ਸ਼ਾਂਤ ਤੇ ਸਹਿਜ ਸੁਭਾਅ ਦੇ ਸਨ ਸ਼੍ਰੀ ਗੁਰੂ ਰਾਮਦਾਸ ਜੀ

ਏਜੰਸੀ

ਵਿਚਾਰ, ਵਿਸ਼ੇਸ਼ ਲੇਖ

ਸ਼ੈਲੀ ਦੀ ਰਵਾਨਗੀ ਦੀ ਇਕੋ ਇੱਕ ਖਾਸ਼ੀਅਤ ਸ਼ਬਦਾਂ ਦਾ ਦੁਹਰਾਉ ਕਹੀ ਜਾ ਸਕਦੀ ਹੈ

Gurdwara

ਗੁਰੂ ਰਾਮਦਾਸ ਜੀ ਦਾ ਜਨਮ 24 ਸਤੰਬਰ ਸੰਨ 1534 ਨੂੰ ਪਿਤਾ ਹਰੀਦਾਸ ਜੀ ਅਤੇ ਮਾਤਾ ਦਇਆ ਜੀ ਦੇ ਘਰ ਚੂਨਾ ਮੰਡੀ ਲਾਹੌਰ ਵਿਖੇ ਹੋਇਆ। ਆਪ ਜੀ ਦਾ ਪਹਿਲਾ ਨਾਮ ਭਾਈ ਜੇਠਾ ਜੀ ਸੀ। ਛੋਟੀ ਉਮਰ ਵਿੱਚ ਹੀ ਆਪ ਜੀ ਦੇ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ। ਸ਼੍ਰੀ ਗੁਰੂ ਰਾਮ ਦਾਸ ਜੀ ਨੂੰ ਉਹਨਾਂ ਦੀ ਨਾਨੀ ਜੀ ਆਪਣੇ ਨਾਲ ਪਿੰਡ ਬਾਸਰਕੇ ਲੈ ਆਏ। ਆਪ ਜੀ ਕੁੱਝ ਸਾਲ ਪਿੰਡ ਬਾਸਕਰੇ ਵਿੱਚ ਰਹੇ। ਜਦੋਂ ਗੁਰੂ ਅੰਗਦ ਦੇਵ ਜੀ ਦੇ ਹੁਕਮਾਂ ਨਾਲ ਗੁਰੂ ਅਮਰਦਾਸ ਜੀ ਨੇ ਭਾਈ ਗੋਂਦੇ ਦੀ ਬੇਨਤੀ ਤੇ ਗੋਵਿੰਦਵਾਲ ਸਾਹਿਬ ਨਗਰ ਵਸਾਇਆ ਤਾਂ ਬਾਸਰਕੇ ਪਿੰਡ ਦੇ ਕਾਫੀ ਪਰਿਵਾਰਾਂ ਨੂੰ ਗੋਇੰਦਵਾਲ ਸਾਹਿਬ ਵਿਖੇ ਲਿਆਂਦਾ ਗਿਆ।

ਇਹਨਾਂ ਵਿੱਚ ਭਾਈ ਜੇਠਾ ਜੀ ਵੀ ਉਹਨਾਂ ਦੀ ਨਾਨੀ ਜੀ ਦੇ ਨਾਲ ਗੋਵਿੰਦਵਾਲ ਸਾਹਿਬ ਆ ਗਏ। ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਬੀਬੀ ਭਾਣੀ ਜੀ ਦਾ ਵਿਹਾਅ ਜੇਠਾ ਜੀ ਨਾਲ ਕਰਵਾਇਆ। ਬਾਅਦ ਵਿੱਚ ਜੇਠਾ ਜੀ ਦਾ ਨਾਮ ਸ਼੍ਰੀ ਗੁਰੂ ਰਾਮਦਾਸ ਜੀ ਰੱਖਿਆ ਗਿਆ। ਆਪ ਜੀ ਨੇ ਗੁਰੂ ਅਮਰਦਾਸ ਦੀ ਸੇਵਾ ਹਮੇਸ਼ਾ ਇੱਕ ਸਿੱਖ ਦੀ ਤਰ੍ਹਾਂ ਕੀਤੀ। ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਕਹਿਣ ਤੇ ਆਪ ਜੀ ਨੇ ਨਗਰ ਵਸਾਇਆਂ ਜਿਸ ਦਾ ਨਾਮ ਗੁਰੂ ਕਾ ਚੱਕ ਸੀ। ਬਾਅਦ ਵਿੱਚ ਇਸ ਦਾ ਨਾਮ ਰਾਮਦਾਸਪੁਰ ਹੋ ਗਿਆ।

ਅੱਜ ਇਹ ਅੰਮ੍ਰਿਤਸਰ ਦੇ ਨਾਲ ਨਾਲ ਜਾਣਿਆ ਜਾਂਦਾ ਹੈ। ਇੱਕ ਸਤੰਬਰ 1574 ਇਸਵੀ ਵਿੱਚ ਆਪ ਜੀ ਨੇ ਗੁਰਗੱਦੀ ਦੀ ਸੇਵਾ ਸੰਭਾਲੀ। ਆਪ ਜੀ ਦੇ ਘਰ ਤਿੰਨ ਸਪੁੱਤਰਾਂ ਦਾ ਜਨਮ ਹੋਇਆ ਸੀ। ਬਾਬਾ ਪ੍ਰਿਥੀ ਚੰਦ, ਮਹਾਂਦੇਵ ਜੀ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ। ਗੁਰੂ ਰਾਮਦਾਸ ਰਚਿਤ ਬਾਣੀ ਵਿੱਚ ਗੁਰੂ ਤੇ ਪ੍ਰਭੂ ਲਈ ਅਥਾਂਹ ਸ਼ਰਧਾ ਅਤੇ ਪੇ੍ਰਮ ਹੈ। ਆਪ ਨੇ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿਚੋਂ 29 ਰਾਗਾਂ ਵਿੱਚ ਬਾਣੀ ਰਚੀ ਹੈ।

ਉਨ੍ਹਾਂ ਨੇ ਕੁਲ 56 ਦੁਪਦੇ, 2 ਪੰਚਪਦੇ, 2 ਛਿਪਦੇ, 12 ਪੜਤਾਲ ਦੁਪਦੇ, 38 ਛੰਦ। ਛੰਤਾਂ ਨਾਲ ਸੰਬੰਧਿਤ ਸਲੋਕ, ਇੱਕ ਪਹਿਰਾ, ਇੱਕ ਵਣਜਾਰਾ, 2 ਕਰਹਲੇ, 2 ਘੋੜੀਆਂ, 2 ਸੋਲਹੇ, 30 ਸਲੋਕ, ਵਾਰਾਂ ਤੇ ਵਧੀਕ, 105 ਵਾਰਾਂ ਨਾਲ ਸੰਬੰਧਿਤ ਸਲੋਕ ਅਤੇ 183 ਵਾਰਾਂ ਦੀਆਂ ਪਉੜੀਆਂ। ਗੁਰੂ ਰਾਮਦਾਸ ਜੀ ਦੀਆਂ ਪ੍ਰਮੁੱਖ ਬਾਣੀਆਂ ਵਿਚੋਂ ਵਾਰਾਂ, ਘੋੜੀਆਂ, ਲਾਵਾਂ, ਕਰਹਲੇ, ਮਾਰੂ ਸੌਲਹੇ, ਵਣਜਾਰਾ ਅਤੇ ਛਕੇ ਛੰਤ ਵਿਸ਼ੇਸ਼ ਤੌਰ ਤੇ ਵਰਣਨ ਯੋਗ ਹਨ।

ਗੁਰੂ ਰਾਮਦਾਸ ਜੀ ਦੀਆਂ ਪ੍ਰਮੁੱਖ ਰਚਨਾਵਾਂ ਬਾਰੇ ਵਿਸਤਰਿਤ ਵੇਰਵਾ ਤੇ ਵਿਸ਼ਲੇਸ਼ਣ ਹੇਠ ਦਰਜ ਹੈ। ਰਾਗ ਵਡਹੰਸ ਵਿਚ ਗੁਰੂ ਰਾਮਦਾਸ ਜੀ ਨੇ ਲੋਕ-ਕਾਵਿ ਰੂਪ ‘ਘੋੜੀਆਂ` ਵਿੱਚ ਵੀ ਬਾਣੀ ਦੀ ਰਚਨਾ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਪੰਨਾ ਨੰਬਰ 575 ਅਤੇ 576 ਵਿੱਚ ਦਰਜ ਇਸ ਬਾਣੀ ਦੇ ਪਿਛੋਕੜ ਬਾਰੇ ਵਿਚਾਰ ਕਰਨਾ ਆਵੱਸ਼ਕ ਹੈ। ਸਾਡੀ ਜਾਚੇ ‘ਘੋੜੀਆਂ` ਵਿਆਹ ਸਮੇਂ ਗਾਏ ਜਾਣ ਵਾਲੇ ਗੀਤਾਂ ਦਾ ਨਾਂ ਹੈ। ਜਦੋਂ ਲਾੜਾ ਸਜੀ ਹੋਈ ਘੋੜੀ ਤੇ ਚੜਦਾ ਹੈ।

ਉਸਨੂੰ ਘੋੜੀ ਚੜ੍ਹਨ ਦੀ ਰੀਤ ਕਹਿੰਦੇ ਹਨ। ਇਸ ਰੀਤ ਸਮੇਂ ਜਿਹੜੇ ਗੀਤ ਗਾਏ ਜਾਂਦੇ ਹਨ, ਉਨ੍ਹਾਂ ਨੂੰ ‘ਘੋੜੀਆਂ` ਕਹਿੰਦੇ ਹਨ। ਇਸ ਸੰਸਾਰੀ ਰੀਤ ਨੂੰ ਗੁਰੂ ਰਾਮਦਾਸ ਜੀ ਨੇ ਇੱਕ ਅਧਿਆਤਮਕ ਅਰਥ ਅਤੇ ਮੋੜ ਦਿੱਤਾ। ਅਰਥਾਤ ਸਰੀਰ ਇੱਕ ਸੁੰਦਰ ਘੋੜੀ ਦੀ ਨਿਆਈਂ ਹੈ, ਜਿਸ ਤੇ ਚੜ੍ਹ ਕੇ ਪਰਮਾਤਮਾ ਤੱਕ ਪਹੁੰਚਣਾ ਹੈ। ਨਾਮ ਰੂਪੀ ਜੀਨ ਪਾ ਕੇ, ਗਿਆਨ ਰੂਪੀ ਕੰਡਿਆਰਾ ਪਾ ਕੇ ਅਤੇ ਪ੍ਰਭੂ-ਪ੍ਰੇਭ ਰੂਪੀ ਚਾਬਕ ਮਾਰ ਕੇ ਨਾਮ ਦ੍ਰਿੜ ਕਰਨ ਦੀ ਰੀਤ ਦਰਸਾਈ ਹੈ।

ਅਜਿਹੀ ਘੋੜੀ ਦੀ ਸਵਾਰੀ ਛੇਤੀ ਹੀ ਅਕਾਲਪੁਰਖ ਨਾਲ ਮੇਲ ਕਰਵਾ ਦਿੰਦੀ ਹੈ। ਕਰਹਲੇ ਸਿਰਲੇਖ ਹੇਠਾਂ ਦੋ ਸ਼ਬਦ ਰਾਗੁ ਗਉੜੀ ਪੂਰਬੀ ਵਿੱਚ ਮਿਲਦੇ ਹਨ। ਕਰਹਲੇ ਦਾ ਭਾਵ ਹੋਲਾ ਕਰਨਾ ਜਾਂ ਹੱਲਾ ਸ਼ੇਰੀ ਦੇਣੀ ਵੀ ਲਿਆ ਜਾਂਦਾ ਹੈ। ਉਂਝ ‘ਕਰਹਲਾ` ਊਠ ਨੂੰ ਕਹਿੰਦੇ ਹਨ ਇਥੇ ਕਰਹਲ ਤੋਂ ਭਟਕਦੇ ਜੀਵ ਵਲ ਵੀ ਇਸ਼ਾਰਾ ਹੋ ਸਕਦਾ ਹੈ। ਕਰਹਲੇ ਦੇ ਦੋਹਾਂ ਸ਼ਬਦਾਂ ਵਿੱਚ ਸਤਿਗੁਰੂ ਦੀ ਸ਼ਰਨੀ ਜਾਣ ਦਾ ਉਪਦੇਸ਼ ਦਿੱਤਾ ਗਿਆ ਹੈ ਜਿਥੇ ਭਟਕਣ ਖ਼ਤਮ ਹੋ ਜਾਂਦੀ ਹੈ।

ਕਰਹਲੇ ਮਨ ਪ੍ਰਦੇਸੀਆ ਕਿਉ ਮਿਲੀਐ ਹਰਿ ਮਾਏ|
             ਗੁਰੂ ਭਾਗਿ ਪੂਰੈ ਪਾਇਆ, ਗਲਿ ਮਿਲਿਆ ਪਿਆਰਾ ਭਾਇ
             ਮਨ ਕਰਹਲਾ ਸਤਿਗੁਰੂ ਪੁਰਖੁ ਧਿਆਇ| (ਗਉੜੀ ਪੂਰਬੀ ਮਹਲਾ ਚੌਥਾ)

 ਛਕੇ ਛੰਤ ਛੇ ਛੰਤਾਂ ਨੂੰ ਦਿੱਤਾ ਗਿਆ ਨਾਂ ਹੈ। ਆਸਾ ਰਾਗ ਵਿੱਚ ਗੁਰੂ ਜੀ ਦੇ ਘਰੁ 4 ਵਿੱਚ ਛੇ ਛੰਤ ਮਿਲਦੇ ਹਨ। ਹਰ ਛੰਤ ਦੇ ਚਾਰ ਪਦੇ ਹਨ, ਇਸ ਲਈ ਕੁਲ 35 ਪਦੇ ਹਨ। ਹਰ ਪਦੇ ਨੂੰ ਆਸਾ ਦੀ ਵਾਰ ਦੀ ਹਰ ਪਉੜੀ ਨਾਲ ਤਰਤੀਬ ਵਾਰ ਪੜ੍ਹਿਆ ਜਾਂਦਾ ਹੈ। ਗੁਰੂ ਰਾਮਦਾਸ ਜੀ ਦੀ ਬਾਣੀ ਦੀ ਪ੍ਰਥਮ ਸ਼ੈਲਗਤ ਖੂਬੀ ਅਰੁਕ ਵਹਾ, ਗਤੀਸ਼ੀਲਤਾ ਅਤੇ ਰਵਾਨਗੀ ਦੀ ਹੈ। ਉਨ੍ਹਾਂ ਦੀ ਬਾਣੀ ਦੀ ਕਥਨ ਵਿਧੀ ਗ੍ਰਾਮੀਨ ਨਹੀਂ ਸ਼ਹਿਰੀ ਹੈ।

ਸ਼ੈਲੀ ਦੀ ਰਵਾਨਗੀ ਦੀ ਇਕੋ ਇੱਕ ਖਾਸ਼ੀਅਤ ਸ਼ਬਦਾਂ ਦਾ ਦੁਹਰਾਉ ਕਹੀ ਜਾ ਸਕਦੀ ਹੈ। ਆਮ ਰਚਨਾ ਵਿੱਚ ਇਹ ਦੁਹਰਾਉ ਅਕੇਵੇਂ ਭਰਪੂਰ ਹੁੰਦਾ ਹੈ ਪਰ ਗੁਰੂ ਸਾਹਿਬ ਦੀ ਬਾਣੀ ਵਿੱਚ ਇਹ ਦੁਹਰਾਉ ਨੀਰਸ ਨਹੀਂ ਬਣਦਾ ਸਗੋਂ ਇੱਕ ਵਿਸ਼ੇਸ਼ ਕਿਸਮ ਦਾ ਆਂਤਰਿਕ ਸਰੋਦ ਉਤਪੰਨ ਕਰਦਾ ਹੈ। ਗੁਰੂ ਰਾਮਦਾਸ ਜੀ ਨੇ ਆਪਣੀ ਬਾਣੀ ਵਿੱਚ ਇਹ ਸੰਗੀਤਮਈ ਪ੍ਰਭਾਵ ਪ੍ਰਮੁੱਖ ਤੌਰ ਤੇ ਤਿੰਨ ਸਾਧਨਾਂ ਨਾਲ ਉਤਪੰਨ ਕੀਤਾ ਹੈ।

ਵਿਅੰਗ ਗੁਰੂ ਰਾਮਦਾਸ ਜੀ ਦੀ ਬਾਣੀ ਦੀ ਸ਼ੈਲੀ ਦਾ ਇਹ ਹੋਰ ਅਦੁੱਤੀ ਗੁਣ ਹੈ। ਦਰ-ਬ-ਦਰ ਭਟਕਦੇ ਅਤੇ ਅਟੁੱਟ ਬੰਧਨਾਂ ਵਿੱਚ ਬੱਝੇ ਮਨਮੁਖਾਂ, ਦੁਸ਼ਟਾਂ ਅਤੇ ਨਿੰਦਕਾਂ ਤੇ ਗੁਰੂ ਸਾਹਿਬ ਇਕੋ ਜਿਹੀ ਸ਼ਕਤੀ ਨਾਲ ਬਾਹਰੋਂ ਮਿੱਠਾ ਪਰ ਅੰਦਰੋਂ ਜ਼ਹਿਰੀਲਾ ਵਿਅੰਗ ਕੱਸਦੇ ਹਨ। ਪਾਖੰਡ, ਕੁਕਰਮ ਅਤੇ ਛਲਕਪਟ ਕਰਕੇ ਆਪਣੇ ਲਘੂ ਪਰਿਵਾਰ ਨੂੰ ਤਾਂ ਸੁਖ ਦਿੰਦਾ ਹੈ ਪਰ ਪਰਮਾਤਮਾ ਨੂੰ ਦੁੱਖ ਦਿੰਦਾ ਹੈ। ਗੁਰੂ ਸਾਹਿਬ ਕਟਾਖਸ਼ ਦੀ ਵਰਤੋਂ ਕਰਕੇ ਉਸਨੂੰ ਸੁਚੇਤ ਕਰਦੇ ਹਨ ਇਹ ਉਨ੍ਹਾਂ ਦੀ ਲਾਜਵਾਬ ਵਡਿਆਈ ਹੈ।