ਤਿਉਹਾਰਾਂ 'ਤੇ ਚੜ੍ਹਿਆ ਸੰਘਰਸ਼ੀ ਰੰਗ, ਲੋਹੜੀ ਮੌਕੇ ਭੁੱਗੇ 'ਚ ਸਾੜੀਆਂ ਜਾਣਗੀਆਂ ਕਾਨੂੰਨ ਦੀਆਂ ਕਾਪੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੇਤੀ ਕਾਨੂੰਨਾਂ ਦੀਆਂ 13 ਕਰੋੜ ਕਾਪੀਆਂ ਸਾੜੇ ਜਾਣ ਦਾ ਕੀਤਾ ਐਲਾਨ

Farmers Ptotest

ਚੰਡੀਗੜ੍ਹ : ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਲੈ ਕੇ ਦਿੱਲੀ ਦਾ ਘੇਰਾ ਘੱਤੀ ਬੈਠੀਆਂ ਕਿਸਾਨ ਜਥੇਬੰਦੀਆਂ ਤੇ ਸਰਕਾਰ ਵਿਚਾਲੇ 8ਵੇਂ ਗੇੜ ਦੀ ਗੱਲਬਾਤ ਬੇਸਿੱਟਾ ਰਹਿਣ ਬਾਅਦ ਸੰਘਰਸ਼ ਹੋਰ ਮੱਘਣ ਲੱਗਾ ਹੈ। ਸੱਤਾਧਾਰੀ ਧਿਰ ਦੇ ਭੜਕਾਊ ਬਿਆਨ ਬਲਦੀ ’ਤੇ ਤੇਲ ਦਾ ਕੰਮ ਕਰ ਰਹੇ ਹਨ। ਭਾਵੇਂ ਸੱਤਾਧਾਰੀ ਧਿਰ ਭੜਕਾਊ ਬਿਆਨ ਦਾਗ਼ ਕੇ ਕਿਸਾਨਾਂ ਦੇ ਹੌਂਸਲੇ ਨੂੰ ਪਸਤ ਕਰਨਾ ਚਾਹੁੰਦੀ ਹੈ ਪਰ ਇਸ ਦਾ ਵਿਪਰੀਤ ਅਸਰ ਹੋ ਰਿਹਾ ਹੈ। ਭਾਜਪਾ ਆਗੂਆਂ ਦੇ ਬਿਆਨ ਕਿਸਾਨਾਂ ਦੇ ਇਰਾਦਿਆਂ ਨੂੰ ਮਜ਼ਬੂਤੀ ਦੇਣ ਦਾ ਕੰਮ ਕਰ ਰਹੇ ਹਨ। 

ਕਿਸਾਨੀ ਸੰਘਰਸ਼ ਦੀ ਬਦੌਲਤ ਪੰਜਾਬੀਆਂ ਦੇ ਤਿੱਥ-ਤਿਉਹਾਰ ਸੰਘਰਸ਼ੀ ਰੰਗ ਵਿਚ ਰੰਗੇ ਜਾ ਚੁੱਕੇ ਹਨ। ਦੁਸ਼ਹਿਰੇ ਮੌਕੇ ਪ੍ਰਧਾਨ ਮੰਤਰੀ ਦੇ ਪੁਤਲੇ ਸਾੜਣ ਤੋਂ ਹੋਈ ਸ਼ੁਰੂਆਤ ਦਾ ਅਸਰ ਹੁਣ ਆਉਂਦੇ ਵਾਲੇ ਲੋਹੜੀ ਦੇ ਤਿਉਹਾਰ ਮੌਕੇ ਵੀ ਖ਼ਾਸ ਵਿਖਣ ਨੂੰ ਮਿਲੇਗਾ। ਕਿਸਾਨ ਆਗੂਆਂ ਨੇ ਇਸ ਵਾਰ ਲੋਹੜੀ ਦੇ ਤਿਉਹਾਰ ਮੌਕੇ ਘਰਾਂ, ਮੁਹੱਲਿਆਂ ਤੇ ਸੱਥਾਂ ’ਚ ਬਾਲੇ ਜਾਣ ਵਾਲੇ ਭੁੱਗੇ ’ਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦਾ ਸੱਦਾ ਦਿੱਤਾ ਹੈ।

ਇਸ ਦੀ ਸ਼ੁਰੂਆਤ ਅੱਜ ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਪਿੰਡ ਚੱਬਾ ਸਥਿਤ ਹੈਡਕੁਆਟਰ ਤੋਂ ਕਰ ਦਿਤੀ ਹੈ। ਅੱਜ ਕੋਰ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ’ਚ ਭੁੱਗਾ ਬਾਲ ਕੇ ਲੋਹੜੀ ਮੌਕੇ ਤਿੰਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਕਿਸਾਨ ਆਗੂਆਂ ਨੇ ਸਮੁੱਚੇ ਪੰਜਾਬੀਆਂ ਨੂੰ ਇਸ ਵਾਰ ਲੋਹੜੀ ਮੌਕੇ ਖੇਤੀ ਕਾਨੂੰਨਾਂ ਦੀਆਂ 13 ਕਰੋੜ ਕਾਪੀਆਂ ਸਾੜੇ ਜਾਣ ਦਾ ਸੱਦਾ ਦਿਤਾ ਹੈ।

ਕਾਬਲੇਗੌਰ ਹੈ ਕਿ ਪਿਛਲੇ ਸਾਲ ਮਨਾਏ ਗਏ ਦੁਸ਼ਹਿਰੇ ਦੇ ਤਿਉਹਾਰ ਮੌਕੇ ਰਾਵਨ ਦੀ ਥਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫੂਕੇ ਗਏ ਸਨ। ਇਸੇ ਤੋਂ ਬਾਅਦ ਕਾਲੀ ਦੀਵਾਲੀ ਮਨ੍ਹਾ ਕੇ ਕਿਸਾਨਾਂ ਨੇ ਸਰਕਾਰ ਨੂੰ ਸਖ਼ਤ ਸੁਨੇਹਾ ਦਿਤਾ ਸੀ। ਪੋਹ  ਮਹੀਨੇ ਦੇ ਸ਼ਹੀਦੀ ਦਿਹਾੜਿਆਂ ਤੋਂ ਇਲਾਵਾ ਇਸ ਵਾਰ ਨਵਾਂ ਸਾਲ ਵੀ ਕਿਸਾਨਾਂ ਨੇ ਦਿੱਲੀ ਦੇ ਬਾਰਡਰਾਂ ’ਤੇ ਮਨਾਇਆ। ਇਸੇ ਤਰ੍ਹਾਂ ਲੋਹੜੀ ਦਾ ਤਿਉਹਾਰ ਮਨਾਏ ਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। 

ਇਸ ਤੋਂ ਬਾਅਦ 26 ਜਨਵਰੀ ਮੌਕੇ ਹੋਣ ਵਾਲੀਆਂ ਪਰੇਡਾਂ ਦੇ ਬਰਾਬਰ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਜਾ ਚੁੱਕਾ ਹੈ। ਬੀਤੇ 7 ਦਸੰਬਰ ਨੂੰ ਦਿੱਲੀ ਦੀਆਂ ਸਰਹੱਦਾਂ ’ਤੇ ਟਰੈਕਟਰ ਮਾਰਚ ਕੱਢ ਕੇ ਟਰੇਲਰ ਵਿਖਾਇਆ ਜਾ ਚੁੱਕਾ ਹੈ। ਜੇਕਰ ਸਰਕਾਰ ਨੇ 15 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਵਿਚ ਕੋਈ ਸੁਖਾਵਾਂ ਹੱਲ ਨਾ ਕੱਢਿਆ ਆਉਣ ਵਾਲੇ ਸਮੇਂ ਵਿਚ ਕਿਸਾਨੀ ਸੰਘਰਸ਼ ਦੇ ਹੋਰ ਹੋਰ ਤੇਜ਼ ਹੋਣ ਦੇ ਅਸਾਰ ਹਨ।