ਪੰਜਾਬ ਦਾ ਧੁਰਾ ਪੰਜਾਬੀ ਅਤੇ ਪੰਜਾਬੀਅਤ
ਮੇਰੇ ਹਿੰਦੂ ਪਿਤਾ ਅਤੇ ਜੱਟ ਸਿੱਖ ਮਾਤਾ ਨੇ ਮੈਨੂੰ ਅਤੇ ਮੇਰੀ ਛੋਟੀ ਭੈਣ ਨੂੰ ਇਹੀ ਸਿਖਾਇਆ ਸੀ ਕਿ ਪੰਜਾਬ ਦਾ ਧੁਰਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਹੈ।
ਹਾਲ ਹੀ ਵਿਚ ਖਤਮ ਹੋਈਆਂ ਲੋਕ ਸਭਾ ਚੋਣਾਂ 2019 ਦੌਰਾਨ ਭਾਰਤੀ ਰਾਸ਼ਟਰੀ ਕਾਂਗਰਸ (ਇੰਡੀਅਨ ਨੈਸ਼ਨਲ ਕਾਂਗਰਸ) ਨੇ ਮੈਨੂੰ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਦਾਨ ਵਿਚ ਉਤਾਰਨ ਦਾ ਫੈਸਲਾ ਲਿਆ ਸੀ। ਸ੍ਰੀ ਅਨੰਦਪੁਰ ਸਾਹਿਬ ਇਕ ਇਤਿਹਾਸਕ ਸਥਾਨ ਹੈ। ਸ੍ਰੀ ਅਨੰਦਪੁਰ ਸਾਹਿਬ ਵਿਚ ਸਥਿਤ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਸਿੱਖ ਸੰਗਤਾਂ ਦੇ ਮਹੱਤਵਪੂਰਨ ਧਾਰਮਿਕ ਸਥਾਨਾਂ ਵਿਚੋਂ ਇਕ ਹੈ। ਇਸ ਸਥਾਨ ‘ਤੇ 13 ਅਪ੍ਰੈਲ 1699 ਦੀ ਵਿਸਾਖੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ।
ਗੁਰੂ ਸਾਹਿਬ ਨੇ 1699 ਦੀ ਵਿਸਾਖੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕੱਤਰ ਹੋਏ ਲੋਕਾਂ ਤੋਂ ਉਹਨਾਂ ਦੇ ਸਿਰਾਂ ਦੀ ਮੰਗ ਕੀਤੀ। ਜਦੋਂ ਪੰਜ ਬਹਾਦਰ ਸਿੱਖਾਂ ਨੇ (ਪੰਜ ਪਿਆਰੇ) ਅਪਣੇ ਆਪ ਨੂੰ ਗੁਰੂ ਸਾਹਿਬ ਨੂੰ ਸਮਰਪਿਤ ਕਰਨ ਦਾ ਫੈਸਲਾ ਲਿਆ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ੀ। ਸ੍ਰੀ ਅਨੰਦਪੁਰ ਸਾਹਿਬ ਦੀ ਸਥਾਪਨਾ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦੁਰ ਜੀ ਵੱਲੋਂ ਸੰਨ 1665 ਵਿਚ ਚੱਕ ਨਾਨਕੀ ਨਾਂਅ ਵਜੋਂ ਕੀਤੀ ਗਈ ਸੀ। ਗੁਰੂ ਤੇਗ ਬਹਾਦੁਰ ਜੀ ਦੇ ਸਪੁੱਤਰ ਦਸਵੇਂ ਪਾਤਸ਼ਾਹ ਨੇ ਇਸ ਪਵਿੱਤਰ ਅਸਥਾਨ ‘ਤੇ ਅਪਣੀ ਜ਼ਿੰਦਗੀ ਦੇ 25 ਸਾਲ ਬਤੀਤ ਕੀਤੇ ਹਨ।
ਇਸ ਹਲਕੇ ਵਿਚ ਚਮਕੌਰ ਸਾਹਿਬ ਵੀ ਇਤਿਹਾਸਕ ਅਤੇ ਧਿਆਨਦੇਣਯੋਗ ਸਥਾਨ ਹੈ। ਚਮਕੌਰ ਦੀ ਜੰਗ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਾਲੀਆਂ ਖ਼ਾਲਸਾ ਫੌਜਾਂ ਅਤੇ ਵਜ਼ੀਰ ਖਾਂ ਦੀ ਮੁਗ਼ਲ ਫੌਜ ਵਿਚਕਾਰ 1704 ਵਿਚ ਹੋਈ ਸੀ। ਇਸ ਜੰਗ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 40 ਸਿੱਖਾਂ ਸਮੇਤ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਜੀ (18) ਅਤੇ ਸਾਹਿਬਜ਼ਾਦਾ ਜੁਝਾਰ ਸਿੰਘ (14) ਨੇ ਵੀ ਸ਼ਹੀਦੀ ਪ੍ਰਾਪਤ ਕੀਤੀ ਸੀ। ਅਨੰਦਪੁਰ ਸਾਹਿਬ ਤੋਂ 20 ਕਿਲੋਮੀਟਰ ਦੀ ਦੂਰੀ ‘ਤੇ ਹਿੰਦੂਆਂ ਦਾ ਪਵਿੱਤਰ ਅਸਥਾਨ ਨੈਣਾ ਦੇਵੀ ਵੀ ਸਥਿਤ ਹੈ। ਇਸੇ ਤਰ੍ਹਾਂ ਰਵਿਦਾਸੀਆ ਭਾਈਚਾਰੇ ਦੇ ਲੋਕਾਂ ਦਾ ਮਹੱਤਵਪੂਰਨ ਸਥਾਨ ਖੁਰਾਲਗੜ੍ਹ ਸਾਹਿਬ ਵੀ ਅਨੰਦਪੁਰ ਸਾਹਿਬ ਦੇ ਨੇੜੇ ਗੜ੍ਹਸ਼ੰਕਰ ਵਿਖੇ ਸਥਿਤ ਹੈ।
ਖੁਰਾਲਗੜ੍ਹ ਸਾਹਿਬ ਨੂੰ ਗੁਰੂ ਰਵਿਦਾਸ ਜੀ ਦੀ ਚਰਨ ਛੋਹ ਗੰਗਾ ਵੀ ਕਿਹਾ ਜਾਂਦਾ ਹੈ। ਸ਼ਹੀਦ ਏ ਆਜ਼ਮ ਭਗਤ ਸਿੰਘ ਦਾ ਜੱਦੀ ਪਿੰਡ ਵੀ ਇਸੇ ਹਲਕੇ ਵਿਚ ਹੈ, ਜਿੱਥੇ ਉਸ ਦੀ ਯਾਦਗਾਰ ਵੀ ਬਣਾਈ ਗਈ ਹੈ। ਇਸੇ ਹਲਕੇ ਵਿਚ ਨੰਗਲ ਵਿਖੇ ਭਾਖੜਾ ਡੈਮ ਵੀ ਸਥਿਤ ਹੈ, ਜਿਸ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਅਧੁਨਿਕ ਭਾਰਤ ਦਾ ਮੰਦਿਰ ਦੱਸਿਆ ਗਿਆ ਸੀ। ਇਤਿਹਾਸਕ ਅਤੇ ਰਾਸ਼ਟਰਵਾਦ ਦੀਆਂ ਧਾਰਾਵਾਂ ਵਿਚ ਮੈਂ 15 ਅਪ੍ਰੈਲ 2019 ਨੂੰ ਖ਼ਾਲਸੇ ਦੇ ਜਨਮ ਅਸਥਾਨ ‘ਤੇ ਸੀਸ ਝੁਕਾਉਣ ਤੋਂ ਬਾਅਦ ਚੋਣਾਂ ਲਈ ਨਾਮ ਦਰਜ ਕੀਤਾ। ਨਾਮ ਦਰਜ ਕਰਨ ਤੋਂ ਬਾਅਦ ਹੀ ਵਿਰੋਧੀ ਪਾਰਟੀਆਂ ਨੇ ਮੇਰਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੇਰੇ ਵਿਰੁੱਧ ਪ੍ਰਚਾਰ ਕਰਨਾ ਸ਼ੁਰੂ ਕੀਤਾ।
ਪਹਿਲਾ ਹਮਲਾ ਇਹ ਸੀ ਕਿ ਮੈਂ ਇਕ ਬਾਹਰੀ ਸੀ ਕਿਉਂਕਿ ਮੇਰੇ ਨਾਂਅ ਪਿੱਛੇ ‘ਤਿਵਾੜੀ’ ਲੱਗਦਾ ਹੈ ਜੋ ਕਿ ਪੰਜਾਬ ਨਾਲੋਂ ਉਤਰ ਪ੍ਰਦੇਸ਼ ਦੇ ਲੋਕਾਂ ਦੇ ਨਾਂਅ ਨਾਲ ਜ਼ਿਆਦਾ ਪਾਇਆ ਜਾਂਦਾ ਹੈ। ਅਜਿਹਾ ਕਿਹਾ ਜਾਣ ਲੱਗਿਆ ਕਿ ਮੈਨੂੰ ਪੰਥਕ ਸੀਟ ਤੋਂ ਲੜਨ ਦਾ ਕੋਈ ਅਧਿਕਾਰ ਨਹੀਂ। ਤਿਵਾੜੀ ਉਸੇ ਤਰ੍ਹਾਂ ਦਾ ਹੀ ਪੰਜਾਬੀ ਉਪਨਾਮ ਹੈ ਜਿਸ ਤਰ੍ਹਾਂ ਪਾਠਕ, ਅਵਸਥੀ ਅਤੇ ਸ਼ੁਕਲਾ ਹਨ। ਪੰਥਕ ਸ਼ਬਦ ਦਾ ਅਰਥ ਸਾਰਿਆਂ ਨੂੰ ਗਲੇ ਲਗਾਉਣਾ ਹੈ। ਪਰ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਸਿਆਸੀ ਤਾਕਤਾਂ ਵੱਲੋਂ ਗੈਰ-ਸਿੱਖ ਅਤੇ ਸਿੱਖਾਂ ਵਿਚ ਸਿਆਸਤ ਅਤੇ ਸਿਆਸੀ ਖੇਤਰਾਂ ਨੂੰ ਗਲਤ ਤਰੀਕੇ ਨਾਲ ਧਰਮ ਦੇ ਅਧਾਰ ‘ਤੇ ਵੰਡਿਆ ਜਾ ਰਿਹਾ ਹੈ।
ਇਹ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ, ਜਿਨ੍ਹਾਂ ਨੇ ਕਿਹਾ ਸੀ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ਭਾਵ ਸਾਰੀ ਮਨੁੱਖਤਾ ਨੂੰ ਇਕੋ ਹੀ ਜਾਤੀ ਵਜੋਂ ਪਹਿਚਾਣਿਆ ਜਾਣਾ ਚਾਹੀਦਾ ਹੈ। ਇਸ ਗੱਲ ਨੂੰ ਵੀ ਨਜ਼ਰ ਅੰਦਾਜ਼ ਕੀਤਾ ਗਿਆ ਕਿ ਮੇਰੇ ਸਵਰਗਵਾਸੀ ਮਾਤਾ ਡਾਕਟਰ ਅੰਮ੍ਰਿਤ ਕੌਰ ਵੀ ਜੱਟ ਸਿੱਖ ਸੀ ਅਤੇ ਮੇਰੇ ਸਵਰਗਵਾਸੀ ਪਿਤਾ ਡਾਕਟਰ ਵੀਐਨ ਤਿਵਾੜੀ ਵੀ ਪੰਜਾਬੀ ਦੇ ਮੰਨੇ ਪ੍ਰਮੰਨੇ ਵਿਦਵਾਨ ਅਤੇ ਸਾਂਸਦ ਸਨ, ਜਿਨ੍ਹਾਂ ਦੀ ਅਤਿਵਾਦੀਆਂ ਦੀਆਂ ਗੋਲੀਆਂ ਨਾਲ ਮੌਤ ਹੋ ਗਈ ਸੀ। ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਬੁਲੰਦ ਰੱਖਦੇ ਸਨ।
1960 ਵਿਚ ਉਹਨਾਂ ਨੇ ਇਕ ਕਿਤਾਬ ਲਿਖੀ ਸੀ, ਜਿਸ ਵਿਚ ਉਹਨਾਂ ਨੇ ਇਸ ਗੱਲ ਦੀ ਸਥਾਪਨਾ ਕੀਤੀ ਕਿ ਚੰਡੀਗੜ੍ਹ ਦੀ ਪ੍ਰਮੁੱਖ ਭਾਸ਼ਾ ਪੰਜਾਬੀ ਹੈ। ਇਹ ਵੀ ਭੁਲਾ ਦਿੱਤਾ ਗਿਆ ਕਿ ਮੈਂ ਪਹਿਲਾਂ ਹਲਕਾ ਲੁਧਿਆਣੇ ਤੋਂ ਸਾਂਸਦ ਸੀ ਅਤੇ ਮੈਂ ਕੇਂਦਰੀ ਮੰਤਰੀ ਮੰਡਲ ਵਿਚ ਵੀ ਪੰਜਾਬ ਦੀ ਪ੍ਰਤੀਨਿਧਤਾ ਕੀਤੀ ਸੀ। ਅਗਲਾ ਹਮਲਾ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਕਰਕੇ ਕੀਤਾ ਗਿਆ। ਜਿਸ ਵਿਚ ਇਹ ਇਲਜ਼ਾਮ ਲਗਾਇਆ ਗਿਆ ਕਿ ਨਵੰਬਰ 1984 ਵਿਚ ਹੋਈ ਸਿੱਖ ਨਸਲਕੁਸ਼ੀ ਵਿਚ ਸਿੱਖਾਂ ਨੂੰ ਸਾੜਨ ਲਈ ਪੈਟਰੌਲ ਮੇਰੇ ਪਿਤਾ ਦੇ ਪੈਟਰੋਲ ਪੰਪ ਤੋਂ ਲਿਆਂਦਾ ਗਿਆ ਸੀ।
ਇਹ ਵੀਡੀਓ ਪੂਰੇ ਹਲਕੇ ਅਤੇ ਪੂਰੀ ਦੁਨੀਆ ਵਿਚ ਵਾਇਰਲ ਹੋ ਗਈ। ਪਰ ਤੱਥ ਇਹ ਹੈ ਕਿ ਮੇਰੇ ਪਿਤਾ ਜੀ ਦੀ ਮੌਤ 3 ਅਪ੍ਰੈਲ ਨੂੰ ਚੰਡੀਗੜ੍ਹ ਵਿਖੇ ਸਥਿਤ ਸਾਡੇ ਘਰ ਵਿਚ ਇਸ ਕਤਲੇਆਮ ਤੋਂ ਸੱਤ ਮਹੀਨੇ ਪਹਿਲਾਂ ਹੋ ਗਈ ਸੀ। ਸਾਡੀਆਂ ਤਿੰਨ ਪੀੜ੍ਹੀਆਂ ਨੇ ਕਦੀ ਵੀ ਪੈਟਰੌਲ ਪੰਪ ਦਾ ਮਾਲਿਕਾਨਾ ਹੱਕ ਨਹੀਂ ਲਿਆ। ਇਸ ਵੀਡੀਓ ਸਬੰਧੀ ਪੁਲਿਸ ਨੇ ਐਫਆਈਆਰ ਵੀ ਦਰਜ ਕੀਤੀ ਅਤੇ ਇਸ ਵੀਡੀਓ ਵਿਚਲੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਪਰ ਇਸ ਵੀਡੀਓ ਨੂੰ ਬਣਾਉਣ ਵਾਲੇ ਕੁਝ ਲੋਕ ਹਾਲੇ ਵੀ ਪੁਲਿਸ ਦੀ ਗ੍ਰਿਫਤਾਰੀ ਤੋਂ ਬਾਹਰ ਹਨ।
ਇਸ ਤੋਂ ਬਾਅਦ ਚੋਣਾਂ ਤੋਂ ਇਕ ਦਿਨ ਪਹਿਲਾਂ ਹੀ ਵਿਰੋਧੀਆਂ ਨੇ ਮੇਰੇ ‘ਤੇ ਆਖ਼ਰੀ ਹਮਲਾ ਕੀਤਾ। ਉਹਨਾਂ ਨੇ ਮੇਰੀ ਅਵਾਜ਼ ਦੀ ਵਰਤੋਂ ਕਰਕੇ ਝੂਠੀ ਵੀਡੀਓ ਬਣਾਈ, ਜਿਸ ਵਿਚ ਕਈ ਭਾਈਚਾਰਿਆਂ ਬਾਰੇ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਗਈ। ਇਸ ਤੋਂ ਬਾਅਦ ਮੈਂ ਇਕ ਹੋਰ ਐਫਆਈਆਰ ਦਰਜ ਕਰਵਾਈ। ਹਾਲਾਂਕਿ ਇਸ ਵੀਡੀਓ ਦੇ ਨਿਰਮਾਤਾ ਹਾਲੇ ਵੀ ਪੁਲਿਸ ਦੀ ਪਕੜ ਤੋਂ ਬਾਹਰ ਹਨ। ਇਹਨਾਂ ਫ਼ਰਜ਼ੀ ਵੀਡੀਓਜ਼ ਦੀ ਜ਼ਿੰਮੇਵਾਰੀ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਨੇ ਨਹੀਂ ਲਈ। ਹਾਲਾਂਕਿ ਇਹਨਾਂ ਫਰਜ਼ੀ ਵੀਡੀਓਜ਼ ਕਾਰਨ ਮੇਰੇ ਵਿਰੁੱਧ ਕੋਈ ਵੀ ਕਾਰਵਾਈ ਹੋ ਸਕਦੀ ਸੀ ਅਤੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਸਰੀਰਕ ਤੌਰ ‘ਤੇ ਵੀ ਨੁਕਸਾਨ ਪਹੁੰਚਾਇਆ ਦਾ ਸਕਦਾ ਸੀ।
ਇਸ ਵਿਰੋਧ ਦੇ ਬਾਵਜੂਦ ਵੀ ਮੈਂ ਲੋਕਾਂ ਨਾਲ ਗਹਿਰਾਈ ਨਾਲ ਜੁੜਨ ਦੀ ਕੋਸ਼ਿਸ਼ ਕੀਤੀ। ਮੈਨੂੰ ਔਰਤਾਂ ਅਤੇ ਮਰਦਾਂ, ਸਿੱਖਾਂ ਅਤੇ ਗੈਰ ਸਿੱਖਾਂ ਦੀਆਂ ਅੱਖਾਂ ਵਿਚ ਉਸੇ ਤਰ੍ਹਾਂ ਪਿਆਰ, ਦੇਖਭਾਲ ਅਤੇ ਦਇਆ ਦਿਖਾਈ ਦਿੱਤੀ, ਜੋ ਕਿ 2004 ਅਤੇ 2009 ਦੀਆਂ ਚੋਣਾਂ ਦੌਰਾਨ ਦੇਖੀ ਗਈ ਸੀ। ਉਹਨਾਂ ਲੋਕਾਂ ਨੇ ਮੈਨੂੰ ਗਲ ਨਾਲ ਲਗਾਇਆ। ਉਹਨਾਂ ਨੇ ਜਾਤ, ਧਰਮ ਅਤੇ ਨਸਲ ਦੇ ਭੇਦਭਾਵ ਨੂੰ ਛੱਡ ਕੇ ਮੈਨੂੰ ਅਪਣੀਆਂ ਅਸੀਸਾਂ ਦਿੱਤੀਆਂ। ਵਿਰੋਧੀਆਂ ਵੱਲੋਂ ਕੀਤੇ ਗਏ ਮੇਰੇ ਵਿਰੋਧ ਦਾ ਆਮ ਲੋਕਾਂ ‘ਤੇ ਕੋਈ ਅਸਰ ਨਹੀਂ ਹੋਇਆ। ਮੇਰੇ ਹਿੰਦੂ ਪਿਤਾ ਅਤੇ ਜੱਟ ਸਿੱਖ ਮਾਤਾ ਨੇ ਮੈਨੂੰ ਅਤੇ ਮੇਰੀ ਛੋਟੀ ਭੈਣ ਨੂੰ ਇਹੀ ਸਿਖਾਇਆ ਸੀ ਕਿ ਪੰਜਾਬ ਦਾ ਧੁਰਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਹੈ। ਭਾਰਤ ਵਿਚ ਜੇਕਰ ਕੋਈ ਧਰਮ ਨਿਰਪੱਖ ਸਥਾਨ ਹੈ ਤਾਂ ਉਹ ਪੰਜਾਬ ਹੈ ਅਤੇ ਮੈਨੂੰ ਮਾਣ ਹੈ ਕਿ ਮੈਂ ਅਜਿਹੇ ਭਾਈਚਾਰੇ ਦਾ ਹਿੱਸਾ ਹਾਂ।
-ਮਨੀਸ਼ ਤਿਵਾੜੀ, ਲੋਕ ਸਭਾ ਸਾਂਸਦ ਹਲਕਾ ਸ੍ਰੀ ਅਨੰਦਪੁਰ ਸਾਹਿਬ
(ਅਨੁਵਾਦ:ਕਮਲਜੀਤ ਕੌਰ)