿਆਚਾਰ ਦੀ ਦੇਣ ਹੈ। ਉਸ ਨੇ ਇਹ ਕਿਹਾ ਕਿ ਜੇਕਰ ਇਨ੍ਹਾਂ ਚੋਣਾਂ ਬਾਅਦ ਲਟਕਵੀਂ ਪਾਰਲੀਮੈਂਟ ਹੋਂਦ ਵਿਚ ਆਉਂਦੀ ਹੈ ਤਾਂ ਕੰਜ਼ਰਵੇਟਿਵ ਪਾਰਟੀ ਵਲੋਂ ਘੱਟ-ਗਿਣਤੀ ਸਰਕਾਰ ਗਠਤ ਕਰਨ ਦੀ ਕਵਾਇਦ ਵਿਚ ਮੇਰੀ ਪਾਰਟੀ ਕੋਈ ਹਮਾਇਤ ਨਹੀਂ ਦੇਵੇਗੀ। ਜਦੋਂ ਉਨ੍ਹਾਂ ਨੂੰ ਇਸ ਸਟੈਂਡ ਦਾ ਕਾਰਨ ਪੁਛਿਆ ਗਿਆ ਤਾਂ ਉਨ੍ਹਾਂ ਅਪਣਾ ਸਟੈਂਡ ਦੁਹਰਾਉਂਦੇ ਹੋਏ ਕਿਹਾ ਕਿ ਉਹ ਕੰਜ਼ਰਵੇਟਿਵ ਪਾਰਟੀ ਦਾ ਸਾਥ ਨਹੀਂ ਦੇ ਸਕਦੇ ਕਿਉਂਕਿ ਉਹ ਕੈਨੇਡੀਅਨਾਂ ਦੇ ਮੁਢਲੇ ਅਧਿਕਾਰਾਂ ਦੀ ਰਾਖੀ ਸਬੰਧੀ ਭਰੋਸੇ ਦੇ ਕਾਬਲ ਨਹੀਂ। ਇਹੀ ਉਨ੍ਹਾਂ ਦੀ ਸੱਚੀ-ਸੁੱਚੀ ਸਿਧਾਂਤਕ ਰਾਜਨੀਤੀ ਤੇ ਦਲੇਰਾਨਾ ਜਨਤਕ ਹਿਤੂ ਸਟੈਂਡ ਦਾ ਪ੍ਰਤੀਕ ਹੈ।

ਕਈ ਉਨ੍ਹਾਂ ਉਤੇ ਤਨਜ਼ ਕਰਦੇ ਸਨ ਕਿ ਉਹ ਐਨ.ਡੀ.ਪੀ. ਨੂੰ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਦੀ ਅਗਵਾਈ ਭਰਿਆ ਜੁਰਕਾ ਨਹੀਂ ਰਖਦੇ। ਸਾਬਕਾ ਐਨ.ਡੀ.ਪੀ. ਸੰਸਦ ਮੈਂਬਰ ਫ਼ਰਾਂਕੋਜ਼ ਬੋਇਵਨ ਨੇ ਜਗਮੀਤ ਸਿੰਘ ਨੂੰ ਸਾਫ਼ ਕਿਹਾ ਕਿ ਤੁਸੀਂ ਪਾਰਟੀ ਨੂੰ ਤੀਜੇ ਨੰਬਰ ਉਤੇ ਰਹਿਣ ਵਾਲੀ ਚੋਣ ਮੁਹਿੰਮ ਦੀ ਅਗਵਾਈ ਨਹੀਂ ਕਰੋਗੇ। ਉਨ੍ਹਾਂ ਜਗਮੀਤ ਦੀ ਲੀਡਰਸ਼ਿਪ ਉਤੇ ਟਿੱਪਣੀ ਕਰਦੇ ਸਾਫ਼ ਕਰ ਦਿਤਾ ਕਿ ਉਹ ਭਵਿੱਖ ਵਿਚ ਵਧੀਆ ਪਲੇਟਫ਼ਾਰਮ ਰੱਖਣ ਵਾਲੇ ਆਗੂ ਵਜੋਂ ਅਪਣੇ ਆਪ ਨੂੰ ਪੇਸ਼ ਕਰਨਗੇ। ਪਰ ਅਜੋਕੀ ਕੈਨੇਡੀਅਨ ਰਾਜਨੀਤਕ ਦਸ਼ਾ ਵਿਚ ਜੇਕਰ ਉਹ ਪਾਰਲੀਮੈਂਟ ਵਿਚ ਪਾਰਟੀ ਦੀ ਤੀਜੀ ਥਾਂ ਕਾਇਮ ਰਖਦੇ ਹਨ ਤਾਂ ਇਹ ਵੀ ਇਸ ਨੌਜੁਆਨ ਆਗੂ ਦੀ ਜਿੱਤ ਹੋਵੇਗੀ।

ਜੈੱਕ ਲੇਟਨ ਐਨ.ਡੀ.ਪੀ. ਦੇ ਮਹਾਨ ਦੂਰ ਅੰਦੇਸ਼, ਕੈਨੇਡੀਅਨ ਲੋਕਾਂ ਦੀਆਂ ਭਾਵਨਾਵਾਂ ਤੇ ਆਸ਼ਾਵਾਂ ਦੇ ਤਰਜਮਾਨ ਆਗੂ ਹੋਏ ਹਨ। ਸੰਨ 2011 ਦੀਆਂ ਚੋਣਾਂ ਵਿਚ ਉਨ੍ਹਾਂ ਦੀ ਅਗਵਾਈ ਵਿਚ ਪਾਰਟੀ ਨੇ ਪਾਰਲੀਮੈਂਟ ਦੀਆਂ 103 ਸੀਟਾਂ ਜਿੱਤ ਕੇ ਮੁੱਖ ਵਿਰੋਧੀ ਧਿਰ ਦਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੀ ਮੌਤ ਤੋਂ ਬਾਅਦ ਥਾਮਸ ਮੁਲਕੇਅਰ ਆਗੂ ਚੁਣੇ ਗਏ। ਉਨ੍ਹਾਂ ਦੀ ਅਗਵਾਈ ਵਿਚ ਪਾਰਟੀ ਨੇ ਸੰਨ 2015 ਦੀਆਂ ਪਾਰਲੀਮੈਂਟ ਚੋਣਾਂ ਵਿਚ ਸਿਰਫ਼ 44 ਸੀਟਾਂ ਜਿੱਤੀਆਂ। ਹੁਣ ਜਗਮੀਤ ਸਿੰਘ ਸਾਹਮਣੇ ਵੱਡੀ ਚੁਨੌਤੀ ਪਾਰਟੀ ਮਜ਼ਬੂਤੀ ਤੇ ਪਾਰਲੀਮੈਂਟ ਚੋਣਾਂ ਵਿਚ ਬਿਹਤਰ ਕਾਰਗੁਜ਼ਾਰੀ ਵਿਖਾਉਣਾ ਹੈ।

ਐਨ.ਡੀ.ਪੀ. ਕੋਲ ਲਿਬਰਲਾਂ ਤੇ ਕੰਜ਼ਰਵੇਟਿਵਾਂ ਮੁਕਾਬਲੇ ਧੰਨ ਦੀ ਕਮੀ, ਜਗਮੀਤ ਵਲੋਂ ਫ਼ਰਵਰੀ 2019 ਵਿਚ ਮੈਂਬਰ ਪਾਰਲੀਮੈਂਟ ਬਣਨਾ, ਕਿਊਬੈਕ ਵਿਚ ਜਿੱਤੀਆਂ 14 ਸੀਟਾਂ ਨੂੰ ਕਾਇਮ ਰਖਣਾ, ਜਿਥੇ 2015 ਵਿਚ ਚੋਣ ਮੁਹਿੰਮ ਲਈ 100 ਦਾ ਸਟਾਫ਼ ਹੀ ਸੀ, ਇਸ ਵਾਰ 50-60 ਹੋਣਾ ਆਦਿ ਸਥਿਤੀਆਂ ਦੇ ਬਾਵਜੂਦ ਉਸ ਨੇ ਮਨੀਟੋਬਾ ਸੂਬੇ ਦੀ ਜੇਤੂ ਜੋੜੀ ਸਾਬਕਾ ਵਜ਼ੀਰ ਜੈਨੀਫਰ ਹਾਵਰਡ ਨੂੰ ਮੁੱਖ ਸਲਾਹਕਾਰ, ਮਾਈਕਲ ਬਾਲਾਗਸ ਨੂੰ ਪਾਰਟੀ ਮੁਹਿੰਮ ਦਾ ਡਾਇਰੈਕਟਰ ਤੇ ਅੰਤ੍ਰਿਮ ਚੀਫ਼ ਆਫ਼ ਸਟਾਫ਼ ਲਗਾਇਆ। ਉਸ ਨੇ ਸੋਸ਼ਲ ਮੀਡੀਆਂ ਦੀ ਵਰਤੋਂ ਸ਼ੁਰੂ ਕੀਤੀ। ਪਰ ਚੋਣ ਮੁਹਿੰਮ ਲਿਬਰਲਾਂ ਅਤੇ ਕੰਜ਼ਰਵੇਟਿਵਾਂ ਵਾਂਗ ਮੱਘ ਨਾ ਸਕੀ। ਕੈਨੇਡਾ ਦੇ ਲੋਕ ਉਸ ਦੀ ਡਿਬੇਟ ਕਾਰਗੁਜ਼ਾਰੀ ਤੋਂ ਦੂਜੇ ਆਗੂਆਂ ਨਾਲੋਂ ਇਸ ਕਰ ਕੇ ਪ੍ਰਭਾਵਤ ਹੋਏ ਹਨ ਕਿ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਰਾਜਨੀਤਕ ਆਗੂ ਨੇ ਆਮ ਕੈਨੇਡੀਅਨ ਦੀ ਵੇਦਨਾ ਦੀ ਤਰਜਮਾਨੀ ਕੀਤੀ ਹੈ।

ਆਮ ਕੈਨੇਡੀਅਨ ਅਮੀਰ ਨਹੀਂ ਬਣਨਾ ਚਾਹੁੰਦਾ ਪਰ ਅਪਣੇ ਜੀਵਨ ਦਾ ਅਨੰਦ ਮਾਣਨ ਲਈ ਰੋਜ਼ਗਾਰ, ਵਧੀਆ ਕਮਾਈ, ਸਮਰੱਥਾ ਅਨੁਸਾਰ ਕੰਮ ਚਾਹੁੰਦਾ ਹੈ। ਘਰ ਵਿਚ ਲੋੜੀਂਦੀਆਂ ਚੀਜ਼ਾਂ ਦੀ ਪੂਰਤੀ ਚਾਹੁੰਦਾ ਹੈ। ਅੱਜ ਵੀ ਟਰਾਂਟੋ ਵਰਗੇ ਵਿਸ਼ਵ ਪ੍ਰਸਿੱਧ ਸ਼ਹਿਰ ਵਿਚ ਹਰ 7ਵਾਂ ਵਿਅਕਤੀ ਗ਼ਰੀਬ ਹੈ। ਉਹ ਸਿਹਤਮੰਦ ਪ੍ਰਵਾਰ ਲਈ ਵਧੀਆ ਸਿਹਤ ਸੇਵਾਵਾਂ ਚਾਹੁੰਦਾ ਹੈ। ਆਗੂਆਂ ਨੂੰ ਦੱਸਣ ਲਈ ਕਹਿੰਦਾ ਹੈ ਕਿ ਕੀ ਕਾਰਬਨ, ਗੈਸ, ਮਕਾਨ, ਵਾਹਨ, ਸੇਲ, ਸੈੱਲ ਊਰਜਾ, ਆਮਦਨ ਟੈਕਸ ਨੀਤੀਆਂ ਸਹੀ ਹਨ? ਕੀ ਉਸ ਦਾ ਪ੍ਰਵਾਰ ਸੁਰੱਖਿਅਤ, ਹਿੰਸਾ ਤੇ ਅਪਰਾਧ ਮੁਕਤ ਹੈ? ਉਹ ਅਜਿਹੀ ਸਰਕਾਰ ਚਾਹੁੰਦਾ ਹੈ ਜੋ ਉਸ ਲਈ ਕੰਮ ਕਰੇ, ਉਸ ਦੇ ਪ੍ਰਵਾਰ ਤੇ ਸਮਾਜ ਦਾ ਭਵਿੱਖ ਬਿਹਤਰ ਬਣਾਏ, ਕੈਨੇਡਾ ਅਤੇ ਕੈਨੇਡੀਅਨਾਂ ਦੀ ਵਿਸ਼ਵ ਵਿਚ ਵਖਰੀ ਪਛਾਣ ਕਾਇਮ ਰੱਖੇ। ਕੈਨੇਡੀਅਨਾਂ ਦੇ ਮੁਢਲੇ ਤੇ ਮਾਨਵ ਅਧਿਕਾਰਾਂ ਦੀ ਰਾਖੀ ਕਰੇ।

ਸ. ਜਗਮੀਤ ਸਿੰਘ ਆਮ ਕੈਨੇਡੀਅਨਾਂ ਦੇ ਅਚਿਹੇ ਵਿਚਾਰਾਂ ਦੀ ਤਰਜਮਾਨੀ ਕਰ ਕੇ ਇਕ 'ਰਾਕ ਸਟਾਰ ਰਾਜਨੀਤਕ ਆਗੂ' ਵਜੋਂ ਉਭਰਿਆ ਹੈ। ਉਸ ਨੇ ਕੈਨੇਡੀਅਨਾਂ ਨੂੰ ਹੈਰਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਕੋਲ 'ਮਿਸਟਰ ਡਿਨਾਈ ਤੇ ਮਿਸਟਰ ਡੀਲੇਅ ਦੀ ਥਾਂ ਇਕ ਹੋਰ ਬਦਲ ਵੀ ਹੈ।' ਫਰੈਂਚ ਭਾਸ਼ਾ ਦੇ ਸੂਬੇ ਕਿਊਬੈਕ ਵਿਖੇ ਚੋਣ ਮੁਹਿੰਮ ਦੌਰਾਨ ਜਗਮੀਤ ਸਿੰਘ ਨੇ ਇਕ ਹੈਂਕੜਬਾਜ਼ ਬੁਢੇ ਗੋਰੇ ਨੂੰ ਬਾਕਮਾਲ ਸੂਝ ਭਰਪੂਰ ਜਵਾਬ ਦਿਤਾ ਜੋ ਅੱਜ ਪੂਰੇ ਕੈਨੇਡਾ ਵਿਚ ਚਰਚਾ ਦਾ ਵਿਸ਼ਾ ਬਣਿਆ ਪਿਆ ਹੈ। ਉਸ ਹੈਂਕੜਬਾਜ਼ ਗੋਰੇ ਨੇ ਕਿਹਾ, ''ਜੇ ਉਹ ਪਗੜੀ ਉਤਾਰ ਦੇਵੇ ਤਾਂ ਕੈਨੇਡੀਅਨ ਦੀ ਤਰ੍ਹਾਂ ਲਗੇਗਾ।'' ਜਗਮੀਤ ਨੇ ਬਹੁਤ ਹੀ ਨਰਮ ਸੁਭਾਅ ਨਾਲ ਉੱਤਰ ਦਿਤਾ ਕਿ ''ਕੈਨੇਡਾ ਵਿਚ ਹਰ ਕਿਸਮ ਦੇ ਲੋਕ ਹਨ, ਇਸੇ ਵਿਚ ਇਸ ਦੀ ਸੁੰਦਰਤਾ ਮੌਜੂਦ ਹੈ।' ਪਰ ਗੋਰੇ ਨੇ ਫਿਰ ਕਿਹਾ ਕਿ 'ਜਦੋਂ ਰੋਮ ਵਿਚ ਹੋਵੋ ਤਾਂ ਰੋਮਨਾਂ ਵਾਂਗ ਹੀ ਰਹਿਣਾ-ਬਹਿਣਾ ਚਾਹੀਦਾ ਹੈ।''

ਇਸ ਤੇ ਜਗਮੀਤ ਨੇ ਕਿਹਾ, ''ਮੈਂ ਇਸ ਨਾਲ ਸਹਿਮਤ ਨਹੀਂ। ਇਹ ਕੈਨੇਡਾ ਹੈ, ਇਥੇ ਤੁਸੀਂ ਜਿਵੇਂ ਮਰਜ਼ੀ ਰਹਿ-ਬਹਿ ਸਕਦੇ ਹੋ।'' ਫਿਰ ਉਹ ਹੈਂਕੜਬਾਜ਼ ਬੁੱਢਾ ਗੋਰਾ ਉਸ ਦੇ ਦਿਤੇ ਨਰਮ ਜਵਾਬਾਂ ਅੱਗੇ ਝੁਕ ਗਿਆ ਤੇ ਅਸ਼ੀਰਵਾਦ ਦਿਤਾ ਕਿ, ''ਠੀਕ ਹੈ ਬੱਚੇ, ਧਿਆਨ ਰਖਣਾ, ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਹੀ ਜਿੱਤੋ।'' ਪਿੱਛੇ ਜਹੇ ਲੰਘੇ 8 ਤੋਂ 10 ਅਕਤੂਬਰ ਦੇ ਇਕ ਸਰਵੇਖਣ ਅਨੁਸਾਰ 49 ਫ਼ੀ ਸਦੀ ਕੈਨੇਡੀਅਨ ਲੋਕ  ਉਸ ਨੂੰ ਪ੍ਰਧਾਨ ਮੰਤਰੀ ਵਜੋਂ ਪਸੰਦ ਕਰਦੇ ਹਨ। ਭਾਵੇਂ ਇਸ ਵਾਰ ਪੂਰੀ ਤਿਆਰੀ, ਧੰਨ, ਸਟਾਫ਼ ਤੇ ਚੋਣ ਯੋਜਨਾਬੰਦੀ ਦੀ ਅਣਹੋਂਦ ਕਰ ਕੇ ਐਨ.ਡੀ.ਪੀ. ਵਧੀਆ ਕਾਰਗੁਜ਼ਾਰੀ ਦਾ ਮੁਜ਼ਾਹਰਾ ਨਾ ਕਰ ਸਕੇ ਪਰ ਫਿਰ ਵੀ ਭਵਿੱਖ ਵਿਚ ਉਨ੍ਹਾਂ ਕੋਲ ਜੈਕਲੇਟਨ ਵਰਗਾ ਅੱਗ ਫ਼ੂਕਣ ਵਾਲਾ ਦੂਰ ਅੰਦੇਸ਼ ਸੱਚਾ-ਸੁੱਚਾ ਈਮਾਨਦਾਰ ਆਗੂ ਸ. ਜਗਮੀਤ ਸਿੰਘ ਦੇ ਰੂਪ ਵਿਚ ਮੌਜੂਦ ਹੈ ਜਿਸ ਉਤੇ ਪਾਰਟੀ, ਕੈਨੇਡਾ ਅਤੇ ਕੈਨੇਡੀਅਨ ਵਿਸ਼ਵਾਸ ਕਰ ਸਕਦੇ ਹਨ।

ਸੰਪਰਕ : +1 343 889 2550
ਦਰਬਾਰਾ ਸਿੰਘ ਕਾਹਲੋਂ
ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ