ਸਾਕਾ ਸਾਰਾਗੜ੍ਹੀ - ਸਿੱਖਾਂ ਦੀ ਬਹਾਦਰੀ ਦੀ ਅਦੁਤੀ ਮਿਸਾਲ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸਾਨੂੰ ਫ਼ਖ਼ਰ ਹੈ ਕਿ ਬ੍ਰਿਟਿਸ਼ ਇੰਡੀਆ ਹਕੂਮਤ ਸਮੇਂ ਸਿੱਖ ਸੂਰਮਿਆਂ ਦੀ ਵੀਰਤਾ .......

Saka Saragarhi

ਸਾਕਾ: ਸਾਲ 1896 ਵਿਚ ਉੱਤਰ-ਪਛਮੀ ਸਰਹੱਦੀ ਸੂਬੇ ਦੇ ਪਠਾਣਾਂ ਨੇ ਅੰਗਰੇਜ਼ਾਂ ਦੀ ਵਿਸਤਾਰਵਾਦ ਵਾਲੀ ਨੀਤੀ ਵਿਰੁਧ ਵਿਦਰੋਹ ਕਰ ਦਿਤਾ ਅਤੇ ਬ੍ਰਿਟਿਸ਼ ਸੈਨਿਕਾਂ ਦੀ ਤਾਇਨਾਤੀ ਵਿਰੁਧ ਜੇਹਾਦ ਛੇੜ ਦਿਤਾ। ਬਰਤਾਨਵੀ ਹਾਕਮਾਂ ਨੇ ਵਿਦਰੋਹ ਨੂੰ ਕੁਚਲਣ ਖ਼ਾਤਰ ਜੰਗੀ ਰਣਨੀਤੀ ਤੈਅ ਕੀਤੀ ਜਿਸ ਨੂੰ ਤਿਰਾਹ ਮੁਹਿੰਮ ਦਾ ਨਾਂ ਦਿਤਾ ਗਿਆ। ਇਸ ਵੰਗਾਰ ਦੇ ਮੁਕਾਬਲੇ ਲਈ 31 ਦਸੰਬਰ 1896 ਨੂੰ 36 ਸਿੱਖ (ਹੁਣ 4 ਸਿੱਖ) ਪਲਟਨ ਨੂੰ ਸਮਾਣਾ ਰਿੱਜ ਉਤੇ ਤਾਇਨਾਤ ਕਰਨ ਉਪਰੰਤ ਇਸ ਨੂੰ ਦੋ ਹਿੱਸਿਆਂ 'ਚ ਵੰਡ ਦਿਤਾ ਗਿਆ। ਬਟਾਲੀਅਨ ਹੈੱਡਕੁਆਰਟਰ ਅਤੇ ਸੱਜੇ ਵਿੰਗ ਦੀ ਅਗਵਾਈ ਲੈਫ਼. ਕਰਨਲ ਜੋਨ ਹਾਟਨ, ਕਮਾਂਡਿੰਗ ਅਫ਼ਸਰ ਨੇ ਕੀਤੀ ਅਤੇ 2 ਜਨਵਰੀ, 1897 ਨੂੰ ਲਾਕਹਾਰਟ ਕਿਲ੍ਹੇ ਉਤੇ ਕਬਜ਼ਾ ਕਰ ਲਿਆ ਅਤੇ ਫ਼ੌਜੀ ਟੁਕੜੀਆਂ ਨੂੰ ਧਾਰ, ਸੰਗਾਰ, ਸਰਤੋਪ, ਕਰਾਰਾ ਤੇ ਸਾਰਾਗੜ੍ਹੀ ਪੋਸਟ ਤਕ ਪਾਲਬੰਦੀ ਕਰ ਕੇ ਗੁਲਸਤਾਨ ਕਿਲ੍ਹੇ ਤਕ ਫੈਲਾ ਦਿਤਾ।

ਖੱਬਾ ਵਿੰਗ, ਜੋ ਕੈਪਟਨ ਡਬਲਿਯੂ. ਡੀ. ਗੋਰਡਨ ਦੇ ਅਧੀਨ ਸੀ, 8 ਜਨਵਰੀ, 1897 ਨੂੰ ਪਰਚਿਨਾਰ ਉਤੇ ਕਬਜ਼ਾ ਕਰ ਕੇ ਅਪਣੀਆਂ ਟੁਕੜੀਆਂ ਨੂੰ ਥਾਲ ਤੇ ਸਾਧਾ ਪੋਸਟਾਂ ਉਤੇ ਭੇਜਿਆ ਗਿਆ। ਲੜਾਈ ਛਿੜਨ ਦੀ ਸੂਰਤ ਵਿਚ ਇਨ੍ਹਾਂ ਲਈ ਪੱਕਾ ਗੈਰੀਜ਼ਨ ਕੋਹਾਟ ਵਿਖੇ ਸੀ, ਜਿਥੇ ਰੀਇਨਫ਼ੋਰਸਮੈਂਟ ਦੀ ਬੰਦੋਬਸਤ ਸੀ ਪਰ ਇਹ ਥਾਂ ਇਨ੍ਹਾਂ ਪੋਸਟਾਂ ਤੋਂ ਪੰਜਾਹ ਮੀਲ ਦੀ ਦੂਰੀ ਤੇ ਸੀ ਜਿਥੇ ਪਹੁੰਚਣ ਲਈ ਲਾਂਘਾ ਦੁਸ਼ਮਣ ਦੇ ਇਲਾਕੇ ਵਿਚੋਂ ਸੀ।

7 ਅਗੱਸਤ ਅਤੇ 8 ਸਤੰਬਰ, 1897 ਦੇ ਦਰਮਿਆਨ ਉਰਕਜ਼ਾਈ ਸੰਪਰਦਾ ਦੇ ਲੜਾਕੂਆਂ ਦੀ ਭਾਰੀ ਗਿਣਤੀ ਖੱਬੇ ਵਿੰਗ ਉਤੇ ਧਾਵੇ ਬੋਲ ਕੇ ਚਲੀ ਗਈ ਪਰ 10 ਸਤੰਬਰ ਤਕ ਰਖਿਆ ਸੈਨਿਕਾਂ ਵਲੋਂ ਪਲਟਵਾਰ ਕਰਦੇ ਹੋਏ ਇਨ੍ਹਾਂ ਧਾੜਵੀਆਂ ਨੂੰ ਖ਼ਾਕੀ ਘਾਟੀ ਵਿਚ ਜਾਣ ਵਾਸਤੇ ਮਜਬੂਰ ਕਰ ਦਿਤਾ। ਫਿਰ ਅਫ਼ਰੀਦੀ ਲਸ਼ਕਰ, ਜਿਸ ਨਾਲ ਉਰਕਜ਼ਾਈ ਵੀ ਸਨ, ਨੇ ਸਮਾਣਾ ਚੌਕੀ ਉਤੇ ਜ਼ਬਰਦਸਤ ਹਮਲਾ ਕਰ ਦਿਤਾ ਪਰ ਰਖਿਆ ਸੈਨਿਕਾਂ ਨੇ ਇਨ੍ਹਾਂ ਦੇ ਹਰ ਹਮਲੇ ਨੂੰ ਪਛਾੜਦੇ ਹੋਏ ਦੁਸ਼ਮਣ ਨੂੰ ਕਾਫ਼ੀ ਜਾਨੀ ਨੁਕਸਾਨ ਪਹੁੰਚਾਇਆ।

ਸਾਰਾਗੜ੍ਹੀ ਚੌਕੀ ਦੀ ਰਣਨੀਤਕ ਮਹੱਤਤਾ ਅਤੇ ਛੋਟੇ ਆਕਾਰ ਨੂੰ ਸਮਝਦੇ ਹੋਏ ਮਿਤੀ 12 ਸਤੰਬਰ, 1897 ਨੂੰ ਤਕਰੀਬਨ 8000 ਅਫ਼ਰੀਦੀ ਅਤੇ ਉਰਕਜ਼ਾਈ ਲੜਾਕੂਆਂ ਨੇ ਹਮਲਾ ਕਰ ਕੇ ਚੌਕੀ ਨੂੰ ਚਾਰ ਚੁਫੇਰੇ ਤੋਂ ਘੇਰ ਲਿਆ। ਇਸ ਤਰ੍ਹਾਂ ਸਾਰਾਗੜ੍ਹੀ ਦੇ ਯੋਧਿਆਂ ਦਾ ਮੁੱਖ ਰਖਿਆ ਦਸਤਿਆਂ ਤੇ ਬਟਾਲੀਅਨ ਹੈੱਡਕੁਆਰਟਰ ਨਾਲ ਸੰਪਰਕ ਪੂਰਨ ਤੌਰ ਤੇ ਟੁੱਟ ਗਿਆ। ਸਿੱਟੇ ਵਜੋਂ ਦੁਸ਼ਮਣ ਦੇ ਘੇਰੇ 'ਚ ਆਈ ਪੋਸਟ ਤਕ ਕੋਈ ਗੋਲੀ-ਸਿੱਕਾ ਰਾਸ਼ਨ-ਪਾਣੀ ਅਤੇ ਰੀਇਨਫ਼ੋਰਸਮੈਂਟ ਨਾ ਪਹੁੰਚ ਸਕੀ। ਬੁਲੰਦ ਹੌਸਲੇ ਵਾਲੇ ਜੋਸ਼ੀਲੇ, ਮੌਤ ਨੂੰ ਮਖ਼ੌਲਾਂ ਕਰਨ ਵਾਲੇ ਫ਼ੌਜੀ ਸੂਰਬੀਰਾਂ ਪਾਸ ਬਟਾਲੀਅਨ ਹੈੱਡਕੁਆਰਟਰ ਨਾਲ ਪਹਾੜੀ ਇਲਾਕੇ ਵਿਚ ਸੂਚਨਾ ਪਹੁੰਚਾਉਣ ਦਾ ਉਸ ਸਮੇਂ ਪ੍ਰਚਲਤ ਸਾਧਨ ਸਿਰਫ਼ ਹੀਲੀਓਗ੍ਰਾਫ਼ (ਸ਼ੀਸ਼ਾ) ਹੁੰਦਾ ਸੀ।

ਸਾਰਾਗੜ੍ਹੀ ਦੀ ਗੌਰਵਮਈ ਅਤੇ ਮਹੱਤਵਪੂਰਨ ਲੜਾਈ ਨੇ ਭਿਆਨਕ ਰੁਖ਼ ਉਸ ਸਮੇਂ ਅਪਣਾ ਲਿਆ ਜਦੋਂ ਦੁਸ਼ਮਣ ਦੇ ਵੱਡੇ ਲਸ਼ਕਰ ਨੇ 12 ਸਤੰਬਰ ਨੂੰ ਸਵੇਰੇ 9:30 ਵਜੇ ਸਾਰਾਗੜ੍ਹੀ ਦੀ ਹਿਫ਼ਾਜ਼ਤ ਟੁਕੜੀ ਦੇ ਸਹਾਇਕ ਸਮੇਤ 22 ਸਿੱਖ ਸੈਨਿਕਾਂ ਉਤੇ ਪਹਿਲਾ ਹਮਲਾ ਕੀਤਾ। ਰਖਿਅਕਾਂ ਨੇ ਦੁਸ਼ਮਣ ਦੇ ਹਮਲਿਆਂ ਨੂੰ ਨਾ ਸਿਰਫ਼ ਵਾਰ ਵਾਰ ਪਛਾੜਿਆ ਸਗੋਂ ਹਜ਼ਾਰਾਂ ਦੀ ਗਿਣਤੀ 'ਚ ਦੁਸ਼ਮਣ ਨੂੰ ਮੌਤ ਦੇ ਘਾਟ ਉਤਾਰਦੇ ਚਲੇ ਗਏ। ਸਿੱਖਾਂ ਦੇ ਸਿਦਕ, ਦ੍ਰਿੜਤਾ ਤੇ ਅਪਣੇ ਫ਼ਰਜ਼ ਦੀ ਪਾਲਣਾ ਕਰਨ ਵਾਲੀ ਭਾਵਨਾ ਨੂੰ ਕੁਚਲਣ ਖ਼ਾਤਰ ਸਾਰਾਗੜ੍ਹੀ ਚੌਕੀ ਦੇ ਚਾਰ-ਚੁਫੇਰੇ ਝਾੜੀਆਂ ਨੂੰ ਅੱਗ ਲਾ ਕੇ ਧੂੰਆਂਧਾਰ ਕਰ ਦਿਤਾ ਜਿਸ ਦਾ ਫ਼ਾਇਦਾ ਉਠਾ ਕੇ ਧਾੜਵੀ ਪੋਸਟ ਅੰਦਰ ਘੁਸਪੈਠ ਕਰਨ ਵਿਚ ਕਾਮਯਾਬ ਹੋ ਗਏ।

ਸ਼ਾਨਾਂਮੱਤੇ ਇਤਿਹਾਸ ਦੀ ਲਖਾਇਕ ਸਿੱਖ ਰੈਜੀਮੈਂਟ ਦੇ ਸਾਰਾਗੜ੍ਹੀ ਸੂਰਮੇ ਹਵਲਦਾਰ ਈਸ਼ਰ ਸਿੰਘ ਦੀ ਅਗਵਾਈ ਹੇਠ 'ਦੇਹ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ' ਦਾ ਜਾਪ ਕਰਦੇ ਹੋਏ ਗੋਲਾ ਬਾਰੂਦ ਦੀ ਘਾਟ ਦੇ ਬਾਵਜੂਦ ਇਕ ਇਕ ਕਰ ਕੇ ਸੈਂਕੜਿਆਂ ਦੀ ਗਿਣਤੀ 'ਚ ਦੁਸ਼ਮਣ ਨੂੰ ਮੌਤ ਦੇ ਮੂੰਹ ਵਿਚ ਝੋਂਕਦੇ ਚਲੇ ਗਏ ਪਰ ਪੋਸਟ ਨਹੀਂ ਛੱਡੀ। ਇਥੋਂ ਤਕ ਕਿ 21 ਸਿੱਖ ਸਿਪਾਹੀਆਂ ਦੇ ਨਾਲ ਸੇਵਾਦਾਰ ਦਾਦ ਨੇ ਵੀ ਸ਼ਹੀਦ ਹੋਏ ਸਾਥੀ ਦੀ ਰਾਈਫ਼ਲ ਚੁੱਕੀ ਤੇ 5 ਪਠਾਣਾਂ ਨੂੰ ਬੰਦੂਕ ਦੀ ਸੰਗੀਨ ਨਾਲ ਮਾਰ ਮੁਕਾਇਆ। ਇਸ ਤਰ੍ਹਾਂ ਸਾਰੇ ਦੇ ਸਾਰੇ 22 ਯੋਧੇ ਆਖ਼ਰੀ ਗੋਲੀ ਤੇ ਆਖ਼ਰੀ ਸਾਹ ਤਕ ਲੜਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ।

ਜਦੋਂ ਲੰਦਨ ਦੀ ਮਲਿਕਾ ਨੂੰ ਇਹ ਖ਼ਬਰ ਮਿਲੀ ਕਿ 21 ਸਿੱਖ ਯੋਧਿਆਂ ਨੇ ਬੇਮਿਸਾਲ ਦਲੇਰੀ ਨਾਲ ਸਾਰਾ ਦਿਨ ਹਜ਼ਾਰਾਂ ਹਮਲਾਵਰਾਂ ਨਾਲ ਜੂਝਦਿਆਂ ਇਕ ਇਕ ਕਰ ਕੇ 'ਸਵਾ ਲਾਖ ਸੇ ਏਕ ਲੜਾਊਂ' ਦੀਆਂ ਨਿਰੋਲ ਖ਼ਾਲਸਾਈ ਪਰੰਪਰਾਵਾਂ ਦਾ ਮੁਜ਼ਾਹਰਾ ਕਰਦੇ ਹੋਏ ਅਪਣਾ ਫ਼ਰਜ਼ ਨਿਭਾਇਆ ਅਤੇ ਕੀਮਤੀ ਜਾਨਾਂ ਕੁਰਬਾਨ ਕਰ ਗਏ ਤਾਂ ਉਸ ਨੇ ਸਾਰੇ 21 ਸਿੱਖ ਸੂਰਮਿਆਂ ਨੂੰ ਇੰਡੀਆ ਆਰਡਰ ਆਫ਼ ਮੈਰਿਟ, ਜੋ ਕਿ ਅਜਕਲ ਪਰਮਵੀਰ ਚੱਕਰ ਵਜੋਂ ਜਾਣਿਆ ਜਾਂਦਾ ਹੈ, ਨਾਲ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਪ੍ਰਵਾਰਾਂ ਨੂੰ ਦੋ-ਦੋ ਮੁਰੱਬੇ ਜ਼ਮੀਨ ਅਤੇ 500 ਰੁਪਏ ਨਕਦੀ ਨਾਲ ਸਤਿਕਾਰਿਆ। ਬ੍ਰਿਟਿਸ਼ ਪਾਰਲੀਮੈਂਟ ਨੇ ਵੀ ਇਕਜੁਟ ਹੋ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਪਹਿਲਾਂ ਅਤੇ ਬਾਅਦ ਵਿਚ ਕਦੇ ਵੀ ਏਨੀ ਵੱਡੀ ਗਿਣਤੀ ਵਿਚ ਮਰਨ ਉਪਰੰਤ ਕਿਸੇ ਇਕ ਯੂਨਿਟ ਦੀ ਟੁਕੜੀ ਨੂੰ ਇਕੋ ਸਮੇਂ ਸਰਬਉੱਤਮ ਬਹਾਦਰੀ ਪੁਰਸਕਾਰਾਂ ਨਾਲ ਨਹੀਂ ਨਿਵਾਜਿਆ ਗਿਆ।

ਸਮੀਖਿਆ ਅਤੇ ਸੁਝਾਅ: ਯੂ.ਐਨ.ਓ. ਦੀ ਵਿਦਿਆ ਅਤੇ ਕਲਚਰ ਬਾਰੇ ਸਥਾਪਤ ਸੰਸਥਾ 'ਯੂਨੈਸਕੋ' ਨੇ ਵਿਸ਼ਵ ਭਰ 'ਚੋਂ 6 ਐਸੀਆਂ ਜੰਗਾਂ ਦੀ ਚੋਣ ਕੀਤੀ ਹੈ ਜਿਨ੍ਹਾਂ ਵਿਚ ਸੱਭ ਤੋਂ ਵੱਧ ਸਮੂਹਕ ਸੂਰਬੀਰਤਾ, ਦ੍ਰਿੜਤਾ ਅਤੇ ਦਲੇਰੀ ਵਿਖਾਈ ਗਈ ਹੋਵੇ। ਉਨ੍ਹਾਂ ਵਿਚੋਂ ਸਾਰਾਗੜ੍ਹੀ ਦੀ ਲੜਾਈ ਅਜਿਹੀਆਂ ਲੜਾਈਆਂ ਵਿਚੋਂ ਇਕ ਹੈ। ਇਕ ਵਿਦੇਸ਼ੀ ਰਸਾਲੇ ਨੇ ਸਾਰਾਗੜ੍ਹੀ ਨੂੰ ਸੰਸਾਰ ਦੀਆਂ ਥਮੋਪਲਾਏ ਦੀ ਲੜਾਈ, ਜੋ 480 ਬੀ.ਸੀ. ਵਿਚ ਲੜੀ ਗਈ ਸੀ, ਉਸ ਵਾਂਗ 5 ਲੜਾਈਆਂ ਵਿਚ ਸਾਰਾਗੜ੍ਹੀ ਦੀ ਗਿਣਤੀ ਕੀਤੀ ਹੈ। ਇਸ ਮਹੱਤਵਪੂਰਨ ਗੌਰਵਮਈ ਲੜਾਈ ਦਾ ਇਤਿਹਾਸ ਯੂਨੈਸਕੋ ਵਲੋਂ ਸਮੂਹਕ ਤੌਰ ਤੇ ਛਪਣ ਵਾਲੀਆਂ ਇਤਿਹਾਸਕ ਕਹਾਣੀਆਂ ਵਿਚ ਵੀ ਦਰਜ ਹੈ ਅਤੇ ਫ਼ਰਾਂਸ ਵਿਚ ਸਕੂਲੀ ਬੱਚਿਆਂ ਦੇ ਸਿਲੇਬਸ ਦਾ ਹਿੱਸਾ ਵੀ ਰਿਹਾ ਹੈ।

ਸਾਰਾਗੜ੍ਹੀ ਲੜਾਈ 'ਚ 21 ਜਾਂ 22 ਹਿੰਮਤੀ ਯੋਧਿਆਂ ਨੇ ਉੱਚ ਕੋਟੀ ਦਾ ਪ੍ਰਦਰਸ਼ਨ ਕੀਤਾ? ਇਸ ਬਾਰੇ ਕੁੱਝ ਲਿਖਾਰੀਆਂ/ਇਤਿਹਾਸਕਾਰਾਂ ਅੰਦਰ ਕੁੱਝ ਭਰਮ ਭੁਲੇਖੇ ਪੈਦਾ ਹੋ ਚੁੱਕੇ ਹਨ ਅਤੇ ਉਹ 22ਵੇਂ ਸ਼ਹੀਦ ਨੂੰ ਤਰਜੀਹ ਨਹੀਂ ਦੇਂਦੇ। ਮਿਲਟਰੀ ਇਤਿਹਾਸ ਦੇ ਮਾਹਰ ਅਤੇ ਪ੍ਰਸਿੱਧ ਕਾਲਮਨਵੀਸ ਕੈਪਟਨ ਅਮਰਿੰਦਰ ਸਿੰਘ ਨੇ ਡੂੰਘੀ ਖੋਜ ਉਪਰੰਤ 'ਤ੍ਰਿਗ ਸੰਘਰਸ਼' ਸਾਰਾਗੜ੍ਹੀ ਬਾਰੇ ਜੋ ਕਿਤਾਬ ਲਿਖੀ ਅਤੇ ਹਾਲ ਵਿਚ ਹੀ ਲੋਕ ਅਰਪਣ ਕੀਤੀ ਉਸ ਵਿਚ ਇਸ ਬਾਰੇ ਸਾਰੀਆਂ ਗ਼ਲਤਫ਼ਤਹਿਮੀਆਂ ਦੂਰ ਕਰ ਦਿਤੀਆਂ ਹਨ।