ਚੱਲ ਰਿਹਾ ਅੰਦੋਲਨ ਕਿਸਾਨਾਂ ਦਾ ਨਹੀਂ ਬਲਕਿ ਕਿਸਾਨ ਜਥੇਬੰਦੀਆਂ ਦਾ ਹੈ - ਹਰਜੀਤ ਗਰੇਵਾਲ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸਾਰੇ ਪੰਜਾਬ 'ਤੇ ਕਾਬਜ਼ ਹੋਣ ਵਾਲੇ 'ਸਾਡੇ ਪੁਰਾਣੇ ਭਾਈਵਾਲ' ਖੇਤੀ ਕਾਨੂੰਨਾਂ ਤੋਂ ਅਣਜਾਣ ਕਿਵੇਂ ਹੋ ਸਕਦੇ ਹਨ-ਹਰਜੀਤ ਗਰੇਵਾਲ

Harjit Grewal

ਚੰਡੀਗੜ੍ਹ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨੀ ਸੰਘਰਸ਼ ਜਾਰੀ ਹੈ। ਭਾਜਪਾ ਆਗੂਆਂ ਵਲੋਂ ਕਿਸਾਨਾਂ ਸਬੰਧੀ ਵਿਵਾਦਤ ਬਿਆਨ ਦਿੱਤੇ ਜਾ ਰਹੇ ਨੇ ਤੇ ਕਿਸਾਨਾਂ ਨਾਲ ਕਈ ਦੁਖਦਾਈ ਘਟਨਾਵਾਂ ਵੀ ਵਾਪਰੀਆਂ। ਇਹਨਾਂ ਮੁੱਦਿਆਂ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਵਲੋਂ ਭਾਜਪਾ ਆਗੂ ਹਰਜੀਤ ਗਰੇਵਾਲ ਨਾਲ ਖ਼ਾਸ ਗੱਲਬਾਤ ਕੀਤੀ ਗਈ। ਹਰਜੀਤ ਗਰੇਵਾਲ ਨੂੰ ਹਾਲ ਹੀ ਵਿਚ ਭਾਜਪਾ ਦੀ ਕੌਮੀ ਕਾਰਜਕਾਰਨੀ ਵਿਚ ਥਾਂ ਦਿੱਤੀ ਗਈ ਹੈ।

ਪੇਸ਼ ਹਨ ਉਹਨਾਂ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼

ਸਵਾਲ: ਤੁਸੀਂ ਅੱਜ ਜਿਸ ਅਹੁਦੇ ’ਤੇ ਪਹੁੰਚੇ ਹੋ ਇਹ ਤੁਹਾਨੂੰ ਸ਼ਾਇਦ ਪੰਜਾਬ ਸਦਕਾ ਹੀ ਮਿਲਿਆ ਹੈ ਕਿਉਂਕਿ ਤੁਸੀਂ ਪੰਜਾਬ ਵਿਚ ਭਾਜਪਾ ਲਈ ਡਟ ਕੇ ਖੜ੍ਹੇ ਰਹੇ। ਤੁਹਾਨੂੰ ਇਸ ਚੀਜ਼ ਦਾ ਇਨਾਮ ਮਿਲਿਆ ਹੈ।

ਜਵਾਬ: ਨਹੀਂ, ਅਸਲ ਵਿਚ ਮੈਂ ਪਹਿਲਾਂ ਵੀ ਇਸ ਅਹੁਦੇ ’ਤੇ ਕਾਫੀ ਲੰਬਾ ਸਮਾਂ ਰਿਹਾ ਹਾਂ। ਮੈਂ ਕੌਮੀ ਸਕੱਤਰ ਵੀ ਰਿਹਾ ਹਾਂ। ਇਹ ਕੇਂਦਰ ਹੀ ਦੱਸ ਸਕਦੀ ਹੈ ਕਿ ਉਹਨਾਂ ਨੇ ਮੈਨੂੰ ਕਿਉਂ ਲਿਆ ਕਿਉਂਕਿ ਮੈਂ ਤਾਂ ਉਹਨਾਂ ਕੋਲੋਂ ਕੁਝ ਮੰਗਿਆ ਹੀ ਨਹੀਂ। ਮੈਂ ਅਜਿਹਾ ਵਰਕਰ ਹਾਂ, ਜਿਸ ਦੀ ਜ਼ਿੰਮੇਵਾਰੀ ਸੰਗਠਨ ਤੈਅ ਕਰਦਾ ਹੈ। ਬਾਕੀ ਪਾਰਟੀ ਅਤੇ ਅਪਣੇ ਆਗੂਆਂ ਨਾਲ ਡਟ ਕੇ ਖੜ੍ਹੇ ਹੋਣ ਵਿਚ ਕੋਈ ਬੁਰਾਈ ਨਹੀਂ ਹੈ। ਮੈਂ ਕੋਈ ਅਜਿਹਾ ਕੰਮ ਵੀ ਨਹੀਂ ਕੀਤਾ ਜੋ ਕਿਸਾਨ ਵਿਰੋਧੀ ਹੋਵੇ।

ਸਵਾਲ: ਤੁਸੀਂ ਪੰਜਾਬ ਵਿਚ ਭਾਜਪਾ ਤੇ ਕੇਂਦਰ ਦੀ ਨੁਮਾਇੰਦਗੀ ਕਰਦੇ ਹੋ ਤੇ ਇੱਥੋਂ ਕਿਸਾਨਾਂ ਦੀ ਗੱਲ ਕਰਦੇ ਹੋ। ਕਿਸਾਨ ਦੀ ਆਵਾਜ਼ ਤੁਸੀਂ ਨਹੀਂ ਚੁੱਕੋਗੇ ਤਾਂ ਕੌਣ ਚੁੱਕੇਗਾ?

ਜਵਾਬ:  ਕਿਸਾਨਾਂ ਦੀ ਆਵਾਜ਼ ਤਾਂ ਚੁੱਕੀਏ ਜੇ ਕਿਸਾਨ ਹੋਵੇ। ਇਹ ਅੰਦੋਲਨ ਕਿਸਾਨਾਂ ਦਾ ਨਹੀਂ ਹੈ, ਇਹ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਹੈ। ਜਥੇਬੰਦੀਆਂ ਵਿਚ ਮੈਂ ਹਰੇਕ ਨੂੰ ਜਾਣਦਾ ਹਾਂ। ਇਹ ਕਿਸਾਨ ਜਥੇਬੰਦੀਆਂ ਜ਼ਿਆਦਾ ਇਲਾਕਿਆਂ ਵਿਚ ਨਹੀਂ ਫੈਲੀਆਂ, ਹਾਲਾਂਕਿ ਅੰਦੋਲਨ ਕਾਰਨ ਇਹਨਾਂ ਦਾ ਅਧਾਰ ਵਧਿਆ ਹੈ। ਇਹਨਾਂ ਕਰੀਬ 40-42 ਜਥੇਬੰਦੀਆਂ ਨੇ ਕਰੀਬ 2 ਲੱਖ ਕਿਸਾਨ ਅਪਣੇ ਨਾਲ ਜੋੜੇ ਹਨ, ਉਹਨਾਂ ਨੂੰ ਅਪਣੇ ਤਰੀਕੇ ਨਾਲ ਜਾਣਕਾਰੀ ਦਿੱਤੀ ਗਈ। ਜੋ ਆਮ ਕਿਸਾਨ ਹੈ ਉਹ ਕਦੇ ਕਿਸੇ ਉੱਤੇ ਹਮਲਾ ਨਹੀਂ ਕਰਦਾ। ਕਿਸਾਨ ਨੂੰ ਅਪਣੀ ਖੇਤੀ ਤੋਂ ਵੀ ਵੇਹਲ ਨਹੀਂ ਮਿਲਦਾ ਪਰ ਇਹਨਾਂ ਨੇ ਕਿਸਾਨਾਂ ਨੂੰ ਹੋਰ ਪਾਸੇ ਲਗਾ ਦਿੱਤਾ।

ਯੋਗਿੰਦਰ ਯਾਦਵ ਕਿਹੜਾ ਲੀਡਰ ਹੈ, ਉਹਨਾਂ ਨੇ ਸਵਰਾਜ ਪਾਰਟੀ ਤੋਂ ਚੋਣ ਲੜੀ ਸੀ। ਉਹ ਸ਼ਹਿਰੀ ਨਕਸਲਵਾਦੀ ਹਨ। ਜਦੋਂ ਉਹ ਅੰਦੋਲਨ ਵਿਚ ਆਏ ਤਾਂ ਅਸੀਂ ਕਿਹਾ ਸੀ ਕਿ ਹੁਣ ਅੰਦੋਲਨ ਖਤਮ ਨਹੀਂ ਹੋਵੇਗਾ। ਇਸੇ ਤਰ੍ਹਾਂ ਡਾ. ਦਰਸ਼ਨ ਪਾਲ ਵੀ ਨਕਸਲਵਾਦੀ ਵਿਚਾਰਧਾਰਾ ਨਾਲ ਜੁੜੇ ਹੋਏ ਹਨ। ਇਹ ਸਭ ਜਾਣਦੇ ਹਨ, ਮੈਂ ਕਿਸੇ ’ਤੇ ਇਲਜ਼ਾਮ ਨਹੀਂ ਲਗਾ ਰਿਹਾ। ਜਦੋਂ ਅਸੀਂ ਇਹਨਾਂ ਨੂੰ ਨਕਸਲਵਾਦੀ ਕਹਿੰਦੇ ਹਾਂ ਤਾਂ ਕਿਹਾ ਜਾਂਦਾ ਹੈ ਕਿ ਅਸੀਂ ਕਿਸਾਨਾਂ ਨੂੰ ਕਹਿ ਰਹੇ ਹਾਂ। ਅਸੀਂ ਕਿਸਾਨਾਂ ਨੂੰ ਨਹੀਂ ਕਹਿੰਦੇ ਅਸੀਂ ਇਹਨਾਂ ਆਗੂਆਂ ਨੂੰ ਕਹਿੰਦੇ ਹਾਂ। ਮੈਂ ਅੱਜ ਵੀ ਕਹਿੰਦਾ ਹਾਂ ਕਿ ਸਰਕਾਰ ਕਿਸਾਨ ਹਿੱਤ ਦੀਆਂ ਸਾਰੀਆਂ ਗੱਲਾਂ ਮੰਨਣ ਲਈ ਤਿਆਰ ਹੈ। ਕਿਸਾਨ ਜਥੇਬੰਦੀਆਂ ਜਦੋਂ ਚਾਹੁਣ ਤਾਂ 2 ਘੰਟਿਆਂ ਵਿਚ ਹੱਲ ਕੱਢਿਆ ਜਾ ਸਕਦਾ ਹੈ। ਕੋਈ ਲੜਾਈ ਨਹੀਂ ਹੈ। ਇਹ ਪੰਜ-ਸੱਤ ਆਗੂ ਗੱਲ ਖਤਮ ਨਹੀਂ ਹੋਣ ਦਿੰਦੇ।

ਸਵਾਲ: ਇਹ ਵੀ ਕਿਹਾ ਜਾਂਦਾ ਹੈ ਕਿ ਕੇਂਦਰ ਕੋਲ ਇਕ ਫੋਨ ਕਰਨ ਦਾ ਸਮਾਂ ਨਹੀਂ ਹੈ ਤੇ ਕੇਂਦਰ ਵਲੋਂ ਮੀਟਿੰਗ ਕਿਉਂ ਨਹੀਂ ਸੱਦੀ ਜਾਂਦੀ?

ਜਵਾਬ: ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀਆਂ ਮੀਟਿੰਗਾਂ ਸੱਦੀਆਂ ਗਈਆਂ ਉਹਨਾਂ ਵਿਚੋਂ ਕੀ ਨਿਕਲਿਆ? ਇਹ ਕਾਨੂੰਨ ਮਾਣਯੋਗ ਸੁਪਰੀਮ ਕੋਰਟ ਨੇ ਰੋਕੇ ਹੋਏ ਹਨ, ਇਹ ਲਾਗੂ ਨਹੀਂ ਹਨ।  ਸਰਕਾਰ ਨੇ ਵੀ ਕਿਹਾ ਕਿ ਜਦੋਂ ਤੱਕ ਇਹਨਾਂ ’ਤੇ ਸਹਿਮਤੀ ਨਹੀਂ ਹੁੰਦੀ, ਉਦੋਂ ਤੱਕ ਲਾਗੂ ਨਹੀਂ ਹੋਣਗੇ। ਕਿਸਾਨ ਆਗੂ ਕਹਿੰਦੇ ਨੇ ਕਿ ਸਾਡੀਆਂ ਨਸਲਾਂ-ਫਸਲਾਂ ਤਬਾਹ ਕਰ ਦਿੱਤੀਆਂ ਜਦੋਂ ਕਾਨੂੰਨ ਲਾਗੂ ਹੀ ਨਹੀਂ ਹੋਏ ਫਿਰ ਇਹ ਕਿਵੇਂ ਹੋ ਸਕਦਾ ਹੈ।

ਸਵਾਲ: ਇਸ ਕੇਸ ਲਈ ਸੁਪਰੀਮ ਕੋਰਟ ਨੇ ਇਕ ਕਮੇਟੀ ਬਣਾਈ ਸੀ। ਕਮੇਟੀ ਨੇ ਰਿਪੋਰਟ ਤਿਆਰ ਕੀਤੀ ਹੈ ਪਰ ਰਿਪੋਰਟ ਖੋਲ੍ਹੀ ਨਹੀਂ ਗਈ। ਇਕ ਪਾਸੇ ਮੈਂ ਤੁਹਾਡੀ ਗੱਲ ਮੰਨਦੀ ਹਾਂ ਕਿ ਤੁਸੀਂ ਖਤਮ ਕਰਨਾ ਚਾਹੁੰਦੇ ਹੋ ਤੇ ਦੂਜੇ ਪਾਸੇ ਅੱਜ ਪੰਜਾਬ-ਹਰਿਆਣਾ ਦਾ ਨੁਕਸਾਨ ਹੋ ਰਿਹਾ ਹੈ।  ਯੂਪੀ ਵਿਚ ਵੀ ਹਾਲਾਤ ਵਿਗੜਦੇ ਦੇਖੇ ਗਏ। ਇਹ ਨੁਕਸਾਨ ਤੁਹਾਡੇ ਅਪਣੇ ਸੂਬਿਆਂ ਦਾ ਹੀ ਹੋ ਰਿਹਾ ਹੈ। ਦਿੱਲੀ ਦੀਆਂ ਸਰਹੱਦਾਂ ’ਤੇ 600-700 ਲੋਕਾਂ ਦੀ ਜਾਨ ਗਈ ਹੈ, ਪੂਰੀ ਦੁਨੀਆਂ ਦੇਖ ਰਹੀ ਹੈ। ਯੂਪੀ ਵਿਚ ਦੇਖਿਆ ਕਿ ਨਫ਼ਰਤ ਫੈਲਦੀ ਹੈ ਤਾਂ ਉਸ ਦਾ ਅੰਜਾਮ ਕੀ ਨਿਕਲਦਾ ਹੈ। ਜੇ ਇਹ ਹਾਲਾਤ ਸਰਕਾਰ ਦੇ ਇਕ ਫੋਨ ਕਰਨ ਨਾਲ ਜਾਂ ਖੁੱਲ੍ਹੀ ਅਪੀਲ ਨਾਲ ਸੁਧਰਦੇ ਨੇ ਤਾਂ ਤੁਹਾਨੂੰ ਚੰਗਾ ਨਹੀਂ ਲੱਗੇਗਾ?

ਜਵਾਬ: ਪਹਿਲੀ ਗੱਲ ਤਾਂ ਮੈਂ ਇਹ ਦੱਸ ਦਿੰਦਾ ਹੈ ਕਿ ਇਹ ਮੇਰੇ ਖਿਲਾਫ਼ ਕਿਉਂ ਹੋਏ। ਮੈਂ ਖੁਦ ਕਿਸਾਨ ਪਰਿਵਾਰ ਵਿਚੋਂ ਹਾਂ ਤੇ ਇਹ ਸਾਰੇ ਮੇਰੇ ਭਾਈਵਾਲ ਰਹੇ ਹਨ। ਮੈਂ ਇਹੀ ਕਿਹਾ ਸੀ ਕਿ ਇਹ ਕਾਨੂੰਨ ਰੱਦ ਨਹੀਂ ਹੋਣੇ ਬਾਕੀ ਗੱਲਾਂ ਮੰਨਵਾ ਲਓ। ਪਹਿਲੇ ਦਿਨ ਹੀ ਕਿਹਾ ਸੀ, ਇਹਨਾਂ ਨੇ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਦੇ ਨਾਲ ਹੀ ਦੂਜੀਆਂ ਪਾਰਟੀਆਂ ਵੀ ਆ ਗਈਆਂ। ਤੁਸੀਂ ਲਖੀਮਪੁਰ ਖੀਰੀ ਦੀ ਗੱਲ ਕੀਤੀ, ਕਾਂਗਰਸ ਦੇ ਦੋ ਮੁੱਖ ਮੰਤਰੀ ਉੱਥੇ ਗਏ। ਘਟਨਾ ਵਿਚ 8 ਲੋਕਾਂ ਦੀ ਜਾਨ ਗਈ ਪਰ ਉਹ ਪੰਜ ਨੂੰ ਹੀ 50-50 ਲੱਖ ਰੁਪਏ ਦੇ ਕੇ ਆਏ, ਦੂਜਿਆਂ ਨੂੰ ਕੁਝ ਨਹੀਂ ਦਿੱਤਾ। ਇਸ ਤੋਂ ਲਗਦਾ ਹੈ ਕਿ ਅਸੀਂ ਮੌਤਾਂ ਨੂੰ ਵੀ ਵੰਡ ਲਿਆ, ਇਨਸਾਨ ਨੂੰ ਵੀ ਵੰਡ ਲਿਆ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ “ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ”। ਇਹ ਤਾਂ ਗੁਰੂ ਨਾਨਕ ਦੀ ਬਾਣੀ ਵੀ ਨੂੰ ਵੀ ਨਹੀਂ ਮੰਨ ਰਹੇ।

ਸਵਾਲ:ਹੁਣ ਇਕ ਨਵੀਂ ਲੜਾਈ ਸ਼ੁਰੂ ਹੋ ਗਈ ਹੈ ਕਿ ਕਿਸਾਨ ਸਿਰਫ ਹਿੰਦੂ ਤਿਉਹਾਰਾਂ ਉੱਤੇ ਹੀ ਵਿਰੋਧ ਕਰਦੇ ਨੇ।

ਜਵਾਬ: ਇਹ ਬਿਲਕੁਲ ਸਹੀ ਹੈ। ਪਹਿਲਾਂ ਕਾਲੀ ਹੋਲੀ, ਕਾਲੀ ਦਿਵਾਲੀ ਮਨਾਈ ਗਈ, ਹੁਣ ਦੁਸ਼ਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਵੀ ਪੁਤਲੇ ਸਾੜਨ ਦਾ ਐਲ਼ਾਨ ਕੀਤਾ ਸੀ। ਇੱਥੇ ਹਿੰਦੂ ਬਹੁ ਗਿਣਤੀ ਹਨ ਪਰ ਉਹ ਧਰਮ ਨਿਰਪੱਖ ਹਨ ਤੇ ਉਹਨਾਂ ਵਿਚ ਸਹਿਣਸ਼ੀਲਤਾ ਬਹੁਤ ਜ਼ਿਆਦਾ ਹੈ। ਇੱਥੇ ਹਿੰਦੂਆਂ ਲਈ ਕਿਸੇ ਵੀ ਪਾਰਟੀ ਦਾ ਲੀਡਰ ਚਾਹੇ ਹਿੰਦੂ ਹੀ ਕਿਉਂ ਨਾ ਹੋਵੇ, ਜਦੋਂ ਤੱਕ ਉਹ ਗਾਲਾਂ ਨਹੀਂ ਕੱਢ ਲੈਂਦਾ, ਉਸ ਨੂੰ ਲੱਗਦਾ ਨਹੀਂ ਕਿ ਮੇਰੀ ਰਾਜਨੀਤੀ ਹੋਈ ਹੈ। ਦੁਸ਼ਹਿਰੇ ਦਾ ਤਿਉਹਾਰ ਭਗਵਾਨ ਰਾਮ ਨਾਲ ਸਬੰਧਤ ਹੈ ਤੇ ਇਸ ਨੂੰ ਲੈ ਕੇ ਹਰੇਕ ਦੇ ਮਨ ਵਿਚ ਸ਼ਰਧਾ ਹੈ। ਇੱਥੋਂ ਤੱਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵੀ ਉਹਨਾਂ ਦਾ ਜ਼ਿਕਰ ਆਉਂਦਾ ਹੈ।

ਕਿਸੇ ਦਾ ਵਿਰੋਧ ਕਰਨਾ ਹਰ ਕਿਸੇ ਦਾ ਹੱਕ ਹੈ ਪਰ ਇਹਨਾਂ ਤਿਉਹਾਰਾਂ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ। ਇਸ ਦੇ ਜ਼ਰੀਏ ਸਮਾਜ ਵਿਚ ਆਪਸੀ ਕੜਵਾਹਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਵਿਚ ਕਾਂਗਰਸ ਦਾ ਵੀ ਹੱਥ ਹੈ। ਹੁਣ ਸੁਖਬੀਰ ਬਾਦਲ ਮਾਤਾ ਚਿੰਤਪੂਰਨੀ ਗਏ, ਕਈ ਲੋਕਾਂ ਦੀ ਮਾਨਸਿਕਤਾ ਨੂੰ ਪਤਾ ਨਹੀਂ ਕੀ ਹੋਇਆ ਕਿ ਅਖ਼ਬਾਰਾਂ ਵਿਚ ਲਿਖਿਆ ਦੇਖਿਆ, ‘ਅਪਣੇ ਪਿਓ ਨੂੰ ਛੱਡ ਕੇ ਬੇਗਾਨੀ ਮਾਂ ਕੋਲ ਚਲਾ ਗਿਆ’। ਇਹ ਉਹ ਧਰਤੀ ਹੈ ਜਿੱਥੇ ਕਬੀਰ ਨੂੰ ਵੀ ਮੰਨਿਆ ਜਾਂਦਾ ਹੈ, ਫਰੀਦ ਨੂੰ ਵੀ ਮੰਨਿਆ ਜਾਂਦਾ ਹੈ, ਗੁਰੂ ਨਾਨਕ ਦੇਵ ਜੀ ਨੂੰ ਮੰਨਿਆ ਜਾਂਦਾ ਹੈ। ਗੁਰੂ ਸਾਰੇ ਜਗਤ ਦੇ ਨੇ।

 ਸਵਾਲ: ਅੱਜ ਸਾਰੇ ਤਿਉਹਾਰਾਂ ਨੂੰ ਬਹੁਤ ਉਦਾਸੀ ਨਾਲ ਮਨਾਇਆ ਜਾ ਰਿਹਾ ਹੈ ਜਾਂ ਨਹੀਂ ਮਨਾਇਆ ਜਾ ਰਿਹਾ। ਹੁਣ ਉਹਨਾਂ ਦੀ ਪ੍ਰਧਾਨ ਮੰਤਰੀ ਪ੍ਰਤੀ ਨਾਰਾਜ਼ਗੀ ਨਿਕਲ ਰਹੀ ਹੈ। ਮੈਂ ਇਸੇ ਲਈ ਕਹਿ ਰਹੀ ਹਾਂ ਕਿ ਦੂਰੀਆਂ ਵਧਾਈਆਂ ਜਾ ਰਹੀਆਂ। ਅੱਜ ਦੋਵੇਂ ਪਾਸਿਓਂ ਹਉਮੈ ਲੜ ਰਹੀ ਹੈ।

ਜਵਾਬ: ਹਿੰਦੂ ਤਿਉਹਾਰਾਂ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 26 ਜਨਵਰੀ ਵਾਲੇ ਦਿਨ ਵੀ ਵਿਰੋਧ ਕੀਤਾ ਗਿਆ, ਦੇਸ਼ ਦੀ ਆਜ਼ਾਦੀ ਇਹਨਾਂ ਨੂੰ ਪਸੰਦ ਨਹੀਂ ਹੈ, ਇਹ ਦੇਸ਼ ਦੇ ਸ਼ਹੀਦਾਂ ਦਾ ਸਨਮਾਨ ਨਹੀਂ ਕਰਦੇ। ਆਜ਼ਾਦੀ ਵਿਚ ਸਾਰੇ ਧਰਮਾਂ ਦਾ ਯੋਗਦਾਨ ਹੈ।

ਜਵਾਬ: ਅੱਜ ਕਿਹਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਵੱਡੇ ਰਾਸ਼ਟਰਵਾਦ ਹਨ। ਗੁਜਰਾਤ ਵਿਚ 21000 ਕਰੋੜ ਦੀ ਅਫੀਮ ਫੜੀ ਗਈ। ਤੁਸੀਂ ਗੱਲ ਕਰ ਰਹੇ ਹੋ ਪੰਜਾਬ ਵਿਚ ਇਕ ਡਰੋਨ ਤੋਂ ਇਕ ਕਿਲੋ ਅਫੀਮ ਦੀ ਜਾਂ ਇਕ ਸਿਤਾਰੇ ਦੇ ਬੇਟੇ ਕੋਲੋਂ 13 ਗ੍ਰਾਮ ਚਰਸ ਸ਼ਾਇਦ ਫੜੀ ਗਈ। ਰਾਸ਼ਟਰਵਾਦ ਪੰਜਾਬ ਵਿਰੋਧੀ ਕਿਵੇਂ ਬਣ ਗਿਆ?

ਜਵਾਬ: ਜਿਹੜੀ ਗੁਜਰਾਤ ਵਿਚ ਅਫੀਮ ਫੜੀ ਗਈ ਉਸ ਦੇ ਤਾਰ ਕਿੱਥੇ ਜੁੜ ਰਹੇ ਨੇ, ਪੰਜਾਬ ਦੇ ਕਿਹੜੇ ਲੋਕਾਂ ਨਾਲ ਜੁੜ ਰਹੇ ਨੇ।
ਮੈਂ ਇਸ ਅੰਦੋਲਨ ਨੂੰ ਕਿਸਾਨ ਅੰਦੋਲਨ ਨਹੀਂ ਕਹਿੰਦਾ ਮੈਂ ਇਸ ਨੂੰ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਹੀ ਕਹਿੰਦਾ ਹਾਂ। ਇਹ ਅੰਦੋਲਨ ਦੇਸ਼ ਦੀਆਂ ਬਾਕੀ ਸਮੱਸਿਆਵਾਂ ਤੋਂ ਧਿਆਨ ਭਟਕਾਉਣ ਲਈ ਲਗਾਇਆ ਹੈ।

ਸਵਾਲ: ਵਿਦੇਸ਼ਾਂ ਵਿਚ ਖੁੱਲ੍ਹੀ ਬਹਿਸ ਕੀਤੀ ਜਾਂਦੀ ਹੈ, ਜਿੱਥੇ ਦੋਵੇਂ ਧਿਰਾਂ ਬੈਠ ਕੇ ਗੱਲ਼ ਕਰਦੀਆਂ ਹਨ। ਤੁਸੀਂ ਅਜਿਹੀ ਗੱਲਬਾਤ ਕਿਸਾਨਾਂ ਅਤੇ ਖੇਤੀਬਾੜੀ ਮੰਤਰੀ ਵਿਚਾਲੇ ਕਿਉਂ ਨਹੀਂ ਕਰਵਾਉਂਦੇ।

ਜਵਾਬ: ਇਹ ਸ਼ਾਂਤੀ ਨਾਲ ਬਹਿਸ ਕਰਦੇ ਨੇ? ਤੁਸੀਂ ਗੱਲਬਾਤ ਦੌਰਾਨ ਵਿਗਿਆਨ ਭਵਨ ਵਿਚ ਦੇਖਿਆ ਹੋਵੇਗਾ ਕਿ ਇਕ ਤਾਂ ਤਖ਼ਤੀ ਲੈ ਕੇ ਬੈਠ ਗਿਆ ਕਿ ‘ਜਿੱਤਾਂਗੇ ਜਾਂ ਮਰਾਂਗੇ’। ਇਹ ਕੋਈ ਯੁੱਧ ਹੋ ਰਿਹਾ? ਦੂਜਾ ਮੂੰਹ ਉੱਤੇ ਉਂਗਲਾਂ ਰੱਖ ਲਈਆਂ ਕਿ ਅਸੀਂ ਕੁਝ ਨਹੀਂ ਬੋਲਣਾ ਹਾਂ ਜਾਂ ਨਾ ਦੱਸੋ। ਉਸ ਤੋਂ ਬਾਅਦ ਕੁਰਸੀਆਂ ਘੁਮਾ ਲਈਆਂ, ਪਿੱਠ ਕਰਕੇ ਬੈਠ ਗਏ। ਇਹ ਕਿਸ ਦਿਸ਼ਾ ਵੱਲ ਜਾ ਰਹੇ ਨੇ। ਸਰਕਾਰ ਸਾਰੀਆਂ ਗੱਲਾਂ ਮੰਨਣ ਨੂੰ ਤਿਆਰ ਹੈ। ਸਾਰਾ ਮਸਲਾ ਦੋ ਘੰਟੇ ਵਿਚ ਹੱਲ ਹੋ ਸਕਦਾ ਹੈ, ਜੇ ਇਹ ਚਾਹੁਣ। ਇਹ ਬੈਠ ਕੇ ਸਮਝੌਤਾ ਤਾਂ ਕਰਨ।

ਸਵਾਲ: ਤੁਸੀਂ ਕਹਿ ਰਹੇ ਕਿ ਕਿਸਾਨਾਂ ਦੀਆਂ ਕਾਨੂੰਨ ਰੱਦ ਕਰਨ ਤੋਂ ਵੱਧ ਮੰਗਾਂ ਮੰਨੀਆਂ ਜਾ ਰਹੀਆਂ ਹਨ। ਫਿਰ ਇਹਨਾਂ ਕਾਨੂੰਨਾਂ ਦੀ ਕੀਮਤ ਰਹਿ ਗਈ। ਇਹਨਾਂ ਨੂੰ ਖਤਮ ਹੀ ਕਰ ਦਿਓ?

ਜਵਾਬ: ਇਹ ਮਜਬੂਤ ਸਰਕਾਰ ਹੈ। ਮਾਉਵਾਦੀ ਤੇ ਕਾਮਰੇਡ ਇਹ ਦਿਖਾਉਣਾ ਚਾਹੁੰਦੇ ਨੇ ਕਿ ਇਹ ਕਮਜ਼ੋਰ ਸਰਕਾਰ ਹੈ। ਦੂਜੀ ਗੱਲ ਕਿੰਨੇ ਕਾਨੂੰਨ ਬਣੇ ਹੋਏ ਨੇ, ਉਹਨਾਂ ਦਾ ਵੀ ਖਿਲਾਰਾ ਪੈ ਜਾਵੇਗਾ। ਅਸੀਂ ਦੇਸ਼ ਵਿਚ ਖਿਲਾਰਾ ਨਹੀਂ ਪਾਉਣਾ ਚਾਹੁੰਦੇ। ਇਹ ਕਾਨੂੰਨ ਰੱਦ ਨਹੀਂ ਹੋਣਗੇ। ਇਹ ਜਿੱਦ ਨਹੀਂ ਹੈ।

ਸਵਾਲ: ਤੁਹਾਡੇ ਪੁਰਾਣੇ ਭਾਈਵਾਲ ਕਹਿੰਦੇ ਨੇ ਕਿ ਕਾਨੂੰਨ ਬਹੁਤ ਖਰਾਬ ਨੇ ਅਤੇ ਪਹਿਲਾਂ ਸਾਥੋਂ ਗਲਤੀ ਹੋ ਗਈ ਸੀ।

ਜਵਾਬ: ਕਾਨੂੰਨ ਬਣਾਉਣ ਸਮੇਂ ਭਾਈਵਾਲ ਵੀ ਵਿਚ ਹੀ ਸੀ। ਬੀਬੀ ਹਰਸਿਮਰਤ ਕੌਰ ਨੇ ਵੀ ਸਾਈਨ ਕੀਤੇ ਅਤੇ ਫਿਰ ਟੀਵੀ ਚੈਨਲਾਂ ਵਿਚ ਵੀ ਕਿਹਾ। ਉਹ ਅਨਪੜ੍ਹ ਨਹੀਂ, ਉਹਨਾਂ ਦਾ ਪੂਰੀ ਦੁਨੀਆਂ ਵਿਚ ਕਾਰੋਬਾਰ ਚੱਲਦਾ ਹੈ। ਉਹ ਕਿਵੇਂ ਕਹਿ ਸਕਦੇ ਕਿ ਮੇਰੇ ਸਮਝ ਵਿਚ ਨਹੀਂ ਆਇਆ। ਸਾਰੇ ਪੰਜਾਬ 'ਤੇ ਕਾਬਜ਼ ਹੋਣ ਵਾਲੇ ਖੇਤੀ ਕਾਨੂੰਨਾਂ ਤੋਂ ਅਨਜਾਣ ਕਿਵੇਂ ਹੋ ਸਕਦੇ ਹਨ। ਸਾਰੇ ਮਿਲੇ ਹੋਏ ਹਨ, ਕਾਂਗਰਸ ਵੀ ਇਹੀ ਕੰਮ ਕਰ ਰਹੀ ਹੈ। ਨਹੀਂ ਤਾਂ ਹੁਣ ਤੱਕ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਨਹੀਂ ਮਿਲ ਜਾਣਾ ਸੀ।

ਸਵਾਲ: ਇਹਨਾਂ ਸਾਰੀਆਂ ਚੀਜ਼ਾਂ ਵਿਚ ਤੁਸੀਂ ਅੱਗੇ ਕੀ ਰਸਤਾ ਦੇਖਦੇ ਹੋ?

ਜਵਾਬ: ਜਦੋਂ ਤੱਕ ਅਜਿਹੇ ਲੋਕ ਤੇ ਸਿਆਸੀ ਪਾਰਟੀਆਂ ਰਹਿਣਗੀਆਂ ਤਾਂ ਇਹ ਸੱਤਾਂ ਵਿਚ ਆਉਣ ’ਤੇ ਅਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨਗੇ। ਲੋਕਾਂ ਅਤੇ ਦੇਸ਼ ਦੇ ਹਿੱਤ ਨਹੀਂ ਦੇਖਣਗੇ।

ਸਵਾਲ: ਕਿਸਾਨਾਂ ਦੇ ਮੁੱਦੇ ਦਾ ਕੋਈ ਹੱਲ ਨਹੀਂ ਨਿਕਲੇਗਾ?

ਜਵਾਬ: ਪੂਰਾ ਹੱਲ ਨਿਕਲ ਰਿਹਾ ਹੈ। ਦੋ ਘੰਟਿਆਂ ਵਿਚ ਹੱਲ ਨਿਕਲ ਜਾਵੇਗਾ ਤੁਸੀਂ ਹੁਣ ਕਹਿ ਕੇ ਦੇਖ ਲਓ। ਇਸ ਦੇ ਪਿੱਛੇ ਕੋਈ ਹੋਰ ਤਾਕਤਾਂ ਹਨ।
ਕਿਸਾਨ ਅੰਦੋਲਨ ਦੌਰਾਨ ਟਿਕਰੀ ਬਾਰਡਰ ’ਤੇ ਔਰਤਾਂ ਨੂੰ ਦਿੱਲੀ ਦੰਗਿਆਂ ਦੇ ਦੋਸ਼ੀ ਤਾਹਿਰ ਹੁਸੈਨ ਅਤੇ ਟੁਕੜੇ-ਟੁਕੜੇ ਗੈਂਗ ਵਾਲੇ ਸਾਜ਼ਿਦ ਦੀਆਂ ਫੋਟੋਆਂ ਫੜਾ ਦਿੱਤੀਆਂ। ਬਾਕੀ ਸ਼ਹਿਰੀ ਨਕਸਲਵਾਦੀਆਂ ਦੀਆਂ ਫੋਟੋਆਂ ਫੜਾ ਦਿੱਤੀਆਂ ਗਈਆਂ। ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਕਿ ਇਹ ਫੋਟੋਆਂ ਕਿਸ ਦੀਆਂ ਹਨ ਤਾਂ ਉਹਨਾਂ ਕਿਹਾ ਸਾਨੂੰ ਨਹੀਂ ਪਤਾ, ਸਾਡੀ ਜਥੇਬੰਦੀਆਂ ਨੂੰ ਪਤਾ ਹੋਵੇਗਾ। ਇਹ ਕਿਹੜੀ ਕਿਸਾਨ ਹਿੱਤ ਦੀ ਗੱਲ ਹੈ। ਇਸ ਦੇ ਪਿੱਛੇ ਮਨਸ਼ਾ ਕੁਝ ਹੋਰ ਹੈ।

ਸਵਾਲ: ਤੁਸੀਂ ਕਹਿ ਰਹੇ ਹੋ ਕਿ ਕਿਸਾਨਾਂ ਵਿਚ ਦੂਜੀ ਵਿਚਾਰਧਾਰਾ ਆ ਗਈ ਹੈ। ਜੇ ਭਾਜਪਾ ਆਗੂਆਂ ਦੀ ਗੱਲ ਕਰੀਏ ਤਾਂ ਸੀਐਮ ਖੱਟੜ ਦਾ ਬਿਆਨ ਕਰਨਾਲ ਅਤੇ ਲਖੀਮਪੁਰ ਵਿਚ ਜੋ ਹੋਇਆ। ਇਹ ਕਿਹੜੀ ਵਿਚਾਰਧਾਰਾ ਹੈ।

ਜਵਾਬ: ਦੇਖੋ ਖੱਟਰ ਸਾਬ ਨੇ ਭਾਜਪਾ ਵਰਕਰਾਂ ਬਾਰੇ ਵੀ ਸੋਚਣਾ ਹੈ। ਜਦੋਂ ਉਹਨਾਂ ਨੂੰ ਕੁੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹਨਾਂ ਕਿਹਾ ਕਿ ਅਪਣੇ ਆਪ ਨੂੰ ਖੁਦ ਬਚਾਓ। ਉਸ ਨੂੰ ਬਹੁਤ ਵੱਡੀ ਗੱਲ ਵਜੋਂ ਦੇਖਿਆ ਗਿਆ ਪਰ ਜਿਹੜੀ ਗੱਲਾਂ ਇਹ ਬੋਲਦੇ ਨੇ, ਉਹਨਾਂ ਦਾ ਕੀ?

ਸਵਾਲ:  ਯੂਪੀ ਵਿਚ ਜੋ ਹੋਇਆ, ਜਿਸ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਕਾਫਲੇ ਨੇ ਕਿਸਾਨਾਂ ਉੱਤੇ ਗੱਡੀ ਚੜਾ ਦਿੱਤੀ। ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ?

ਜਵਾਬ: ਕੇਂਦਰੀ ਗ੍ਰਹਿ ਮੰਤਰੀ ਤਾਂ ਉੱਤੇ ਹੈ ਨਹੀਂ ਸੀ, ਉਸ ਦਾ ਬੇਟਾ ਜਾ ਰਿਹਾ ਸੀ। ਉਸ ਦੌਰਾਨ ਜੋ ਹੋਇਆ ਉਹ ਜਾਂਚ ਹੋ ਰਹੀ ਹੈ। ਪਰ ਉਸ ਤੋਂ ਬਾਅਦ ਤਿੰਨ ਵਰਕਰਾਂ ਨੂੰ ਕੁੱਟ-ਕੁੱਟ ਕੇ ਮਾਰਿਆ ਗਿਆ। ਉਸ ਦੀਆਂ ਵੀਡੀਓ ਵੀ ਬਣੀਆਂ ਹਨ। ਵੀਡੀਓ ਵਿਚ ਉਹਨਾਂ ਦੇ ਮੂੰਹੋਂ ਇਹ ਕਹਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਸਾਨੂੰ ਹਮਲਾ ਕਰਨ ਲਈ ਕਿਹਾ ਗਿਆ ਹੈ।

ਸਵਾਲ: ਇਹਨਾਂ ਚੀਜ਼ਾਂ ਨਾਲ ਦੇਸ਼ ਵਿਚ ਤਣਾਅ ਵਧਦਾ ਜਾਵੇਗਾ। ਹੱਲ ਦੋ ਤਾਕਤਾਂ ਕੋਲ ਹੈ, ਇਕ ਪਾਸੇ ਕਿਸਾਨ ਤੇ ਦੂਜੇ ਪਾਸੇ ਸਰਕਾਰ। ਦੋਵੇਂ ਜਿੱਦ ’ਤੇ ਅੜੀਆਂ ਹੋਈਆਂ ਹਨ। ਆਮ ਬੰਦਾ ਮਾਰਿਆ ਜਾਏਗਾ, ਤੁਸੀਂ ਭਾਰਤ ਵਿਚ ਅਜਿਹਾ ਮਾਹੌਲ ਚਾਹੁੰਦੇ ਹੋ?

ਜਵਾਬ: ਅਸੀਂ ਕੋਈ ਅਜਿਹਾ ਮਾਹੌਲ ਨਹੀਂ ਚਾਹੁੰਦੇ। ਜਿਨ੍ਹਾਂ ਨੇ ਮਾਹੌਲ ਦਾ ਨਿਰਮਾਣ ਕੀਤਾ, ਇਸ ਬਾਰੇ ਯੋਗਿੰਦਰ ਯਾਦਵ, ਹਨਨ ਮੌਲਾ, ਕਵਿਤਾ, ਡਾ. ਦਰਸ਼ਨ ਪਾਲ, ਉਗਰਾਹਾਂ ਨੂੰ ਪੁੱਛੋ। ਇਹਨਾਂ ਨੇ ਮਾਹੌਲ ਬਣਾਇਆ। ਇਹ ਕਿਸਾਨ ਹਿੱਤਾਂ ਲਈ ਨਹੀਂ ਹੈ। ਅਸੀਂ ਤਾਂ ਪਹਿਲੀ ਵਾਰ ਰਾਜੇਵਾਲ ਦੇ ਮੂੰਹੋਂ ਸੁਣਿਆ ਕਿ ਪੰਜਾਬ ਵਿਚ ਪ੍ਰਧਾਨ ਮੰਤਰੀ ਨਹੀਂ ਆ ਸਕਦੇ। ਇਹਨਾਂ ਨੂੰ ਸਮਝ ਨਹੀਂ ਹੈ ਕਿ ਦੇਸ਼ ਕਿੰਨਾ ਵੱਡਾ ਹੈ, ਦੇਸ਼ ਕਿੰਨਾ ਤਾਕਤਵਰ ਹੈ। ਪ੍ਰਧਾਨ ਮੰਤਰੀ ਨੇ ਤੁਹਾਡਾ ਕੀ ਵਿਗਾੜ ਦਿੱਤਾ ਹੈ। ਇਹ ਜਿੰਨਾ ਮਰਜ਼ੀ ਜ਼ੋਰ ਲਗਾ ਲੈਣ ਦੇਸ਼ ਵਿਚ ਸਾਡੀ ਸਰਕਾਰ ਬਣਨੋਂ ਨਹੀਂ ਰੋਕ ਸਕਦੇ। ਇਹਨਾਂ ਵਿਚ ਇੰਨੀ ਤਾਕਤ ਨਹੀਂ ਹੈ।