Lohri Special: ਦੁੱਲਾ ਭੱਟੀ ਦੀ ਬਾਦਸ਼ਾਹ ਅਕਬਰ ਨਾਲ ਕੀ ਦੁਸ਼ਮਣੀ ਸੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

'ਖਜ਼ੀਨਾਤੁੱਲ ਅਸਫ਼ੀਆ' 'ਚ ਦਰਜ ਹੈ ਕਿ ਦੁੱਲੇ ਨੂੰ ਅਕਬਰ ਬਾਦਸ਼ਾਹ ਨੇ ਲਾਹੌਰ 'ਚ ਫਾਹੇ ਲਾਇਆ ਸੀ।

Dulla Bhatti

 

ਲੋਹੜੀ ਆਉਂਦੀ ਹੈ ਤਾਂ "ਸੁੰਦਰ-ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ," ਇਹ ਸਤਰਾਂ ਆਪ ਮੁਹਾਰੇ ਹੀ ਜ਼ੁਬਾਨ 'ਤੇ ਆ ਜਾਂਦੀਆਂ ਹਨ। ਪਰ ਆਖ਼ਰ ਇਹ ਦੁੱਲਾ ਹੈ ਕੌਣ? ਇਤਿਹਾਸ ਹੈ ਜਾਂ ਦੰਦ ਕਥਾ ਦਾ ਪਾਤਰ ਹੈ? ਅਜਿਹੇ ਹੀ ਕਈ ਸਵਾਲਾਂ ਦੇ ਵਲਵਲੇ ਸਹਿਜੇ ਹੀ ਮਨ 'ਚ ਉਭਰ ਆਉਂਦੇ ਹਨ। 'ਦੁੱਲਾ ਮਹਿਜ ਲੋਕਾਂ ਦੀ ਕਲਪਨਾ ਜਾਂ ਸਿਰਜਣਾ ਹੀ ਨਹੀਂ', ਸ਼ਾਹ ਹੁਸੈਨ ਦਾ ਸਮਕਾਲੀ ਦੁੱਲਾ ਭੱਟੀ ਸਟੇਟ ਵਿਰੋਧੀ ਨਾਬਰ ਸ਼ਕਤੀ ਦਾ ਬਲਵਾਨ ਪ੍ਰਤੀਕ ਹੈ। ਢਾਡੀ ਅਜੇ ਵੀ ਇਸ ਦੀ ਦਲੇਰੀ ਦੀਆਂ ਵਾਰਾਂ ਗਾਉਂਦੇ ਨਹੀਂ ਥਕਦੇ। 'ਖਜ਼ੀਨਾਤੁੱਲ ਅਸਫ਼ੀਆ' 'ਚ ਦਰਜ ਹੈ ਕਿ ਦੁੱਲੇ ਨੂੰ ਅਕਬਰ ਬਾਦਸ਼ਾਹ ਨੇ ਲਾਹੌਰ 'ਚ ਫਾਹੇ ਲਾਇਆ ਸੀ। ਲੋਕਾਂ ਨੇ ਦੁੱਲੇ ਦੀ ਫਾਂਸੀ ਨੂੰ ਸ਼ਹਾਦਤ ਦਾ ਰੁਤਬਾ ਦਿੱਤਾ ਸੀ ਅਤੇ ਦੁੱਲੇ ਦੀ ਦੰਦ ਕਥਾ ਸ਼ੁਰੂ ਹੋਈ। 

ਉਸ ਦੀ ਨਾਬਰੀ ਕਿੱਸੇ, ਕਹਾਣੀਆਂ ਅਤੇ ਇਕਾਂਗੀਆਂ 'ਚ ਨਸ਼ਰ ਹੋਣ ਲੱਗੀ। ਕਿਸ਼ਨ ਸਿੰਘ ਆਰਿਫ਼, ਬਲਵੰਤ ਗਾਰਗੀ ਅਤੇ ਨਜ ਹੁਸੈਨ ਸੱਯਦ ਨੇ ਦੁੱਲੇ ਨੂੰ ਪੰਜਾਬੂ ਸਾਹਿਤ ਵਿੱਚ ਅਮਰ ਕਰ ਦਿੱਤਾ। ਦੁੱਲਾ ਮਹਿਜ ਲੋਕਾਂ ਦੀ ਕਲਪਨਾ ਜਾਂ ਸਿਰਜਣਾ ਹੀ ਨਹੀਂ, ਉਹ ਇਤਿਹਾਸ ਵਿੱਚ ਵਿਚਰਦਾ ਇੱਕ ਨਾਬਰ ਸੀ। ਜਿਸ ਨੇ ਪੰਜਾਬ ਦੇ ਨਾਬਰ ਸੱਭਿਆਚਾਰ ਨੂੰ ਹੋਰ ਲਿਸ਼ਕਾਇਆ। 

Lohri

ਦੁੱਲਾ ਭੱਟੀ ਦੇ ਵਡੇਰਿਆਂ ਦਾ ਪਿਛੋਕੜ- ਦੁੱਲੇ ਨੇ ਮੁਗ਼ਲ ਸਰਕਾਰ ਦੀ ਸਰਦਾਰੀ ਨੂੰ ਵੰਗਾਰਿਆ। ਉਸ ਦਾ ਪਿੰਡ ਲਾਹੌਰ ਤੋਂ 12 ਕੋਹ ਦੂਰ ਕਾਬਲ ਵੱਲ ਨੂੰ ਜਾਂਦੀ ਜਰਨੈਲੀ ਸੜਕ 'ਤੇ ਪੈਂਦਾ ਸੀ। ਦੁੱਲੇ ਦਾ ਦਾਦਾ ਸੰਦਲ ਭੱਟੀ ਅਤੇ ਪਿਉ ਫ਼ਰੀਦ ਖ਼ਾਨ ਭੱਟੀ ਵੀ ਨਾਬਰ ਸਨ। ਉਨ੍ਹਾਂ ਨੇ ਅਕਬਰ ਬਾਦਸ਼ਾਹ ਦੀ ਜਬਰੀ ਭੂਮੀ ਲਗਾਨ ਨੀਤੀ ਦਾ ਵਿਰੋਧ ਕੀਤਾ ਸੀ। ਅਖ਼ੀਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਸ਼ਹਿਰ ਲਿਆਂਦਾ ਗਿਆ।

ਉਨ੍ਹਾਂ ਦੇ ਸਿਰ ਵੱਢ ਦਿੱਤੇ ਗਏ। ਉਨ੍ਹਾਂ ਦੀਆਂ ਖੱਲ੍ਹਾਂ ਵਿੱਚ ਫੂਸ ਭਰ ਕੇ ਲਾਹੌਰ ਸ਼ਹਿਰ ਦੇ ਮੁੱਖ ਦਰਵਾਜ਼ਿਆਂ 'ਤੇ ਟੰਗ ਦਿੱਤੇ ਗਏ। ਮੁਗ਼ਲ ਸਮਰਾਜ ਦੀ ਬਾਗਡੋਰ ਸੋਲ੍ਹਵੀ ਸਦੀ ਦੇ ਅੱਧ 'ਚ ਅਕਬਰ ਨੇ ਸੰਭਾਲੀ। ਉਸ ਨੇ ਕਈ ਪਰਗਨਿਆਂ ਨੂੰ ਲਗਾਨ ਹਲਕਿਆਂ ਵਿੱਚ ਤਬਦੀਲ ਕਰ ਦਿੱਤਾ। ਹਰ ਇੱਕ ਫਸਲ 'ਤੇ ਲੱਗਣ ਵਾਲੇ ਲਗਾਨ ਦੀ ਮਿਆਰੀ ਦਰ ਮੁਕੱਰਰ ਕਰ ਦਿੱਤੀ ਸੀ। ਹਰ ਇੱਕ ਕਸ਼ਤਕਾਰ ਤੋਂ ਸਟੇਟ ਦੇ ਹਿੱਸੇ ਦਾ ਲਗਾਨ ਨਗਦੀ ਦੀ ਸ਼ਕਲ ਵਿੱਚ ਵਸੂਲਿਆਂ ਜਾਣ ਲੱਗਿਆ।ਸਟੇਟ ਨੂੰ ਲਗਾਨ ਅਦਾ ਕਰਨ ਦੀ ਜ਼ਿੰਮੇਵਾਰੀ ਇਲਾਕੇ ਦੇ ਜ਼ਿਮੀਂਦਾਰ ਦੀ ਸੀ। ਜ਼ਬਤੀ ਪ੍ਰਣਾਲੀ ਦੇ ਅਮਲ ਨੂੰ ਯਕੀਨੀ ਬਣਾਉਣ ਲਈ ਤਮਾਮ ਇਲਾਕਾਈ ਇਪ ਮੰਡਲਾਂ ਵਿੱਚ ਫ਼ੌਜਦਾਰਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਸੀ। ਸਟੇਟ ਦਾ ਇਹ ਗ਼ਲਬਾ ਤੇ ਦਬਦਬਾ ਮੁਕਾਮੀ ਜਾਂ ਲੋਕਲ ਪੱਧਰ ਦੀਆਂ ਸਿਆਸੀਆਂ ਤਾਕਤਾਂ/ਜ਼ਿਮੀਂਦਾਰਾਂ ਨੂੰ ਇੱਕ ਵੰਗਾਰ ਸੀ। ਸਟੇਟ ਦੇ ਖ਼ਿਲਾਫ਼ ਉਨ੍ਹਾਂ ਦਾ ਟਕਰਾਅ ਯਕੀਨੀ ਸੀ।

Dulla Bhatti

ਦੁੱਲਾ ਭੱਟੀ ਦੇ ਦਾਦਾ ਤੇ ਪਿਉ ਇਸੇ ਮੁਕਾਮੀ ਗ਼ਾਲਬ ਜਮਾਤ ਵਿਚੋਂ ਇੱਕ ਹਨ, ਜੋ ਸਟੇਟ ਨਾਲ ਟਾਕਰਾ ਲੈਂਦੇ ਹਨ ਅਤੇ ਬਾਦਸ਼ਾਹ ਅਕਬਰ ਦੇ ਹੱਥੋਂ ਮਾਰੇ ਜਾਂਦੇ ਹਨ। ਆਪਣੇ ਪਿਉ ਦੀ ਮੌਤ ਤੋਂ ਚਾਰ ਮਹੀਨੇ ਬਾਅਦ ਦੁੱਲਾ ਲੱਧੀ ਦੇ ਪੇਟੋਂ ਪੈਦਾ ਹੋਇਆ। ਲੱਧੀ ਨੂੰ ਇੱਕ ਖੜਕਾ ਸੀ ਕਿ ਦੁੱਲਾ ਆਪਣੇ ਪੁਰਖਿਆਂ ਵਾਂਗ ਨਾਬਰੀ ਦੇ ਪੈਂਡੇ ਨਾ ਤੁਰ ਪਵੇ ਅਤੇ ਆਪਣੇ ਪਿਉ ਦਾਦੇ ਦੀ ਮੌਤ ਦਾ ਬਦਲਾ ਲੈਣ ਦਾ ਮਨ ਨਾ ਬਣਾ ਲਵੇ। ਜਿਸ ਦਿਨ ਦੁੱਲਾ ਜੰਮਿਆ ਉਸੇ ਦਿਨ ਬਾਦਸ਼ਾਹ ਅਕਬਰ ਨੂੰ ਰੱਬ ਨੇ ਪੁੱਤਰ ਦੀ ਦਾਤ ਦਿੱਤੀ ਜਿਸ ਨੇ ਭਵਿੱਖ ਦਾ ਜਹਾਂਗੀਰ ਬਣ ਹਿੰਦੋਸਤਾਨ 'ਤੇ ਹਕੂਮਤ ਕਰਨੀ ਸੀ। ਅਕਬਰ ਨੂੰ ਇਲਮ ਸੀ ਕਿ ਭਵਿੱਖ ਵਿੱਚ ਕੀ ਹੋਣ ਵਾਲਾ ਹੈ। ਕਿਉ ਨਾ ਪਹਿਲਾਂ ਹੀ ਭੱਟੀਆਂ ਦੇ ਪੁੰਗਰਦੇ ਤੁਖ਼ਮ ਦੇ ਨਾਬਰ ਲਹੂ ਨੂੰ ਸ਼ਾਹੀ ਸਹੂਲਤਾਂ ਨਾਲ ਸਿੰਜ ਕੇ ਮੁੱਢੋਂ ਹੀ ਠੰਢਾ ਕਰ ਦਿੱਤਾ ਜਾਏ। ਬਾਦਸ਼ਾਹ ਨੇ ਆਪਣਾ ਜਾਲ ਸੁੱਟਿਆ।

ਲੱਧੀ ਲਈ ਉਸ ਦੇ ਗਿਰਾਂ ਵਿੱਚ ਸ਼ਾਹੀ ਮਹਿਲ ਉਸਾਰਿਆਂ ਜਿੱਥੇ ਸ਼ੇਖੂ ਤੇ ਦੁੱਲੇ ਦਾ ਪਾਲਣ ਪੋਸ਼ਣ ਹੋਣਾ ਸੀ। ਦੁੱਲੇ ਨੇ ਸ਼ੇਖੂ ਸੰਗ ਕੁਸ਼ਤੀ, ਤੀਰਅੰਦਾਜ਼ੀ ਤੇ ਘੋੜਸਵਾਰੀ ਸਭ ਕੁਝ ਸਿੱਖ ਲਿਆ। ਅਕਬਰ ਨੇ ਖ਼ੁਦ ਉਨ੍ਹਾਂ ਦੋਵਾਂ ਦੇ ਹੁਨਰਾਂ ਦਾ ਇਮਤਿਹਾਨ ਲਿਆ। ਉਸ ਨੂੰ ਸ਼ੇਖੂ ਦੇ ਮੁਕਾਬਲੇ ਦੁੱਲੇ ਦੀ ਹੁਸ਼ਿਆਰੀ 'ਤੇ ਈਰਖਾ ਹੋਈ ਤੇ ਲੱਧੀ ਦੇ ਪਾਲਣ ਪੋਸ਼ਣ 'ਤੇ ਸ਼ੱਕ ਵੀ। ਅਕਬਰ ਨੇ ਆਪਣੀ ਸ਼ਤਰੰਜ ਦੀ ਖੇਡ ਜਾਰੀ ਰੱਖੀ। ਹੁਣ ਦੁੱਲੇ ਦੇ 'ਪੁਸ਼ਤੈਨੀ' ਨਾਬਰ ਸੁਭਾਅ ਨੂੰ ਬਦਲਣ ਲਈ, ਉਸ ਦਾ ਮਦਰੱਸੇ ਵਿੱਚ ਦਾਖ਼ਲਾ ਕਰਵਾ ਕੇ ਉਸ ਨੂੰ 'ਤਹਿਜ਼ੀਬਯਾਫ਼ਤਾ ਇਨਸਾਨ' ਬਣਾਉਣਾ ਸੀ ਅਤੇ ਸ਼ਾਹੀ ਗ਼ਲਬੇ ਦੇ ਕਲਾਵੇ 'ਚ ਉਸ ਨੂੰ ਕੈਦ ਕਰਨਾ ਸੀ। ਨਾਬਰ ਦੁੱਲੇ ਨੂੰ ਕਿਸੇ ਵੀ ਕਿਸਮ ਦਾ ਗ਼ਲਬਾ ਪਸੰਦ ਨਹੀਂ ਸੀ ਜੋ ਬੰਦੇ ਨੂੰ ਗ਼ਾਲਬ ਜਮਾਤ ਦਾ ਇੱਕ ਮਹਿਜ਼ ਸੰਦ ਜਾਂ ਇਸ ਜਮਾਤ ਜਿਹਾ ਬਣਾ ਦੇਵੇ। ਬੁਨਿਆਦੀ ਲੜਾਈ 'ਸਭਿਆ' ਅਤੇ 'ਅਸਭਿਆ' ਵਿਚਕਾਰ ਨਹੀਂ ਸੀ, ਬਲਕਿ ਗ਼ਾਲਬ ਜਮਾਤ ਤੇ ਨਾਬਰ ਦਰਮਿਆਨ ਸੀ।

Lohri

ਮਦਰਸਾ ਤੇ ਕਾਜ਼ੀ ਤਾਂ ਗ਼ਾਲਬ ਇੰਤਜ਼ਾਮ ਦੇ ਮੋਹਰੇ ਸਨ। ਦੁੱਲਾ ਇਨ੍ਹਾਂ ਮੋਹਰਿਆਂ ਦੀਆਂ ਰਮਜ਼ਾਂ ਨੂੰ ਸਮਝਦਾ ਸੀ। ਉਹ ਅੱਗਿਉਂ ਇਨ੍ਹਾਂ ਦਾ ਮੋਹਰਾ ਨਹੀਂ ਬਣ ਸਕਦਾ ਸੀ। ਮਦਰੱਸਾ ਛੱਡਣ ਤੋਂ ਬਾਅਦ ਦੁੱਲੇ ਨੇ ਆਪਣੇ ਪਿੰਡ ਦੇ ਤਰਖਾਣ ਤੋਂ ਗੁਲੇਲ ਬਣਵਾਈ, ਜੋ ਉਸ ਦਾ 'ਪਹਿਲਾ ਹਥਿਆਰ' ਸੀ। ਜਿਸ ਰੰਗ ਨਾਬਰ ਦੁੱਲਾ ਲੜਿਆ ਉਸੇ ਹੀ ਰੰਗ ਉਹ ਸੂਲੀ ਚੜ੍ਹਦਾ ਹੈ। ਅਖ਼ੀਰਲੇ ਦਮ ਤਕ ਉਸ ਦੇ ਹੌਂਸਲੇ ਦਾ ਰੰਹ ਰੱਡ-ਰਾਂਗਲਾ ਹੀ ਰਹਿੰਦਾ ਹੈ। ਸੂਲੀ ਤਾਂ ਉਸ ਦੀ ਲੜਾਈ ਦਾ ਇੱਕ ਮੋਰਚਾ ਹੈ ਜੋ ਮੁਗ਼ਲ ਸਲਤਨਤ ਦੇ ਖ਼ਿਲਾਫ਼ ਦੁੱਲੇ ਦੇ ਪੁਰਖਿਆਂ ਦੇ ਵਕਤਾਂ ਤੋਂ ਲੱਗਿਆ ਹੋਇਆ ਹੈ। ਇਸ ਵਾਰ ਮੋਰਚੇ ਦਾ ਮੁਹਰੈਲ ਦੁੱਲਾ ਹੈ। ਦੁੱਲਾ ਲੋਕ ਮਨਾਂ ਵਿੱਚ ਵਸਿਆ ਹੋਇਆ ਹੈ। ਉਹ ਨਿਤਾਣਿਆਂ ਤੇ ਗ਼ਰੀਬਾਂ ਦੇ ਮਦਦਗਾਰ ਦਾ ਪ੍ਰਤੀਕ ਹੈ। ਉਸ ਨੇ ਨਾਬਰ ਲੋਕ ਸਾਹਿਤ 'ਚ ਆਪਣੀ ਥਾਂ ਮੱਲੀ ਹੋਈ ਹੈ।

"ਸੁੰਦਰ-ਮੁੰਦਰੀਏ, ਹੋ, ਤੇਰਾ ਕੌਣ ਵਿਚਾਰਾਂ, ਹੋ, ਦੁੱਲਾ ਭੱਟੀ ਵਾਲਾ, ਹੋ, ਦੁੱਲੇ ਧੀ ਵਿਆਹੀ, ਹੋ, ਸੇਰ ਸ਼ੱਕਰ ਪਾਈ, ਹੋ, ਕੁੜੀ ਦੇ ਬੋਝੇ ਪਾਈ, ਹੋ, ਕੁੜੀ ਦਾ ਲਾਲ ਪਟਾਕਾ, ਹੋ, ਕੁੜੀ ਦਾ ਸਾਲੂ ਪਾਟਾ, ਹੋ, ਸਾਲੂ ਕੌਣ ਸਮੇਟੇ, ਹੋ, ਚਾਚਾ ਗਾਲੀ ਦੇਸੇ, ਹੋ, ਚਾਚੀ ਚੂਰੀ ਕੁੱਟੀ, ਹੋ, ਜ਼ਿਮੀਂਦਾਰਾਂ ਲੁੱਟੀ, ਹੋ, ਜ਼ਿਮੀਂਦਾਰਾਂ ਸਦਾਏ, ਹੋ, ਗਿਣ ਗਿਣ ਪੌਲੇ ਲਾਏ, ਹੋ।"