ਪੰਜਾਬ ਤੋਂ ਪਟਨਾ ਸਾਹਿਬ ਅਤੇ ਨੰਦੇੜ (ਭਾਗ 2)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਪਟਨਾ ਦਾ ਬਾਹਰੀ ਇਲਾਕਾ ਵੀ ਕਾਫ਼ੀ ਹਰਿਆਲੀ ਭਰਿਆ ਸੀ। ਹੁਣ ਅਸੀ ਮੋਹਨੀਆਂ ਵਲ ਦੀ ਸੜਕ ਫੜ ਲਈ ਸੀ।

Patna Sahib

ਪਟਨਾ ਸ਼ਹਿਰ ਘੁੰਮਣ ਲਈ ਬੜੇ ਸੁੰਦਰ ਵੱਡੇ ਪਾਰਕ ਹਨ। ਮੋਟਰ ਬੋਟ ਰਾਹੀਂ ਗੰਗਾ ਦੀ ਵਖਰੀ ਸੈਰ ਕਰਵਾਈ ਜਾਂਦੀ ਹੈ। ਇਥੋਂ ਦੇ ਸਾਰੇ ਬਜ਼ਾਰ ਬਹੁਤ ਭੀੜ ਭਰੇ ਸਨ। ਬਿਹਾਰ ਬਾਰੇ ਜੋ ਹਾਲਾਤ ਅਤੇ ਲੋਕਾਂ ਦਾ ਖੌਫ਼ ਸੀ, ਉਹ ਬਿਲਕੁਲ ਗ਼ਲਤ ਸਾਬਤ ਹੋਇਆ। ਅਸੀ ਬੜੇ ਹੀ ਅਰਾਮ ਨਾਲ ਸਾਰੇ ਪਾਸੇ ਬੇਖੌਫ਼ ਹੋ ਕੇ ਘੁੰਮਦੇ ਰਹੇ। ਸਾਰੇ ਬਹੁਤ ਸਤਿਕਾਰ ਨਾਲ ਪੇਸ਼ ਆਏ। ਅਗਲੀ ਸਵੇਰ ਅਸੀ ਅਪਣੀਆਂ ਪਟਨਾ ਸਾਹਿਬ ਦੀਆਂ ਮਿੱਠੀਆਂ ਯਾਦਾਂ ਨਾਲ ਅਪਣਾ ਅਗਲਾ ਸਫ਼ਰ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸ਼ੁਰੂ ਕੀਤਾ।

ਪਟਨਾ ਦਾ ਬਾਹਰੀ ਇਲਾਕਾ ਵੀ ਕਾਫ਼ੀ ਹਰਿਆਲੀ ਭਰਿਆ ਸੀ। ਹੁਣ ਅਸੀ ਮੋਹਨੀਆਂ ਵਲ ਦੀ ਸੜਕ ਫੜ ਲਈ ਸੀ। ਸਫ਼ਰ ਜਾਰੀ ਰਖਿਆ ਤੇ ਕੁੱਝ ਸਮੇਂ ਬਾਅਦ ਇਕ ਛੋਟੇ ਜਿਹੇ ਕਸਬੇ ਕੋਲ ਕਾਰ ਰੁਕਵਾਈ। ਮੈਂ ਕੁੱਝ ਖਾਣ ਪੀਣ ਲਈ ਲੈਣ ਲਈ ਬਜ਼ਾਰ ਵਲ ਗਈ। ਸੱਭ ਤੋਂ ਪਹਿਲਾਂ ਤਾਂ ਮੈਂ ਕਾਫ਼ੀ ਸਾਰੀਆਂ ਕਚੌਰੀਆਂ ਪੈਕ ਕਰਵਾ ਲਈਆਂ ਕਿਉਂਕਿ ਬਿਹਾਰ ਤੋਂ ਅੱਗੇ ਫਿਰ ਇਹੋ ਜਿਹੀਆਂ ਕਚੌਰੀਆਂ ਮਿਲਣੀਆਂ। ਰਸਤੇ ਵਿਚ ਜਾਂਦਿਆਂ ਇਕ ਡੇਅਰੀ ਵਰਗੀ ਦੁਕਾਨ ਤੇ ਉਸ 'ਤੇ ਲਿਖਿਆ ਸੀ। ਉਸ ਦੁਕਾਨ ਤੋਂ ਲੱਸੀ ਦੇ ਪੇੜੇ ਲਏ ਪਰ ਲਏ ਥੋੜ੍ਹੇ ਕਿ ਪਤਾ ਨਹੀਂ ਸੁਆਦ ਕਿਹੋ ਜਿਹਾ ਹੋਵੇਗਾ।

ਪਤਾ ਕਰਨ 'ਤੇ ਜਾਣਕਾਰੀ ਮਿਲੀ ਜਿਸ ਤਰ੍ਹਾਂ ਪੰਜਾਬ ਵੇਰਕਾ ਹੈ ਉਸੇ ਤਰ੍ਹਾਂ ਬਿਹਾਰ ਸੁਧਾ ਸਹਿਕਾਰੀ ਸੰਸਥਾ ਹੈ। ਸਾਰੇ ਪੈਕ ਕਾਰ ਵਿਚ ਰੱਖੇ ਤੇ ਅੱਗੇ ਚਲ ਪਏ। ਇਸ ਥਾਂ ਇਕ ਹੋਰ ਨਵੀਂ ਚੀਜ਼ ਵੇਖੀ। ਜਿਵੇਂ ਪੰਜਾਬ ਗਰਮੀ ਤੋਂ ਬਚਣ ਲਈ ਨਿੰਬੂ ਪਾਣੀ ਰੇਹੜੀਆਂ ਤੇ ਵਿਕਦਾ ਹੈ, ਇਥੇ ਕਾਲੇ ਛੋਲਿਆਂ ਦਾ ਸੱਤੂ ਕਰਾਰੇ ਚਟਪਟੇ ਮਸਾਲੇ ਪਾ ਕੇ ਬਣਾ ਕੇ ਪਿਲਾਉਂਦੇ ਹਨ, ਲੂ ਤੋਂ ਬਚਣ ਲਈ। ਅਸੀ ਅਪਣਾ ਅਗਲਾ ਸਫ਼ਰ ਜਾਰੀ ਰਖਿਆ। ਕੁੱਝ ਦੂਰ ਜਾ ਕੇ ਜਦੋਂ ਲੱਸੀ ਅਤੇ ਪੈੜੇ ਚਖੇ, ਬਸ ਅਗਲੇ ਸਾਰੇ ਰਸਤੇ ਅਸੀ ਸੁਧਾ ਦਾ ਬੋਰਡ ਹੀ ਲਭਦੇ ਰਹੇ, ਪਰ ਸਾਨੂੰ ਸੁਧਾ ਦੇ ਪੇੜੇ ਨਾ ਮਿਲੇ ਤੇ ਅਸੀ ਬਿਹਾਰ ਤੋਂ ਮੱਧ ਪ੍ਰਦੇਸ਼ ਦਾਖ਼ਲ ਹੋ ਗਏ।

ਸਾਡਾ ਅਗਲਾ ਪੜਾਅ ਰੇਵਾ ਸੀ। ਰੇਵਾ ਮੱਧ ਪ੍ਰਦੇਸ਼ ਦਾ ਇਕ ਖ਼ੁਬਸੂਰਤ ਹਰਿਆਲੀ ਭਰਿਆ ਸ਼ਹਿਰ ਹੈ। ਸ਼ਹਿਰ ਤੋਂ ਬਾਹਰ ਸ਼ਾਂਤ ਅਤੇ ਹਰੇ-ਭਰੇ ਮਾਹੌਲ ਵਿਚ ਚੰਗਾ ਹੋਟਲ ਮਿਲ ਗਿਆ। ਇਕ ਰਾਤ ਕੱਟਣ ਤੋਂ ਬਾਅਦ ਅਗਲੀ ਸਵੇਰ ਫੇਰ ਸਫ਼ਰ ਜਾਰੀ ਰਖਿਆ। ਬਸ ਫਿਰ ਚਲ ਸੋ ਚਲ, ਅਗਲਾ ਸਫ਼ਰ ਕਾਫ਼ੀ ਮੁਸ਼ਕਲਾਂ ਭਰਿਆ ਸੀ। ਖਾਣਾ ਇਥੋਂ ਦਾ ਬਹੁਤ ਸੁਆਦ ਸੀ ਪਰ ਸੜਕਾਂ ਸੱਭ ਤੋਂ ਭੈੜੀਆਂ। ਰਸਤੇ ਵਿਚ ਦੂਰ ਤੋਂ ਵਾਹਨ ਦੀ ਸਿਰਫ਼ ਛੱਤ ਹੀ ਨਜ਼ਰ ਆ ਰਹੀ ਸੀ ਪਰ ਕੋਲ ਪਹੁੰਚਣ ਤੇ ਉਸ ਵਾਹਨ ਨੂੰ ਸੜਕ ਦੇ ਵੱਡੇ ਟੋਏ ਵਿਚੋਂ ਨਿਕਲਦਿਆਂ ਵੇਖ ਕੇ ਹੈਰਾਨੀ ਵੀ ਹੋਈ ਅਤੇ ਪ੍ਰੇਸ਼ਾਨੀ ਵੀ ਕਿ ਅਜੇ ਪਤਾ ਨਹੀਂ ਹੋਰ ਕਿਹੋ ਜਿਹੀਆਂ ਮਾੜੀਆਂ ਸੜਕਾਂ ਮਿਲਣਗੀਆਂ। 

ਰੇਵਾ ਤੋਂ ਕੁੱਝ ਕਿਲੋਮੀਟਰ ਬਾਅਦ ਹੀ ਪਠਾਰੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਆਸ-ਪਾਸ ਸੜਕਾਂ ਦੇ ਨਾਲ ਨਾਲ ਮਿੱਟੀ ਦਾ ਰੇਤਲਾ ਇਲਾਕਾ। ਵਿਖਾਈ ਦੇ ਰਿਹਾ ਸੀ। ਵੱਡੀਆਂ ਵੱਡੀਆਂ ਚਟਾਨਾਂ ਦਿਸ ਰਹੀਆਂ ਸੀ। ਪਥਰੀਲਾ ਇਲਾਕਾ, ਹੁਣ ਹੌਲੀ ਹੌਲੀ ਹਰਿਆਵਲ ਘਟਦੀ ਹੀ ਜਾ ਰਹੀ ਸੀ। ਰੇਵਾ ਤੋਂ ਕਟਨੀ ਵਲ ਜਾਂਦਿਆਂ ਅੱਗੇ 'ਪੰਨਾ ਨੈਸ਼ਨਲ ਪਾਰਕ' ਵਿਚੋਂ ਲੰਘੇ। ਇਹ ਨੈਸ਼ਨਲ ਪਾਰਕ ਕਾਫ਼ੀ ਵੱਡੇ ਇਲਾਕੇ ਵਿਚ ਫੈਲਿਆ ਹੋਇਆ ਸੀ। ਇਨ੍ਹਾਂ ਸੂਬਿਆਂ ਵਿਚ ਜਿਥੇ ਵੀ ਰਾਖਵਾਂ ਜੰਗਲੀ ਇਲਾਕਾ ਹੋਵੇ ਉਥੇ ਸੜਕ ਦੇ ਦੋਵੇਂ ਪਾਸੇ ਅੱਧਾ ਕੁ ਕਿਲੋਮੀਟਰ ਅੱਗ ਲਾ ਕੇ ਝਾੜੀਆਂ ਖ਼ਤਮ ਕਰ ਦਿਤੀਆਂ ਜਾਂਦੀਆਂ ਹਨ ਤਾਕਿ ਸੜਕ ਦੀ ਆਵਾਜਾਈ ਸਮੇਂ ਕਿਸੇ ਨੂੰ ਜੰਗਲੀ ਜਾਨਵਰ ਕੋਈ ਨੁਕਸਾਨ ਨਾ ਪਹੁੰਚਾ ਸਕਣ।

ਇਸ ਇਲਾਕੇ ਦੀਆਂ ਸਾਰੀਆਂ ਸੜਕਾਂ ਬਿਲਕੁਲ ਸੁਨਸਾਨ ਰਹਿੰਦੀਆਂ ਹਨ। ਕੁੱਝ ਕਿਲੋਮੀਟਰ ਹੋਰ ਸਫ਼ਰ ਤੈਅ ਕੀਤਾ ਅਤੇ ਕਟਨੀ ਪਹੁੰਚੇ। ਅੱਗੇ ਜਬਲਪੁਰ ਅਤੇ ਉਸ ਤੋਂ ਬਾਅਦ ਸਿਉਣੀ। ਇਸ ਥਾਂ 'ਪੇਂਚ ਟਾਈਗਰ ਰਿਜ਼ਰਵ' ਹੈ। ਕਈ ਕਈ ਕਿਲੋਮੀਟਰਾਂ ਤਕ ਇਹ ਨੈਸ਼ਨਲ ਪਾਰਕਾਂ ਦੀ ਮਲਕੀਅਤ ਵਾੜਾਂ ਲਾ ਕੇ ਰਾਖਵੀਂ ਰੱਖੀ ਗਈ ਹੈ। ਰਾਤ ਪੈਣ ਤਕ ਅਸੀ ਨਾਗਪੁਰ। ਇਥੇ ਮੁੜ ਸੜਕ 'ਤੇ ਹੀ ਨਾਗਪੁਰ ਦਾ ਗੁਰਦਵਾਰਾ ਸਥਿਤ ਹੈ, ਉਥੇ ਮੱਥਾ ਟੇਕਿਆ ਅਤੇ ਅੱਗੇ 'ਬੋਟੀ ਬੂਰੀ' ਸ਼ਹਿਰ ਪਹੁੰਚ ਗਏ। ਬੋਟੀ ਬੂਰੀ ਨਾਗਪੁਰ ਨਾਲ ਲਗਦਾ ਕਾਫ਼ੀ ਵੱਡਾ ਉਦਯੋਗਿਕ ਸ਼ਹਿਰ ਹੈ।

ਅਗਲੀ ਸਵੇਰ ਫਿਰ ਅਗਲਾ ਸਫ਼ਰ ਸ਼ੁਰੂ ਕੀਤਾ। ਇਹ ਸੜਕ ਪਧਰੀ ਅਤੇ ਚੌੜੀ ਸੀ, ਆਸ-ਪਾਸ ਦੇ ਨਜ਼ਾਰਿਆਂ ਦਾ ਆਨੰਦ ਮਾਣਦੇ ਹੋਏ ਅਸੀ ਚੰਦਰਪੁਰ ਪਹੁੰਚ ਗਏ। ਇਥੇ ਆ ਕੇ ਪਤਾ ਲਗਾ ਕਿ ਅਸੀ ਮੁੱਖ ਮਾਰਗ ਤੋਂ ਭਟਕ ਕੇ 100 ਕਿਲੋਮੀਟਰ ਗ਼ਲਤ ਦਿਸ਼ਾ ਵਲ ਚਲੇ ਗਏ ਸੀ। ਫਿਰ ਅਸੀ ਇਕ ਹੋਰ ਵਿਚਕਾਰਲਾ ਛੋਟਾ ਰਸਤਾ ਫੜ ਲਿਆ। ਇਹ ਰਸਤਾ ਸਾਰਾ ਕੋਲੇ ਦੀਆਂ ਖਾਣਾਂ ਵਾਲਾ ਇਲਾਕਾ ਸੀ। ਬਹੁਤ ਖ਼ਰਾਬ, ਉੱਚਾ-ਨੀਵਾਂ ਕੱਚਾ ਰਸਤਾ, ਬੱਸ ਰਸਤੇ ਵਿਚ ਮਿਲਦੇ ਤਾਂ ਕੋਲੇ ਨਾਲ ਲੱਦੇ ਟਰੱਕ। ਬੜੀ ਮੁਸ਼ਕਲ ਇਹ ਰਸਤਾ ਪਾਰ ਕੀਤਾ ਤੇ ਫਿਰ ਕਈ ਕਿਲੋਮੀਟਰਾਂ ਦੇ ਸਫ਼ਰ ਤੋਂ ਬਾਅਦ ਮੁੱਖ ਸੜਕ 'ਤੇ ਚੜ੍ਹੇ।

ਇਸ ਮੁੱਖ ਸੜਕ ਤੇ ਦਸ ਕੁ ਕਿਲੋਮੀਟਰ ਗਏ ਹੋਵਾਂਗੇ ਕਿ ਸੜਕ ਦੇ ਦੋਵੇਂ ਪਾਸੇ ਕਈ ਕਈ ਫੁੱਟ ਉਚੇ ਰੂੰ ਦੇ ਢੇਰ ਵਿਖਾਈ ਦਿਤੇ। ਇਹ ਕਪੜਾ ਬਣਾਉਣ ਦੇ ਕਾਰਖ਼ਾਨੇ ਹਨ। ਇਹ ਇਲਾਕਾ ਕਪੜਾ ਉਦਯੋਗ ਲਈ ਪ੍ਰਸਿੱਧ ਮੰਨਿਆ ਜਾਂਦਾ ਹੈ। ਇਨ੍ਹਾਂ ਸਾਰੇ ਉਦਯੋਗਿਕ ਰਸਤਿਆਂ ਤੋਂ ਗੁਜ਼ਰਦੇ ਹੋਏ ਅੱਗੇ ਨਿਰਮਲ ਸ਼ਹਿਰ ਪਹੁੰਚੇ। ਨਿਰਮਲ ਹਜ਼ੂਰ ਸਾਹਿਬ ਤੋਂ 85 ਕਿਲੋਮੀਟਰ ਦੂਰੀ 'ਤੇ ਹੈ। ਇਥੇ ਅਸੀ ਕੁੱਝ ਸਮਾਂ ਰੁਕੇ ਅਤੇ ਫਿਰ ਅਪਣਾ ਹਜ਼ੂਰ ਸਾਹਿਬ ਦਾ ਸਫ਼ਰ ਸ਼ੁਰੂ ਕੀਤਾ। ਅਜੇ ਕੁੱਝ ਕਿਲੋਮੀਟਰ ਸਫ਼ਰ ਤੈਅ ਕੀਤਾ ਕਿ ਅਚਾਨਕ ਸਜੇ ਹੱਥ ਸੁੰਦਰ ਛੋਟੀਆਂ ਛੋਟੀਆਂ ਪਹਾੜੀਆਂ ਦਾ ਨਜ਼ਾਰਾ ਵੇਖ ਕੇ ਰੁਕੇ ਬਿਨਾਂ ਨਾ ਰਹਿ ਸਕੇ।

ਇਨ੍ਹਾਂ ਪਹਾੜੀਆਂ ਦੇ ਅੱਗੇ ਇਕ ਬਹੁਤ ਖ਼ੁਬਸੂਰਤ ਝੀਲ ਸੀ। ਇਹ ਇਕ ਬਹੁਤ ਹੀ ਮਨਮੋਹਕ ਨਜ਼ਾਰਾ ਸੀ। ਇਕ ਪਾਸੇ ਹੋਟਲ ਅਤੇ ਦੂਜੇ ਪਾਸੇ ਬੱਚਿਆਂ ਲਈ ਤਰਨ ਤਾਲ। ਦੋ ਕੁ ਘੰਟੇ ਅਸੀ ਇਥੋਂ ਦੀ ਸੁੰਦਰਤਾ ਨੂੰ ਪੂਰੀ ਤਰ੍ਹਾਂ ਮਾਣਿਆ ਅਤੇ ਫਿਰ ਅੱਗੇ ਚਲ ਪਏ। ਰਾਤ ਅੱਠ ਕੁ ਵਜੇ ਅਸੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪਹੁੰਚ ਗਏ, ਜਿਥੇ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ ਸਨ। ਹਜ਼ੂਰ ਸਾਹਿਬ ਗੁਰਦਵਾਰਾ ਬਹੁਤ ਵਿਸ਼ਾਲ ਇਲਾਕੇ ਵਿਚ ਫੈਲਿਆ ਹੋਇਆ ਹੈ। ਇਕ ਵਖਰੀ ਹੀ ਗੁਰੂ ਕੀ ਨਗਰੀ ਦਾ ਰੂਪ ਬਣ ਗਿਆ ਹੈ ਮਹਾਰਾਸ਼ਟਰ ਦਾ ਇਹ ਇਲਾਕਾ।

ਅਸੀ ਗੁਰਦਵਾਰੇ ਦੇ ਪੁਛਗਿੱਛ ਵਿਭਾਗ ਗਏ। ਇਥੋਂ ਹੀ ਸੱਭ ਨੂੰ ਅੱਗੇ ਰਹਿਣ ਲਈ ਥਾਂ ਦਿਤੀ ਜਾਂਦੀ ਹੈ। ਸਾਰਾ ਪ੍ਰਬੰਧ ਬਹੁਤ ਹੀ ਵਧੀਆ ਸੀ। ਰਹਿਣ ਦਾ ਪ੍ਰਬੰਧ ਬਹੁਤ ਚੰਗਾ ਹੋ ਗਿਆ। ਅਗਲੀ ਸਵੇਰ ਅਸੀ ਸਾਰੇ ਹੀ ਬਹੁਤ ਤਰੋ-ਤਾਜ਼ਾ ਮਹਿਸੂਸ ਕਰ ਰਹੇ ਸੀ। ਸ਼ਾਇਦ ਇਸ ਪਵਿੱਤਰ ਥਾਂ ਦਾ ਜਾਦੂਈ ਅਸਰ ਸੀ। ਤਿਆਰ ਹੋ ਕੇ ਗੁਰਦਵਾਰਾ ਸਾਹਿਬ ਮੱਥਾ ਟੇਕਣ ਗਏ। ਪ੍ਰਕਰਮਾ ਵਿਚ ਖੜੇ ਹੋ ਕੇ ਇਵੇਂ ਪ੍ਰਤੀਤ ਹੋਇਆ, ਜੇਕਰ ਕਦੇ ਸਵਰਗ ਹੋਵੇ ਤਾਂ ਇਸ ਜਿਹਾ ਹੀ ਹੋਵੇਗਾ। ਸਫ਼ੇਦ ਸੰਗਮਰਮਰ ਦੀਆਂ ਉੱਚੀਆਂ ਇਮਾਰਤਾਂ ਅਤੇ ਇਨ੍ਹਾਂ ਵਿਚਕਾਰ ਪਵਿੱਤਰ ਗੁਰਦਵਾਰਾ।

ਇਥੋਂ ਦੇ ਸਾਰੇ ਕਰਮਚਾਰੀ ਸੱਭ ਨਾਲ ਬਹੁਤ ਹਲੀਮੀ ਅਤੇ ਸਤਿਕਾਰ ਨਾਲੇ ਪੇਸ਼ ਆਉਂਦੇ ਹਨ। ਮੱਥਾ ਟੇਕਿਆ ਤੇ ਕੁੱਝ ਸਮਾਂ ਕੀਰਤਨ ਸੁਣਿਆ। ਕੁੱਝ ਸਮਾਂ ਦਰਬਾਰ ਸਾਹਿਬ ਬਿਤਾਉਣ ਤੋਂ ਬਾਅਦ ਅਸੀ ਇਥੋਂ ਦੇ ਇਤਿਹਾਸਕ ਗੁਰਦਵਾਰਿਆਂ ਵਲ ਨਿਕਲ ਗਏ। ਹਜ਼ੂਰ ਸਾਹਿਬ ਅਣਗਣਿਤ ਹੀ ਗੁਰਦਵਾਰੇ ਬਣ ਗਏ ਹਨ। ਕੁੱਝ ਤਾਂ ਇਤਿਹਾਸਕ ਗੁਰਦਵਾਰੇ ਹਨ ਪਰ ਬਾਕੀ ਸੰਤਾਂ ਵਲੋਂ ਬਣਾਏ ਡੇਰਾਨੁਮਾ ਗੁਰਦਵਾਰੇ। ਮੁੱਖ ਇਤਿਹਾਸਕ ਗੁਰਦਵਾਰੇ, ਇਥੇ ਹੇਠ ਲਿਖੇ ਹੀ ਹਨ: 1. ਗੁਰਦਵਾਰਾ ਹੀਰਾ ਘਾਟ 2. ਗੁਰਦਵਾਰਾ ਸ਼ਿਕਾਰ ਘਾਟ 3. ਗੁਰਦਵਾਰਾ ਮਾਤਾ ਸਾਹਿਬ ਜੀ 4. ਗੁਰਦਵਾਰਾ ਮਾਲਟੇਕੜੀ 5. ਗੁਰਦਵਾਰਾ ਨਗੀਨਾ ਘਾਟ 6. ਗੁਰਦਵਾਰਾ ਬੰਦਾ ਘਾਟ 7. ਗੁਰਦਵਾਰਾ ਸੰਗਤ ਸਾਹਿਬ 8. ਗੁਰਦਵਾਰਾ ਗੁਰੂ ਕਾ ਬਾਗ਼।

ਅਸੀ ਇਨ੍ਹਾਂ ਸਾਰੇ ਗੁਰਦਵਾਰਿਆਂ ਦੇ ਅਤੇ ਇਥੇ ਸੁਸ਼ੋਭਿਤ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਹੱਥ ਛੋਹ ਵਸਤਾਂ ਦੇ ਵੀ ਦਰਸ਼ਨ ਕੀਤੇ। ਇਹ ਇਕ ਬਹੁਤ ਸੁਖਦ ਅਤੇ ਪਾਕ ਅਨੁਭਵ ਸੀ। ਸਾਰੇ ਗੁਰਦਵਾਰਿਆਂ ਦੇ ਦਰਸ਼ਨਾਂ ਤੋਂ ਬਾਅਦ ਅਸੀ ਫਿਰ ਮੁੱਖ ਗੁਰਦਵਾਰੇ ਆ ਗਏ। ਇਥੇ ਰਾਤ ਅਰਦਾਸ ਤੋਂ ਬਾਅਦ ਅਚਾਨਕ ਹੀ ਸਾਰੀ ਸੰਗਤ ਮੁੱਖ ਗੇਟ ਵਲ ਇਕੱਠੀ ਹੋਣ ਲੱਗੀ। ਹਜ਼ੂਰ ਸਾਹਿਬ ਦਾ ਬਜ਼ਾਰੀ ਇਲਾਕਾ ਬਹੁਤ ਵਿਸ਼ਾਲ ਹੈ। ਅਗਲੇ ਦਿਨ ਅਸੀ ਬਜ਼ਾਰ ਵਾਲੇ ਪਾਸੇ ਨਿਕਲ ਪਏ। ਹਰ ਪਾਸੇ ਰੌਣਕ ਅਤੇ ਚਹਿਲ ਪਹਿਲ ਸੀ। ਸ਼ਾਮ ਤਕ ਵੱਖ ਵੱਖ ਥਾਂ ਘੁੰਮਦੇ ਰਹੇ। ਸਾਢੇ ਸੱਤ ਵਜੇ ਸ਼ਾਮ ਅਚਾਨਕ ਯਾਦ ਆਇਆ ਕਿ ਅੱਠ ਵਜੇ ਤਾਂ ਗੁਰੂ ਕਾ ਬਾਗ਼ ਗੁਰਦਵਾਰੇ ਲੇਜ਼ਰ ਸ਼ੋਅ ਹੋਣਾ ਹੈ।

ਅਸੀ ਫਿਰ ਕਿਸੇ ਹੋਰ ਪਾਸੇ ਧਿਆਨ ਨਾ ਦਿਤਾ ਅਤੇ ਜਲਦੀ ਹੀ ਗੁਰੂ ਕਾ ਬਾਗ਼ ਗੁਰਦਵਾਰੇ ਪਹੁੰਚ ਗਏ। ਇਸ ਗੁਰਦਵਾਰੇ ਦੀ ਚਾਰ ਦੀਵਾਰੀ ਅੰਦਰ ਇਕ ਪਾਸੇ ਓਪਨ ਏਅਰ ਥੀਏਟਰ ਬਣਾਇਆ ਗਿਆ ਹੈ। ਸਾਹਮਣੇ ਪਾਣੀ ਦੇ ਖ਼ੂਬਸੂਰਤ ਫੁਹਾਰੇ ਲੱਗੇ ਹੋਏ ਸਨ। ਪੂਰੇ ਅੱਠ ਵਜੇ ਜੈਕਾਰਿਆਂ ਦੀ ਗੂੰਜ ਨਾਲ ਲੇਜ਼ਰ ਲਾਈਟ ਨਾਲ ਪਹਿਲੀ ਪਾਤਸ਼ਾਹੀ ਤੋਂ ਦਸਵੀਂ ਪਾਤਸ਼ਾਹੀ ਅਤੇ ਫਿਰ ਬਾਬਾ ਬੰਦਾ ਬਹਾਦਰ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਜੀਵਨ ਦੀਆਂ ਮੁੱਖ ਝਲਕੀਆਂ ਵਿਖਾਈਆਂ ਗਈਆਂ। ਉਸ ਸਮੇਂ ਸੱਚਮੁਚ ਹੀ ਸਾਰਾ ਵਾਤਾਵਰਣ ਜੋਸ਼ ਅਤੇ ਉਤਸ਼ਾਹ ਭਰਪੂਰ ਹੋ ਗਿਆ।

ਵੀਰ ਰੱਸ ਵਾਰਾਂ ਅਤੇ ਜੈਕਾਰਿਆਂ ਦੀ ਗੂੰਜ ਨਾਲ ਸਾਰਾ ਮਾਹੌਲ ਹੀ ਜੋਸ਼ੀਲਾ ਹੋ ਗਿਆ। ਪਤਾ ਹੀ ਨਾ ਲਗਾ ਕਦੋਂ ਸ਼ੋਅ ਦਾ ਸਮਾਂ ਸਮਾਪਤ ਹੋ ਗਿਆ। ਇਥੋਂ ਦਾ ਆਨੰਦ ਲੈ ਕੇ ਫਿਰ ਅਸੀ ਅਪਣੇ ਕਮਰੇ ਵਲ ਵਾਪਸੀ ਕੀਤੀ। ਅਗਲੀ ਸਵੇਰ ਅਸੀ ਅਪਣਾ ਵਾਪਸੀ ਦਾ ਸਫ਼ਰ ਸ਼ੁਰੂ ਕਰਨਾ ਸੀ। ਗੁਰਦਵਾਰੇ ਮੱਥਾ ਟੇਕਿਆ, ਫਿਰ ਹਜ਼ੂਰ ਸਾਹਿਬ ਤੋਂ ਹਿੰਗੋਲੀ, ਹਾਸ਼ਿਮ, ਅਕੋਲਾ, ਬਰਹਾਨਪੁਰ ਵਲੋਂ ਅੱਗੇ ਚਲਦੇ ਗਏ। ਇਨ੍ਹਾਂ ਇਲਾਕਿਆਂ ਵਿਚ ਕੇਲਿਆਂ ਦੀ ਫ਼ਸਲ ਦੀ ਬਹਾਰ ਸੀ। ਇਹ ਸਾਰਾ ਇਲਾਕਾ ਖ਼ੂਬ ਹਰਿਆਲੀ ਭਰਿਆ ਸੀ। ਇਸ ਇਲਾਕੇ ਵਿਚ ਗ੍ਰਾਮੀਣ ਉਦਯੋਗ ਹੇਠ ਕੇਲੇ ਦੇ ਚਿਪਸ ਤਿਆਰ ਕੀਤੇ ਜਾਂਦੇ ਹਨ। ਅੱਗੇ ਇੰਦੌਰ ਵਲ ਸੜਕ ਫੜ ਲਈ। ਇਕ ਰਾਤ ਇੰਦੌਰ ਠਹਿਰੇ।

ਇੰਦੌਰ ਅਤੇ ਗਵਾਲੀਅਰ ਵਿਚਕਾਰ ਸ਼ਿਵਪੁਰੀ ਤੋਂ ਕੁੱਝ ਕਿਲੋਮੀਟਰ ਅੱਗੇ, ਮਾਧਵ ਨੈਸ਼ਨਲ ਪਾਰਕ ਸਥਿਤ ਹੈ। ਦੁਪਹਿਰ ਤਕ ਅਸੀ ਗਵਾਲੀਅਰ ਦੇ ਬੰਦੀ ਛੋੜ ਗੁਰਦਵਾਰੇ ਪਹੁੰਚ ਗਏ। ਸ਼ਹਿਰ ਵਿਚਕਾਰ ਕਾਫ਼ੀ ਉਚਾਈ ਅਤੇ ਕਿਲ੍ਹੇ ਅੰਦਰ ਗੁਰਦਵਾਰਾ ਸਥਿਤ ਹੈ। ਕਾਫ਼ੀ ਸਾਫ਼-ਸੁਥਰਾ ਅਤੇ ਸ਼ਾਂਤਮਈ ਮਾਹੌਲ ਸੀ। ਇਥੇ ਮੱਥਾ ਟੇਕਣ ਤੋਂ ਬਾਅਦ ਅੱਗੇ ਵਲ ਚਲ ਪਏ।

ਗਵਾਲੀਅਰ ਦੇ ਬਾਹਰੀ ਪਾਸੇ ਰਾਣੀ ਝਾਂਸੀ ਦਾ ਬੁੱਤ ਲਗਿਆ ਹੈ ਅਤੇ ਇਥੇ ਮੁੱਖ ਸੜਕ ਤੋਂ ਅੰਦਰ ਇਸ ਦਾ ਕਿਲ੍ਹਾ ਵੀ ਸਥਿਤ ਹੈ। ਇਸ ਤੋਂ ਬਾਅਦ ਆਗਰਾ ਬਾਈਪਾਸ ਤੋਂ ਦਿੱਲੀ ਦੇ ਰਸਤੇ ਪੈ ਗਏ। ਆਗਰਾ, ਮਥੁਰਾ, ਨੋਇਡਾ ਅਤੇ ਸ਼ਾਮ ਤਕ ਦਿੱਲੀ ਪਹੁੰਚ ਗਏ। ਤਿੰਨ ਘੰਟੇ ਲੱਗੇ ਦਿੱਲੀ ਪਾਰ ਕਰਦੇ ਹੋਏ। ਉਸ ਤੋਂ ਬਾਅਦ ਲਗਾਤਾਰ ਚਲ ਕੇ ਅੱਧੀ ਰਾਤ ਅਪਣੇ ਘਰ ਵਾਪਸੀ ਕੀਤੀ। ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਕੋਈ ਬਹੁਤ ਵੱਡੀ ਜੰਗ ਫ਼ਤਿਹ ਕੀਤੀ ਹੋਵੇ।