ਖ਼ਾਲਸਾ ਏਡ ਦੇ ਰਵੀ ਸਿੰਘ ਨੇ 'ਇੰਡੀਅਨ ਆਫ਼ ਦਿ ਈਅਰ' ਦਾ ਐਵਾਰਡ ਲੈਣ ਤੋਂ ਕੀਤਾ ਇਨਕਾਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦੁਨੀਆਂ ਵਿਚ ਕਿਤੇ ਵੀ ਕੁਦਰਤੀ ਆਫ਼ਤ ਜਾਂ ਹੋਰ ਕੋਈ ਤਬਾਹੀ ਹੁੰਦੀ ਹੈ ਅਤੇ ਜਾਨ ਮਾਲ ਦਾ ਨੁਕਸਾਨ ਹੁੰਦਾ ਹੈ, ਉਥੇ ਖ਼ਾਲਸਾ ਜ਼ਰੂਰ ਲੋਕਾਂ ਦੀ ਮਦਦ ਲਈ ਪਹੁੰਚ ਜਾਂਦੀ ਹੈ ਜੋ...

Ravi Singh

ਦੁਨੀਆਂ ਵਿਚ ਕਿਤੇ ਵੀ ਕੁਦਰਤੀ ਆਫ਼ਤ ਜਾਂ ਹੋਰ ਕੋਈ ਤਬਾਹੀ ਹੁੰਦੀ ਹੈ ਅਤੇ ਜਾਨ ਮਾਲ ਦਾ ਨੁਕਸਾਨ ਹੁੰਦਾ ਹੈ, ਉਥੇ ਖ਼ਾਲਸਾ ਜ਼ਰੂਰ ਲੋਕਾਂ ਦੀ ਮਦਦ ਲਈ ਪਹੁੰਚ ਜਾਂਦੀ ਹੈ ਜੋ ਉਨ੍ਹਾਂ ਦੇ ਰਹਿਣ ਦੇ ਨਾਲ ਨਾਲ ਖਾਣ-ਪੀਣ ਦਾ ਵੀ ਪ੍ਰਬੰਧ ਕਰਦੀ ਹੈ। ਹੁਣ ਖ਼ਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਨੇ 'ਇੰਡੀਅਨ ਆਫ਼ ਦਿ ਈਅਰ' ਅਵਾਰਡ ਲੈਣ ਤੋਂ ਇਨਕਾਰ ਕਰ ਦਿਤਾ ਹੈ। 

ਰਵੀ ਸਿੰਘ ਨੇ ਇਹ ਐਵਾਰਡ ਇਹ ਗੱਲ ਕਹਿੰਦਿਆਂ ਠੁਕਰਾ ਦਿਤਾ ਕਿ ਉਹ ਅਪਣੀ ਪਹਿਚਾਣ ਇਕ ਭਾਰਤੀ ਵਜੋਂ ਨਹੀਂ ਦਰਸਾਉਣਾ ਚਾਹੁੰਦਾ। ਦੁਨੀਆਂ ਦਾ ਕੋਈ ਵੀ ਲਾਲਚ ਉਨ੍ਹਾਂ ਨੂੰ ਬੁਨਿਆਦ ਪੰਜਾਬੀਅਤ ਤੋਂ ਦੂਰ ਨਹੀਂ ਕਰ ਸਕਦਾ। ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਅਪਣਾ ਪੱਖ ਰਖਦਿਆਂ ਕਿਹਾ ਕਿ ਉਹ ਖ਼ੁਦ ਨੂੰ ਖ਼ੁਸ਼ੀ-ਖ਼ੁਸ਼ੀ ਭਾਰਤੀ ਕਹਾਉਣਾ ਪਸੰਦ ਕਰਨਗੇ ਜੇ ਭਾਰਤ ਸਰਕਾਰ ਉਨ੍ਹਾਂ ਦੀਆ ਤਿੰਨ ਮੰਗਾਂ ਮੰਨ ਲਵੇ।

ਉਨ੍ਹਾਂ ਦੀ ਪਹਿਲੀ ਮੰਗ ਹੈ ਕਿ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਜੇਲ ਵਿਚ ਸੁੱਟ ਦਿਤਾ ਜਾਵੇ ਜਿਨ੍ਹਾਂ ਵਿਚੋਂ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਅਤੇ ਰਮਨ ਕੁਮਾਰ ਮੁੱਖ ਹਨ। ਦੂਜੀ ਮੰਗ ਇਹ ਹੈ ਕਿ ਦਰਬਾਰ ਸਾਹਿਬ ਵਿਚ ਜੋ ਬਲੂ ਸਟਾਰ ਉਪਰੇਸ਼ਨ ਕਰਵਾਇਆ ਗਿਆ ਸੀ, ਉਸ ਦੇ ਬਾਰੇ ਕਿਸੇ ਏਜੰਸੀ ਤੋਂ ਜਾਂਚ ਕਰਵਾਈ ਜਾਵੇ ਤਾਕਿ ਉਸ ਸਮੇਂ ਮਾਰੇ ਗਏ ਬੇਨਗੁਨਾਹਾਂ ਨੂੰ ਇਨਸਾਫ਼ ਮਿਲ ਸਕੇ।

1982 ਤੋਂ 1994 ਤਕ ਪੰਜਾਬ ਦੇ ਨੌਜਵਾਨਾਂ ਦਾ ਜੋ ਸਰਕਾਰੀ ਏਜੰਸੀਆਂ ਅਤੇ ਪੁਲਿਸ ਵਲੋਂ ਵੱਡੀ ਪੱਧਰ 'ਤੇ ਕਤਲੇਆਮ ਕੀਤਾ ਗਿਆ, ਉਸ ਦੇ ਜ਼ਿੰਮੇਵਾਰ ਪੁਲਿਸ ਅਫ਼ਸਰਾਂ ਦਾ ਟਰਾਇਲ ਚਲਾਇਆ ਜਾਵੇ ਤਾਕਿ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਮਿਲ ਸਕਣ।ਤੀਜੀ ਮੰਗ ਹੈ ਕਿ ਸਿੱਖ ਇਕ ਵਖਰੀ ਕੌਮ ਹੈ, ਇਸ ਨੂੰ ਮੰਨਿਆ ਜਾਵੇ। ਰਵੀ ਸਿੰਘ ਨੇ ਕਿਹਾ ਕਿ ਜੇਕਰ ਭਾਰਤ ਸਰਕਾਰ ਇਨ੍ਹਾਂ ਤਿੰਨ ਮੰਗਾਂ ਨੂੰ ਮੰਨ ਲੈਂਦੀ ਹੈ ਤਾਂ ਉਹ ਫ਼ੇਸਬੁਕ 'ਤੇ ਅਪਣਾ ਨਾਂ ਰਵੀ ਸਿੰਘ ਇੰਡੀਅਨ ਰੱਖ ਲਵੇਗਾ।

ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਦੇਸ਼, ਲੋਕਾਂ ਜਾਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਨਫ਼ਰਤ ਨਹੀਂ ਕਰਦੇ ਪਰ ਇਥੇ ਵਾਪਸ ਨਹੀਂ ਆ ਸਕਦੇ, ਜਿਥੇ ਉਨ੍ਹਾਂ ਦੇ ਅਪਣਿਆਂ ਨਾਲ ਧੱਕਾ ਹੋਇਆ ਹੋਵੇ। ਭਾਰਤ ਦੀ ਰਾਜਨੀਤਕ ਹਾਲਤ ਬਹੁਤ ਮੰਦਭਾਗੀ ਹੈ ਕਿ ਇਥੇ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਪਿਛਲੇ ਸਾਲ ਇਕ ਮੈਗਜ਼ੀਨ ਵਲੋਂ ਸ. ਰਵੀ ਸਿੰਘ ਨੂੰ ਇੰਟਰਨੈਸ਼ਨਲ ਸੈਨਸੇਸ਼ਨ ਦੇ ਤੌਰ 'ਤੇ ਸਨਮਾਨਤ ਕੀਤਾ ਗਿਆ ਸੀ। ਖ਼ਾਲਸਾ ਏਡ ਦੁਨੀਆਂ ਭਰ ਵਿਚ ਮਜਬੂਰ ਅਤੇ ਲੋੜਵੰਦ ਲੋਕਾਂ ਦੀ ਕਾਫ਼ੀ ਸਮੇਂ ਤੋਂ ਮਦਦ ਕਰਦੀ ਆ ਰਹੀ ਹੈ।