ਈਦ-ਉਲ-ਫ਼ਿਤਰ ਦਾ ਚੰਨ ਚੜ੍ਹਿਆ--

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਇਸਲਾਮ ਨੂੰ ਮੰਨਣ ਵਾਲੇ ਲੋਕ 30 ਦਿਨਾਂ ਲਈ ਰੋਜ਼ੇ ਰਖਦੇ ਹਨ। ਸਵੇਰੇ ਸਰਘੀ (ਰੋਜ਼ਾ ਰੱਖਣ) ਤੋਂ ਅਫ਼ਤਾਰੀ (ਰੋਜ਼ਾ ਖੋਲ੍ਹਣ) ਤਕ ਅੱਲ੍ਹਾ ਦੀ ਰਜ਼ਾ 'ਚ ਦਿਨ ਗੁਜ਼ਾਰਦੇ ਹਨ......

Masjid

ਅਧਿਆਤਮਿਕਤਾ ਦੀ ਦੁਨੀਆਂ ਵਿਚ ਪੈਗੰਬਰ ਹਮੇਸ਼ਾ ਸੁਨੇਹਾ ਦਿੰਦੇ ਹਨ ਕਿ ਦੁਨੀਆਵੀ ਪਦਾਰਥਾਂ ਨਾਲ ਬਹੁਤਾ ਮੋਹ ਨਹੀ ਕਰਨਾ ਚਾਹੀਦਾ ਤੇ ਹਮੇਸ਼ਾ ਹੀ ਅਮਨ ਅਤੇ ਸ਼ਾਂਤੀ ਦਾ ਸੰਦੇਸ਼ ਦੁਨੀਆਂ 'ਚ ਫੈਲਾਉਣਾ ਚਾਹੀਦਾ ਹੈ। ਸਾਰੇ ਧਰਮਾਂ ਦਾ ਮੂਲ ਫ਼ਲਸਫ਼ਾ ਇਹੀ ਹੈ ਕਿ ਪਿਆਰ, ਮਹੱਬਤ ਤੇ ਅਮਨ ਲਾਲ ਦੁਨੀਆਂ ਵਿਚ ਰਹਿੰਦੇ ਹੋਏ ਪਰਮਾਤਮਾ ਦੇ ਮਾਰਗ 'ਤੇ ਚੱਲੋ। ਇਸਲਾਮ ਦਾ ਵੀ ਇਹੀ ਸੰਦੇਸ਼ ਹੈ ਕਿ ਸਾਲ ਵਿਚੋਂ ਘੱਟੋ ਘੱਟ ਇਕ ਮਹੀਨਾ ਅੱਲ੍ਹਾ ਦੀ ਯਾਦ 'ਚ ਜ਼ਰੂਰ ਬਿਤਾਉ। ਇਸਲਾਮਿਕ ਕੈਲੰਡਰ ਜਾਂ ਹਿਜ਼ਰੀ ਵਿਚ ਰਮਜ਼ਾਨ ਦੇ ਮਹੀਨੇ ਨੂੰ ਸਾਲ ਦਾ ਨੌਵਾਂ ਮਹੀਨਾ ਮੰਨਿਆ ਗਿਆ ਹੈ।

ਜੋ ਕਿ ਮੁਸਲਮਾਨਾਂ ਲਈ ਬਹੁਤ ਹੀ ਪਾਕਿ (ਪਵਿੱਤਰ) ਮਹੀਨਾ ਹੁੰਦਾ ਹੈ। ਇਸ ਮਹੀਨੇ ਮੁਸਲਮਾਨ ਅੱਲ੍ਹਾ ਦੀ ਇਬਾਦਤ ਕਰਨ ਨਾਲ ਨਾਲ ਕੁਰਾਨ ਨੂੰ ਪੜ੍ਹਦੇ ਹਨ ਤੇ ਜ਼ਿਆਦਾ ਦਾਨ ਕਰਦੇ ਹਨ।ਉਹ ਅਪਣੇ ਪਿਆਰੇ ਨਾਲ ਅਭੇਦ ਹੋ ਜਾਂਦੇ ਹਨ। ਇਹ ਬਹੁਤ ਸਾਰੇ ਮੁਸਲਮਾਨਾਂ ਲਈ ਸ਼ੁੱਭ ਮੰਨਿਆ ਜਾਂਦਾ ਹੈ। ਇਸ ਪੂਰੇ ਮਹੀਨੇ ਇਸਲਾਮ ਨੂੰ ਮੰਨਣ ਵਾਲੇ ਲੋਕ 30 ਦਿਨਾਂ ਲਈ ਰੋਜ਼ੇ ਰਖਦੇ ਹਨ। ਸਵੇਰੇ ਸਰਘੀ (ਰੋਜ਼ਾ ਰੱਖਣ) ਤੋਂ ਅਫ਼ਤਾਰੀ (ਰੋਜ਼ਾ ਖੋਲ੍ਹਣ) ਤਕ ਅੱਲ੍ਹਾ ਦੀ ਰਜ਼ਾ 'ਚ ਦਿਨ ਗੁਜ਼ਾਰਦੇ ਹਨ। ਮੁਸਲਮਾਨ ਲੋਕ ਰੋਜ਼ਾ ਰੱਖਣ ਤੋਂ ਰੋਜ਼ਾ ਖੋਲ੍ਹਣ ਤਕ ਪਾਣੀ ਦੀ ਇਕ ਬੂੰਦ ਵੀ ਨਹੀਂ ਪੀਂਦੇ। ਉਹ ਕੇਵਲ ਰਾਤ ਨੂੰ ਭੋਜਨ ਕਰਦੇ ਹਨ।

 ਰਮਜ਼ਾਨ ਦੇ ਪਾਕਿ ਮਹੀਨੇ ਵਿਚ ਅੱਲ੍ਹਾ ਦੀ ਇਬਾਦਤ ਕੀਤੀ ਜਾਂਦੀ ਹੈ ਅਤੇ ਅੱਲ੍ਹਾ ਤੋਂ ਸਾਰੇ ਗੁਨਾਹਾਂ ਦੀ ਮਾਫ਼ੀ ਮੰਗੀ ਜਾਂਦੀ ਹੈ। ਆਖ਼ਰੀ ਰੋਜ਼ੇ ਦੀ ਰਾਤ ਚੰਨ ਦਾ ਦੀਦਾਰ ਕਰ ਕੇ ਅਗਲੇ ਦਿਨ ਈਦ ਮਨਾਈ ਜਾਂਦੀ ਹੈ । ਈਦ ਨੂੰ ਲੋਕ ਈਦ-ਉਲ-ਫ਼ਿਤਰ ਨਾਮ ਨਾਲ ਵੀ ਯਾਦ ਕਰਦੇ ਹਨ। ਇਸਲਾਮਿਕ ਸ਼ਰੀਅਤ ਅਨੁਸਾਰ ਹਰ ਮੁਸਲਮਾਨ ਦਾ ਫ਼ਰਜ਼ ਹੈ ਕਿ ਉਹ ਈਦ ਦੇ ਦਿਨ ਮਸਜ਼ਿਦ ਵਿਚ ਸਵੇਰੇ ਨਮਾਜ਼ ਪੜ੍ਹਨ ਤੋਂ ਪਹਿਲਾਂ ਕੁੱਝ ਦਾਨ ਕਰੇ। ਇਸ ਦਾਨ ਨੂੰ ਜਕਾਤ ਉਲ-ਫ਼ਿਤਰ ਕਹਿੰਦੇ ਹਨ।ਸਾਰੇ ਲੋਕ ਚੰਗੀ ਤਰ੍ਹਾਂ ਤਿਆਰ ਹੋ ਕੇ ਮਸਜ਼ਿਦ ਵਿਚ ਨਮਾਜ਼ ਲਈ ਇੱਕਠੇ ਹੁੰਦੇ ਹਨ। ਈਦ ਦੇ ਮੌਕੇ ਅੱਲ੍ਹਾ ਦਾ ਸ਼ੁਕਰੀਆ ਵੀ ਕੀਤਾ ਜਾਂਦਾ ਹੈ  ਕਿਉਂਕਿ ਅੱਲ੍ਹਾ ਨੇ ਉਨ੍ਹਾਂ ਨੂੰ ਮਹੀਨੇ ਭਰ ਰੋਜ਼ਾ ਰੱਖਣ ਦੀ ਸ਼ਕਤੀ ਦਿਤੀ।

ਇਸ ਦਿਨ ਲੋਕ ਦੁੱਧ  ਦੇ ਨਾਲ ਤਿਆਰ ਕੀਤੇ ਗਏ ਵਿਸ਼ੇਸ਼ ਪਕਵਾਨ ਜਿਵੇਂ  ਸੇਵੀਆਂ ਅਤੇ ਕੋਰਮਾ ਬਣਾਉਂਦੇ ਹਨ। ਈਦ ਦੇ ਦੌਰਾਨ ਵਧੀਆ ਖਾਣ ਤੋਂ ਇਲਾਵਾ ਨਵੇਂ ਕੱਪੜੇ ਵੀ ਪਾਏ ਜਾਂਦੇ ਹਨ ਅਤੇ ਪਰਵਾਰ ਅਤੇ ਦੋਸਤਾਂ ਨੂੰ ਤੋਹਫ਼ੇ ਦਿਤੇ ਜਾਂਦੇ ਹਨ। ਇਸ ਤੋਂ ਬਾਅਦ ਵਿਚ ਉਹ ਇਕ ਦੂਜੇ ਨੂੰ ਈਦ ਦੀ ਵਧਾਈ ਦਿਤੀ ਜਾਂਦੀ ਹੈ। ਪਰਵਾਰ ਦੇ ਵੱਡੇ ਲੋਕ ਨੌਜਵਾਨਾਂ ਨੂੰ ਈਦੀ ਅਤੇ ਅਸ਼ੀਰਵਾਦ ਦਿੰਦੇ ਹਨ।


ਰਮਜ਼ਾਨ ਦੀ ਅਪਣੀ ਵਿਲੱਖਣ ਮਹੱਤਤਾ ਹੈ। ਇਸ ਪੂਰੇ ਮਹੀਨੇ ਮੁਸਲਮਾਨ ਜਿਥੇ ਅੱਲ੍ਹਾ ਦੇ ਰਹਿਮੋ ਕਰਮ 'ਤੇ ਜਿਉਂਦੇ ਹਨ ਉਥੇ ਹੀ ਹਰ ਇਕ ਜੀਵ ਨੂੰ ਰਹਿਮ ਦੀਆਂ ਨਜ਼ਰਾਂ ਨਾਲ ਦੇਖ ਦੇ ਹੋਏ ਕਿਸੇ 'ਤੇ ਹਿੰਸਾ ਨਹੀਂ ਕਰਦੇ। ਅਮਨ ਦਾ ਪੈਗ਼ਾਮ ਜਿਥੇ ਉਹ ਸਮੁੱਚੀ ਕਾਇਨਾਤ ਨੂੰ ਦਿੰਦੇ ਹਨ ਉਥੇ ਹੀ ਉਹ ਨਮਾਜ਼ ਪੜ੍ਹ ਕੇ ਅੱਲ੍ਹਾ ਦਾ ਸ਼ੁਕਰੀਆ ਕਰਦੇ ਹਨ ਕਿ ਉਸ ਮਾਲਕ ਨੇ ਉਨ੍ਹਾਂ ਨੂੰ ਇਹ ਸਾਰਾ ਕੁੱਝ ਕਰਨ ਦਾ ਬਲ ਬਖ਼ਸ਼ਿਆ। ਅੱਜ ਲੋੜ ਹੈ ਕਿ ਅਸੀਂ ਸਾਰੇ ਹਜ਼ਰਤ ਮੁਹੰਮਦ ਸਾਹਿਬ ਦੀਆਂ ਸਿੱਖਿਆਵਾਂ ਨੂੰ ਅਮਲੀ ਤੌਰ 'ਤੇ ਅਪਣਾਈਏ ਤੇ ਪੂਰੇ ਵਿਸ਼ਵ 'ਚ ਸ਼ਾਂਤੀ ਤੇ ਭਾਈਚਾਰੇ ਦਾ ਸੰਦੇਸ਼ ਦਈਏ।


  ਇਸ ਪਾਕਿ ਪਵਿੱਤਰ ਮੌਕੇ 'ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਈਦ ਦੀ ਵਧਾਈ ਦਿਤੀ ਹੈ ਤੇ ਸਪੋਕਸਮੈਨ ਅਦਾਰਾ ਵੀ ਅਪਣੇ ਮੁਸਲਮਾਨ ਭਰਾਵਾਂ ਨੂੰ ਈਦ ਦੀਆਂ ਸ਼ੁਭ ਕਾਮਨਾਵਾਂ ਭੇਂਟ ਕਰਦਾ ਹੈ।