ਮਾਨਵਤਾ ਦਾ ਸੱਚਾ ਸੇਵਕ ਤੇ ਸੱਚਾ ਸਿੱਖ-ਰਵੀ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਖ਼ਾਲਸਾ ਏਡ ਦੁਨੀਆਂ ਪੱਧਰ ਤੇ ਇਕ ਅਜਿਹਾ ਨਾਮ ਬਣ ਗਿਆ ਹੈ ਜਿਸ ਨੇ ਸਿੱਖ, ਸਿੱਖੀ ਅਤੇ ਸਿੱਖੀ ਸਿਧਾਂਤਾਂ ਦੀ ਪਛਾਣ ਦੁਨੀਆਂ ਪੱਧਰ ਤੇ ਬੜੇ ਸਤਿਕਾਰ ਸਹਿਤ ਬਣਾ ਦਿਤੀ ਹੈ।

Ravi singh

ਖ਼ਾਲਸਾ ਏਡ ਦੁਨੀਆਂ ਪੱਧਰ ਤੇ ਇਕ ਅਜਿਹਾ ਨਾਮ ਬਣ ਗਿਆ ਹੈ ਜਿਸ ਨੇ ਸਿੱਖ, ਸਿੱਖੀ ਅਤੇ ਸਿੱਖੀ ਸਿਧਾਂਤਾਂ ਦੀ ਪਛਾਣ ਦੁਨੀਆਂ ਪੱਧਰ ਤੇ ਬੜੇ ਸਤਿਕਾਰ ਸਹਿਤ ਬਣਾ ਦਿਤੀ ਹੈ। ਦੁਨੀਆਂ ਦੇ ਕਿਸੇ ਵੀ ਕੋਨੇ 'ਚ ਜੇ ਕੋਈ ਵੀ ਕੁਦਰਤੀ ਜਾਂ ਗ਼ੈਰ-ਕੁਦਰਤੀ ਆਫ਼ਤ ਆਉਂਦੀ ਹੈ, ਤਾਂ ਖ਼ਾਲਸਾ ਏਡ ਉਥੋਂ ਦੇ ਲੋਕਾਂ ਨੂੰ ਸਹਾਰਾ ਦੇਣ ਲਈ ਸੱਭ ਤੋਂ ਪਹਿਲਾਂ ਪਹੁੰਚ ਜਾਂਦੀ ਹੈ।

ਭਾਵੇਂ ਵਰ੍ਹਦੀਆਂ ਗੋਲੀਆਂ ਹੋਣ ਜਾਂ ਹੜ੍ਹਾਂ ਦੀ ਮਾਰ ਹੋਵੇ, ਖ਼ਾਲਸਾ ਏਡ ਨੇ ਬਗ਼ੈਰ ਕਿਸੇ ਡਰ ਭੈਅ ਤੋਂ ਅਤੇ ਬਗ਼ੈਰ ਕਿਸੇ ਨਸਲੀ ਭਿੰਨ-ਭੇਦ ਤੋਂ ਉਥੇ ਪਹੁੰਚ ਕੇ ਬਿਪਤਾ ਦੀ ਮਾਰ ਝੱਲ ਰਹੀ ਲੋਕਾਈ ਨੂੰ ਸਾਂਭਿਆ ਹੈ। ਭਾਵੇਂ ਸੀਰੀਆ ਹੋਵੇ ਜਾਂ ਬੰਗਲਾਦੇਸ਼ ਜਾਂ ਫਿਰ ਭਾਰਤ ਦੀ ਮਹਾਂਨਗਰੀ ਮੁੰਬਈ ਹੋਵੇ ਜਾਂ ਕੇਰਲਾ ਹੋਵੇ ਜਾਂ ਫਿਰ ਹਕੂਮਤੀ ਦਹਿਸ਼ਤਗਰਦੀ ਦਾ ਜਬਰ ਝੱਲ ਰਿਹਾ ਕਸ਼ਮੀਰ ਹੋਵੇ, ਇਹ ਸੰਸਥਾ ਰੱਬ ਬਣ ਕੇ ਆ ਬਹੁੜਦੀ ਹੈ। ਜਿੱਥੇ ਵੀ ਮਾਨਵਤਾ ਉਤੇ ਕੋਈ ਭੀੜ ਪਈ, ਇਸ ਸੰਸਥਾ ਨੇ ਅਪਣੇ ਫ਼ਰਜ਼ਾਂ ਤੇ ਡਟ ਕੇ ਪਹਿਰਾ ਦਿਤਾ ਹੈ।

ਪਰ ਹੁਣ ਜਦੋਂ ਪੰਜਾਬ ਵਿਚ ਇਸ ਸੰਸਥਾ ਨੇ ਅਪਣੇ ਲੋਕਾਂ ਦੀ ਬਾਂਹ ਆਣ ਫੜੀ ਹੈ ਤਾਂ ਭਾਰਤ ਦੀਆਂ ਪੰਜਾਬ ਵਿਰੋਧੀ ਤਾਕਤਾਂ ਨੇ ਡਾਹਢੀ ਪੀੜ ਮਹਿਸੂਸ ਕੀਤੀ ਹੈ।
ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਇਹ ਉਹੀ ਖ਼ਾਲਸਾ ਏਡ ਵਾਲਾ ਰਵੀ ਸਿੰਘ ਹੈ, ਜਿਸ ਨੂੰ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਵੇਖਦਿਆਂ ਭਾਰਤ ਦੀ ਕੇਂਦਰ ਸਰਕਾਰ ਵਲੋਂ ਰਵੀ ਸਿੰਘ ਨੂੰ ਭਾਰਤ ਦੇ ਬਹੁਤ ਵੱਡੇ ਪੁਰਸਕਾਰ ਨਾਲ ਸਨਮਾਨਿਤ ਕਰਨ ਦੀ ਪੇਸ਼ਕਸ਼ ਵੀ ਕੀਤੀ ਗਈ ਸੀ, ਪਰ ਕੇਂਦਰ ਵਲੋਂ ਪੰਜਾਬ ਅਤੇ ਸਿੱਖ ਕੌਮ ਨਾਲ ਕੀਤੀਆਂ ਵਧੀਕੀਆਂ ਦੇ ਰੋਸ ਵਜੋਂ ਰਵੀ ਸਿੰਘ ਨੇ ਉਹ ਪੁਰਸਕਾਰ ਲੈਣ ਤੋਂ ਸ਼ਰਤਾਂ ਦੇ ਅਧਾਰ ਤੇ ਇਨਕਾਰ ਕਰ ਦਿਤਾ ਸੀ।

ਉਸ ਮੌਕੇ ਰਵੀ ਸਿੰਘ ਨੇ ਕੇਂਦਰ ਦੀ ਸਰਕਾਰ ਨੂੰ ਇਹ ਵੀ ਸਪੱਸ਼ਟ ਤੌਰ ਤੇ ਦੱਸ ਦਿਤਾ ਸੀ ਕਿ ਉਹ ਪੰਜਾਬੀ ਹੈ, ਪਰ ਭਾਰਤੀ ਨਹੀਂ ਹੈ, ਇਸ ਲਈ ਮੇਰੇ ਨਾਂ ਨਾਲ ਸ਼ਬਦ ਭਾਰਤੀ ਨਾ ਲਾਇਆ ਜਾਵੇ। ਅਜਿਹੀਆਂ ਹੋਰ ਵੀ ਕੁੱਝ ਘਟਨਾਵਾਂ ਹਨ ਜਦੋਂ ਰਵੀ ਸਿੰਘ ਨੂੰ ਇਹ ਦਸਣਾ ਪਿਆ ਹੈ ਕਿ ਉਹ ਭਾਰਤੀ ਨਹੀਂ ਹੈ। ਸੋ ਰਵੀ ਸਿੰਘ ਵਲੋਂ ਪੁਰਸਕਾਰ ਨਾ ਲੈਣ  ਲਈ ਵਿਖਾਈ ਗਈ ਦ੍ਰਿੜਤਾ ਨੇ ਜਿੱਥੇ ਸਿੱਖ ਹਲਕਿਆਂ ਵਿਚ ਉਨ੍ਹਾਂ ਦਾ ਸਤਿਕਾਰ ਅਤੇ ਕੱਦ ਬਹੁਤ ਉੱਚਾ ਕਰ ਦਿਤਾ ਸੀ, ਉਥੇ ਉਹ ਕੇਂਦਰੀ ਹਕੂਮਤ ਦੀਆਂ ਅੱਖਾਂ ਵਿਚ ਜ਼ਰੂਰ ਰੜਕਣ ਲੱਗ ਪਿਆ ਹੈ,

ਪਰ ਉਹਦੇ ਵਿਸ਼ਵ ਪੱਧਰੀ ਉੱਚੇ ਕੱਦ ਅੱਗੇ ਅਜੇ ਤਕ ਕੇਂਦਰੀ ਹਕੂਮਤ ਬੇਵੱਸ ਜਾਪਦੀ ਹੈ। ਸਰਬੱਤ ਦੇ ਭਲੇ ਦੇ ਸਿੱਖੀ ਸਿਧਾਂਤ ਉਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਣ ਵਾਲੀ ਖ਼ਾਲਸਾ ਏਡ ਨੇ ਕਦੇ ਵੀ ਨਸਲ ਵੇਖ ਕੇ ਕਿਸੇ ਦੀ ਮਦਦ ਨਹੀਂ ਕੀਤੀ, ਸਗੋਂ ਪੂਰੇ ਗੁਰੂ ਆਸ਼ੇ ਤੇ ਪਹਿਰਾ ਦਿੰਦਿਆਂ ਸਿਰਫ਼ ਮਾਨਵਤਾ ਦੀ ਭਲਾਈ ਹੀ ਲੋਚੀ ਹੈ। ਇਹ ਵੀ ਕੇਹਾ ਇਤਫ਼ਾਕ ਹੈ ਕਿ ਕਸ਼ਮੀਰ ਅਤੇ ਪੰਜਾਬ ਦੇ ਹੜ੍ਹਾਂ ਦੀ ਸਮੱਸਿਆ ਤੋਂ ਪਹਿਲਾਂ ਜਿਹੜੀ ਖ਼ਾਲਸਾ ਏਡ ਵਰਗੀ ਵਿਸ਼ਵ ਪਧਰੀ ਸੰਸਥਾ ਦੇ ਸਾਰੇ ਪੰਜਾਬੀ ਅਤੇ ਭਾਰਤੀ ਸਿਫ਼ਤਾਂ ਕਰਦੇ ਨਹੀਂ ਸਨ ਥਕਦੇ, ਉਨ੍ਹਾਂ ਨੇ ਹੁਣ ਖ਼ਾਲਸਾ ਏਡ ਤੇ ਉਂਗਲਾਂ ਚੁਕਣੀਆਂ ਸ਼ੁਰੂ ਕਰ ਦਿਤੀਆਂ ਹਨ।

ਇਹ ਸਾਰਾ ਕੁੱਝ ਕਸ਼ਮੀਰ ਅਤੇ ਪੰਜਾਬ ਵਿਚ ਖ਼ਾਲਸਾ ਏਡ ਦੇ ਜ਼ਿਕਰਯੋਗ ਕਾਰਜਾਂ ਤੋਂ ਬਾਅਦ ਸ਼ੁਰੂ ਹੋਇਆ ਹੈ। ਮਾਨਵ ਵਿਰੋਧੀ ਤਾਕਤਾਂ ਨਹੀਂ ਚਾਹੁੰਦੀਆਂ ਕਿ ਪੰਜਾਬ ਅਤੇ ਕਸ਼ਮੀਰ ਦੀ ਮਦਦ ਕਰਨ ਲਈ ਕੋਈ ਅੱਗੇ ਆਵੇ। ਜਦੋਂ ਤੋਂ ਪੰਜਾਬ ਅੰਦਰ ਹੜ੍ਹਾਂ ਮਾਰੇ ਇਲਾਕੇ ਦੇ ਲੋਕਾਂ ਦੀ ਭਲਾਈ ਲਈ ਖ਼ਾਲਸਾ ਏਡ ਨੇ ਜ਼ੁੰਮੇਵਾਰੀ ਨਾਲ ਉਨ੍ਹਾਂ ਪੀੜਤ ਲੋਕਾਂ ਦੇ ਮੁੜ ਵਸੇਬੇ ਦੀ ਜ਼ੁੰਮੇਵਾਰੀ ਅਪਣੇ ਮੋਢਿਆਂ ਤੇ ਲੈ ਲਈ ਹੈ, ਬਹੁਤ ਲੋਕਾਂ ਦੇ ਢਿੱਡੀਂ ਪੀੜਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ।

ਇਨ੍ਹਾਂ ਗੱਲਾਂ ਨੂੰ ਸਰਸਰੀ ਨਹੀਂ, ਬਲਕਿ ਬੜੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ, ਕਿਉਂਕਿ ਬਿਨਾ ਸ਼ੱਕ ਖ਼ਾਲਸਾ ਏਡ ਦਾ ਕੱਦ ਬੁੱਤ ਸਿੱਖਾਂ ਦੀਆਂ ਹੋਰ ਸੰਸਥਾਵਾਂ ਦੇ ਮੁਕਾਬਲੇ ਬਹੁਤ ਉੱਚਾ ਹੋ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਦੇ ਸਿੱੱਖਾਂ ਦੀ ਸਿਰਮੌਰ ਸੰਸਥਾ ਵਜੋਂ ਜਾਣੀ ਜਾਂਦੀ ਸੀ, ਪਰ ਖ਼ਾਲਸਾ ਏਡ ਦੇ ਕਾਰਜਾਂ ਸਾਹਮਣੇ ਬੌਣੀ ਹੋ ਕੇ ਰਹਿ ਗਈ ਹੈ।

ਇਸ ਸਮੇਂ ਬੱਚੇ ਬੱਚੇ ਦੀ ਜ਼ੁਬਾਨ ਤੇ ਖ਼ਾਲਸਾ ਏਡ ਦਾ ਨਾਂ ਹੈ। ਸਿੱਖ ਹਲਕਿਆਂ ਵਿਚ ਰਵੀ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਉਣ ਦੀ ਮੰਗ ਵੀ ਉਠਣ ਲੱਗੀ ਹੈ। ਵਿਦੇਸ਼ਾਂ ਵਿਚ ਬੈਠੇ ਸਿੱਖ ਉਨ੍ਹਾਂ ਦੀ ਦਿਲ ਖੋਲ੍ਹ ਕੇ ਮਦਦ ਕਰ ਰਹੇ ਹਨ। ਸੋ ਇਨ੍ਹਾਂ ਗੱਲਾਂ ਨੇ ਕੇਂਦਰੀ ਤਾਕਤਾਂ ਅਤੇ ਪੰਜਾਬ ਵਿਚ ਉਨ੍ਹਾਂ ਦੇ ਸ਼ੁਭਚਿੰਤਕਾਂ ਨੂੰ ਚਿੰਤਤ ਕੀਤਾ ਹੈ, ਜਿਸ ਕਰ ਕੇ ਪੰਜਾਬ ਅੰਦਰ ਅਪਣੇ  ਖ਼ਾਸ ਲੋਕਾਂ ਰਾਹੀਂ ਖ਼ਾਲਸਾ ਏਡ ਨੂੰ ਬਦਨਾਮ ਕਰ ਕੇ ਉਨ੍ਹਾਂ ਦੀ ਮਸ਼ਹੂਰੀ ਨੂੰ ਢਾਹ ਲਾਉਣ ਦੀਆਂ ਸਾਜ਼ਸ਼ਾਂ ਤੇਜ਼ ਹੋ ਗਈਆਂ ਹਨ।

ਖ਼ਾਲਸਾ ਏਡ ਸਬੰਧੀ ਛਪੀ ਇਕ ਰੀਪੋਰਟ ਵਿਚ ਇਕ ਅਖ਼ਬਾਰ ਨੇ ਇਸ ਸੰਸਥਾ ਦੀ ਹਰਮਨ ਪਿਆਰਤਾ ਨੂੰ ਢਾਹ ਲਾਉਣ ਦੀ ਪੂਰੀ ਜੀਅ ਜਾਨ ਨਾਲ ਕੋਸ਼ਿਸ਼ ਕੀਤੀ ਹੈ, ਜਿਸ ਦੀ ਵਿਸ਼ਵ ਪੱਧਰ ਤੇ ਸਿੱਖਾਂ ਨੇ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਜਦੋਂ ਖ਼ਾਲਸਾ ਏਡ ਨੂੰ ਬਦਨਾਮ ਕਰਨ ਲਈ ਵੱਡੀ ਪੱਧਰ ਤੇ ਜਤਨ ਹੋ ਰਹੇ ਹਨ ਤਾਂ ਆਮ ਸਿੱਖਾਂ ਅਤੇ ਉਨ੍ਹਾਂ ਸਿੱਖ ਸੰਸਥਾਵਾਂ ਨੂੰ ਵੀ ਇਸ ਪਾਸੇ ਧਿਆਨ ਦੇਣਾ ਪਵੇਗਾ, ਜਿਹੜੀਆਂ ਅਪਣੇ ਤੌਰ ਤੇ ਲੋਕ ਸੇਵਾ ਦੇ ਕਾਰਜਾਂ ਵਿਚ ਜੁਟੀਆਂ ਹੋਈਆਂ ਹਨ। ਸਿੱਖ ਦੁਸ਼ਮਣ ਤਾਕਤਾਂ ਨੂੰ ਮੂੰਹਤੋੜ ਜਵਾਬ ਦੇਣ ਲਈ ਸਾਰੀਆਂ ਹੀ ਸਮਾਜਸੇਵੀ ਸਿੱਖ ਸੰਸਥਾਵਾਂ ਨੂੰ ਖ਼ਾਲਸਾ ਏਡ ਨਾਲ ਅਪਣੀ ਸਹਿਮਤੀ ਬਣਾ ਲੈਣੀ ਚਾਹੀਦੀ ਹੈ।

ਭਾਵੇਂ ਉਹ ਸੰਸਥਾਵਾਂ ਅਪਣੇ ਪੱਧਰ ਤੇ ਵੀ ਕੰਮ ਕਰਦੀਆਂ ਰਹਿਣ ਪਰ ਸਿੱਖ ਕੌਮ ਦੀ ਇਸ ਸਿਰਮੌਰ ਸੰਸਥਾ ਨੂੰ ਹੋਰ ਤਕੜਾ ਕਰਨ ਦੀ ਲੋੜ ਹੈ। ਇਸ ਖੇਤਰ ਦੀਆਂ ਸਮੁੱਚੀਆਂ ਲੋਕ ਸੇਵਕ ਸੰਸਥਾਵਾਂ ਨੂੰ ਰਵੀ ਸਿੰਘ ਨਾਲ ਸਾਂਝ ਬਣਾ ਲੈਣੀ ਚਾਹੀਦੀ ਹੈ, ਤਾਕਿ ਉਨ੍ਹਾਂ ਤਾਕਤਾਂ ਨੂੰ ਮੂੰਹਤੋੜ ਜਵਾਬ ਦਿਤਾ ਜਾ ਸਕੇ, ਜਿਹੜੀਆਂ ਹਰ ਸਮੇਂ ਸਿੱਖਾਂ ਵਿਚ ਪਾਟਕ ਪਾ ਕੇ ਉਨ੍ਹਾਂ ਦੀ ਤਾਕਤ ਕਮਜ਼ੋਰ ਕਰਨ ਵਿਚ ਯਤਨਸ਼ੀਲ ਰਹਿੰਦੀਆਂ ਹਨ। ਜਿਸ ਤਰ੍ਹਾਂ ਆਰ.ਐਸ.ਐਸ. ਹਿੰਦੂ ਸਮਾਜ ਦੀ ਸਰਬਉੱਚ ਅਤੇ ਸਰਬ ਪ੍ਰਵਾਨਤ ਸੰਸਥਾ ਬਣ ਚੁੱਕੀ ਹੈ, ਖ਼ਾਲਸਾ ਏਡ ਵਰਗੀ ਸੰਸਥਾ ਨੂੰ ਵੀ ਉਸੇ ਤਰਜ਼ ਤੇ ਮਜ਼ਬੂਤ ਕਰਨ ਦੀ ਲੋੜ ਹੈ।

ਕਈ ਵਾਰ ਵਿਰੋਧੀਆਂ ਵਲੋਂ ਚੁੱਕੇ ਹੋਏ ਨੁਕਸਾਨ ਵਾਲੇ ਕਦਮ ਵੀ ਰਾਸ ਆ ਜਾਂਦੇ ਹਨ। ਹੁਣ ਜਦੋਂ ਇਹ ਸੱਭ ਨੂੰ ਚਾਨਣ ਹੋ ਚੁੱਕਾ ਹੈ ਕਿ ਵਿਰੋਧੀ ਤਾਕਤਾਂ ਨਹੀਂ ਚਾਹੁੰਦੀਆਂ ਕਿ ਸਿੱਖਾਂ ਦਾ ਮਾਣ ਸਤਿਕਾਰ ਦੁਨੀਆਂ ਪੱਧਰ ਤੇ ਵਧੇ, ਬਲਕਿ ਉਹ ਹਮੇਸ਼ਾ ਸਿੱਖਾਂ ਨੂੰ ਦੁਨੀਆਂ ਸਾਹਮਣੇ ਮਾੜਾ ਬਣਾ ਕੇ ਪੇਸ਼ ਕਰਨ ਵਿਚ ਹੀ ਸਾਰੀ ਤਾਕਤ ਝੋਕਦੀਆਂ ਆ ਰਹੀਆਂ ਹਨ, ਜਦਕਿ ਹੋ ਹਮੇਸ਼ਾ ਹੀ ਉਨ੍ਹਾਂ ਦੀ ਸੋਚ ਦੇ ਉਲਟ ਰਿਹਾ ਹੈ।

ਖ਼ਾਲਸਾ ਏਡ ਗੁਰੂ ਆਸੇ ਅਨੁਸਾਰ ਚੱਲ ਕੇ ਸਰਬੱਤ ਦੇ ਭਲੇ ਦੇ ਸੰਕਲਪ ਤੇ ਕੰਮ ਕਰਦੀ ਹੋਈ ਅੱਗੇ ਵੱਧ ਰਹੀ ਹੈ, ਜਿਸ ਦੀ ਹਰ ਪਾਸੇ ਤੋਂ ਤਾਰੀਫ਼ ਹੋਣੀ ਸੁਭਾਵਕ ਹੈ। ਸੋਚਣਾ ਇਹ ਵੀ ਜ਼ਰੂਰੀ ਬਣਦਾ ਹੈ ਕਿ ਇਸ ਸਿੱਖ ਸੰਸਥਾ ਦੀ ਵਿਸ਼ਵ ਪੱਧਰ ਤੇ ਸਿੱਖਾਂ ਵਲੋਂ ਮਦਦ ਕੀਤੀ ਜਾ ਰਹੀ ਹੈ, ਜਦਕਿ ਹਿਸਾਬ ਉਹ ਲੋਕ ਪੁੱਛ ਰਹੇ ਹਨ, ਜਿਨ੍ਹਾਂ ਦਾ ਸਿੱਖ ਸਰੋਕਾਰਾਂ ਨਾਲ ਦੂਰ ਦਾ ਵੀ ਵਾਸਤਾ ਨਹੀਂ ਬਣਦਾ।
ਸੰਪਰਕ : 99142-58142  ਬਘੇਲ ਸਿੰਘ ਧਾਲੀਵਾਲ