ਨਹੀਂ ਰੀਸਾਂ ਸੁੰਦਰ ਮੁੰਦਰੀਏ ਵਾਲੇ ਦੁੱਲੇ ਦੀਆਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਲਗਦਾ ਹੈ ਕਿ ਦੁੱਲੇ ਦੀ ਦਲੇਰੀ ਅਤੇ ਸਖ਼ਾਵਤ ਦੀਆਂ ਕਹਾਣੀਆਂ ਸੁਣੀਆਂ ਹੋਣ ਕਾਰਨ ਅਕਬਰ ਅਪਣੇ ਇਸ ਦੁਸ਼ਮਣ ਦੀ ਵੀ ਦਿਲੋਂ ਇੱਜ਼ਤ ਵੀ ਕਰਦਾ ਸੀ। 

Dulla Bhatti

ਮੈਂ ਢਾਹਾਂ ਦਿੱਲੀ ਦੇ ਕਿੰਗਰੇ, ਨਾਲੇ ਕਰਾਂ ਲਾਹੌਰ ਤਬਾਹ ਨੀ, 
ਸਣੇ ਅਕਬਰ ਬੰਨ੍ਹਾਂ ਬੇਗਮਾਂ, ਪਾਵਾਂ ਪਿੰਡੀ ਵਾਲੇ ਰਾਹ ਨੀ।

ਜਿਸ ਜ਼ਮਾਨੇ ਵਿਚ ਰਾਣੇ-ਰਾਜੇ ਅਕਬਰ ਵਰਗੇ ਮਹਾਨ ਮੁਗ਼ਲ ਬਾਦਸ਼ਾਹ ਦੀ ਖੁਸ਼ਨੂਦੀ ਹਾਸਲ ਕਰਨ ਖ਼ਾਤਰ ਅਪਣੀਆਂ ਨੌਜੁਆਨ ਧੀਆਂ ਦੀ ਸ਼ਾਦੀ ਉਸ ਨਾਲ ਕਰ ਦੇਂਦੇ ਹੋਣ, ਉਸ ਨਾਲ ਮੁਕਾਬਲਾ ਕਰਨ ਦੀ ਹਿੰਮਤ ਦੁੱਲੇ ਵਰਗੇ ਕਿਸੇ ਸ਼ੇਰਨੀ ਮਾਤਾ ਦੇ ਪੁੱਤਰ ਵਿਚ ਹੀ ਹੋ ਸਕਦੀ ਹੈ। ਦੁੱਲਾ ਪੰਜਾਬ ਦੇ ਇਤਿਹਾਸ ਦਾ ਅਮਰ ਕਿਰਦਾਰ ਹੈ ਤੇ ਅਣਖ ਨਾਲ ਜਿਊਣ ਦਾ ਪ੍ਰਤੀਕ ਹੈ।

ਪੰਜਾਬ ਦੇ ਚਾਰ ਮਸ਼ਹੂਰ ਲੋਕ ਨਾਇਕਾਂ ਜੱਗਾ ਡਾਕੂ, ਜਿਊਣਾ ਮੌੜ ਤੇ ਸੁੱਚਾ ਸੂਰਮਾ ਵਿਚੋਂ ਰਾਏ ਅਬਦੁੱਲਾ ਖ਼ਾਨ ਭੱਟੀ, ਉਰਫ਼ ਦੁੱਲਾ ਭੱਟੀ ਨੇ ਸੱਭ ਤੋਂ ਪਹਿਲਾਂ ਪੰਜਾਬ ਦੀ ਧਰਤੀ ਨੂੰ ਭਾਗ ਲਗਾਏ। ਉਹ ਪੰਜਾਬ ਦਾ ਪਹਿਲਾ ਰੌਬਿਨ ਹੁੱਡ ਹੈ। ਉਸ ਦਾ ਜਨਮ 1569ਈ. ਦੇ ਕਰੀਬ ਬਾਦਸ਼ਾਹ ਅਕਬਰ ਮਹਾਨ ਦੇ ਸ਼ਾਸਨ ਕਾਲ ਦੌਰਾਨ ਹੋਇਆ। ਉਸ ਦੀ ਮਾਤਾ ਦਾ ਨਾਮ ਲੱਧੀ ਤੇ ਬਾਪ ਦਾ ਨਾਮ ਰਾਏ ਫ਼ਰੀਦ ਖ਼ਾਨ ਭੱਟੀ ਸੀ ਜੋ ਮੁਸਲਿਮ ਰਾਜਪੂਤ ਸੀ।

ਫ਼ਰੀਦ ਖ਼ਾਨ ਸਾਂਦਲ ਬਾਰ ਦੇ ਪਿੰਡੀ ਭੱਟੀਆਂ ਇਲਾਕੇ ਦਾ ਸਰਦਾਰ ਸੀ ਤੇ ਉਸ ਦਾ ਪ੍ਰਭਾਵ ਮੌਜੂਦਾ ਹਾਫ਼ਿਜ਼ਾਬਾਦ ਤੋਂ ਲੈ ਕੇ ਮੁਲਤਾਨ ਤਕ ਕਰੀਬ 300 ਕਿ.ਮੀ. ਦੇ ਇਲਾਕੇ ਵਿਚ ਫੈਲਿਆ ਹੋਇਆ ਸੀ। ਇਲਾਕੇ ਦੇ ਸਾਰੇ ਚੌਧਰੀ-ਜ਼ਿਮੀਂਦਾਰ ਉਸ ਦੀ ਅਧੀਨਤਾ ਮੰਨਦੇ ਸਨ। ਪਿੰਡੀ ਭੱਟੀਆਂ ਦਾ ਇਲਾਕਾ ਅਜਕਲ ਪਾਕਿਸਤਾਨ ਦੇ ਜ਼ਿਲ੍ਹਾ ਫ਼ੈਸਲਾਬਾਦ (ਪਹਿਲਾਂ ਲਾਇਲਪੁਰ) ਦੇ ਆਸ ਪਾਸ ਪੈਂਦਾ ਹੈ। ਸਾਂਦਲ ਬਾਰ ਦਾ ਨਾਮ ਹੀ ਫ਼ਰੀਦ ਖ਼ਾਨ ਦੇ ਬਾਪ ਸਾਂਦਲ ਦੇ ਨਾਮ ਉਤੇ ਪਿਆ ਸੀ।

ਅਕਬਰ ਦੇ ਰਾਜ ਭਾਗ ਤੋਂ ਪਹਿਲਾਂ ਭਾਰਤ ਵਿਚ ਜ਼ਮੀਨਾਂ ਦਾ ਲਗਾਨ ਇਕੱਠਾ ਕਰਨ ਵੇਲੇ ਬਹੁਤ ਧਾਂਦਲੀ ਚਲਦੀ ਸੀ। ਜ਼ਿਮੀਂਦਾਰ ਗ਼ਰੀਬ ਕਿਸਾਨਾਂ ਕੋਲੋਂ ਤਾਂ ਲਗਾਨ ਸਖਤੀ ਨਾਲ ਉਗਰਾਹੁੰਦੇ ਸਨ, ਪਰ ਸਰਕਾਰੀ ਖ਼ਜ਼ਾਨੇ ਵਿਚ ਜਮ੍ਹਾਂ ਕਰਾਉਣ ਦੀ ਬਜਾਏ ਬਹੁਤਾ ਆਪ ਹੀ ਛਕ ਜਾਂਦੇ ਸਨ। ਅਕਬਰ ਨੇ ਲਗਾਨ ਸਿਸਟਮ ਵਿਚ ਅਨੇਕਾਂ ਸੁਧਾਰ ਕੀਤੇ ਜਿਸ ਕਾਰਨ ਇਹ ਧਾਂਦਲੀ ਕਾਫ਼ੀ ਹੱਦ ਤਕ ਰੁੱਕ ਗਈ। ਉਸ ਦੇ ਪ੍ਰਸਿੱਧ ਵਿੱਤ ਮੰਤਰੀ ਦੀਵਾਨ ਟੋਡਰ ਮੱਲ ਨੇ ਸਾਰੇ ਰਾਜ ਵਿਚ ਜ਼ਮੀਨ ਦੀ ਮਿਣਤੀ ਕਰਵਾਈ ਤੇ ਵਾਹੀਯੋਗ ਜ਼ਮੀਨ ਦੀ ਕਿਸਮ ਮੁਤਾਬਕ ਲਗਾਨ ਨਿਸ਼ਚਿਤ ਕਰ ਦਿਤਾ।

ਅਕਬਰ ਵਲੋਂ ਸਿੱਧਾ ਮਾਮਲਾ ਉਗਰਾਹੁਣ ਤੋਂ ਜ਼ਿੰਮੀਦਾਰ ਭੜਕ ਪਏ ਕਿਉਂਕਿ ਮਾਮਲਾ ਉਗਰਾਹੁਣਾ ਉਹ ਅਪਣਾ ਖ਼ਾਨਦਾਨੀ ਹੱਕ ਸਮਝਦੇ ਸਨ। ਉਨ੍ਹਾਂ ਨੇ ਇਸ ਕਾਰਵਾਈ ਨੂੰ ਅਪਣੇ ਅਧਿਕਾਰਾਂ ਵਿਚ ਬੇਵਜ੍ਹਾ ਦਖ਼ਲ ਸਮਝ ਕੇ ਬਗਾਵਤਾਂ ਕਰ ਦਿਤੀਆਂ। ਬਾਰਾਂ ਵਿਚ ਰਹਿਣ ਵਾਲੇ ਲੋਕ ਮੁੱਢ ਕਦੀਮ ਤੋਂ ਹੀ ਬਾਗੀ ਸੁਭਾਅ ਵਾਲੇ ਸਨ। ਮਹਿਮੂਦ ਗਜ਼ਨਵੀ ਤੇ ਬਾਬਰ ਨੂੰ ਵੀ ਇਸ ਇਲਾਕੇ ਵਿਚ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।

ਲੜਨ ਭਿੜਨ ਤੇ ਲੁੱਟ ਮਾਰ ਦੇ ਸ਼ੌਕੀਨ ਇਹ ਲੋਕ ਸਰਕਾਰੀ ਹਕੂਮਤ ਨੂੰ ਨਹੀਂ ਮੰਨਦੇ ਸਨ ਤੇ ਅਪਣੇ ਇਲਾਕੇ ਵਿਚੋਂ ਲੰਘਣ ਵਾਲੇ ਕਾਫ਼ਲਿਆਂ ਤੇ ਸਰਕਾਰੀ ਖ਼ਜ਼ਾਨੇ ਨੂੰ ਆਮ ਹੀ ਲੁੱਟ ਲੈਂਦੇ ਸਨ। ਬਾਕੀ ਜ਼ਿਮੀਂਦਾਰਾਂ ਵਾਂਗ ਫ਼ਰੀਦ ਖ਼ਾਨ ਭੱਟੀ ਨੇ ਵੀ ਬਗ਼ਾਵਤ ਕਰ ਦਿਤੀ। ਪਰ ਮੁਗ਼ਲ ਫ਼ੌਜਾਂ ਨੇ ਜਲਦੀ ਹੀ ਬਗਾਵਤਾਂ ਕੁਚਲ ਦਿਤੀਆਂ। ਫ਼ਰੀਦ ਖ਼ਾਨ ਤੇ ਉਸ ਦੇ ਬਜ਼ੁਰਗ ਬਾਪ ਸਾਂਦਲ ਖ਼ਾਨ ਭੱਟੀ ਨੂੰ ਗ੍ਰਿਫ਼ਤਾਰ ਕਰ ਕੇ ਫਾਂਸੀ ਉਤੇ ਲਟਕਾ ਦਿਤਾ ਤੇ ਉਨ੍ਹਾਂ ਦੀਆਂ ਜਗੀਰਾਂ ਜ਼ਬਤ ਕਰ ਲਈਆਂ ਗਈਆਂ। ਕਹਿੰਦੇ ਹਨ ਕਿ ਬਾਗ਼ੀਆਂ ਦੇ ਦਿਲ ਵਿਚ ਭੈਅ ਪੈਦਾ ਕਰਨ ਲਈ ਫ਼ਰੀਦ ਖ਼ਾਨ, ਸਾਂਦਲ ਖ਼ਾਨ ਤੇ ਸਾਥੀਆਂ ਦੀਆਂ ਲਾਸ਼ਾਂ ਤੂੜੀ ਨਾਲ ਭਰ ਕੇ ਸ਼ਾਹੀ ਕਿਲ੍ਹਾ ਲਾਹੌਰ ਦੇ ਦਰਵਾਜ਼ੇ ਉਤੇ ਲਟਕਾ ਦਿਤੀਆਂ ਗਈਆਂ।

ਫ਼ਰੀਦ ਖ਼ਾਨ ਦੀ ਮੌਤ ਸਮੇਂ ਲੱਧੀ ਗਰਭਵਤੀ ਸੀ। ਦੁੱਲੇ ਦਾ ਜਨਮ ਫ਼ਰੀਦ ਖ਼ਾਨ ਦੇ ਮਰਨ ਤੋਂ ਚਾਰ ਮਹੀਨੇ ਬਾਅਦ ਵਿਚ ਹੋਇਆ ਸੀ। ਉਸ ਨੂੰ ਛੋਟੇ ਹੁੰਦੇ ਇਹ ਪਤਾ ਨਹੀਂ ਸੀ ਕਿ ਉਸ ਦੇ ਬਾਪ-ਦਾਦੇ ਨਾਲ ਕੀ ਵਾਪਰਿਆ ਸੀ। ਉਸ ਦੇ ਬਾਲ ਮਨ ਨੂੰ ਦੁੱਖਾਂ ਤੋਂ ਬਚਾਉਣ ਲਈ ਲੱਧੀ ਨੇ ਉਸ ਤੋਂ ਇਸ ਦੁਖਾਂਤ ਬਾਰੇ ਓਹਲਾ ਹੀ ਰਖਿਆ। ਉਸ ਦਾ ਬਚਪਨ ਵੀ ਆਮ ਬੱਚਿਆਂ ਵਾਂਗ ਮਸੀਤ ਵਿਚ ਪੜ੍ਹ ਕੇ ਤੇ ਖੇਡ ਕੁੱਦ ਕੇ ਬੀਤਿਆ। ਪਰ ਉਹ ਬਚਪਨ ਤੋਂ ਹੀ ਬੜਾ ਦਲੇਰ ਤੇ ਬਾਗ਼ੀ ਕਿਸਮ ਦਾ ਸੀ। ਪੜ੍ਹਨ ਲਿਖਣ ਦੀ ਬਜਾਏ ਉਸ ਦਾ ਝੁਕਾਅ ਖੇਡਣ ਕੁੱਦਣ ਅਤੇ ਹਥਿਆਰਾਂ ਵਲ ਜ਼ਿਆਦਾ ਸੀ।

ਜਦੋਂ ਮੌਲਵੀ ਨੇ ਸਖ਼ਤੀ ਕੀਤੀ ਤਾਂ ਉਸ ਨੇ ਪੜ੍ਹਨਾ ਹੀ ਛੱਡ ਦਿਤਾ। ਇਕੋ ਇਕ ਔਲਾਦ ਹੋਣ ਕਾਰਨ ਲੱਧੀ ਉਸ ਨੂੰ ਜਾਨ ਨਾਲੋਂ ਵੀ ਜ਼ਿਆਦਾ ਪਿਆਰ ਕਰਦੀ ਸੀ। ਜਦੋਂ ਉਹ ਪਾਣੀ ਭਰਨ ਜਾਂਦੀਆਂ ਔਰਤਾਂ ਦੇ ਘੜੇ ਗੁਲੇਲਿਆਂ ਨਾਲ ਭੰਨ ਦੇਂਦਾ ਤਾਂ ਲੱਧੀ ਉਸ ਨੂੰ ਡਾਂਟਣ ਦੀ ਬਜਾਏ ਅਪਣੇ ਸਵਰਗਵਾਸੀ ਪਤੀ ਦੀ ਇਕੋ ਇਕ ਨਿਸ਼ਾਨੀ ਸਮਝ ਕੇ ਉਨ੍ਹਾਂ ਨੂੰ ਨਵੇਂ ਘੜੇ ਲੈ ਦੇਂਦੀ। 

ਜਵਾਨ ਹੋਣ ਉਤੇ ਜਦੋਂ ਉਸ ਨੂੰ ਲੋਕਾਂ ਕੋਲੋਂ ਅਪਣੇ ਬਾਪ-ਦਾਦੇ ਦੀ ਹੋਣੀ ਬਾਰੇ ਪਤਾ ਲੱਗਾ ਤਾਂ ਉਹ ਭੜਕ ਉਠਿਆ। ਉਸ ਦਾ ਖ਼ਾਨਦਾਨੀ ਬਾਗ਼ੀ ਖ਼ੂਨ ਉਬਾਲੇ ਖਾਣ ਲੱਗਾ। ਉਸ ਨੇ ਅਕਬਰ ਤੇ ਮੁਗ਼ਲ ਰਾਜ ਵਿਰੁਧ ਬਗ਼ਾਵਤ ਕਰ ਦਿਤੀ। ਸੈਂਕੜੇ ਯੋਧੇ ਉਸ ਦੇ ਝੰਡੇ ਹੇਠ ਆਣ ਇਕੱਠੇ ਹੋਏ। ਉਸ ਨੇ ਹੱਲਾ ਬੋਲ ਕੇ ਮੁਗ਼ਲਾਂ ਦੇ ਅਨੇਕਾਂ ਹੰਕਾਰੀ ਅਹਿਲਕਾਰਾਂ ਨੂੰ ਕਤਲ ਕਰ ਦਿਤਾ। ਸਰਕਾਰੀ ਮਾਲ ਧਨ ਤੇ ਜਨਤਾ ਦਾ ਖ਼ੂਨ ਚੂਸਣ ਵਾਲੇ ਸ਼ਾਹੂਕਾਰਾਂ ਨੂੰ ਲੁੱਟ ਕੇ ਪੈਸਾ ਲੋਕਾਂ ਵਿਚ ਵੰਡਣਾ ਸ਼ੁਰੂ ਕਰ ਦਿਤਾ। ਉਸ ਨੇ ਅਨੇਕ ਗ਼ਰੀਬ ਘਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ। ਉਸ ਦੀ ਦਰਿਆ ਦਿਲੀ ਵੇਖ ਕੇ ਹੋਰ ਹਜ਼ਾਰਾਂ ਲੋਕ ਉਸ ਨਾਲ ਜੁੜ ਗਏ। ਇਕ ਵਾਰ ਤਾਂ ਸਾਂਦਲ ਬਾਰ ਦਾ ਇਲਾਕਾ ਲਾਹੌਰ ਦੇ ਸੂਬੇਦਾਰ ਦੇ ਕਬਜ਼ੇ ਵਿਚੋਂ ਇਕ ਤਰ੍ਹਾਂ ਨਾਲ ਆਜ਼ਾਦ ਹੋ ਗਿਆ।

ਉਸ ਦੇ ਕਈ ਡਾਕੇ ਬਹੁਤ ਪ੍ਰਸਿੱਧ ਹੋਏ ਹਨ। ਬਹੁਤ ਮਸ਼ਹੂਰ ਕਹਾਣੀ ਹੈ ਕਿ ਇਕ ਦਲੇਰਾਨਾ ਕਾਰਵਾਈ ਕਰ ਕੇ ਉਸ ਨੇ ਹੱਜ ਕਰਨ ਜਾਂਦੀ ਅਕਬਰ ਦੀ ਇਕ ਬੇਗ਼ਮ ਦਾ ਕਾਫ਼ਲਾ ਲੁੱਟ ਕੇ ਬੇਗ਼ਮ ਨੂੰ ਬੰਦੀ ਬਣਾ ਲਿਆ ਸੀ। ਅਕਬਰ ਲਈ ਖ਼ਾਸ ਅਰਬੀ ਘੋੜੇ ਲੈ ਕੇ ਜਾਂਦੇ ਕਾਬਲ ਦੇ ਵਪਾਰੀ ਤੋਂ ਇਲਾਵਾ ਸ਼ਾਹ ਇਰਾਨ ਵਲੋਂ ਅਕਬਰ ਲਈ ਭੇਜੇ ਗਏ ਅਣਮੁੱਲੇ ਤੋਹਫ਼ੇ ਲੁੱਟ ਕੇ ਉਸ ਨੇ ਮੁਗ਼ਲ ਦਰਬਾਰ ਵਿਚ ਤਰਥੱਲੀ ਮਚਾ ਦਿਤੀ। ਲੁੱਟਿਆ ਹੋਇਆ ਮਾਲ ਗ਼ਰੀਬਾਂ ਵਿਚ ਵੰਡ ਦੇਣ ਕਾਰਨ ਲੋਕ ਉਸ ਨੂੰ ਅਪਣੀ ਜਾਨ ਤੋਂ ਵੀ ਵੱਧ ਪਿਆਰ ਕਰਨ ਲੱਗੇ। ਉਸ ਕੱਟੜਤਾ ਵਾਲੇ ਯੁੱਗ ਵਿਚ ਵੀ ਉਹ ਧਾਰਮਕ ਤੌਰ ਉਤੇ  ਸ਼ਹਿਣਸ਼ੀਲ ਸੀ।

ਇਲਾਕੇ ਦੇ ਹਿੰਦੂਆਂ ਪ੍ਰਤੀ ਉਸ ਦਾ ਵਿਵਹਾਰ ਬਹੁਤ ਹੀ ਪਿਆਰ ਭਰਿਆ ਸੀ। ਇਸੇ ਕਾਰਨ ਉਹ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਦਾ ਸਾਂਝਾ ਨਾਇਕ ਹੈ। ਉਸ ਨੇ ਸੁੰਦਰੀ ਮੁੰਦਰੀ ਨਾਮਕ ਦੋ ਹਿੰਦੂ ਭੈਣਾਂ ਨੂੰ ਇਕ ਪਾਪੀ ਜਾਗੀਰਦਾਰ ਦੇ ਪੰਜੇ ਵਿਚੋਂ ਬਚਾਅ ਕੇ ਉਨ੍ਹਾਂ ਦਾ ਵਿਆਹ ਕਰਵਾਇਆ ਤੇ ਬਾਪ ਬਣ ਕੇ ਸਾਰਾ ਦਾਜ ਖ਼ੁਦ ਦਿਤਾ। ਉਸ ਜਾਗੀਰਦਾਰ ਨੂੰ ਸ਼ਰੇਆਮ ਸੂਲੀ ਉਤੇ ਟੰਗ ਕੇ ਮਾਰਿਆ ਗਿਆ। ਉਸ ਦੇ ਇਸ ਕਾਰਨਾਮੇ ਨੇ ਉਸ ਨੂੰ ਹਮੇਸ਼ਾਂ ਲਈ ਅਮਰ ਕਰ ਦਿਤਾ। ਅੱਜ ਤਕ ਹਰ ਸਾਲ ਲੋਕ ਲੋਹੜੀ ਦੇ ਤਿਉਹਾਰ ਸਮੇਂ  “ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ।” ਗਾ ਕੇ ਉਸ ਨੂੰ ਯਾਦ ਕਰਦੇ ਹਨ।

ਲੋਕ ਦੁੱਲੇ ਦੀ ਰੱਬ ਵਾਂਗ ਪੂਜਾ ਕਰਨ ਲੱਗੇ। ਉਸ ਦੀਆਂ ਬਾਗ਼ੀ ਕਾਰਵਾਈਆਂ ਨੇ ਅਕਬਰ ਦੀ ਨੀਂਦ ਹਰਾਮ ਕਰ ਦਿਤੀ। ਉਸ ਨੂੰ ਫਿਕਰ ਪੈ ਗਿਆ ਕਿ ਜੇ ਇਸ ਮੁਸੀਬਤ ਨੂੰ ਹੁਣੇ ਨਾ ਦਬਾਇਆ ਗਿਆ ਤਾਂ ਬਗ਼ਾਵਤ ਹੋਰ ਇਲਾਕਿਆਂ ਤਕ ਵੀ ਫੈਲ ਸਕਦੀ ਹੈ ਪਰ ਭਾਰੀ ਕੋਸ਼ਿਸ਼ਾਂ ਦੇ ਬਾਵਜੂਦ ਲਾਹੌਰ ਦਾ ਨਾਲਾਇਕ ਸੂਬੇਦਾਰ ਦੁੱਲੇ ਨੂੰ ਦਬਾ ਨਾ ਸਕਿਆ। ਉਸ ਨੂੰ ਅਨੇਕਾਂ ਵਾਰ ਮੂੰਹ ਦੀ ਖਾਣੀ ਪਈ। ਇਸ ਉਤੇ ਦੁਖੀ ਹੋ ਕੇ ਅਕਬਰ ਨੇ ਸਾਂਦਲ ਵਾਰ ਦੀ ਬਗ਼ਾਵਤ ਦਬਾਉਣ ਲਈ ਅਪਣੇ ਦੋ ਬਹੁਤ ਹੀ ਕਾਬਲ ਜਰਨੈਲ, ਮਿਰਜ਼ਾ ਅਲਾਉਦੀਨ ਬਰੇਲਵੀ ਤੇ ਮਿਰਜ਼ਾ ਜ਼ਿਆਉਦੀਨ ਖ਼ਾਨ 15 ਹਜ਼ਾਰ ਸੈਨਿਕ ਦੇ ਕੇ ਲਾਹੌਰ ਵਲ ਤੋਰ ਦਿਤੇ।

ਲਾਹੌਰ ਦੇ ਸੂਬੇਦਾਰ ਨੂੰ ਬਹੁਤ ਕਰੜੇ ਹੁਕਮ ਭੇਜੇ ਗਏ ਕਿ ਜੇ ਬਗ਼ਾਵਤ ਨਾ ਦਬਾਈ ਤਾਂ ਬਾਗ਼ੀਆਂ ਦੀ ਥਾਂ ਤੇਰਾ ਸਿਰ ਵੱਢ ਕੇ ਸ਼ਾਹੀ ਕਿਲ੍ਹੇ ਦੇ ਦਰਵਾਜ਼ੇ ਉਤੇ ਟੰਗ ਦਿਤਾ ਜਾਵੇਗਾ। ਦਿੱਲੀ ਤੋਂ ਆਏ ਜਰਨੈਲਾਂ ਦੀ ਕਮਾਂਡ ਹੇਠ ਲਾਹੌਰ ਤੇ ਦਿੱਲੀ ਦੀ ਰਲੀ ਮਿਲੀ ਫ਼ੌਜ ਦੁੱਲੇ ਦੇ ਪਿੱਛੇ ਹੱਥ ਧੋ ਕੇ ਪੈ ਗਈ। ਦੁੱਲੇ ਦਾ ਘਰ ਘਾਟ ਤਬਾਹ ਕਰ ਦਿਤਾ ਗਿਆ। ਲੱਧੀ ਸਮੇਤ ਭੱਟੀਆਂ ਦੀਆਂ ਸਾਰੀਆਂ ਔਰਤਾਂ ਬੰਦੀ ਬਣਾ ਲਈਆਂ ਗਈਆਂ। ਕਈ ਮਹੀਨੇ ਝੜਪਾਂ ਚਲਦੀਆਂ ਰਹੀਆਂ। ਦੁੱਲੇ ਤੇ ਸਾਥੀਆਂ ਨੇ ਛਾਪਮਾਰ ਯੁੱਧ ਨਾਲ ਫ਼ੌਜ ਦੇ ਨੱਕ ਵਿਚ ਦਮ ਕਰ ਦਿਤਾ ਪਰ ਦੁੱਲੇ ਦੀ ਚੜ੍ਹਤ ਉਸ ਦੇ ਚਾਚੇ ਜਲਾਲੁਦੀਨ ਕੋਲੋਂ ਬਰਦਾਸ਼ਤ ਨਾ ਹੋਈ। ਉਹ ਘਰ ਦਾ ਭੇਤੀ ਮੁਗ਼ਲਾਂ ਦਾ ਮੁਖ਼ਬਰ ਬਣ ਗਿਆ ਤੇ ਖ਼ਬਰਾਂ ਸਰਕਾਰ ਤਕ ਪਹੁੰਚਾਉਣ ਲੱਗਾ।

ਜਦੋਂ ਮੁਗ਼ਲ ਦੁੱਲੇ ਨੂੰ ਬਲ ਨਾਲ ਨਾ ਹਰਾ ਸਕੇ ਤਾਂ ਉਨ੍ਹਾਂ ਨੇ ਛਲ ਦਾ ਸਹਾਰਾ ਲਿਆ। ਕੁੱਝ ਵਿਚੋਲੇ ਪਾ ਕੇ ਸੁਲਾਹ ਦੀ ਗੱਲ ਚਲਾਈ ਤੇ ਮੁਲਾਕਾਤ ਦਾ ਸਥਾਨ ਮਿਥ ਲਿਆ ਗਿਆ। ਅਖ਼ੀਰ ਜਦੋਂ ਦੁੱਲਾ ਗੱਲਬਾਤ ਲਈ ਆਇਆ ਤਾਂ ਉਸ ਨੂੰ ਖਾਣੇ ਵਿਚ ਨਸ਼ਾ ਮਿਲਾ ਕੇ ਬੇਹੋਸ਼ ਕਰ ਕੇ ਕਈ ਸਾਥੀਆਂ ਸਮੇਤ ਲਾਹੌਰ ਕਿਲ੍ਹੇ ਦੀਆਂ ਹਨੇਰੀਆਂ ਕਾਲ ਕੋਠੜੀਆਂ ਵਿਚ ਬੰਦ ਕਰ ਦਿਤਾ। ਅਖ਼ੀਰ ਸੰਨ 1599 ਈ. ਵਿਚ 30 ਸਾਲ ਦੀ ਭਰ ਜਵਾਨੀ ਵਿਚ ਦੁੱਲੇ ਨੂੰ ਕੋਤਵਾਲੀ ਦੇ ਸਾਹਮਣੇ ਫਾਂਸੀ ਲਗਾ ਕੇ ਮੌਤ ਦੇ ਘਾਟ ਉਤਾਰ ਦਿਤਾ ਗਿਆ। ਕਹਿੰਦੇ ਹਨ ਕਿ ਉਸ ਦੀਆਂ ਆਖ਼ਰੀ ਰਸਮਾਂ ਮਹਾਨ ਸੂਫ਼ੀ ਸੰਤ ਸ਼ਾਹ ਹੁਸੈਨ ਨੇ ਨਿਭਾਈਆਂ ਸਨ। ਉਸ ਨੇ ਹਕੂਮਤ ਉਤੇ ਅਪਣਾ ਰੂਹਾਨੀ ਪ੍ਰਭਾਵ ਵਰਤ ਕੇ ਦੁੱਲੇ ਦੀ ਦੇਹ ਦੀ ਬੇਇੱਜ਼ਤੀ ਨਾ ਹੋਣ ਦਿਤੀ ਤੇ ਪੂਰੇ ਧਾਰਮਕ ਰੀਤੀ ਰਿਵਾਜਾਂ ਨਾਲ ਉਸ ਨੂੰ ਸਪੁਰਦੇ ਖ਼ਾਕ ਕਰ ਦਿਤਾ। ਉਸ ਦੀ ਕਬਰ ਲਾਹੌਰ ਮਿਆਣੀ ਸਾਹਿਬ ਕਬਰਸਤਾਨ ਵਿਚ ਬਣੀ ਹੋਈ ਹੈ। 

ਲੱਧੀ ਦੁੱਲੇ ਦੀ ਮੌਤ ਤੋਂ ਕਈ ਸਾਲ ਬਾਅਦ ਤਕ ਜਿਊਂਦੀ ਰਹੀ। ਦੁੱਲਾ ਵਿਆਹਿਆ ਹੋਇਆ ਨਹੀਂ ਸੀ, ਇਸ ਲਈ ਉਸ ਦਾ ਵੰਸ਼ ਅੱਗੇ ਨਾ ਚੱਲ ਸਕਿਆ। ਕਹਿੰਦੇ ਹਨ ਜਦੋਂ ਦੁੱਲੇ ਦੀ ਮੌਤ ਦੀ ਖ਼ਬਰ ਅਕਬਰ ਨੂੰ ਸੁਣਾਈ ਗਈ ਤਾਂ ਉਸ ਨੇ ਕੋਈ ਖ਼ਾਸ ਖ਼ੁਸ਼ੀ ਜ਼ਾਹਰ ਨਾ ਕੀਤੀ। ਉਹ ਚੁੱਪ ਚਾਪ ਖ਼ਬਰ ਲਿਆਉਣ ਵਾਲੇ ਏਲਚੀ ਵਲ ਵੇਖਦਾ ਰਿਹਾ। ਲਗਦਾ ਹੈ ਕਿ ਦੁੱਲੇ ਦੀ ਦਲੇਰੀ ਅਤੇ ਸਖ਼ਾਵਤ ਦੀਆਂ ਕਹਾਣੀਆਂ ਸੁਣੀਆਂ ਹੋਣ ਕਾਰਨ ਅਕਬਰ ਅਪਣੇ ਇਸ ਦੁਸ਼ਮਣ ਦੀ ਵੀ ਦਿਲੋਂ ਇੱਜ਼ਤ ਵੀ ਕਰਦਾ ਸੀ। 
ਬਲਰਾਜ ਸਿੰਘ ਸਿੱਧੂ
ਸੰਪਰਕ : 95011-00062