Lohri Special: ਖ਼ੁਸ਼ੀ ਮਨਾਉਣ ਦਾ ਸਾਂਝਾ ਤਿਉਹਾਰ ਲੋਹੜੀ
ਇਹ ਤਿਉਹਾਰ ਸਰਦੀ ਦੀ ਰਾਤ ਦਾ ਮੁੱਖ ਤਿਉਹਾਰ ਹੈ। ਇਹ ਪੋਹ ਦੇ ਮਹੀਨੇ ਦੇ ਆਖ਼ਰੀ ਦਿਨ ਮਨਾਇਆ ਜਾਂਦਾ ਹੈ।
Lohri Special: ਸਾਡੇ ਦੇਸ਼ ਵਿਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਜਿਨ੍ਹਾਂ ਵਿਚੋਂ ਲੋਹੜੀ ਦਾ ਤਿਉਹਾਰ ਸਾਰੇ ਹੀ ਭਾਰਤ ਵਿਚ ਮੌਸਮੀ ਉਤਸਵ ਵਜੋਂ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਸਰਦ ਰੁੱਤ ਦਾ ਤਿਉਹਾਰ ਹੈ। ਲੋਹੜੀ ਜ਼ਿਆਦਾਤਰ ਪੁੱਤਰ ਦੇ ਜੰਮਣ ਅਤੇ ਵਿਆਹ ਦੀ ਖ਼ੁਸ਼ੀ ਹੋਣ ’ਤੇ ਮਨਾੳਂੁਦੇ ਹਨ ਪਰ ਅੱਜਕਲ ਧੀਆਂ ਜੰਮਣ ’ਤੇ ਵੀ ਲੋਹੜੀ ਧੂਮਧਾਮ ਨਾਲ ਮਨਾਈ ਜਾਂਦੀ ਹੈ। ਲੋਕ ਘਰ ਘਰ ਜਾ ਕੇ ਗੁੜ, ਮੁੰਗਫਲੀ, ਰਿਉੜੀਆਂ ਵੰਡਦੇ ਹਨ। ਲੋਹੜੀ ਵਾਲੇ ਦਿਨ ਗਲੀ ਮੁਹੱਲਿਆਂ ਦੇ ਸਾਰੇ ਬੱਚੇ ਇਕੱਠੇ ਹੋ ਕੇ ਘਰ-ਘਰ ਲੋਹੜੀ ਮੰਗਣ ਜਾਂਦੇ ਹਨ ਤੇ ਖ਼ੁਸ਼ੀ ਦੇ ਗੀਤ ਗਾਉਂਦੇ ਹਨ :
‘‘ਦੇ ਨੀ ਮਾਈ ਲੋਹੜੀ, ਤੇਰਾ ਪੁੱਤ ਚੜੇ੍ਹਗਾ ਘੋੜੀ”
‘‘ਦੇਹ ਨੀ ਮਾਈ ਲੋਹੜੀ, ਤੇਰੀ ਜੀਵੇ ਭਰਾਵਾਂ ਜੋੜੀ”
ਲੋਹੜੀ ਵਾਲੇ ਤਿਉਹਾਰ ਦੀ ਰਾਤ ਨੂੰ ਗਾਏ ਜਾਣ ਵਾਲੇ ਗੀਤਾਂ ਵਿਚ ਇਹ ਗੀਤ ਆਮ ਹੀ ਸ਼ਾਮਲ ਹੁੰਦੇ ਹਨ। ਲੋਹੜੀ ਦੇ ਤਿਉਹਾਰ ਨਾਲ ਸਬੰਧਤ ਕਈ ਕਥਾਵਾਂ ਪ੍ਰਚਲਤ ਹਨ। ਇਹ ਕਥਾਵਾਂ ਇਤਿਹਾਸ ਨਾਲੋਂ ਮਿਥਿਹਾਸ ਦੇ ਵਧੇਰੇ ਨੇੜੇ ਲਗਦੀਆਂ ਹਨ। ਇਨ੍ਹਾਂ ’ਚੋਂ ਇਕ ਕਥਾ ਦੁੱਲੇ ਭੱਟੀ ਦੀ ਵੀ ਹੈ। ਸਾਂਝੇ ਪੰਜਾਬ ਦਾ ਮਹਾਨ ਲੋਕ ਨਾਇਕ ਦੁੱਲਾ ਭੱਟੀ ਰਾਜਪੂਤ ਬਰਾਦਰੀ ਨਾਲ ਸਬੰਧ ਰਖਦਾ ਸੀ। ਉਹ ਬਹਾਦਰ ਤੇ ਅਣਖੀਲਾ, ਗ਼ਰੀਬਾਂ ਅਤੇ ਮਜ਼ਲੂਮਾਂ ਦਾ ਮਿੱਤਰ, ਜ਼ਾਲਮ ਹਕੂਮਤ ਤੇ ਲੋਟੂ ਸ਼ਾਹੂਕਾਰਾਂ ਦਾ ਵੈਰੀ ਸੀ। ਦੱੁਲਾ ਭੱਟੀ ਅਮੀਰਾਂ ਨੂੰ ਲੁਟਦਾ ਸੀ ਅਤੇ ਗ਼ਰੀਬਾਂ ਦੀ ਮਦਦ ਕਰਦਾ ਸੀ।
ਇਕ ਲੋਕ ਕਥਾ ਮੁਤਾਬਕ ਲੋਹੜੀ ਦਾ ਸਬੰਧ ਬਾਗ਼ੀ ਸੂਰਮੇ ਦੁੱਲੇ ਭੱਟੀ ਨਾਲ ਜੁੜਿਆ ਹੋਇਆ ਹੈ। ਇਤਿਹਾਸਕਾਰ ਸੁਰਿੰਦਰ ਕੋਛੜ ਨੇ ਕਵੀ ਜੀਵਨ ਪ੍ਰਕਾਸ਼ ਦੇ ਹਵਾਲੇ ਨਾਲ ਦਸਿਆ ਹੈ ਕਿ ਇਕ ਹਿੰਦੂ ਕਿਸਾਨ ਅਤੇ ਉਸ ਦੀਆਂ ਦੋ ਧੀਆਂ ਸੁੰਦਰੀ ਅਤੇ ਮੁੰਦਰੀ ਇਕ ਛੋਟੇ ਜਿਹੇ ਪਿੰਡ ਵਿਚ ਰਹਿੰਦੀਆਂ ਸਨ ਜਿਨ੍ਹਾਂ ਦਾ ਵਿਆਹ ਉਨ੍ਹਾਂ ਦੇ ਪਿਤਾ ਨੇ ਅਪਣੀ ਬਰਾਦਰੀ ਦੇ ਮੁੰਡਿਆਂ ਨਾਲ ਤਹਿ ਕਰ ਦਿਤਾ ਸੀ। ਪਰ ਇਕ ਸ਼ਬੀਰ ਨਾਂ ਦੇ ਲੜਕੇ ਨੇ ਇਨ੍ਹਾਂ ਦੋਵਾਂ ਭੈਣਾਂ ’ਤੇ ਅੱਖ ਰੱਖੀ ਹੋਈ ਸੀ ਤੇ ਉਨ੍ਹਾਂ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਜਦੋਂ ਦੁੱਲੇ ਭੱਟੀ ਨੂੰ ਸਾਰੀ ਕਹਾਣੀ ਪਤਾ ਲੱਗੀ ਤਾਂ ਉਸ ਨੇ ਸ਼ਬੀਰ ਨੂੰ ਲਲਕਾਰਿਆ ਤੇ ਉਸ ਦੇ ਖੇਤ ਨੂੰ ਅੱਗ ਲਾ ਦਿਤੀ। ਇਸ ਅੱਗ ਦੀ ਰੌਸ਼ਨੀ ਵਿਚ ਦੋਵੇਂ ਲੜਕੀਆਂ ਸੁੰਦਰੀ ਅਤੇ ਮੁੰਦਰੀ ਨੂੰ ਅਪਣੀਆ ਧੀਆਂ ਬਣਾ ਕੇ ਉਨ੍ਹਾਂ ਦੇ ਪਿਤਾ ਵਲੋਂ ਚੁਣੇ ਹੋਏ ਲੜਕਿਆਂ ਨਾਲ ਵਿਆਹ ਕਰ ਦਿਤਾ ਅਤੇ ਲੋਹੜੀ ਦੇ ਤਿਉਹਾਰ ਦਾ ਜਨਮ ਹੋਇਆ। ਇਸ ਕਰ ਕੇ ਲੋਹੜੀ ਵਾਲੇ ਤਿਉਹਾਰ ਦੀ ਰਾਤ ਨੂੰ ਗਾਏ ਜਾਣ ਵਾਲੇ ਗੀਤ ਵਿਚ ਇਸ ਦੀ ਝਲਕ ਮਿਲਦੀ ਹੈ।
ਜਿਵੇਂ :
ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ,
ਦੁੱਲਾ ਭੱਟੀ ਵਾਲਾ ਹੋ,
ਦੁੱਲੇ ਦੀ ਧੀ ਵਿਆਹੀ ਹੋ, ਸੇਰ ਸ਼ੱਕਰ ਪਾਈ ਹੋ’’
ਬੱਚਿਆਂ ਦੀਆਂ ਟੋਲੀਆਂ ਦੇ ਮਿੱਠੇ ਤੇ ਪਿਆਰੇ ਬੋਲ ਸੁਣ ਕੇ ਕੰਨਾਂ ਵਿਚ ਮਿਸ਼ਰੀ ਘੁਲ ਜਾਂਦੀ ਹੈ। ਪੁਰਾਤਨ ਸਮੇਂ ਤੋਂ ਲੈ ਕੇ ਲੋਹੜੀ ਵਾਲੀ ਧੂਣੀ ਉਸ ਘਰ ਦੇ ਅੱਗੇ ਬਾਲੀ ਜਾਂਦੀ ਹੈ ਜਿਨ੍ਹਾਂ ਘਰਾਂ ਵਿਚ ਨਵੇਂ ਬੱਚਿਆਂ ਨੇ ਜਨਮ ਲਿਆ ਹੋਵੇ (ਭਾਵੇਂ ਉਹ ਬੇਟਾ ਹੋਵੇ ਜਾਂ ਬੇਟੀ) ਜਾਂ ਜਿਸ ਘਰ ਵਿਚ ਵਿਆਹ ਦੀ ਸ਼ਹਿਨਾਈ ਵੱਜੀ ਹੋਵੇ। ਇਸ ਦਿਨ ਲੋਕ ਸਬੱਬ ਨਾਲ ਇਕੱਠੇ ਹੁੰਦੇ ਹਨ। ਫਿਰ ਰਾਤ ਨੂੰ ਅੱਗ ਬਾਲ ਕੇ ਸਾਰੇ ਉਸ ਦੁਆਲੇ ਬੈਠ ਜਾਂਦੇ ਹਨ ਤੇ ਤਿਲ ਸੁਟਦੇ ਹਨ ਅਤੇ ਅਕਸਰ ਹੀ ਇਹ ਕਿਹਾ ਜਾਂਦਾ ਹੈ ਕਿ ‘ਈਸਰ ਆ, ਦਲਿੱਦਰ ਜਾ। ਦਲਿੱਦਰ ਦੀ ਜੜ੍ਹ ਚੁਲ੍ਹੇ ਪਾ।’
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਹ ਤਿਉਹਾਰ ਸਰਦੀ ਦੀ ਰਾਤ ਦਾ ਮੁੱਖ ਤਿਉਹਾਰ ਹੈ। ਇਹ ਪੋਹ ਦੇ ਮਹੀਨੇ ਦੇ ਆਖ਼ਰੀ ਦਿਨ ਮਨਾਇਆ ਜਾਂਦਾ ਹੈ। ਇਸ ਤਿਉਹਾਰ ਮੌਕੇ ਲੋਕ ਰਾਤ ਸਮੇਂ ਅਪਣੇ ਘਰਾਂ ਦੇ ਬਾਹਰ ਭਾਵ ਖੁੱਲ੍ਹੀ ਜਗ੍ਹਾ (ਸੱਥਾਂ) ’ਤੇ ਇਕੱਠੇ ਹੋ ਕੇ ਲੋਹੜੀ (ਵੱਡੀ ਸਾਰੀ ਅੱਗ ਵਾਲੀ ਧੂਣੀ) ਬਾਲਦੇ ਹਨ ਜਿਸ ਵਿਚ ਗੋਹੇ ਦੀਆਂ ਪਾਥੀਆਂ, ਛੋਟੀਆਂ-ਛੋਟੀਆਂ ਪਚਰਾਂ, ਲੱਕੜਾਂ ਦੇ ਮੁੱਢ ਆਦਿ ਸਾੜੇ ਜਾਂਦੇ ਹਨ। ਇਸ ਮੌਕੇ ਤੇ ਲੋਕ ਮੁੰਗਫਲੀ, ਤਿਲ ਰਿਉੜੀ, ਗੱਚਕ, ਭੁੱਗਾ, ਮੱਕੀ ਦੇ ਫੁੱਲੇ, ਭੁੱਜੇ ਦਾਣੇ, ਗੁੜ ਤੇ ਫਲ ਆਦਿ ਬੜੇ ਹੀ ਚਾਅ ਨਾਲ ਖਾਂਦੇ ਹਨ ਅਤੇ ਲੋਹੜੀ ਤੇ ਇਕੱਠੇ ਹੋਏ ਲੋਕ ਇਹ ਸਮਾਨ ਇਕ ਦੂਜੇ ਨੂੰ ਵੀ ਵੰਡਦੇ ਹਨ। ਸਭਿਆਚਾਰ ਨਾਲ ਸਬੰਧਤ ਇਹ ਤਿਉਹਾਰ ਦੇਰ ਰਾਤ ਤਕ ਚਲਦਾ ਹੈ ਤੇ ਲੋਕ ਅਪਣਾਪਨ ਮਹਿਸੂਸ ਕਰਦੇ ਹਨ। ਪ੍ਰਵਾਰਾਂ ਦੇ ਪ੍ਰਵਾਰ ਅੱਗ ਦੇ ਆਲੇ-ਦੁਆਲੇ ਬੈਠ ਜਾਂਦੇ ਹਨ ਤੇ ਉਹ ਲੋਕ ਗੀਤ, ਟੱਪੇ ਆਦਿ ਗਾੳਂੁਦੇ ਹਨ। ਪਿਆਰ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਇਹ ਤਿਉਹਾਰ ਬੱਚਿਆਂ ਨਾਲ ਵੀ ਜੁੜਿਆ ਹੋਇਆ ਹੈ।
ਲੋਹੜੀ ਵਾਲੀ ਰਾਤ ਨੂੰ ਲੋਕ ਅਕਸਰ ਹੀ ਸਾਗ ਤੇ ਖਿਚੜੀ ਆਦਿ ਬਣਾਉਂਦੇ ਹਨ ਤੇ ਅਗਲੇ ਦਿਨ ਖਾਂਦੇ ਹਨ, ਜਿਸ ਤਰ੍ਹਾਂ ਖਿਚੜੀ ਬਾਰੇ ਕਿਹਾ ਵੀ ਗਿਆ ਹੈ ਕਿ “ਪੋਹ ਰਿੱਜੀ ਮਾਘ ਖਾਧੀ” ਭਾਵ ਪੋਹ ਦੇ ਅੰਤਮ ਦਿਨ ਬਣਾਈ ਅਤੇ ਮਾਘ ਮਹੀਨੇ ਦੀ ਇਕ ਤਰੀਕ ਨੂੰ ਖਾਧੀ। ਅਗਲੀ ਸਵੇਰ ਮਾਘੀ ਦੇ ਤਿਉਹਾਰ ਤੇ ਲੋਕ ਸਵੇਰੇ ਜਲਦੀ ਉਠ ਇਸ਼ਨਾਨ ਕਰ ਗੁਰੂ ਘਰ ਜਾ ਕੇ ਮਨਾਉਂਦੇ ਹਨ। ਮੁਕਤਸਰ ਸਾਹਿਬ ਦਾ ਮਾਘੀ ਮੇਲਾ ਬਹੁਤ ਪ੍ਰਸਿੱਧ ਹੈ ਅਤੇ ਭਾਰੀ ਇਕੱਠ ਵਾਲਾ ਹੰੁਦਾ ਹੈ। ਮਾਘੀ ਦੇ ਦਿਨ ਲੋਕ ਥਾਂ-ਥਾਂ ’ਤੇ ਲੰਗਰ ਲਾ ਕੇ ਦਾਨ ਪੁੰਨ ਵੀ ਕਰਦੇ ਹਨ।
ਬਦਲਦੇ ਸਮੇਂ ਵਿਚ ਲੋਕ ਬੇਟੀ ਦੀ ਪਹਿਲੀ ਲੋਹੜੀ ਵੀ ਮੁੰਡੇ ਦੀ ਲੋਹੜੀ ਵਾਂਗ ਹੀ ਬੜੇ ਚਾਅ ਨਾਲ ਮਨਾੳਂੁਦੇ ਹਨ। ਕੁੜੀਆਂ ਦੀ ਲੋਹੜੀ ਮਨਾਉਣ ਨਾਲ ਲੋਕਾਂ ਵਿਚ ਮੁੰਡੇ-ਕੁੜੀ ਵਾਲਾ ਭੇਦਭਾਵ ਵੀ ਲਗਭਗ ਖ਼ਤਮ ਹੋ ਰਿਹਾ ਹੈ। ਲੋਹੜੀ ਦਾ ਤਿਉਹਾਰ ਆਪਸੀ ਭਾਈਚਾਰਕ ਸਾਂਝ, ਸਦ ਭਾਵਨਾ ਅਤੇ ਕੌਮੀ ਏਕਤਾ ਦਾ ਪ੍ਰਤੀਕ ਹੈ। ਜਿਥੇ ਇਹ ਸਾਨੂੰ ਸਭਿਆਚਾਰ ਨਾਲ ਜੋੜਦਾ ਹੈ, ਉਥੇ ਸਮਾਜਕ ਕੁਰੀਤੀਆਂ ਪ੍ਰਤੀ ਜਾਗਰੂਕ ਵੀ ਕਰਦਾ ਹੈ। ਅੱਜ ਲੋੜ ਹੈ ਸਮਾਜ ਵਿਚ ਦੁੱਲੇ ਜਿਹੇ ਸੂਰਬੀਰਾਂ ਦੀ ਤਾਂ ਜੋ ਬਿਹਤਰ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।
- ਪ੍ਰਮੋਦ ਧੀਰ ਜੈਤੋ
ਮੋ: 98550-31081
(For more Punjabi news apart from Lohri is a common festival of happiness, stay tuned to Rozana Spokesman)