ਬਾਦਲ ਨੇ ਮੈਨੂੰ ਸਾਜਿਸ਼ ਦੇ ਤਹਿਤ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਹਟਾਇਆ-ਗਿਆਨੀ ਇਕਬਾਲ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅੰਮ੍ਰਿਤਸਰ : ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਸ਼ਾਜਿਸ਼ ਦੇ ਅਧੀਨ ਹਟਾਇਆ ਗਿਆ ਹੈ...

Giani Iqbal Singh

ਅੰਮ੍ਰਿਤਸਰ : ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਸ਼ਾਜਿਸ਼ ਦੇ ਅਧੀਨ ਹਟਾਇਆ ਗਿਆ ਹੈ ਤੇ ਇਸ ਸਾਜਿਸ਼ ਦਾ ਮੁਖ ਸ਼ਾਜਿਸ਼ ਕਰਤਾ ਪੰਜਾਬ ਦੇ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਨ। ਅੱਜ ਅੰਮ੍ਰਿਤਸਰ ਵਿਖੇ ਅਪਣੇ ਨਿਵਾਸ ਤੇ ਗੱਲ ਕਰਦਿਆਂ ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਜਿਸ ਦਿਨ ਤੋ ਉਨ੍ਹਾਂ ਬਾਦਲਾਂ ਦੀ ਗੱਲ ਮੰਨਣ ਤੋ ਇਨਕਾਰ ਕੀਤਾ ਉਸ ਦਿਨ ਤੋਂ ਹੀ ਉਨ੍ਹਾਂ ਦੇ ਖਿਲਾਫ਼ ਸ਼ਾਜਿਸ਼ਾਂ ਘੜਣੀਆਂ ਸ਼ੁਰੂ ਕਰ ਦਿਤੀਆਂ।

ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਮੌਕੇ ਬਾਦਲ ਪਿਓ ਪੁੱਤਰ ਚਾਹੁੰਦੇ ਸਨ ਕਿ ਸਾਰਾ ਸਮਾਗਮ ਬਾਦਲ ਪ੍ਰਵਾਰ ਦੀ ਦੇਖਰੇਖ ਵਿਚ ਹੋਵੇ। ਪ੍ਰਕਾਸ਼ ਸਿੰਘ ਬਾਦਲ ਨੇ 350 ਸਾਲਾ ਸਮਾਗਮਾਂ ਤੇ ਕਬਜਾ ਕਰਨ ਲਈ ਤਖ਼ਤ ਸਾਹਿਬ ਦੇ ਸਮਾਗਮਾਂ ਲਈ ਪੰਜਾਬ ਸਰਕਾਰ ਵਲੋ 100 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ 100 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬੋਰਡ ਦੇ ਪ੍ਰਧਾਨ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਸਨ ਨੇ ਵੀ ਐਲਾਨ ਕੀਤਾ ਸੀ ਕਿ ਸ਼੍ਰੋਮਣੀ ਕਮੇਟੀ ਤਖ਼ਤ ਸਾਹਿਬ ਨੂੰ 7 ਕਰੋੜ ਰੁਪਏ ਦੇਵੇਗੀ, ਕਿਉਂਕਿ ਉਹ ਤਖ਼ਤ ਸਾਹਿਬ ਦੀ ਸੇਵਾ ਨਿਭਾਅ ਰਹੇ ਸਨ ਉਨ੍ਹਾਂ ਇਸਨੂੰ ਮਨਜੂਰ ਨਹੀ ਕੀਤਾ।

ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਜਦ ਉਹ ਬਾਦਲਾਂ ਦੇ ਕਹੇ ਨਹੀ ਲਗੇ ਤਾਂ ਸ਼ਤਾਬਦੀ ਤੋ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ 100 ਕਰੋੜ ਵਾਲਾ ਵਾਅਦਾ ਪੂਰਾ ਕਰਨ ਤੋ ਇਨਕਾਰ ਕਰਦਿਆਂ ਸਿਰਫ਼ 7 ਕਰੋੜ ਰੁਪਏ ਪੰਜਾਬ ਭਵਨ ਦੀ ਉਸਾਰੀ ਲਈ ਭੇਜੇ। ਪ੍ਰਧਾਨ ਮੰਤਰੀ ਵਾਲਾ 100 ਕਰੋੜ ਵੀ ਜੁਮਲਾ ਸਾਬਤ ਹੋਇਆ ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 100 ਕਰੋੜ ਰੁਪਏ ਪੂਰੇ ਦੇਸ਼ ਵਿਚ ਮਨਾਏ ਜਾਣ ਵਾਲੇ ਸਮਾਗਮਾਂ ਲਈ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਦਾ 7 ਕਰੋੜ ਵੀ ਨਹੀ ਮਿਲ ਸਕਿਆ ਜਿਸ ਤੋਂ ਬਾਅਦ ਉਹ ਬਿਹਾਰ ਦੇ ਮੁਖ ਮੰਤਰੀ ਨਿਤੀਸ਼ ਕੁਮਾਰ ਕੋਲ ਗਏ ਤੇ ਉਨ੍ਹਾਂ ਨੂੰ ਪ੍ਰੇਰਣਾ ਦੇ ਕੇ ਸਾਰੇ ਸਮਾਗਮਾਂ ਲਈ ਸਰਕਾਰੀ ਖਰਚ ਕਰਵਾਇਆ। ਉਨ੍ਹਾਂ ਕਿਹਾ ਕਿ ਬਾਦਲ ਪ੍ਰਵਾਰ ਨੂੰ ਉਨ੍ਹਾਂ ਸ਼ਪਸ਼ਟ ਸੁਨੇਹਾ ਦੇ ਦਿਤਾ ਸੀ ਕਿ ਸਾਰੇ ਸਮਾਗਮਾਂ ਵਿਚ ਪਰਵਾਰ ਸਟੇਜ ਤੇ ਨਹੀ ਸੰਗਤ ਵਿਚ ਚਾਹੇ ਤਾਂ ਬੈਠ ਸਕਦਾ ਹੈ।

ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਉਨਾਂ ਵਿਸੇਸ਼ ਤੋਰ ਤੇ ਪੱਤਰ ਜਾਰੀ ਕਰਕੇ ਗਿਆਨੀ ਗੁਰਬਚਨ ਸਿੰਘ ਅਤੇ ਗਿਆਨੀ ਗੁਰਮੁਖ ਸਿੰਘ ਦੇ ਸਮਾਗਮਾਂ ਵਿਚ ਸ਼ਾਮਲ ਹੋਣ ਤੋ ਰੋਕ ਦਿਤਾ ਸੀ। ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਬਾਦਲ ਇਸ ਸਮਾਗਮ ਨੂੰ ਸਿਆਸੀ ਹਿਤਾਂ ਲਈ ਵਰਤਣਾ ਚਾਹੁੰਦੇ ਸਨ ਜੋ ਉਨ੍ਹਾਂ ਸਫਲ ਨਹੀ ਹੋਣ ਦਿਤਾ ਜਿਸ ਕਾਰਨ ਘੜੀ ਸ਼ਾਜ਼ਿਸ ਦੇ ਤਹਿਤ ਉਨ੍ਹਾਂ ਤੇ ਮਨਘੜਤ ਦੋਸ਼ ਲਗਾ ਕੇ ਉਨ੍ਹਾਂ ਨੂੰ ਹਟਾਇਆ ਗਿਆ ਹੈ। ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਜੇਕਰ ਅੱਜ ਜਥੇਦਾਰਾਂ ਦੀ ਮੀਟਿੰਗ ਦੌਰਾਨ ਸੁਖਬੀਰ ਸਿੰਘ ਬਾਦਲ, ਗਿਆਨੀ ਗੁਰਬਚਨ ਸਿੰਘ ਅਤੇ ਗਿਆਨੀ ਗੁਰਮੁਖ ਸਿੰਘ ਨੂੰ ਬੁਲਾਇਆ ਜਾਂਦਾ ਹੈ ਤਾਂ ਉਹ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਸੰਗਤਾਂ ਨੂੰ ਤਖ਼ਤਾਂ ਦੇ ਜਥੇਦਾਰਾਂ ਦੇ ਫੈਸਲਿਆਂ ਵਿਚ ਇਕ ਪਰਵਾਰ ਦੀ ਬੇਲੋੜੀ ਦਖ਼ਲ ਅੰਦਾਜੀ ਤੋ ਜਾਣੂ ਕਰਵਾਉਂਣਗੇ।