ਲੰਡਨ ਭਾਰਤੀ ਅੰਬੈਸੀ ਸਾਹਮਣੇ ਤਿੰਨ ਸਿੱਖ ਨੌਜਵਾਨਾਂ ਦੀ ਨਾਜਾਇਜ਼ ਗ੍ਰਿਫ਼ਤਾਰੀ ਵਿਰੁਧ ਰੋਸ ਮੁਜ਼ਾਹਰਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਲੰਡਨ : ਪੰਜਾਬ ਅੰਦਰ ਤਿੰਨ ਨੌਜਵਾਨਾਂ ਅਰਵਿੰਦਰ ਸਿੰਘ, ਰਣਜੀਤ ਸਿੰਘ ਅਤੇ ਸੁਰਜੀਤ ਸਿੰਘ ਦੀ ਨਾਜਾਇਜ਼ ਗ੍ਰਿਫ਼ਤਾਰੀ ਵਿਰੁਧ ਅਤੇ ਦਖਣੀ ਏਸ਼ੀਆ ਵਿਚ ਭਾਰਤ...

London Indian Embassy

ਲੰਡਨ : ਪੰਜਾਬ ਅੰਦਰ ਤਿੰਨ ਨੌਜਵਾਨਾਂ ਅਰਵਿੰਦਰ ਸਿੰਘ, ਰਣਜੀਤ ਸਿੰਘ ਅਤੇ ਸੁਰਜੀਤ ਸਿੰਘ ਦੀ ਨਾਜਾਇਜ਼ ਗ੍ਰਿਫ਼ਤਾਰੀ ਵਿਰੁਧ ਅਤੇ ਦਖਣੀ ਏਸ਼ੀਆ ਵਿਚ ਭਾਰਤ ਵਲੋਂ ਜੰਗ ਲਈ ਕੀਤੀ ਲਾਮਬੰਦੀ ਦੇ ਵਿਰੋਧ ਵਿਚ ਅੱਜ ਸੈਂਕੜੇ ਸਿੱਖਾਂ ਅਤੇ ਕਸ਼ਮੀਰੀਆਂ ਵਲੋਂ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਜ਼ੋਰਦਾਰ ਮੁਜ਼ਾਹਰਾ ਕੀਤਾ।

ਮੁਜ਼ਾਹਰੇ ਦੌਰਾਨ ਖ਼ਾਲਿਸਤਾਨ ਅਤੇ ਕਸ਼ਮੀਰ ਦੇ ਹੱਕ ਵਿਚ ਅਤੇ ਭਾਰਤ ਵਿਰੁਧ ਲਾਏ ਨਾਹਰਿਆਂ ਨਾਲ ਲੰਡਨ ਦੀਆਂ ਗਲੀਆਂ ਗੂੰਜ ਉਠੀਆਂ। ਮੁਜ਼ਾਹਰੇ ਦੌਰਾਨ ਉਸ ਵੇਲੇ ਤਣਾਅ ਪੈਦਾ ਹੋ ਗਿਆ ਜਦੋਂ ਕੁੱਝ ਭਾਰਤ ਪੱਖੀ ਲੋਕਾਂ ਨੇ ਇਹੋ ਜਿਹੇ ਬੈਨਰ ਦਿਖਾਉਣੇ ਸ਼ੁਰੂ ਕੀਤੇ ਜਿਸ ਨਾਲ ਸਿੱਖਾਂ ਦੇ ਧਾਰਮਕ ਚਿੰਨ੍ਹਾਂ ਦਾ ਨਿਰਾਦਰ ਹੁੰਦਾ ਸੀ । ਸਿੱਖਾਂ ਵਲੋਂ ਦਿਤੇ ਗਏ ਭਰਪੂਰ ਜਵਾਬ ਨੇ ਭਾਰਤ ਪੱਖੀ ਲੋਕਾਂ ਨੂੰ ਅਪਣਾ ਸੱਭ ਕੁੱਝ ਉਥੇ ਛੱਡ ਕੇ ਹੀ ਭੱਜਣ ਲਈ ਮਜਬੂਰ ਹੋਣਾ ਪਿਆ। ਸਿੱਖਾਂ ਵਲੋਂ ਭਾਰਤੀ ਝੰਡਿਆਂ ਨੂੰ ਪਾੜ ਕੇ ਸੁੱਟ ਦਿਤਾ ਗਿਆ ਤੇ ਪੁਲਿਸ ਨੂੰ ਇਸ ਦੌਰਾਨ ਦਖ਼ਲ ਦੇਣਾ ਪਿਆ ।

ਨਵਾਂਸ਼ਹਿਰ ਦੀ ਅਦਾਲਤ ਵਲੋਂ ਤਿੰਨ ਨੌਜਵਾਨਾਂ ਨੂੰ ਸਿਰਫ਼ ਲਿਟਰੇਚਰ ਰੱਖਣ ਦੇ ਦੋਸ਼ ਅਧੀਨ ਦਿਤੀ ਉਮਰ ਕੈਦ ਦੀ ਸਜ਼ਾ ਕਾਰਨ ਸਿੱਖਾਂ ਵਲੋਂ ਅਪਣੇ ਰੋਹ ਦਾ ਇਜ਼ਹਾਰ ਕੀਤਾ ਗਿਆ। ਭਾਰਤ ਵਲੋਂ ਪਾਕਿਸਤਾਨ ਵਿਰੁਧ ਕੀਤੀ ਜਾ ਰਹੀ ਲਾਮਬੰਦੀ ਦੌਰਾਨ ਪੰਜਾਬ ਅੰਦਰ ਜੰਗ ਦੇ ਬਣ ਰਹੇ ਹਾਲਾਤ ਕਾਰਨ ਸਿੱਖਾਂ ਵਲੋਂ ਅੰਤਰਰਾਸ਼ਟਰੀ ਤਾਕਤਾਂ ਨੂੰ ਦਖ਼ਲ ਦੇ ਕੇ ਅਜਿਹਾ ਹੋਣ ਤੋਂ ਰੋਕਣ ਲਈ ਕਿਹਾ ਗਿਆ । ਸਿੱਖਾਂ ਵਲੋਂ ਸੰਯੁਕਤ ਰਾਸ਼ਟਰ ਤੋਂ ਵੀ ਇਹ ਮੰਗ ਕੀਤੀ ਗਈ ਕਿ ਕਸ਼ਮੀਰ ਅਤੇ ਪੰਜਾਬ ਦੇ ਲੰਮੇ ਸਮੇਂ ਤੋਂ ਚਲੇ ਆ ਰਹੇ ਮਸਲੇ ਨੂੰ ਹੱਲ ਕਰਨ ਲਈ ਸਵੈ ਨਿਰਣੈ ਦਾ ਹੱਕ ਦਿਤਾ ਜਾਵੇ । ਮੁਜ਼ਾਹਰੇ ਦੌਰਾਨ ਵਰਲਡ ਸਿੱਖ ਪਾਰਲੀਮੈਂਟ ਦੇ ਨੁਮਾਇੰਦੇ ਭਾਈ ਜੋਗਾ ਸਿੰਘ ਨੇ ਭਾਰਤ ਸਰਕਾਰ ਨੂੰ ਤਿੰਨ ਬੇਗੁਨਾਹ ਸਿੱਖਾਂ ਨੂੰ ਰਿਹਾਅ ਕਰਨ ਲਈ ਕਿਹਾ ਅਤੇ ਪੂਰੀ ਦੁਨੀਆਂ ਦੇ ਮੀਡੀਆ ਸਾਹਮਣੇ ਅਪੀਲ ਕੀਤੀ ਕਿ ਅੰਤਰਰਾਸ਼ਟਰੀ ਤਾਕਤਾਂ ਦਖਣੀ ਏਸ਼ੀਆ ਖ਼ਿੱਤੇ ਵਿਚ ਹੋਣ ਜਾ ਰਹੀ ਜੰਗ ਨੂੰ ਰੁਕਵਾਉਣ।

ਕੌਂਸਲ ਆਫ਼ ਖ਼ਾਲਿਸਤਾਨ ਦੇ ਭਾਈ ਅਮਰੀਕ ਸਿੰਘ ਸਹੋਤਾ ਅਤੇ ਰਣਜੀਤ ਸਿੰਘ ਸਰਾਏ ਨੇ ਕਸ਼ਮੀਰੀਆਂ ਅਤੇ ਸਿੱਖਾਂ ਨੂੰ ਬੇਨਤੀ ਕੀਤੀ ਕਿ ਉਹ ਹਰ ਹੀਲੇ ਨਾਲ ਇਸ ਜੰਗ ਦਾ ਵਿਰੋਧ ਕਰਨ । ਉਨ੍ਹਾਂ ਭਾਰਤੀ ਫ਼ੌਜ ਵਿਚ ਭਰਤੀ ਸਿੱਖ ਫ਼ੌਜੀਆਂ ਨੂੰ ਵੀ ਬੇਨਤੀ ਕੀਤੀ ਕਿ ਜੰਗ ਦੀ ਸੂਰਤ ਵਿਚ ਉਹ ਭਾਰਤ ਦਾ ਸਾਥ ਨਾ ਦੇ ਕੇ ਅਪਣੇ ਵਤਨ ਪੰਜਾਬ ਦੀ ਰਾਖੀ ਕਰਨ। ਸਿੱਖਜ਼ ਫ਼ਾਰ ਜਸਟਿਸ ਦੇ ਪਰਮਜੀਤ ਸਿੰਘ ਪੰਮਾ ਅਤੇ ਦੁਪਿੰਦਰਜੀਤ ਸਿੰਘ ਨੇ ਮੰਗ ਕੀਤੀ ਕਿ ਭਾਰਤੀ ਕਬਜ਼ੇ ਹੇਠਲੇ ਪੰਜਾਬ ਅਤੇ ਕਸ਼ਮੀਰ ਵਿਚ ਸਵੈ ਨਿਰਣੇ ਦਾ ਹੱਕ ਅਨੁਸਾਰ ਰਿਫ਼ਰੈਂਡਮ ਕਰਵਾਇਆ ਜਾਵੇ ਤਾਕਿ ਜਮਹੂਰੀ ਤਰੀਕੇ ਨਾਲ ਪੰਜਾਬ ਅਤੇ ਕਸ਼ਮੀਰ ਦੇ ਮਸਲਿਆਂ ਦਾ ਹੱਲ ਹੋ ਸਕੇ ਅਤੇ ਪੰਜਾਬ ਅਤੇ ਕਸ਼ਮੀਰ ਦੇ ਨੌਜਵਾਨਾਂ ਨੂੰ ਭਾਰਤੀ ਪੁਲਿਸ ਦੇ ਤਸ਼ੱਦਦ ਅਤੇ ਝੂਠੇ ਕੇਸਾਂ ਦਾ ਸ਼ਿਕਾਰ ਨਾ ਹੋਣਾ ਪਵੇ । ਸਿੱਖ ਰਿਲੀਫ਼ ਦੇ ਭਾਈ ਬਲਬੀਰ ਸਿੰਘ ਬੈਂਸ ਨੇ ਭਾਰਤ ਨੂੰ ਲਿਟਰੇਚਰ ਰੱਖਣ ਦੇ ਜ਼ੁਰਮ ਤਹਿਤ ਗ੍ਰਿਫ਼ਤਾਰ ਕੀਤੇ ਗਏ ਤਿੰਨ ਬੇਕਸੂਰ ਨੌਜਵਾਨਾਂ ਸਮੇਤ ਸਾਰੇ ਸਿਆਸੀ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਲਈ ਕਿਹਾ । 

ਇਸ ਮੌਕੇ ਭਾਈ ਅਵਤਾਰ ਸਿੰਘ ਸੰਘੇੜਾ (ਬੱਬਰ ਅਕਾਲੀ ਆਰਗੇਨਾਈਜ਼ੇਸ਼ਨ), ਗੁਰਚਰਨ ਸਿੰਘ (ਦਲ ਖ਼ਾਲਸਾ), ਕੁਲਵੰਤ ਸਿੰਘ ਮੁਠੱਡਾ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ), ਗੁਰਚਰਨ ਸਿੰਘ ਗੁਰਾਇਆ (ਫ਼ਰੈਂਕਫ਼ਰਟ) ਬਲਵਿੰਦਰ ਸਿੰਘ ਢਿੱਲੋਂ, ਸੁਖਵਿੰਦਰ ਸਿੰਘ (ਯੂਨਾਈਟਿਡ ਖ਼ਾਲਸਾ ਦਲ), ਮਨਪ੍ਰੀਤ ਸਿੰਘ (ਵਰਲਡ ਸਿੱਖ ਪਾਰਲੀਮੈਂਟ) ਸਮੇਤ ਹੋਰ ਬਹੁਤ ਸਾਰੇ ਆਗੂਆਂ ਨੇ ਹਿੱਸਾ ਲਿਆ ਤੇ ਸਿੱਖ ਕੌਮ ਨੂੰ ਇਕੱਠੇ ਹੋ ਕੇ ਤਿੰਨ ਬੇਕਸੂਰ ਸਿੱਖ ਨੌਜਵਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿਤਾ। ਮੁਜ਼ਾਹਰੇ ਵਿਚ ਸ਼ਾਮਲ ਕਸ਼ਮੀਰੀਆਂ ਵਲੋਂ ਦਖਣੀ ਏਸ਼ੀਆ ਵਿਚ ਜੰਗ ਨਾ ਕਰ ਕੇ ਮਸਲਿਆਂ ਦਾ ਹੱਲ ਲੱਭਣ ਦਾ ਹੋਕਾ ਦਿਤਾ। ਕਸ਼ਮੀਰੀ ਆਗੂ ਰਾਜਾ ਸਿਕੰਦਰ ਖ਼ਾਨ ਨੇ ਭਾਰਤੀ ਫ਼ੌਜ ਵਲੋਂ ਹਰ ਦਿਨ ਕਸ਼ਮੀਰੀਆਂ ਉਤੇ ਢਾਹੇ ਜਾ ਰਹੇ ਜ਼ੁਲਮਾਂ ਦੀ ਨਿੰਦਾ ਕੀਤੀ। ਲੰਡਨ ਵਿਚ ਅੱਜ ਦੇ ਪ੍ਰਦਰਸ਼ਨ ਨੇ ਸਾਬਤ ਕਰ ਦਿਤਾ ਹੈ ਕਿ ਭਾਰਤ ਪੂਰੀ ਦੁਨੀਆਂ ਸਾਹਮਣੇ ਅਪਣਾ ਜਮਹੂਰੀ ਚਿਹਰਾ ਦਿਖਾਉਂਦਾ ਹੈ ਪਰ ਕਸ਼ਮੀਰੀਆਂ ਅਤੇ ਸਿੱਖਾਂ ਉਤੇ ਭਾਰਤ ਵਲੋਂ ਕੀਤੇ ਜਾ ਰਹੇ ਜ਼ੁਲਮ ਭਾਰਤ ਅੰਦਰ ਘੱਟ ਗਿਣਤੀਆਂ ਦੀ ਸਚਾਈ ਹਨ । ਲੰਡਨ ਵਿਚ ਹੋਏ ਅੱਜ ਦੇ ਮੁਜ਼ਾਹਰੇ ਨੇ ਜਿਥੇ ਭਾਰਤ ਸਰਕਾਰ ਦਾ ਅਸਲ ਚਿਹਰਾ ਨੰਗਾ ਕੀਤਾ ਹੈ ਉਥੇ ਘੱਟਗਿਣਤੀਆਂ ਦਾ ਇਕੱਠ ਅਗਲੇ ਦਿਨਾਂ ਵਿਚ ਭਾਰਤ ਸਰਕਾਰ ਲਈ ਹੋਰ ਸਿਰਦਰਦੀ ਦਾ ਕਾਰਨ ਵੀ ਬਣੇਗਾ।