ਸਾਰਾਗੜ੍ਹੀ ਵਿਖੇ ਸ਼ਹੀਦ ਹੋਏ ਸਿੱਖ ਫ਼ੌਜੀਆਂ ਦੀ 123ਵੀਂ ਵਰ੍ਹੇਗੰਢ ਪੂਰੇ ਖ਼ਾਲਸਾਈ ਜਾਹੋ ਜਲਾਲ ਨਾਲ ਮਨਾਈ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਾਰਾਗੜ੍ਹੀ ਫ਼ਾਊਂਡੇਸ਼ਨ ਵਲੋਂ ਕੀਤਾ ਗਿਆ ਇਤਿਹਾਸਕ ਉਪਰਾਲਾ

Saragarhi

ਲੁਧਿਆਣਾ : ਸਾਰਾਗੜ੍ਹੀ ਫ਼ਾਊਂਡੇਸ਼ਨ ਵਲੋਂ ਇਕ ਨਵੇਂ ਇਤਿਹਾਸ ਦੀ ਸਿਰਜਣਾ ਕਰਦਿਆਂ ਹੋਇਆਂ ਸਾਰਾਗੜ੍ਹੀ ਲੜਾਈ ਦੀ 123ਵੀਂ ਵਰੇਗੰਢ ਪਹਿਲੀ ਵਾਰ ਪੂਰੇ ਖ਼ਾਲਸਾਈ ਜਾਹੋ ਜਲਾਲ ਨਾਲ ਮਨਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਰਾਗੜ੍ਹੀ ਫ਼ਾਊਂਡੇਸ਼ਨ ਦੇ ਮੀਡੀਆ ਸਲਾਹਕਾਰ ਰਣਜੀਤ ਸਿੰਘ ਖ਼ਾਲਸਾ ਨੇ ਦਸਿਆ ਕਿ ਫ਼ਾਊਂਡੇਸ਼ਨ ਦੇ ਫ਼ਾਉਂਡਰ ਤੇ ਚੇਅਰਮੇਨ ਗੁਰਿੰਦਰ ਪਾਲ ਸਿੰਘ ਜੋਸਨ ਦੀ ਸੁਹਿਰਦਤਾ ਭਰੀ ਪ੍ਰੇਰਨਾ ਤੇ ਸਹਿਯੋਗ ਦੇ ਸਦਕਾ ਇਤਿਹਾਸ ਵਿਚ ਪਹਿਲੀ ਵਾਰ ਕਿਲ੍ਹਾ ਸਾਰਾਗੜ੍ਹੀ ਦੇ ਮੈਦਾਨ-ਏ-ਜੰਗ ਵਾਲੇ ਅਸਥਾਨ ਸਮਾਨਾ ਰੇਂਜ ਤੇ ਬਣੇ ਹੋਏ ਸਾਰਾਗੜ੍ਹੀ ਸ਼ਹੀਦੀ ਮੈਮੋਰੀਅਲ ਉਪਰ ਸ਼ਹੀਦਾਂ ਨੂੰ ਅਪਣਾ ਸਿੱਜਦਾ ਭੇਟ ਕਰਨ ਲਈ ਸਾਰਾਗੜ੍ਹੀ ਫ਼ਾਊਂਡੇਸ਼ਨ ਦੇ ਵਾਈਸ ਪ੍ਰਧਾਨ ਤਹਿਸੀਲ ਸਿੰਘ ਧਾਰੀਵਾਲ ਚੌਥੀ ਪੀੜ੍ਹੀ ਸਾਰਾਗੜ੍ਹੀ ਸ਼ਹੀਦ ਜੀਵਨ ਸਿੰਘ ਉਚੇਚੇ ਤੌਰ ਤੇ ਪੁੱਜੇ ਅਤੇ ਸਾਕਾ ਸਾਰਾਗੜ੍ਹੀ ਦੌਰਾਨ ਸ਼ਹੀਦ ਹੋਣ ਵਾਲੇ 36 ਸਿੱਖ ਰੈਜੀਮੈਂਟ ਦੇ ਬਹਾਦਰ 21 ਸਿੱਖ ਫ਼ੌਜ਼ੀਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਅਰਦਾਸ ਕੀਤੀ।

ਇਸ ਮੌਕੇ ਉਨ੍ਹਾਂ ਨੇ ਤੇ ਸੰਸਥਾ ਦੇ ਦੂਜੇ ਵਾਈਸ ਪ੍ਰਧਾਨ ਸੰਨੀ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ । ਸਾਰਾਗੜ੍ਹੀ ਫ਼ਾਊਂਡੇਸ਼ਨ ਦੇ ਦੋਵੇਂ ਅਹੁਦੇਦਾਰਾਂ ਨੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਹੋਇਆ ਕਿਹਾ ਕਿ ਦੁਨੀਆਂ ਦੇ ਇਤਿਹਾਸ ਵਿਚ ਸਾਰਾਗੜ੍ਹੀ ਦੀ ਲੜਾਈ ਵਰਗੀਆਂ ਮਿਸਾਲਾਂ ਵਿਰਲੀਆਂ ਹੀ ਮਿਲਦੀਆ ਹਨ ਕੀ ਕਿਵੇਂ 36ਵੀਂ ਸਿੱਖ ਰੈਜ਼ੀਮੈਂਟ ਦੇ 21 ਅਣਖ਼ੀਲੇ, ਬਹਾਦਰ ਸੂਰਮਿਆਂ ਵਲੋਂ 12 ਸਤੰਬਰ 1897 ਨੂੰ 'ਨਿਸ਼ਚੈ ਕਰ ਅਪਨੀ ਜੀਤ ਕਰੂ' ਦੇ ਸਿਧਾਂਤ ਨੂੰ ਲੈ ਕੇ ਅਪਣੇ ਤੋਂ 500 ਗੁਣਾਂ ਵੱਧ ਹਥਿਆਰਾਂ ਨਾਲ ਲੈਸ ਕਬਾਇਲੀ ਅਫ਼ਗਾਨੀਆਂ ਤੇ ਪਠਾਣਾਂ ਨਾਲ ਲੜਦੇ ਹੋਏ ਦ੍ਰਿੜ੍ਹ ਇਰਾਦੇ ਅਤੇ ਹਿੰਮਤ ਦਾ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਿਸ ਦੀ ਬਦੌਲਤ ਸ਼ਹੀਦ ਹੋਣ ਵਾਲੇ ਸਮੂਹ ਸਿੱਖ ਫ਼ੌਜੀਆਂ ਨੂੰ ਉਸ ਵੇਲੇ ਦੀ ਬ੍ਰਿਟਿਸ਼ ਸਰਕਾਰ ਨੇ ਅਪਣੇ ਸੱਭ ਤੋਂ ਵੱਡੇ ਐਵਾਰਡ ਬ੍ਰਿਟਿਸ਼ ਕਰਾਉਨ ਨਾਲ ਸਨਮਾਨਤ ਕੀਤਾ ਸੀ।