ਪੰਜਾਬ ਤੋਂ ਪਟਨਾ ਸਾਹਿਬ ਅਤੇ ਨੰਦੇੜ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਛੁਟੀਆਂ ਹੋਣ ਤੋਂ ਪਹਿਲਾਂ ਹੀ ਘੁੰਮਣ ਦੀਆਂ ਸਲਾਹਾਂ ਬਣਨ ਲਗ ਜਾਂਦੀਆਂ ਹਨ। ਅਸੀ ਕਦੇ ਪਹਾੜਾਂ ਵਲ, ਕਦੇ ਸਮੁੰਦਰੀ ਇਲਾਕੇ ਵਲ ਜਾਣ ਦੀ ਸਲਾਹ ਬਣਾ ਰਹੇ ਸੀ

Patna Sahib

ਛੁਟੀਆਂ ਹੋਣ ਤੋਂ ਪਹਿਲਾਂ ਹੀ ਘੁੰਮਣ ਦੀਆਂ ਸਲਾਹਾਂ ਬਣਨ ਲਗ ਜਾਂਦੀਆਂ ਹਨ। ਅਸੀ ਕਦੇ ਪਹਾੜਾਂ ਵਲ, ਕਦੇ ਸਮੁੰਦਰੀ ਇਲਾਕੇ ਵਲ ਜਾਣ ਦੀ ਸਲਾਹ ਬਣਾ ਰਹੇ ਸੀ, ਪਰ ਕਿਸੇ ਇਕ ਥਾਂ ਦਾ ਨਿਸ਼ਚਾ ਨਹੀਂ ਕਰ ਪਾ ਰਹੇ ਸੀ। ਸ਼ਾਮ ਦੀ ਚਾਹ ਪੀਂਦਿਆਂ ਮੇਰੇ ਪਤੀ ਕਹਿਣ ਲੱਗੇ ਕਿ ਇਸ ਵਾਰ ਆਪਾਂ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਅਪਣੀ ਕਾਰ ਤੇ ਚਲੀਏ।

ਪਹਿਲਾਂ ਤਾਂ ਇਹ ਗੱਲ ਮਜ਼ਾਕ ਲੱਗੀ ਕਿਉਂਕਿ ਪੰਜਾਬ ਤੋਂ ਇਹ ਸਾਰਾ ਸਫ਼ਰ ਕੋਈ ਪੰਜ ਹਜ਼ਾਰ ਕਿਲੋਮੀਟਰ ਤੋਂ ਵੀ ਵੱਧ ਬਣ ਜਾਂਦਾ ਹੈ। ਪਰ ਇਹ ਸੱਚਮੁਚ ਹੀ ਜਾਣ ਲਈ ਤਿਆਰ ਸਨ। ਇਸ ਸਫ਼ਰ ਲਈ ਸਾਰਿਆਂ ਅੰਦਰ ਉਤਸ਼ਾਹ ਸੀ। ਕੁਝ ਦਿਨਾਂ ਵਿਚ ਹੀ ਅਸੀ ਅਪਣੀ ਪੂਰੀ ਤਿਆਰੀ ਕਰ ਲਈ। ਘਰੋਂ ਚਲਣ ਲਗਿਆਂ ਜਾਣ-ਪਛਾਣ ਵਾਲਿਆਂ ਨੇ ਬਿਹਾਰ ਸੜਕ ਰਾਹੀਂ ਇਕੱਲੇ ਜਾਣ ਤੋਂ ਵਰਜਿਆ, ਕਿ ਉਸ ਇਲਾਕੇ ਦੇ ਹਾਲਾਤ ਖ਼ਰਾਬ ਹੀ ਰਹਿੰਦੇ ਹਨ, ਪਰ ਅਸੀ ਪੂਰੀ ਤਰ੍ਹਾਂ ਜਾਣ ਦਾ ਨਿਸ਼ਚਾ ਕਰ ਚੁੱਕੇ ਸੀ।

ਪੰਜਾਬ, ਹਰਿਆਣੇ ਦੇ ਹਾਲਾਤ ਵੀ ਕੁੱਝ ਖ਼ਰਾਬ ਸਨ, ਇਸ ਲਈ ਅਸੀ ਉੱਤਰਾਖੰਡ ਵਲੋਂ ਅਪਣੀ ਯਾਤਰਾ ਸ਼ੁਰੂ ਕੀਤੀ। ਰਸਤੇ ਵਿਚ ਪਹਿਲਾਂ ਪਾਉਂਟਾ ਸਾਹਿਬ ਮੱਥਾ ਟੇਕਿਆ ਫਿਰ ਹਰਿਦੁਆਰ, ਉਸ ਤੋਂ ਬਾਅਦ ਕਾਸ਼ੀਪੁਰ ਪਹੁੰਚੇ। ਇਸ ਤੋਂ ਅੱਗੇ ਜਿਮ ਕੋਰਬੈਟ ਨੈਸ਼ਨਲ ਪਾਰਕ ਨੇੜੇ ਬੜੇ ਹੀ ਹਰਿਆਲੀ ਭਰੇ ਮਾਹੌਲ ਵਿਚ ਰਾਤ ਠਹਿਰੇ। ਜੇਕਰ ਕੋਈ ਜਿਮ ਕੋਰਬੈਟ ਜਾਣ ਦਾ ਇਛੁਕ ਹੋਵੇ ਤਾਂ ਤਿੰਨ-ਚਾਰ ਮਹੀਨੇ ਪਹਿਲਾਂ ਬੁਕਿੰਗ ਕਰਵਾਉਣੀ ਪੈਂਦੀ ਹੈ।

ਜਿਸ ਹੋਟਲ ਅਸੀ ਠਹਿਰੇ ਸ਼ਾਮ ਨੂੰ ਸੱਤ ਕੁ ਵਜੇ ਇਕ ਕਰਮਚਾਰੀ ਕਹਿਣ ਲਗਾ ਜੇਕਰ ਤੁਸੀ ਨਾਈਟ ਸਫ਼ਾਰੀ ਦੇ ਇਛੁਕ ਹੋ ਤਾਂ ਮੈਂ ਤੁਹਾਡੇ ਲਈ ਉਸ ਦਾ ਪ੍ਰਬੰਧ ਕਰ ਸਕਦਾ ਹਾਂ। ਅੱਠ ਕੁ ਵਜੇ ਅਸੀ ਇਕ ਖੁਲ੍ਹੀ ਜਿਪਸੀ ਵਿਚ ਬਾਹਰੀ ਜੰਗਲੀ ਹਿੱਸੇ ਵਿਚ ਚਲੇ ਗਏ। ਦਸ ਕੁ ਕਿਲੋਮੀਟਰ ਅੱਗੇ ਜੰਗਲ ਵਧਦਾ ਜਾ ਰਿਹਾ ਸੀ। ਥੋੜ੍ਹੀ ਦੂਰੀ ਤੇ ਇਕ ਬਹੁਤ ਖੁਲ੍ਹੀ ਜਗ੍ਹਾ ਸੀ, ਜਿਥੇ ਹੋਰ ਵੀ ਬਹੁਤ ਸਾਰੀਆਂ ਜੀਪਾਂ, ਕਾਰਾਂ ਖੜੀਆਂ ਸਨ।

ਸਾਰਿਆਂ ਨੇ ਅਪਣੀਆਂ ਗੱਡੀਆਂ ਦੀਆਂ ਲਾਈਟਾਂ ਬੰਦ ਕੀਤੀਆਂ ਹੋਈਆਂ ਸਨ, ਕਿਉਂਕਿ ਬਿਲਕੁਲ ਸਾਹਮਣੇ ਹਿਰਨਾਂ ਦਾ ਝੁੰਡ ਬੈਠਾ ਸੀ। ਛੋਟੇ-ਛੋਟੇ ਹਿਰਨ ਆਸਪਾਸ ਸ਼ਰਾਰਤਾਂ ਕਰਦੇ ਨਜ਼ਰ ਆ ਰਹੇ ਸਨ। ਘੋਰ ਹਨੇਰੀ ਰਾਤ ਅਤੇ ਜੁਗਨੂੰਆਂ ਦੀ ਟਿਮਟਿਮਾਹਟ ਅਤੇ ਹਿਰਨਾਂ ਦੀਆਂ ਚਮਕੀਆਂ ਅੱਖਾਂ ਨਾਲ ਸਾਰਾ ਵਾਤਾਵਰਣ ਰਹੱਸਮਈ ਹੋ ਰਿਹਾ ਸੀ। ਸ਼ਾਇਦ ਏਨੇ ਜੁਗਨੂੰ ਪਹਿਲੀ ਵਾਰ ਵੇਖ ਰਹੇ ਸੀ। ਦੂਰੋਂ ਸ਼ੇਰਾਂ ਦੇ ਦਹਾੜਨ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ। ਕੁੱਝ ਸਮੇਂ ਬਾਅਦ ਅਸੀ ਹੋਟਲ ਵਾਪਸੀ ਕੀਤੀ।

ਅਗਲੀ ਸਵੇਰ ਤਿਆਰ ਹੋਏ ਤੇ ਬਾਹਰ ਮੁਖ ਸੜਕ ਪਹੁੰਚ ਕੇ ਵੇਖਿਆ ਕਿ ਉਸ ਸੜਕ ਤੇ ਬਹੁਤ ਸਾਰੇ ਲੋਕ ਹਾਥੀ ਦੀ ਸਵਾਰੀ ਕਰ ਰਹੇ ਸਨ। ਅਸੀ ਅਪਣੀ ਅਗਲੀ ਯਾਤਰਾ ਸ਼ੁਰੂ ਕੀਤੀ। ਇਨ੍ਹਾਂ ਇਲਾਕਿਆਂ ਵਿਚ ਨੀਲ ਗਾਂ ਆਮ ਵਿਖਾਈ ਦਿੰਦੀ ਹੈ। ਸਾਡੀ ਕਾਰ ਨਾਲ ਜੰਗਲ ਤੋਂ ਭਜਦੀ ਨੀਲ ਗਾਂ ਨਾਲ ਟਕਰਾ ਗਈ। ਉਹ ਸ਼ਾਇਦ ਡਰੀ ਹੋਈ ਸੀ ਅਤੇ ਡਰਦੀ ਅੱਗੇ ਭੱਜ ਗਈ। ਅਸੀ ਏਨੀ ਨੇੜਿਉਂ ਉਸ ਨੂੰ ਵੇਖ ਕੇ ਖ਼ੁਸ਼ ਹੋ ਰਹੇ ਸੀ। ਰਸਤੇ ਵਿਚ ਰਾਮਪੁਰ, ਬਰੇਲੀ, ਸ਼ਾਹਜਹਾਂਪੁਰ ਅਤੇ ਸ਼ਾਮ ਨੂੰ ਸੀਤਾਪੁਰ ਪਹੁੰਚੇ। ਸੀਤਾਪੁਰ ਤੋਂ ਅੱਗੇ ਲਖਨਊ ਦੀ ਸੜਕ ਕਾਫ਼ੀ ਚੌੜੀ ਹੋ ਗਈ ਸੀ। ਆਸਪਾਸ ਕਾਫ਼ੀ ਹਰਿਆਵਲ ਵਿਖਾਈ ਦੇ ਰਹੀ ਸੀ।

ਰਾਤ ਵੇਲੇ ਅਸੀ ਲਖਨਊ ਪਹੁੰਚੇ। ਉਸ ਸਮੇਂ ਲਖਨਊ ਦੇ ਬਜ਼ਾਰਾਂ ਵਿਚ ਬਹੁਤ ਰੌਣਕ ਸੀ। ਮੁੱਖ ਬਜ਼ਾਰ ਦੀ ਸੁੰਦਰਤਾ ਵੇਖਣਯੋਗ ਸੀ। ਖ਼ੂਸਸੂਰਤ ਰੰਗ-ਬਰੰਗੀਆਂ ਲਾਈਟਾਂ ਨਾਲ ਹਰ ਪਾਸੇ ਮਾਹੌਲ ਖ਼ੁਸ਼ਨੁਮਾ ਲੱਗ ਰਿਹਾ ਸੀ। ਜਿਵੇਂ ਪੰਜਾਬ ਵਿਚ ਆਲੂ ਦੇ ਪਰਾਂਠੇ ਹਰ ਥਾਂ ਮਿਲਦੇ ਹਨ, ਉਸੇ ਤਰ੍ਹਾਂ ਲਖਨਊ ਵਿਚ ਕਬਾਬ ਪਰਾਂਠਾ, ਸੀਖ ਕਬਾਬ, ਬਿਰਿਆਨੀ ਥਾਂ ਥਾਂ ਮਿਲਦੇ ਹਨ।

ਇਥੇ ਰਾਤ ਠਹਿਰੇ ਅਤੇ ਅਗਲੀ ਸਵੇਰ ਇਥੋਂ ਜਲਦੀ ਚਲ ਪਏ। ਪਹਿਲਾਂ ਰਾਏਬਰੇਲੀ ਅਤੇ ਅੱਗੋਂ ਅਲਾਹਾਬਾਦ ਤੋਂ ਕੋਈ ਦਸ ਕਿਲੋਮੀਟਰ ਪਹਿਲਾਂ ਹੀ ਬਾਈਪਾਸ ਜੋ ਕਿ ਨੈਸ਼ਨਲ ਹਾਈਵੇ ਤੇ ਚੜ੍ਹਦੀ ਹੈ, ਉਸ ਰਾਹ ਤੇ ਪੈ ਗਏ। ਇਸ ਸੜਕ ਦੀ ਹਾਲਤ ਬਹੁਤ ਵਧੀਆ ਸੀ। ਕਈ ਕਿਲੋਮੀਟਰ ਸਫ਼ਰ ਕਰਨ ਤੋਂ ਬਾਅਦ ਵੀ ਥਕਾਵਟ ਮਹਿਸੂਸ ਨਹੀਂ ਹੋਈ। ਸੜਕ ਦੇ ਆਸਪਾਸ ਖ਼ੂਬਸੂਰਤ ਅਤੇ ਮਨਮੋਹਕ ਨਜ਼ਾਰੇ ਵੇਖਦਿਆਂ ਦੁਪਹਿਰ ਤਕ ਅਸੀ ਵਾਰਾਣਸੀ ਪਹੁੰਚ ਗਏ।

ਵਾਰਾਣਸੀ ਧਾਰਮਿਕ ਅਤੇ ਇਤਿਹਾਸਕ ਪੱਖੋਂ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ, ਕਿਉਂਕਿ ਇਹ ਭਾਰਤ ਦੇ ਪ੍ਰਾਚੀਨ ਪਵਿਤਰ ਸ਼ਹਿਰਾਂ ਵਿਚੋਂ ਇਕ ਹੈ। ਇਸ ਸ਼ਹਿਰ ਵਿਚ ਗੰਗਾ ਦਾ ਵਾਸ ਹੋਣ ਕਾਰਨ ਵੀ ਇਸ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਸ਼ਹਿਰ ਵੜਦਿਆਂ ਸਾਰ ਵੇਖ ਕੇ ਹੈਰਾਨੀ ਹੋਈ ਕਿ ਹੁਣ ਤਕ ਵੀ ਇਥੋਂ ਦੀਆਂ ਸੜਕਾਂ ਬਹੁਤ ਚੌੜੀਆਂ ਪੁਰਾਣੀਆਂ ਲਾਲ ਇਟਾਂ ਦੀਆਂ ਬਣੀਆਂ ਹਨ।

ਕਿਸੇ ਕਿਸੇ ਥਾਂ ਲੁਕ ਵਾਲੀ ਪੱਕੀ ਸੜਕ ਬਣ ਰਹੀ ਸੀ। ਦੁਪਹਿਰ ਸਮੇਂ ਕਾਫ਼ੀ ਭੀੜ ਹੋਣ ਕਾਰਨ ਜਾਮ ਲਗਿਆ ਸੀ। ਵਾਰਾਣਸੀ ਪਾਰ ਕਰਨ ਲਗਿਆਂ ਕਾਫ਼ੀ ਸਮਾਂ ਲੱਗਾ। ਵਾਰਾਣਸੀ ਤੋਂ ਗਾਜ਼ੀਪੁਰ ਬਕਸਰ ਅਤੇ ਫਿਰ ਅਰਾਹ। ਬਕਸਰ ਤੇ ਪਟਨਾ ਦੇ ਰਸਤੇ ਵਿਚ ਕਈ ਛੋਟੇ ਛੋਟੇ ਪਿੰਡ, ਕਸਬੇ ਆਉਂਦੇ ਹਨ। ਇਕ ਮੁੱਖ ਸੜਕ ਤੇ ਜ਼ਰੂਰਤ ਤੋਂ ਕਿਤੇ ਜ਼ਿਆਦਾ ਹੀ ਸਪੀਡ ਬਰੇਕਰ ਬਣਾਏ ਹੋਏ ਸਨ।

ਸੋ ਕਈ ਕਿਲੋਮੀਟਰ ਤਕ ਉਛਲਦਿਆਂ ਉਛਲਦਿਆਂ ਹੀ ਸਫ਼ਰ ਤੈਅ ਕੀਤਾ। ਸੜਕ ਦੀ ਚੌੜਾਈ ਵੀ ਬਹੁਤ ਘੱਟ ਸੀ। ਇਨ੍ਹਾਂ ਇਲਾਕਿਆਂ ਵਿਚ ਹਰ ਪਿੰਡ, ਕਸਬੇ ਸੜਕ ਕਿਨਾਰੇ ਹਰੀਆਂ ਸਬਜ਼ੀਆਂ ਅਤੇ ਮੱਛੀ ਮਾਰਕੀਟ ਆਮ ਵੇਖਣ ਨੂੰ ਮਿਲੀ। ਬਿਹਾਰੀ ਲੋਕ ਹਰੀਆਂ ਸਬਜ਼ੀਆਂ ਦੀ ਖ਼ੂਬ ਵਰਤੋਂ ਕਰਦੇ ਹਨ। ਅਰਾਹ ਤੋਂ ਅੱਗੇ ਜਿਹੜੀ ਵੱਡੀ ਨਦੀ ਆਉਂਦੀ ਹੈ ਉਸ ਤੇ ਬਹੁਤ ਵਿਸ਼ਾਲ ਪੁਲ ਬਣਿਆ ਹੋਇਆ ਸੀ ਜਿਸ ਉਪਰੋਂ ਇਕ ਵਾਰ ਇਕ ਪਾਸੇ ਦੀਆਂ ਗੱਡੀਆਂ ਹੀ ਨਿਕਲ ਸਕਦੀਆਂ ਸਨ।

ਇਸੇ ਕਾਰਨ ਇਥੇ ਕਈ ਕਈ ਘੰਟੇ ਜਾਮ ਲੱਗੇ ਰਹਿੰਦੇ ਹਨ। ਅਸੀ ਵੀ ਇਸ ਜਾਮ ਵਿਚ ਫੱਸ ਗਏ ਅਤੇ ਅਪਣੀ ਵਾਰੀ ਦੀ ਉਡੀਕ ਕਰ ਰਹੇ ਸੀ। ਦੂਰੋਂ ਇਕ ਛੋਟਾ ਲੜਕਾ ਬਾਲਟੀ ਵਿਚ ਕੁੱਝ ਵੇਚਦਾ ਸਾਡੇ ਵਲ ਆਇਆ। ਉਸ ਦੀ ਬਾਲਟੀ ਵਿਚ 'ਪੁੰਗਰੇ ਛੋਲੇ' ਸਨ, ਜਿਸ ਨੂੰ ਉਹ 'ਅੰਕੁਰਿਤ ਚਨੇ' ਦਾ ਹੋਕਾ ਲਾ ਕੇ ਵੇਚ ਰਿਹਾ ਸੀ। ਉਸ ਤੋਂ ਕੁੱਝ ਪੁੰਗਰੇ ਛੋਲੇ ਲਏ ਅਤੇ ਥੋੜੀ ਦੇਰ ਬਾਅਦ ਸਾਡੀ ਨਦੀ ਪਾਰ ਕਰਨ ਦੀ ਵਾਰੀ ਆ ਗਈ। ਮਸਾਲੇਦਾਰ ਚਣੇ ਖਾਂਦਿਆਂ ਕੁੱਝ ਦੇਰ ਬਾਅਦ ਅਸੀ ਪਟਨਾ ਸ਼ਹਿਰ ਪਹੁੰਚ ਗਏ। ਇਸ ਇਲਾਕੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ, ਇਸ ਕਰਨ ਸਿੱਧੇ ਮੁੱਖ ਗੁਰਦਵਾਰੇ ਸ੍ਰੀ ਪਟਨਾ ਸਾਹਿਬ ਪਹੁੰਚੇ।

ਇਥੇ ਰਹਿਣ ਦਾ ਬਹੁਤ ਵਧੀਆ ਪ੍ਰਬੰਧ ਹੋ ਗਿਆ। ਕੁੱਝ ਘੰਟੇ ਅਰਾਮ ਕੀਤਾ ਅਤੇ ਫਿਰ ਸਵੇਰੇ ਤਿਆਰ ਹੋ ਕੇ ਤਖ਼ਤ ਸ੍ਰੀ ਪਟਨਾ ਸਾਹਿਬ ਮੱਥਾ ਟੇਕਣ ਚਲ ਪਏ। ਗੁਰਦਵਾਰੇ ਦੇ ਹਾਲ ਅੰਦਰ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਸੀ, ਉਸ ਥਾਂ ਤੋਂ ਖੱਬੇ ਪਾਸੇ ਮਾਤਾ ਗੁਜਰੀ ਜੀ ਦੀ ਖੂਹੀ ਸੁਸ਼ੋਭਿਤ ਹੈ, ਜਿਸ ਖੂਹੀ ਤੋਂ ਕਿਸੇ ਵੇਲੇ ਮਾਤਾ ਗੁਜਰੀ ਜੀ ਪਾਣੀ ਭਰਦੇ ਸਨ।

ਹੁਣ ਇਸ ਥਾਂ ਵਿਚੋਂ ਸਾਰੀਆਂ ਸੰਗਤਾਂ ਅੰਮ੍ਰਿਤ ਲੈਂਦੀਆਂ ਹਨ ਅਤੇ ਇਸ ਪਵਿੱਤਰ ਥਾਂ ਦੀ ਛੋਹ ਦਾ ਸੁਭਾਗ ਪ੍ਰਾਪਤ ਕਰਦੀਆਂ ਹਨ। ਥੋੜ੍ਹੀ ਦੇਰ ਬੈਠੇ ਕੀਰਤਨ ਸੁਣਿਆ ਅਤੇ ਫਿਰ ਅਪਣਾ ਪਿੰਨੀ ਪ੍ਰਸ਼ਾਦ ਲੈ ਕੇ ਲੰਗਰ ਹਾਲ ਵਲ ਚਲ ਪਏ। ਲੰਗਰ ਹਾਲ ਵਿਚ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਸੀ। ਇਥੇ ਗੁਰਦਵਾਰੇ ਦੀ ਚਾਰ ਦੀਵਾਰੀ ਦੇ ਅੰਦਰ ਹੀ ਕੁੱਝ ਦੁਕਾਨਾਂ ਬਣੀਆਂ ਹੋਈਆਂ ਸਨ, ਜਿਥੋਂ ਸੰਗਤਾਂ ਨਿਸ਼ਾਨੀ ਵਜੋਂ ਸਮਾਨ ਖ਼ਰੀਦਦੀਆਂ ਹਨ। ਇਸ ਮੁੱਖ ਗੁਰਦਵਾਰੇ ਮੱਥਾ ਟੇਕਣ ਤੋਂ ਬਾਅਦ ਬਾਕੀ ਗੁਰਦਵਾਰਿਆਂ ਦੇ ਦਰਸ਼ਨਾਂ ਲਈ ਚਲ ਪਏ।

ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਜਿੰਨੇ ਵੀ ਗੁਰਦਵਾਰੇ ਹਨ, ਸਾਰੇ ਇਸ ਮੁੱਖ ਗੁਰਦਵਾਰੇ ਦੇ ਨਾਲ ਹੀ ਹਨ। ਸੱਭ ਤੋਂ ਪਹਿਲਾਂ ਕੰਗਨ ਘਾਟ, ਜਿਸ ਥਾਂ ਗੁਰੂ ਗੋਬਿੰਦ ਸਿੰਘ ਜੀ ਨੇ ਸੋਨੇ ਦੇ ਕੰਗਨ ਗੰਗਾ ਵਿਚ ਸੁੱਟੇ ਸਨ। ਇਹ ਗੁਰਦਵਾਰਾ ਪਹਿਲਾਂ ਗੰਗਾ ਦੇ ਬਿਲਕੁਲ ਕਿਨਾਰੇ ਤੇ ਸੀ, ਹੁਣ ਗੰਗਾ ਕੋਈ 500 ਮੀਟਰ ਹੋਰ ਦੂਰ ਚਲੀ ਗਈ ਹੈ। ਕੰਗਨ ਘਾਟ ਗੁਰਦਵਾਰੇ ਨਾਲ ਲਗਦੀਆਂ ਪੌੜੀਆਂ ਗੰਗਾ ਦੇ ਪਾਣੀ ਦਾ ਸਬੂਤ ਦਿੰਦਆਂ ਹਨ, ਕਿ ਕਦੇ ਗੰਗਾ ਉਨ੍ਹਾਂ ਨੂੰ ਛੂਹ ਕੇ ਲੰਘਦੀ ਸੀ। ਹੁਣ ਪੱਧਰ ਕਾਫ਼ੀ ਘੱਟ ਗਿਆ ਹੈ।

ਅਸੀ ਪੈਦਲ ਹੀ ਰੇਤਲੇ ਇਲਾਕੇ ਤੋਂ ਹੋ ਕੇ ਗੰਗਾ ਤੱਟ ਤਕ ਗਏ। ਰਸਤੇ ਵਿਚ ਕਈ ਗ਼ਰੀਬ ਝੁੱਗੀਆਂ ਬਣਾ ਕੇ ਬਸਤੀਆਂ ਵਿਚ ਰਹਿ ਰਹੇ ਸਨ। ਉਥੇ ਅਜੇ ਵੀ ਗੰਗਾ ਦੀ ਸੈਰ ਲਈ ਪੁਰਾਣੀਆਂ ਲੱਕੜ ਦੀਆਂ ਵੱਡੀਆਂ ਕਿਸ਼ਤੀਆਂ ਮੋਟਰ ਨਾਲ ਚਲਦੀਆਂ ਹਨ। ਅਸੀ ਵੀ ਬੜੇ ਚਾਅ ਨਾਲ ਮੋਟਰ ਵਾਲੀ ਲੱਕੜ ਦੀ ਕਿਸ਼ਤੀ ਤੇ ਵਿਸ਼ਾਲ ਗੰਗਾ ਦੀ ਸੈਰ ਕੀਤੀ। ਬਹੁਤ ਹੀ ਦਿਲਕਸ਼ ਸੀ ਗੰਗਾ ਦੇ ਵਿਚਕਾਰ ਦਾ ਨਜ਼ਾਰਾ। ਇਸ ਸੈਰ ਨਾਲ ਫਿਰ ਤੋਂ ਤਰੋ ਤਾਜ਼ਾ ਮਹਿਸੂਸ ਕਰ ਰਹੇ ਸੀ। ਗੰਗਾ ਦੀ ਨਜ਼ਾਰੇਦਾਰ ਸੈਰ ਤੋਂ ਬਾਅਦ ਅਸੀ ਵਾਪਸ ਗੁਰਦੁਆਰੇ ਵਾਲੀ ਗਲੀ ਵਿਚ ਆ ਗਏ।

ਉਸ ਤੋਂ ਬਾਅਦ 'ਬਾਲ ਲੀਲਾ' ਗੁਰਦਵਾਰੇ 'ਚ ਮੱਥਾ ਟੇਕਣ ਪਹੁੰਚੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਇਲਾਕੇ ਵਿਚ ਅਪਣੀ ਬਾਲ ਅਵਸਥਾ ਵੇਲੇ ਖੇਡਾਂ ਖੇਡਦੇ ਰਹੇ ਹੋਣਗੇ। ਸਾਰੇ ਗੁਰਦਵਾਰੇ ਮੁੱਖ ਗੁਰਦਵਾਰੇ ਦੇ ਆਲੇ-ਦੁਆਲੇ ਹੀ ਸਥਿਤ ਹਨ। ਇਸ ਤੋਂ ਬਾਅਦ 'ਗੁਰੂ ਕਾ ਬਾਗ਼' ਗਏ ਤੇ ਫਿਰ ਸਾਰੇ ਹੀ ਗੁਰਦਵਾਰਿਆਂ ਦੇ ਦਰਸ਼ਨ ਕਰ ਲਏ। ਸਾਰੇ ਗੁਰਦਵਾਰਿਆਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਵਸਤਾਂ ਅਜੇ ਵੀ ਪੂਰੀ ਤਰ੍ਹਾਂ ਸ਼ਰਧਾ ਅਤੇ ਅਹਿਤਿਆਤ ਨਾਲ ਸੰਜੋ ਕੇ ਰਖੀਆਂ ਹਨ (ਜਿਵੇਂ ਗੁਰੂ ਜੀ ਦੇ ਬਚਪਨ ਦੇ ਜੁੱਤੀਆਂ ਦੇ ਜੋੜੇ, ਮਾਤਾ ਗੁਜਰੀ ਜੀ ਦੀ ਚੱਕੀ ਆਦਿ)।

ਸ਼ਾਮ ਤਕ ਪਟਨਾ ਸਾਹਿਬ ਘੁੰਮਦੇ ਰਹੇ ਅਤੇ ਗੁਰੂ ਜੀ ਦੀਆਂ ਬਚਪਨ ਦੀਆਂ ਸ਼ਰਾਰਤਾਂ, ਉਨ੍ਹਾਂ ਦੀਆਂ ਵਸਤਾਂ ਇਹ ਸੱਭ ਕੁਝ ਗੁਰੂ ਜੀ ਦੇ ਉਥੇ ਹੋਣ ਦਾ ਵਾਰ-ਵਾਰ ਅਹਿਸਾਸ ਕਰਵਾਉਂਦਆਂ ਰਹੀਆਂ। ਇਹ ਇਕ ਵਖਰੀ ਹੀ ਸੁਖਦ ਸ਼ਰਧਾਵਾਨ ਭਾਵਨਾ ਸੀ। ਘੁੰਮਦੇ ਘੁੰਮਦੇ ਸਾਰਿਆਂ ਨੂੰ ਜ਼ੋਰ ਦੀ ਭੁੱਖ ਲਗਣ ਲੱਗੀ। ਪਹਿਲਾਂ ਤਾਂ ਸੋਚਿਆ ਕਿ ਹੋਟਲ ਜਾ ਕੇ ਖਾਣਾ ਖਾਵਾਂਗੇ।

ਅਚਾਨਕ ਹੀ ਯਾਦ ਆਇਆ ਕਿਉਂ ਨਾ ਪਟਨਾ ਦੀਆਂ ਮਸ਼ਹੂਰ ਕਚੋਰੀਆਂ ਦਾ ਸੁਆਦ ਲਿਆ ਜਾਵੇ। ਬਿਹਾਰ ਦੀਆਂ ਕਰਾਰੀਆਂ ਕਚੌਰੀਆਂ, ਹਰੇ ਛੋਲੀਏ-ਆਲੂ ਦੀ ਸਬਜ਼ੀ ਅਤੇ ਨਾਲ ਤਿੱਖੀ ਚਟਪਟੀ ਚਟਣੀ, ਬਸ ਮਜ਼ਾ ਹੀ ਆ ਗਿਆ। ਸਚਮੁਚ ਹੀ ਲਾਜਵਾਬ ਸੁਆਦ ਸੀ। ਇਹ ਪੜ੍ਹਦੇ ਹੋਏ ਜੇਕਰ ਤੁਹਾਡੇ ਮੂੰਹ ਵਿਚ ਵੀ ਪਾਣੀ ਆ ਗਿਆ ਹੋਵੇ, ਫ਼ਿਕਰ ਨਾ ਕਰੋ ਜਦੋਂ ਵੀ ਪਟਨਾ ਗਏ ਜ਼ਰੂਰ ਇਸ ਦਾ ਲੁਤਫ਼ ਉਠਾ ਲੈਣਾ।  (ਚਲਦਾ)
ਸੰਪਰਕ : 85568-45266, ਅੰਦਲੀਬ ਕੌਰ