ਜਾਣੋ ਮਹਾਰਾਣੀ ਐਲਿਜ਼ਾਬੈਥ-II ਦੀ ਜ਼ਿੰਦਗੀ ਨਾਲ ਜੁੜੇ ਅਣਸੁਣੇ ਤੇ ਦਿਲਚਸਪ ਪਹਿਲੂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਆਓ ਇੱਕ ਯੁਗ ਦੀ ਗਵਾਹ ਮਹਾਰਾਣੀ ਐਲਿਜ਼ਾਬੈਥ ਦੂਜੀ ਦੇ ਜੀਵਨ ਨਾਲ ਜੁੜੇ ਅਹਿਮ ਪਹਿਲੂਆਂ ਬਾਰੇ ਜਾਣੀਏ।

Queen Elizabeth II

 

ਬਰਤਾਨਵੀ ਸ਼ਾਹੀ ਪਰਿਵਾਰ ਵਿੱਚ ਸਭ ਤੋਂ ਲੰਮਾ ਸਮਾਂ ਸ਼ਾਸਨ ਕਰਨ ਵਾਲੀ ਸ਼ਖ਼ਸੀਅਤ, ਮਹਾਰਾਣੀ ਐਲਿਜ਼ਾਬੈਥ ਦੂਜੀ ਦਾ ਸਕਾਟਲੈਂਡ ਦੇ ਬਾਲਮੋਰਲ ਕੈਸਲ ਵਿਖੇ ਦਿਹਾਂਤ ਹੋ ਗਿਆ। 96 ਸਾਲਾਂ ਦੀ ਉਮਰ ਭੋਗਣ ਵਾਲੀ ਮਹਾਰਾਣੀ ਨੇ ਜ਼ਿੰਦਗੀ ਦੇ 70 ਸਾਲ ਤੱਕ ਰਾਜਭਾਗ ਦੇਖਿਆ। ਮਹਾਰਾਣੀ ਦੀ 1952 'ਚ ਗੱਦੀਨਸ਼ੀਨੀ ਹੋਈ ਸੀ, ਅਤੇ ਉਹਨਾਂ ਦੇ ਸ਼ਾਸਨ ਕਾਲ 'ਚ ਬ੍ਰਿਟੇਨ ਨੇ ਬੇਮਿਸਾਲ ਸਮਾਜਿਕ ਬਦਲਾਅ ਦਰਜ ਕੀਤੇ। ਉਹਨਾਂ ਦੇ ਨਾਲ ਹੀ ਹੁਣ ਤੱਕ ਬਰਤਾਨਵੀ ਸ਼ਾਹੀ ਪਰਿਵਾਰ ਦੇ ਇਤਿਹਾਸ 'ਚ ਕਿਸੇ ਵੀ ਬਰਤਾਨਵੀ ਸ਼ਾਸਕ ਵੱਲੋਂ ਕੀਤੇ ਗਏ ਸਭ ਤੋਂ ਲੰਮੇ ਰਾਜ ਦਾ ਵੀ ਅੰਤ ਹੋ ਗਿਆ। ਆਓ ਇੱਕ ਯੁਗ ਦੀ ਗਵਾਹ ਮਹਾਰਾਣੀ ਐਲਿਜ਼ਾਬੈਥ ਦੂਜੀ ਦੇ ਜੀਵਨ ਨਾਲ ਜੁੜੇ ਅਹਿਮ ਪਹਿਲੂਆਂ ਬਾਰੇ ਜਾਣੀਏ।   

ਅਨਿਸ਼ਚਿਤ ਜਨਮਦਿਨ

ਮਹਾਰਾਣੀ ਐਲਿਜ਼ਾਬੈਥ ਦਾ ਜਨਮ 21 ਅਪ੍ਰੈਲ, 1926 ਨੂੰ ਹੋਇਆ ਸੀ, ਪਰ ਇਸ ਗੱਲ ਨੂੰ ਲੈ ਕੇ ਲੋਕੀਂ ਬਹੁਤ ਵਾਰ ਉਲਝਣ ਵਿੱਚ ਪੈ ਜਾਂਦੇ ਸੀ ਕਿ ਇਹ ਮਨਾਇਆ ਕਦੋਂ ਜਾਵੇ। ਮਹਾਰਾਣੀ ਦਾ 'ਅਧਿਕਾਰਤ ਜਨਮਦਿਨ' ਮਨਾਉਣ ਲਈ ਕੋਈ ਪੱਕਾ ਜਾਂ ਵਿਸ਼ੇਸ਼ ਦਿਨ ਨਿਸ਼ਚਿਤ ਨਹੀਂ ਸੀ। ਇਹ ਜੂਨ ਦਾ ਪਹਿਲਾ, ਦੂਜਾ ਜਾਂ ਤੀਜਾ ਸ਼ਨੀਵਾਰ ਹੁੰਦਾ ਸੀ, ਅਤੇ ਇਸ ਬਾਰੇ ਫ਼ੈਸਲਾ ਸਰਕਾਰ ਵੱਲੋਂ ਹੀ ਕੀਤਾ ਜਾਂਦਾ ਸੀ। ਆਸਟ੍ਰੇਲੀਆ ਵਿੱਚ ਉਹਨਾਂ ਦਾ ਜਨਮ ਦਿਨ ਜੂਨ ਦੇ ਦੂਜੇ ਸੋਮਵਾਰ ਨੂੰ ਮਨਾਇਆ ਜਾਂਦਾ ਸੀ, ਜਦ ਕਿ ਕੈਨੇਡਾ ਵਿੱਚ ਜਨਮ ਦਿਨ 24 ਮਈ ਨੂੰ ਜਾਂ ਇਸ ਤੋਂ ਪਹਿਲਾਂ ਵੀ ਮਨਾਇਆ ਜਾਂਦਾ ਰਿਹਾ ਹੈ। ਮਹਾਰਾਣੀ ਦਾ ਅਸਲ ਜਨਮਦਿਨ ਸਿਰਫ਼ ਮਹਾਰਾਣੀ ਅਤੇ ਉਸ ਦੇ ਨਜ਼ਦੀਕੀਆਂ ਨੇ ਹੀ ਨਿੱਜੀ ਸਮਾਰੋਹਾਂ ਵਿੱਚ ਮਨਾਇਆ।

ਬ੍ਰਿਟੇਨ ਦੀ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਸ਼ਾਹੀ ਸ਼ਖ਼ਸੀਅਤ

ਬ੍ਰਿਟੇਨ ਦੀ ਸ਼ਾਹੀ ਗੱਦੀ 'ਤੇ 70 ਸਾਲ ਪੂਰੇ ਕਰਨ ਵਾਲੀ ਮਹਾਰਾਣੀ ਐਲਿਜ਼ਾਬੇਥ, ਬ੍ਰਿਟਿਸ਼ ਇਤਿਹਾਸ ਦੀ ਸਭ ਤੋਂ ਬਜ਼ੁਰਗ ਅਤੇ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਮਹਾਰਾਣੀ ਹੈ। ਇਸ ਵਿਸ਼ੇ 'ਤੇ ਸਤੰਬਰ 2015 ਵਿੱਚ ਉਹਨਾਂ ਨੇ ਆਪਣੀ ਪੜਦਾਦੀ ਮਹਾਰਾਣੀ ਵਿਕਟੋਰੀਆ ਨੂੰ ਪਛਾੜ ਦਿੱਤਾ, ਜਿਸ ਨੇ 63 ਸਾਲ ਅਤੇ 7 ਮਹੀਨੇ ਰਾਜ ਕੀਤਾ ਸੀ।

2016 ਵਿੱਚ, ਥਾਈਲੈਂਡ ਦੇ ਰਾਜਾ ਭੂਮੀਬੋਲ ਅਦੁੱਲਿਆਦੇਜ ਦੀ ਮੌਤ ਤੋਂ ਬਾਅਦ, ਮਹਾਰਾਣੀ ਦੁਨੀਆ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਰਾਣੀ ਵੀ ਬਣ ਗਈ। 2022 ਵਿੱਚ, ਉਹ 17ਵੀਂ ਸਦੀ ਦੇ ਫ਼ਰੈਂਚ ਰਾਜਾ ਲੂਈ 14ਵੇਂ ਤੋਂ ਬਾਅਦ, ਵਿਸ਼ਵ ਇਤਿਹਾਸ ਵਿੱਚ ਦੂਜੀ ਸਭ ਤੋਂ ਲੰਬਾ ਰਾਜ ਕਰਨ ਵਾਲੀ ਰਾਣੀ ਬਣੀ। ਇੱਥੇ ਇਹ ਵਰਨਣਯੋਗ ਹੈ ਕਿ ਲੂਈ 14ਵੇਂ ਨੇ 4 ਸਾਲ ਦੀ ਉਮਰ ਵਿੱਚ ਗੱਦੀ ਸੰਭਾਲ਼ੀ ਸੀ। ਮਹਾਰਾਣੀ ਐਲਿਜ਼ਾਬੈਥ ਅਤੇ ਮਹਾਰਾਣੀ ਵਿਕਟੋਰੀਆ ਤੋਂ ਇਲਾਵਾ, ਬ੍ਰਿਟਿਸ਼ ਇਤਿਹਾਸ ਵਿੱਚ ਸਿਰਫ਼ 4 ਹੋਰ ਬਾਦਸ਼ਾਹਾਂ ਨੇ 50 ਸਾਲ ਜਾਂ ਇਸ ਤੋਂ ਵੱਧ ਸਮੇਂ ਤੱਕ ਰਾਜ ਕੀਤਾ ਹੈ- ਜਾਰਜ ਤੀਜਾ (59 ਸਾਲ), ਹੈਨਰੀ ਤੀਜਾ (56 ਸਾਲ), ਐਡਵਰਡ ਤੀਜਾ (50 ਸਾਲ) ਅਤੇ ਸਕਾਟਲੈਂਡ ਦੇ ਜੇਮਸ 7ਵੇਂ ਨੇ 58 ਸਾਲ) ਤੱਕ ਰਾਜ ਕੀਤਾ।

ਨੰਬਰ 230873 ਅਤੇ ਵਿਸ਼ਵ ਯੁੱਧ

ਦੂਜੇ ਵਿਸ਼ਵ ਯੁੱਧ ਦੌਰਾਨ, ਨੌਜਵਾਨ ਰਾਜਕੁਮਾਰੀ ਐਲਿਜ਼ਾਬੈਥ ਨੂੰ ਸੰਖੇਪ ਰੂਪ ਵਿੱਚ ਨੰਬਰ 230873, ਸੈਕਿੰਡ ਸਬਾਲਟਰਨ ਐਲਿਜ਼ਾਬੈਥ ਅਲੈਗਜ਼ੈਂਡਰਾ ਮੈਰੀ ਵਿੰਡਸਰ ਆਫ਼ ਦ ਔਗਜ਼ਿਲਰੀ ਟਰਾਂਸਪੋਰਟ ਸਰਵਿਸ ਨੰ.1 ਦੇ ਰੂਪ 'ਚ ਜਾਣਿਆ ਜਾਣ ਲੱਗਿਆ। ਯੁੱਧ ਦੌਰਾਨ ਆਪਣੇ ਵੱਲੋਂ ਕੁਝ ਕਰਨ ਦੇ ਯਤਨਾਂ ਲਈ ਆਪਣੇ ਮਾਪਿਆਂ ਤੋਂ ਮਿਲੀ ਆਗਿਆ ਤੋਂ ਬਾਅਦ, ਉਹਨਾਂ ਐਂਬੂਲੈਂਸ ਅਤੇ ਟਰੱਕ ਚਲਾਉਣਾ ਸਿੱਖਿਆ। ਕੁਝ ਮਹੀਨਿਆਂ ਵਿੱਚ ਹੀ ਉਹ ਆਨਰੇਰੀ ਜੂਨੀਅਰ ਕਮਾਂਡਰ ਦੇ ਅਹੁਦੇ ਤੱਕ ਪਹੁੰਚ ਗਈ ਸੀ।

'ਕਰਦਾਤਾ' (ਟੈਕਸ ਦੇਣ ਵਾਲੀ) ਮਹਾਰਾਣੀ

ਮਹਾਰਾਣੀ ਹੋਣ ਦੇ ਬਾਵਜੂਦ, 1992 ਤੋਂ ਬਾਅਦ ਉਹਨਾਂ ਟੈਕਸ ਵੀ ਅਦਾ ਕੀਤਾ। 1992 ਵਿੱਚ ਮਹਾਰਾਣੀ ਦੇ ਸ਼ਨੀਵਾਰ ਨਿਵਾਸ ਸਥਾਨ ਵਿੰਡਸਰ ਕੈਸਲ ਵਿੱਚ ਅੱਗ ਲੱਗੀ, ਤਾਂ ਜਨਤਾ ਨੇ ਮੁਰੰਮਤ ਦੇ ਲੱਖਾਂ ਪਾਊਂਡ ਦੇ ਖ਼ਰਚੇ ਵਿਰੁੱਧ ਬਗ਼ਾਵਤ ਕਰ ਦਿੱਤੀ। ਪਰ ਮਹਾਰਾਣੀ ਨੇ ਆਪਣੀ ਨਿੱਜੀ ਆਮਦਨ 'ਤੇ ਟੈਕਸ ਦੇਣ ਲਈ ਸਹਿਮਤੀ ਆਪਣੀ ਖ਼ੁਦ ਦੀ ਮਰਜ਼ੀ ਨਾਲ ਦਿੱਤੀ।

ਨਕਲ ਉਤਾਰਨ 'ਚ ਮਾਹਿਰ

ਆਮ ਤੌਰ 'ਤੇ ਮਹਾਰਾਣੀ ਐਲਿਜ਼ਾਬੈਥ ਨੇ ਆਪਣੀ ਛਵੀ ਇੱਕ ਗੰਭੀਰਤਾ ਭਰੇ ਇਨਸਾਨ ਵਰਗੀ ਬਣਾ ਕੇ ਰੱਖੀ, ਤੇ ਲੋਕ ਵੀ ਉਹਨਾਂ ਨੂੰ ਉਹਨਾਂ ਦੇ ਸਪੱਸ਼ਟ ਅਤੇ ਭਾਵਨਾਵਾਂ ਰਹਿਤ ਚਿਹਰੇ ਤੋਂ ਹੀ ਜਾਣਦੇ ਸਨ, ਪਰ ਉਹਨਾਂ ਨੂੰ ਅਸਲ 'ਚ ਨੇੜਿਓਂ ਜਾਣਨ ਵਾਲੇ ਲੋਕ ਉਹਨਾਂ ਅੰਦਰ ਦੇ ਚੁਲਬੁਲੇਪਣ, ਸ਼ਰਾਰਤੀ ਸੁਭਾਅ ਅਤੇ ਨਿੱਜੀ ਪਲਾਂ ਦੌਰਾਨ ਦੂਜਿਆਂ ਦੀ ਨਕਲ ਕਰਨ ਦੀ ਕਲਾ ਤੋਂ ਵੀ ਜਾਣੂ ਸਨ। ਕੈਂਟਰਬਰੀ ਦੇ ਸਾਬਕਾ ਆਰਕਬਿਸ਼ਪ ਰੋਵਨ ਵਿਲੀਅਮਜ਼ ਦਾ ਕਹਿਣਾ ਹੈ ਕਿ ਮਹਾਰਾਣੀ 'ਨਿੱਜੀ ਤੌਰ 'ਤੇ ਬਹੁਤ ਮਜ਼ਾਕੀਆ ਹੋ ਸਕਦੀ ਹੈ।'

ਮਹਾਰਾਣੀ ਦੇ ਘਰੇਲੂ ਪਾਦਰੀ, ਬਿਸ਼ਪ ਮਾਈਕਲ ਮਾਨ ਨੇ ਇੱਕ ਵਾਰ ਕਿਹਾ ਸੀ, "ਨਕਲ ਦੀ ਕਲਾ ਮਹਾਰਾਣੀ ਦੀਆਂ ਸਭ ਤੋਂ ਮਜ਼ੇਦਾਰ ਚੀਜ਼ਾਂ ਵਿੱਚੋਂ ਇੱਕ ਹੈ।" ਹਾਲ ਹੀ ਵਿੱਚ ਪਲੈਟੀਨਮ ਜੁਬਲੀ ਜਸ਼ਨਾਂ ਦੌਰਾਨ ਮਹਾਰਾਣੀ ਨੇ ਆਪਣਾ ਸ਼ਰਾਰਤੀ ਪੱਖ ਦਿਖਾਇਆ ਸੀ, ਜਦੋਂ ਉਹਨਾਂ ਇੱਕ ਐਨੀਮੇਟਡ ਪੈਡਿੰਗਟਨ ਬੀਅਰ ਨਾਲ ਇੱਕ ਕਾਮਿਕ ਵੀਡੀਓ ਵਿੱਚ ਅਭਿਨੈ ਕੀਤਾ ਅਤੇ ਆਪਣੇ ਪਰਸ ਵਿੱਚ ਜੈਮ ਸੈਂਡਵਿਚ ਲੁਕੋਣ ਦੀ ਗੱਲ ਕਹੀ ਸੀ।

ਪ੍ਰਿੰਸ ਫ਼ਿਲਿਪ ਨਾਲ ਪਿਆਰ

ਮਹਾਰਾਣੀ ਐਲਿਜ਼ਾਬੈਥ ਅਤੇ ਉਹਨਾਂ ਦੇ ਪਤੀ ਪ੍ਰਿੰਸ ਫ਼ਿਲਿਪ ਨੇ 70 ਸਾਲਾਂ ਤੋਂ ਵੱਧ ਸਮੇਂ ਲਈ ਇੱਕ ਦੂਜੇ ਦਾ ਸਾਥ ਮਾਣਿਆ। ਉਹਨਾਂ ਦੇ ਚਾਰ ਬੱਚੇ ਹੋਏ। ਆਪਣੇ ਵਿਆਹ ਦੀ 50ਵੀਂ ਵਰ੍ਹੇਗੰਢ 'ਤੇ ਮਹਾਰਾਣੀ ਨੇ ਪ੍ਰਿੰਸ ਫ਼ਿਲਿਪ ਬਾਰੇ ਕਿਹਾ ਸੀ ਕਿ ਐਨੇ ਸਾਲਾਂ ਤੋਂ ਉਹ ਬੜੀ ਸਹਿਜਤਾ ਨਾਲ ਮੇਰੀ ਤਾਕਤ ਬਣੇ ਰਹੇ ਹਨ। ਮਹਾਰਾਣੀ ਤੇ ਪ੍ਰਿੰਸ ਫ਼ਿਲਿਪ ਦੀ ਪਿਆਰ ਕਹਾਣੀ 1939 ਵਿੱਚ ਸ਼ੁਰੂ ਹੋਈ, ਜਦੋਂ ਗ੍ਰੀਸ ਤੋਂ ਇੱਕ 18 ਸਾਲਾ ਨੇਵਲ ਕੈਡੇਟ ਫ਼ਿਲਿਪ ਨੂੰ 13 ਸਾਲਾਂ ਦੀ ਐਲਿਜ਼ਾਬੈਥ ਦੇ ਮਨੋਰੰਜਨ ਲਈ ਭੇਜਿਆ ਗਿਆ। ਇਸ ਤੋਂ ਕਈ ਸਾਲਾਂ ਬਾਅਦ, ਫ਼ਿਲਿਪ ਨੂੰ ਕ੍ਰਿਸਮਿਸ ਲਈ ਵਿੰਡਸਰ ਕੈਸਲ ਵਿਖੇ ਸ਼ਾਹੀ ਪਰਿਵਾਰ ਵਿੱਚ ਸ਼ਾਮਲ ਹੋਣ ਦਾ ਸੱਦਾ ਭੇਜਿਆ ਗਿਆ, ਜਿੱਥੇ ਉਸ ਨੇ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ।
ਇਸ ਜੋੜੇ ਨੇ 1947 ਵਿੱਚ ਵੈਸਟਮਿੰਸਟਰ ਐਬੇ ਵਿੱਚ ਵਿਆਹ ਕਰਵਾਇਆ। ਜਦੋਂ 2021 ਵਿਚ 99 ਸਾਲ ਦੀ ਉਮਰ 'ਚ ਫ਼ਿਲਿਪ ਦੀ ਮੌਤ ਹੋਈ, ਤਾਂ ਉਹਨਾਂ ਦੇ ਪੁੱਤਰ ਐਂਡਰਿਊ ਨੇ ਕਿਹਾ ਸੀ ਕਿ ਉਹ (ਪ੍ਰਿੰਸ ਫ਼ਿਲਿਪ) ਮਹਾਰਾਣੀ ਐਲਿਜ਼ਾਬੈਥ ਦੀ ਜ਼ਿੰਦਗੀ ਵਿੱਚ ਇੱਕ 'ਵੱਡਾ ਸਿਫ਼ਰ' ਛੱਡ ਗਏ ਹਨ।

ਸਿੱਖਿਆ

ਆਪਣੇ ਸਮੇਂ ਅਤੇ ਉਸ ਤੋਂ ਪਹਿਲਾਂ ਦੇ ਅਨੇਕਾਂ ਸ਼ਾਹੀ ਪਰਿਵਾਰਾਂ ਵਾਂਗ, ਮਹਾਰਾਣੀ ਐਲਿਜ਼ਾਬੈਥ ਵੀ ਕਦੇ ਵੀ ਪਬਲਿਕ ਸਕੂਲ ਨਹੀਂ ਗਈ ਅਤੇ ਨਾ ਹੀ ਉਹ ਕਦੇ ਦੂਜੇ ਵਿਦਿਆਰਥੀਆਂ ਦੇ ਸੰਪਰਕ ਵਿੱਚ ਆਈ। ਇਸ ਦੀ ਬਜਾਏ, ਆਪਣੀ ਛੋਟੀ ਭੈਣ ਮਾਰਗਰੇਟ ਨਾਲ ਉਹਨਾਂ ਘਰ ਵਿੱਚ ਹੀ ਸਿੱਖਿਆ ਪ੍ਰਾਪਤ ਕੀਤੀ।
ਉਹਨਾਂ ਨੂੰ ਪੜ੍ਹਾਉਣ ਵਾਲਿਆਂ ਵਿੱਚ ਉਹਨਾਂ ਦੇ ਪਿਤਾ ਅਤੇ ਈਟਨ ਕਾਲਜ ਦੇ ਇੱਕ ਸੀਨੀਅਰ ਅਧਿਆਪਕ ਤੋਂ ਇਲਾਵਾ, ਕਈ ਫ਼੍ਰਾਂਸੀਸੀ ਅਧਿਆਪਕ ਵੀ ਸ਼ਾਮਲ ਸਨ। ਕੈਂਟਰਬਰੀ ਦੇ ਆਰਕਬਿਸ਼ਪ ਨੇ ਉਹਨਾਂ ਨੂੰ ਧਰਮ ਦੀ ਸਿੱਖਿਆ ਦਿੱਤੀ। ਐਲਿਜ਼ਾਬੈਥ ਦੀ ਸਕੂਲੀ ਪੜ੍ਹਾਈ ਵਿੱਚ ਘੋੜ ਸਵਾਰੀ, ਤੈਰਾਕੀ, ਨ੍ਰਿਤ ਅਤੇ ਸੰਗੀਤ ਅਧਿਐਨ ਵੀ ਸ਼ਾਮਲ ਸੀ।

ਲਿਟਲ ਲਿਲਿਬੇਟ ਨਾਂਅ ਦਾ ਤਖ਼ੱਲਸ

ਮਾਂ, ਨਾਨੀ ਅਤੇ ਦਾਦੀ ਦੇ ਸਨਮਾਨ ਵਿੱਚ ਮਹਾਰਾਣੀ ਨੂੰ 'ਐਲਿਜ਼ਾਬੈਥ ਅਲੈਗਜ਼ੈਂਡਰਾ ਮੈਰੀ ਵਿੰਡਸਰ ਆਫ਼ ਯਾਰਕ' ਦਾ ਨਾਂਅ ਦਿੱਤਾ ਗਿਆ ਸੀ। ਪਰ ਬਚਪਨ 'ਚ ਉਹਨਾਂ ਨੂੰ ਉਹਨਾਂ ਦਾ ਪਰਿਵਾਰ 'ਲਿਟਲ ਲਿਲੀਬੇਟ' ਕਹਿ ਕੇ ਬੁਲਾਉਂਦਾ ਸੀ- ਅਜਿਹਾ ਇਸ ਲਈ ਕਿਹਾ ਜਾਂਦਾ ਸੀ ਕਿਉਂਕਿ ਉਹ 'ਐਲਿਜ਼ਾਬੈਥ' ਦਾ ਸਹੀ ਉਚਾਰਨ ਨਹੀਂ ਕਰ ਪਾਉਂਦੀ ਸੀ। ਆਪਣੀ ਦਾਦੀ ਰਾਣੀ ਮੈਰੀ ਨੂੰ ਲਿਖੇ ਇੱਕ ਪੱਤਰ ਵਿੱਚ, ਨੌਜਵਾਨ ਰਾਜਕੁਮਾਰੀ ਐਲਿਜ਼ਾਬੈਥ ਨੇ ਲਿਖਿਆ ਸੀ, "ਪਿਆਰੀ ਦਾਦੀ, ਸੋਹਣੀ ਜਰਸੀ ਲਈ ਤੁਹਾਡਾ ਬਹੁਤ ਧੰਨਵਾਦ। ਸੈਂਡਰਿੰਗਮ ਵਿਖੇ ਤੁਹਾਡੇ ਨਾਲ ਰਹਿਣਾ ਸਾਨੂੰ ਬੜਾ ਚੰਗਾ ਲੱਗਿਆ। ਕੱਲ੍ਹ ਸਵੇਰੇ ਮੇਰਾ ਸਾਹਮਣੇ ਵਾਲਾ ਦੰਦ ਗੁਆਚ ਗਿਆ। ਤੁਹਾਡੀ ਪਿਆਰੀ ਲਿਲੀਬੇਟ।" ਪ੍ਰਿੰਸ ਹੈਰੀ ਅਤੇ ਮੇਘਨ (ਡਚੇਸ ਆਫ਼ ਸਸੇਕਸ) ਨੇ ਆਪਣੀ ਧੀ ਦਾ ਨਾਮ ਲਿਲੀਬੇਟ ਡਾਇਨਾ ਰੱਖਿਆ, ਜਿਸ ਤੋਂ ਬਾਅਦ ਇਹ ਉਪਨਾਮ ਬੜਾ ਮਸ਼ਹੂਰ ਹੋ ਗਿਆ।

ਕੁੱਤਿਆਂ ਨਾਲ ਪਿਆਰ

ਇਹ ਗੱਲ ਵੀ ਜੱਗ-ਜ਼ਾਹਿਰ ਸੀ ਕਿ ਮਹਾਰਾਣੀ ਨੂੰ ਕੁੱਤਿਆਂ ਨਾਲ ਬੜਾ ਪਿਆਰ ਸੀ- ਰਾਜਕੁਮਾਰੀ ਡਾਇਨਾ ਨੇ ਕਥਿਤ ਤੌਰ 'ਤੇ ਕੁੱਤਿਆਂ ਨੂੰ ਰਾਣੀ ਦੇ ਨਾਲ 'ਵਾਕਿੰਗ ਕਾਰਪੇਟ' ਕਿਹਾ ਸੀ, ਕਿਉਂਕਿ ਉਹ ਜਿੱਥੇ ਵੀ ਜਾਂਦੀ ਸੀ, ਕੁੱਤੇ ਉਹਨਾਂ ਦੇ ਨਾਲ ਹੁੰਦੇ ਸੀ।

ਇੱਕ ਬੇਹੱਦ ਪਿਆਰੀ ਕੁੜੀ  

ਇੱਕ ਸਮੇਂ 'ਤੇ ਮਹਾਰਾਣੀ ਪੌਪ ਗੀਤਾਂ ਦਾ ਇੱਕ ਜ਼ਰੂਰੀ ਵਿਸ਼ਾ ਬਣ ਗਈ ਸੀ। ਬੀਟਲਜ਼ ਨੇ ਉਹਨਾਂ ਨੂੰ 'ਹਰ ਮੈਜੇਸਟੀ' ਗੀਤ ਨਾਲ ਅਮਰ ਕਰ ਦਿੱਤਾ, ਅਤੇ ਉਹਨਾਂ ਨੂੰ 'ਬਹੁਤ ਪਿਆਰੀ ਕੁੜੀ' ਦੱਸਿਆ। ਪਾਲ ਮੈਕਾਰਟਨੀ ਦਾ ਗਾਇਆ ਇਹ ਗੀਤ 1969 ਵਿੱਚ ਰਿਕਾਰਡ ਕੀਤਾ ਗਿਆ, ਅਤੇ ਐਲਬਮ 'ਏਬੀ ਰੋਡ' ਰਾਹੀਂ ਲੋਕਾਂ ਤੱਕ ਪਹੁੰਚਿਆ।