ਅਕਾਲੀ ਦਲ ਬਾਦਲ 'ਤੇ ਸਰਜੀਕਲ ਸਟ੍ਰਾਈਕ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਪੰਜਾਬ ਦੀ ਆਰਥਕਤਾ ਦੀ ਰੀੜ੍ਹ ਦੀ ਹੱਡੀ ਕਿਸਾਨੀ ਨੂੰ ਕੇਂਦਰ ਤੇ ਰਾਜ ਸਰਕਾਰਾਂ ਦੇ ਕੁਹਾੜੇ ਤੋਂ ਬਚਾਉਣ ਲਈ ਕੁੱਝ ਨਾ ਕੀਤਾ

Parkash Badal With Sukhbir Badal

ਅਕਾਲੀ ਦਲ ਬਾਦਲ ਜਿਸ ਦਾ ਆਗੂ ਸ. ਪ੍ਰਕਾਸ਼ ਸਿੰਘ ਬਾਦਲ ਕਦੇ ਭਾਰਤੀ ਇਲਾਕਾਈ ਪਾਰਟੀਆਂ ਨਾਲ ਸਬੰਧਤ ਤਾਕਤਵਰ ਆਗੂਆਂ ਵਿਚੋਂ ਦਿਉ ਕੱਦ ਆਗੂਆਂ ਵਜੋਂ ਜਾਣਿਆ ਜਾਂਦਾ ਸੀ ਤੇ ਜੋ ਭਾਜਪਾ ਨਾਲ ਗਠਜੋੜ ਤਹਿਤ ਪੰਜਾਬ ਰਾਜ ਦਾ ਪੰਜ ਵਾਰ ਮੁੱਖ ਮੰਤਰੀ ਬਣਿਆ ਤੇ ਇਹ ਦਲ ਕੇਂਦਰ ਅੰਦਰ ਭਾਜਪਾ ਦੀ ਅਗਵਾਈ ਵਾਲੀਆਂ ਮਰਹੂਮ ਅਟਲ ਬਿਹਾਰੀ ਵਾਜਪਾਈ ਤੇ ਨਰੇਂਦਰ ਮੋਦੀ ਐਨ.ਡੀ.ਏ. ਸਰਕਾਰਾਂ ਦਾ ਭਾਈਵਾਲ ਰਿਹਾ, ਅੱਜ ਬਹੁਤ ਬੁਰੀ ਤਰ੍ਹਾਂ ਰਾਜਨੀਤਕ, ਧਾਰਮਕ ਤੇ ਸਮਾਜਕ ਸਰਜੀਕਲ ਸਟ੍ਰਾਈਕ ਦਾ ਸ਼ਿਕਾਰ ਬਣਿਆ ਪਿਆ ਹੈ।

ਇਸ ਦਾ ਰਾਜਨੀਤਕ ਭਵਿੱਖ ਉਵੇਂ ਹੀ ਇਕ ਅੰਧਕਾਰ ਭਰੀ ਗੁਫ਼ਾ ਵਿਚ ਡੁੱਬ ਹੋ ਰਿਹਾ ਹੈ ਜਿਵੇਂ ਇਸ ਦੇਸ਼ ਵਿਚ ਹੋਰ ਕਈ ਤਾਕਤਵਰ ਇਲਾਕਾਈ ਪਾਰਟੀਆਂ ਦਾ ਵੇਖਣ ਨੂੰ ਮਿਲਿਆ, ਜਿਨ੍ਹਾਂ ਵਿਚ ਪ੍ਰਮੁੱਖ ਤੌਰ ਉਤੇ ਜੰਮੂ-ਕਸ਼ਮੀਰ ਅੰਦਰ ਨੈਸ਼ਨਲ ਕਾਨਫ਼ਰੰਸ, ਪੀ.ਡੀ.ਪੀ, ਹਰਿਆਣਾ ਅੰਦਰ ਇਨੈਲੋ, ਆਂਧਰਾ ਪ੍ਰਦੇਸ਼ ਅੰਦਰ ਤੇਲਗੂ ਦੇਸ਼ਮ, ਕਰਨਾਟਕ ਅੰਦਰ ਜਨਤਾ ਦਲ (ਐਸ), ਅਸਾਮ ਅੰਦਰ ਆਸਾਮ ਗਣ ਪ੍ਰੀਸ਼ਦ, ਬਿਹਾਰ ਅੰਦਰ ਰਾਸ਼ਟਰੀ ਜਨਤਾ ਦਲ ਸਮੇਤ ਅਨੇਕ ਦਲ ਸ਼ਾਮਲ ਹਨ।

ਦੇਸ਼ ਦੀ ਵੰਡ ਸਮੇਂ ਸਿੱਖਾਂ ਨੇ ਭਾਰਤ ਵਿਚ ਰਹਿਣ ਦਾ ਫ਼ੈਸਲਾ ਕੀਤਾ ਸੀ। ਇਸ ਖ਼ੂਨੀ ਵੰਡ ਵਿਚ 10 ਲੱਖ ਪੰਜਾਬੀ ਮਾਰੇ ਗਏ। ਨਵੇਂ ਭਾਰਤੀ ਸ਼ਾਸਕ ਸਿੱਖ ਭਾਈਚਾਰੇ ਦੇ ਗੁੜ੍ਹਤੀ ਵਿਚ ਮਿਲੇ ਮਾਰਸ਼ਲਵਾਦ ਤੋਂ ਜਾਣੂ ਸਨ, ਸੋ ਇਨ੍ਹਾਂ ਨੂੰ ਭਾਰਤ ਵਿਚ ਕਾਬੂ ਰੱਖਣ ਲਈ ਇਕ ਪੱਤਰ ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਕਿ ਸਿੱਖ ਇਕ ਅਪਰਾਧੀ ਭਾਈਚਾਰਾ ਹੈ। ਅਮਨ-ਕਾਨੂੰਨ ਦੀ ਕਾਇਮੀ ਲਈ ਇਸ ਤੇ ਕਰੜੀ ਨਜ਼ਰ ਰਖੀ ਜਾਵੇ। ਅਮਰੀਕੀ ਤਾਕਤਵਰ ਰਾਸ਼ਟਰੀ ਏਜੰਸੀ ਪੈਂਟਾਗਨ ਵਾਂਗ ਭਾਰਤ ਨੇ ਪਾਕਿਸਤਾਨ ਸਰਹੱਦ ਨਾਲ 553 ਕਿਲੋਮੀਟਰ ਅਤਿ ਸੰਵੇਦਨਸ਼ੀਲ ਰਾਜ ਪੰਜਾਬ ਤੇ ਇਸ ਵਿਚ ਵੱਸਣ ਵਾਲੀ ਤਾਕਤਵਰ ਰਾਸ਼ਟਰੀ ਘੱਟ ਗਿਣਤੀ ਸਿੱਖ, ਇਸ ਦੀ ਲੀਡਰਸ਼ਿਪ, ਇਸ ਦੀਆਂ ਅਜ਼ੀਮ ਧਾਰਮਕ ਸੰਸਥਾਵਾਂ ਨੂੰ ਸੰਵਿਧਾਨਕ ਰਾਸ਼ਟਰੀ ਮੁੱਖ ਧਾਰਾ ਨਾਲ ਜੋੜੀ ਤੇ ਰਾਜਸੀ ਕੰਟਰੋਲ ਵਿਚ ਬਣਾਈ ਰੱਖਣ ਲਈ ਇਕ ਸਥਾਈ ਗ਼ੈਰ-ਰਾਜਸੀ ਲਾਬੀ ਕਾਇਮ ਕੀਤੀ।

ਇਸ ਲਾਬੀ ਤੋਂ ਪੰਜਾਬ ਸਬੰਧੀ ਰਣਨੀਤਕ ਕਾਰਵਾਈ ਦੀ ਮਨਜ਼ੂਰੀ ਲਈ ਜਾਂਦੀ ਹੈ। ਇਸੇ ਕਰ ਕੇ ਵੇਖਿਆ ਜਾਂਦਾ ਹੈ ਕਿ ਕਿਵੇਂ ਇਸ ਰਾਹੀਂ ਪੰਜਾਬ ਦੇ ਹਰ ਰਾਜਨੀਤਕ, ਧਾਰਮਕ, ਸਮਾਜਕ ਆਗੂ ਨਾਲ ਕੇਂਦਰ ਸਰਕਾਰਾਂ, ਪ੍ਰਸ਼ਾਸਨ ਰਾਬਤਾ ਕਾਇਮ ਰੱਖਣ। ਪਰ ਜੇ ਕੋਈ ਰਾਜਸੀ, ਧਾਰਮਕ ਜਾਂ ਸਮਾਜਕ ਆਗੂ ਬੇਕਾਬੂ, ਬਾਗ਼ੀ ਜਾਂ ਆਜ਼ਾਦ ਪਹੁੰਚ ਰੱਖਣ ਦਾ ਯਤਨ ਕਰਦਾ ਹੈ ਤਾਂ ਉਸ ਨੂੰ ਜਾਂ ਤਾਂ ਨੁਕਰੇ ਲਗਾ ਦਿਤਾ ਜਾਂਦਾ ਹੈ ਜਾਂ ਉਸ ਦਾ ਕੰਡਾ ਹੀ ਕੱਢ ਦਿਤਾ ਜਾਂਦਾ ਹੈ। ਇਨ੍ਹਾਂ ਵਿਚ ਪ੍ਰਮੁੱਖ ਰਾਜਨੀਤਕ ਤੇ ਧਾਰਮਕ ਆਗੂਆਂ ਵਿਚ ਪ੍ਰਤਾਪ ਸਿੰਘ ਕੈਰੋਂ, ਸੰਤ ਜਰਨੈਲ ਸਿੰਘ ਭਿੰਡਰਾਵਾਲਾ ਤੇ ਸ. ਸੁਰਜੀਤ ਸਿੰਘ ਬਰਨਾਲਾ ਸ਼ਾਮਲ ਹਨ। ਹੁਣ ਜੀਵਨ ਦੇ ਅਸਤ ਹੋਏ ਸੂਰਜ ਵੇਲੇ ਇਸੇ ਹੀ ਨੀਤੀ ਦਾ ਸ਼ਿਕਾਰ ਅਕਾਲੀ ਦਲ ਬਾਦਲ ਤੇ ਇਸ ਦਾ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਹਨ।

ਕੇਂਦਰ ਸਰਕਾਰਾਂ ਤੇ ਦਿੱਲੀ ਅੰਦਰ ਸਥਾਪਤ ਪੰਜਾਬ ਸਬੰਧੀ ਲਾਬੀ ਜਿਸ ਵਿਚ ਆਲਾ ਕਿਸਮ ਦੇ ਨੀਤੀ ਮਾਹਰ, ਫ਼ੌਜੀ ਜਨਰਲ, ਪ੍ਰਸ਼ਾਸਕ, ਧਾਰਮਕ ਮਾਮਲਿਆਂ ਦੇ ਸੂਖਮ ਮਾਹਰ ਸ਼ਾਮਲ ਹੁੰਦੇ ਹਨ, ਦੇ ਨਿਸ਼ਾਨੇ ਤੇ ਉਸ ਸਮੇਂ ਤੋਂ ਹੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਬਾਦਲ ਆ ਗਏ ਸਨ, ਜਦੋਂ ਇਨ੍ਹਾਂ ਦੀ ਸਿੱਖ ਭਾਈਚਾਰੇ ਤੇ ਪਕੜ ਕਮਜ਼ੋਰ ਪੈਣ ਲੱਗੀ ਤੇ ਇਸ ਨੇ ਧਾਰਮਕ ਬਾਬਿਆਂ, ਡੇਰੇਦਾਰਾਂ ਅਤੇ ਖ਼ਾਸ ਕਰ ਕੇ ਹਰਿਆਣਾ ਸਥਿਤ ਡੇਰਾ ਸਿਰਸਾ ਦੇ ਸੌਦਾ ਸਾਧ ਦੀ ਸਰਦਲ ਚਟਣੀ ਸ਼ੁਰੂ ਕਰ ਦਿਤੀ। ਉਸ ਨੇ ਇਕ ਗਿਣੀ-ਮਿੱਥੀ ਸਾਜ਼ਸ ਰਾਹੀਂ ਪਾਰਟੀ ਅੰਦਰ ਬਰਾਬਰ ਦੀ ਇਕ ਤਾਕਤਵਰ ਨੌਜੁਆਨ ਸ਼ਕਤੀ ਬਿਕਰਮ ਸਿੰਘ ਮਜੀਠੀਆ ਦੀ ਸ਼ਕਲ ਵਿਚ ਖੜੀ ਕਰਨੀ ਸ਼ੁਰੂ ਕਰ ਦਿਤੀ।

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਗੋਲੀ ਕਾਂਡ ਨੇ ਸੌਦਾ ਸਾਧ ਸਿਰਸਾ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਤੇ ਤਲਬ ਕਰ ਕੇ ਮਾਫ਼ੀ ਦੇਣ ਦੇ ਐਲਾਨ ਦੀ ਰਚਨਾ ਵਰਗੇ ਬਜਰ ਧਾਰਮਕ ਗੁਨਾਹ, ਸਿੱਖ ਸਰਵਉੱਚ ਸੰਸਥਾ ਨੂੰ ਬਾਂਦੀ ਬਣਾਉਣ ਵਰਗੀ ਕੁਤਾਹੀ ਬਾਅਦ ਸਿੱਖ ਭਾਈਚਾਰੇ ਦੇ ਅਕਾਲੀ ਦਲ ਬਾਦਲ ਦੇ ਵਿਰੋਧ ਦੀ ਬਲਦੀ ਅੱਗ ਨੂੰ ਲਾਂਬੂ ਲਾਉਣ ਦਾ ਕੰਮ ਕੀਤਾ। ਇਹ ਸਾਰੇ ਗੁਨਾਹ ਸ. ਬਾਦਲ ਤੇ ਅਕਾਲੀ ਦਲ ਬਾਦਲ ਵਿਰੋਧੀ ਸ਼ਕਤੀਆਂ ਅੰਦਰ ਸਥਾਪਤ ਸਲਾਹਕਾਰਾਂ ਦੁਆਰਾ ਅੰਜਾਮ ਦਿਤੇ ਜਾ ਰਹੇ ਹਨ। ਐਸੇ ਹੀ ਪਾਰਟੀ ਅੰਦਰ ਤੇ ਸਲਾਹਕਾਰਾਂ ਵਜੋਂ ਇੰਪਲਾਂਟ ਕੀਤੇ ਅਨਸਰ ਨੇ ਬਿਕਰਮ ਸਿੰਘ ਮਜੀਠੀਆ ਨੇ ਭੈਣ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਦੀ ਹਮਾਇਤ ਨਾਲ ਪਾਰਟੀ ਜਥੇਬੰਦੀ ਤੇ ਕਾਬਜ਼ ਹੋਣ ਲਈ ਬੇਡਰ ਤੇ ਬੇਰੋਕ-ਟੋਕ ਅੱਗੇ ਵਧਾਇਆ।

ਸ. ਪ੍ਰਕਾਸ਼ ਸਿੰਘ ਬਾਦਲ ਦੀਆਂ ਬੇਬਾਕ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਤਾਕਤ ਨੂੰ ਠੱਲ੍ਹ ਨਾ ਪਾਈ ਜਾ ਸਕੀ। ਇਸ ਤਾਕਤਵਰ ਸਥਾਪਤ ਪਾਰਟੀ ਦੇ ਹੰਢੇ ਹੋਏ ਤੇ ਸ. ਬਾਦਲ ਦੇ ਪੁਰਾਣੇ ਸਹਿਯੋਗੀਆਂ ਨੂੰ ਮੱਖਣ ਵਿਚੋਂ ਵਾਲ ਵਾਂਗ ਬਾਹਰ ਕਰਨ ਲਈ ਉਨ੍ਹਾਂ ਦੇ ਸਿਰਮੌਰ ਆਗੂਆਂ ਹਲਕਿਆਂ ਵਿਚ ਅਪਣੇ ਪਿੱਠੂਆਂ ਨੂੰ ਅੱਗੇ ਲਿਆਉਣਾ ਸ਼ੁਰੂ ਕਰ ਦਿਤਾ। ਹਲਕਿਆਂ ਦੇ ਲੋਕਾਂ ਦੇ ਕੰਮ ਜ਼ਿਲ੍ਹਾ ਤੇ ਰਾਜ ਪੱਧਰੀ ਪ੍ਰਸ਼ਾਸਕਾਂ ਨੂੰ ਉਨ੍ਹਾਂ ਦੀ ਸਿਫ਼ਾਰਸ਼ ਤੇ ਕਰਨ ਦੇ ਹੁਕਮ ਜਾਰੀ ਕੀਤੇ। ਅਕਾਲੀ ਦਲ ਬਾਦਲ ਤੇ ਸ. ਬਾਦਲ ਦੀ ਰਾਜਨੀਤਕ ਬਰਬਾਦੀ ਵਿਰੁਧ ਇਹ ਕਾਰਵਾਈ ਅਤਿਘਾਤਕ ਸਰਜੀਕਲ ਸਟ੍ਰਾਈਕ ਦਾ ਪ੍ਰਮੁਖ ਕੁਹਾੜਾ ਸੀ। ਇਸ ਦਾ ਪਹਿਲਾ ਸ਼ਿਕਾਰ ਬਾਦਲ ਪ੍ਰਵਾਰ ਬਣਿਆ। ਨਿਕੰਮੇ, ਨਾ ਅਹਿਲ ਪਰ ਅਤਿ ਅੜੀਅਲ ਵਿਤ ਮੰਤਰੀ ਮਨਪ੍ਰੀਤ ਬਾਦਲ ਨੂੰ ਸੁਖਬੀਰ ਬਾਦਲ-ਮਜੀਠੀਆ ਮਿਲੀਭੁਗਤ ਰਾਹੀਂ ਬੇਆਬਰੂ ਕਰ ਕੇ ਪਾਰਟੀ ਤੇ ਸਰਕਾਰ ਵਿਚੋਂ ਬਾਹਰ ਦਾ ਰਸਤਾ ਵਿਖਾ ਦਿਤਾ।

ਅਕਾਲੀ ਦਲ ਬਾਦਲ ਦੀ ਸੰਨ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼ਰਮਨਾਕ ਹਾਰ ਇਸ ਤੇ ਹੋ ਰਹੀ ਰਾਜਨੀਤਕ, ਧਾਰਮਕ ਤੇ ਸਮਾਜਕ ਸਰਜੀਕਲ ਸਟ੍ਰਾਈਕ ਦਾ ਹੀ ਹਿੱਸਾ ਸੀ। ਵੱਡੇ-ਵੱਡੇ ਧੜੱਲੇਦਾਰ ਆਗੂ ਮਜੀਠੀਆ ਤੇ ਸੁਖਬੀਰ ਬ੍ਰਿਗੇਡ ਦੇ ਅੰਦਰੂਨੀ ਜਰਨੈਲਾਂ ਬੰਟੀ, ਸ਼ੰਟੀ, ਰਿੰਕੀ, ਕਾਕੀ, ਟਿੱਕੂ ਬਲੂ-ਛਲੂ ਆਦਿ ਦੇ ਵਿਰੋਧ ਕਰ ਕੇ ਹਾਰ ਗਏ। ਜਦੋਂ ਉਨ੍ਹਾਂ ਇਸ ਹਾਰ ਲਈ ਜ਼ਿੰਮੇਵਾਰੀ ਅਪਣੇ ਉਪਰ ਲੈ ਕੇ ਪ੍ਰਧਾਨ ਸੁਖਬੀਰ ਬਾਦਲ ਨੂੰ ਅਸਤੀਫ਼ਾ ਦੇਣ ਲਈ ਕਿਹਾ ਤਾਂ ਪ੍ਰਤੀਕ੍ਰਮ ਵਜੋਂ ਇਹ ਸਰਜੀਕਲ ਸਟ੍ਰਾਈਕ ਹੋਰ ਤੇਜ਼ ਹੋ ਗਈ। ਨਤੀਜੇ ਵਜੋਂ ਅਕਾਲੀ ਦਲ ਟਕਸਾਲੀ ਪੁਰਾਣੇ ਮਹਾਂਰਥੀ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਵਿਚ ਹੋਂਦ ਵਿਚ ਆਇਆ। ਪਰ ਜਦੋਂ ਇਸ ਨੂੰ ਸਫ਼ਲਤਾ ਨਾ ਮਿਲੀ ਤਾਂ ਤੀਬਰ ਸਰਜੀਕਲ ਸਟ੍ਰਾਈਕ ਰਾਹੀਂ ਅਕਾਲੀ ਦਲ ਡੈਮੋਕ੍ਰੈਟਿਕ ਪਾਰਟੀ ਦੇ ਤਾਕਤਵਰ ਆਗੂ ਸ. ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ ਹੋਂਦ ਵਿਚ ਆਇਆ। ਇਸ ਸਟ੍ਰਾਈਕ ਦੀ ਤਾਬ ਬਾਦਲ ਦਲ ਨਾ ਝੱਲ ਸਕਿਆ ਅਤੇ ਖਖੜੀ ਖਖੜੀ ਹੋਣਾ ਸ਼ੁਰੂ ਹੋ ਗਿਆ।

ਮਜੀਠਾ ਬ੍ਰਿਗੇਡ ਅੰਦਰਲੇ ਘੁੱਸਪੈਠੀਆਂ ਰਾਹੀਂ ਬਲਾਤਕਾਰੀ ਸਾਬਕਾ ਮੰਤਰੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਲੰਗਾਹ ਨੂੰ ਪੰਥ ਵਿਚ ਸ਼ਾਮਲ ਕਰਨ ਦੀ ਕਦਵਾਇਦ ਜਿਸ ਦਾ ਮੁੱਖ ਪਾਤਰ ਸਰਚਾਂਦ ਸਿੰਘ ਸੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 328 (453) ਜਾਂ ਪਤਾ ਨਹੀਂ ਹੋਰ ਕਿੰਨੇ ਕੁ ਸਰੂਪਾਂ ਦੀ ਗੁਮਸ਼ੁਦਗੀ ਤੇ ਹੋਰ ਅਨੇਕ ਬੇਨਿਯਮੀਆਂ ਸਬੰਧੀ ਜਥੇਦਾਰ ਸ਼੍ਰੀ ਅਕਾਲ ਤਖ਼ਤ ਵਲੋਂ ਗਠਤ ਡਾ. ਈਸ਼ਰ ਸਿੰਘ ਕਮਿਸ਼ਨ ਵਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਬੰਧੀ ਸਰਜੀਕਲ ਸਟ੍ਰਾਈਕ ਨੇ ਅਕਾਲੀ ਦਲ ਬਾਦਲ ਨੂੰ ਏਨਾ ਕਮਜ਼ੋਰ ਕਰ ਦਿਤਾ ਹੈ ਕਿ ਹੁਣ ਉਹ ਪੰਜਾਬ ਅੰਦਰ ਨਾ ਤਾਂ ਰਾਜਨੀਤਕ ਤੇ ਨਾ ਹੀ ਧਾਰਮਕ ਤੌਰ ਤੇ ਵਿਧਾਨ ਸਭਾ ਅਤੇ ਸ਼੍ਰੋਮਣੀ ਕਮੇਟੀ ਦੀ ਚੋਣ ਲੜਨ ਦੇ ਕਾਬਲ ਰਹਿ ਗਿਆ ਹੈ।

ਸ਼੍ਰੋਮਣੀ ਕਮੇਟੀ, ਤਖ਼ਤ ਜਥਦਾਰਾਂ, ਡੇਰਾਵਾਦ ਸਬੰਧੀ ਦਲ ਪਿੱਠੂਆਂ ਨੂੰ ਵੱਡੀ ਚੇਤਾਵਨੀ ਜਾਰੀ ਹੋ ਚੁੱਕੀ ਹੈ ਕਿ ਜੇਕਰ ਉਨ੍ਹਾਂ ਸਿੱਖ ਧਾਰਮਕ ਸੰਸਥਾਵਾਂ ਨੂੰ ਅਪਣੇ ਪੱਖ ਵਿਚ ਵਰਤਣ ਦੀ ਭੁੱਲ ਕੀਤੀ ਤਾਂ ਸੰਗੀਨ ਨਤੀਜੇ ਭੁਗਤਣੇ ਪੈ ਸਕਦੇ ਹਨ। ਪੂਰੇ ਪੰਥ ਨੂੰ ਗਿਆਨ ਹੈ ਕਿ ਸਿੱਖ ਸੰਸਥਾਵਾਂ ਦੇ ਮੋਹਰਿਆਂ ਤੇ ਡੇਰਾਵਾਦੀਆਂ ਨੇ ਹਮੇਸ਼ਾ ਅਪਣੇ ਨਿਜੀ ਹਿਤਾਂ ਦੀ ਹੀ ਪੂਰਤੀ ਕੀਤੀ ਹੈ, ਸਿੱਖ ਪੰਥ ਦੇ ਪ੍ਰਚਾਰ, ਪ੍ਰਸਾਰ, ਸਿੱਖ ਸੰਸਥਾਵਾਂ ਦੀ ਪਵਿੱਤਰਤਾ ਤੇ ਗੌਰਵ ਕਾਇਮ ਰੱਖਣ ਲਈ ਕੁੱਝ ਨਹੀਂ ਕੀਤਾ। ਬੁੱਢੀ ਰਾਜਨੀਤਕ ਲੀਡਰਸ਼ਿਪ ਤੇ ਸਿੱਖ ਸੰਸਥਾਵਾਂ ਦੇ ਮੋਹਰਿਆਂ ਨੇ ਰਾਜਸੀ ਤੇ ਗ਼ੈਰ-ਰਾਜਸੀ ਅਤਿਵਾਦ ਰੋਕਣ, ਇਸ ਦੁਆਰਾ ਸਿੱਖ ਸੰਸਥਾਵਾਂ ਦੇ ਮੋਹਰਿਆਂ ਨੇ ਰਾਜਕੀ ਤੇ ਗ਼ੈਰ-ਰਾਜਸੀ ਅਤਿਵਾਦ ਰੋਕਣ, ਇਸ ਦੁਆਰਾ ਸਿੱਖ ਨੌਜੁਆਨੀ ਨਿਗ਼ਲਣ ਤੋਂ ਬਚਾਉਣ, ਨਸ਼ੀਲੇ ਪਦਾਰਥਾਂ, ਪਤਿਤਪੁਣੇ ਤੋਂ ਬਚਾਉਣ ਤੇ ਵਿਦੇਸ਼ਾਂ ਵਿਚ ਸਿੱਖ ਨੌਜੁਆਨਾਂ ਨੂੰ ਜਾਣ ਤੋਂ ਰੋਕਣ ਲਈ ਕੁੱਝ ਨਹੀਂ ਕੀਤਾ।

ਪੰਜਾਬ ਦੀ ਆਰਥਕਤਾ ਦੀ ਰੀੜ੍ਹ ਦੀ ਹੱਡੀ ਕਿਸਾਨੀ ਨੂੰ ਕੇਂਦਰ ਤੇ ਰਾਜ ਸਰਕਾਰਾਂ ਦੇ ਕੁਹਾੜੇ ਤੋਂ ਬਚਾਉਣ ਲਈ ਕੁੱਝ ਨਾ ਕੀਤਾ ਜਿਸ ਪੰਥਕ ਤੇ ਜਨਤਕ ਸ਼ਕਤੀ ਦੇ ਬਲਬੂਤੇ ਪੰਜਾਬ ਤੇ ਪੰਥਕ ਹਿੱਤਾਂ ਦੀ ਰਾਖੀ ਲਈ ਕੇਂਦਰ ਸਰਕਾਰਾਂ ਜਾਂ ਰਾਜ ਸਰਕਾਰਾਂ ਨੂੰ ਮਜਬੂਰ ਕੀਤਾ ਜਾ ਸਕਦਾ ਸੀ, ਉਹ ਇਸ ਅਕਾਲੀ ਦਲ ਬਾਦਲ ਤੇ ਸਬੰਧਤ ਬੁੱਢੀ ਲੀਡਰਸ਼ਿਪ ਨੇ ਪ੍ਰਵਾਰਕ ਤੇ ਪੁੱਤਰ ਮੋਹ ਕਰ ਕੇ ਕੱਖੋਂ ਹੌਲੇ ਤੇ ਪਾਣੀਉਂ ਪਤਲੇ ਕਰ ਕੇ ਰੱਖ ਦਿਤਾ। ਮੌਜੂਦਾ ਅਕਾਲੀ ਦਲ ਬਾਦਲ ਲੀਡਰਸ਼ਿਪ ਦੇ ਭੋਗ ਪੈਣ, ਇਸ ਤੋਂ ਸ਼੍ਰੋਮਣੀ ਕਮੇਟੀ ਤੇ ਸਿੱਖ ਸੰਸਥਾਵਾਂ ਆਜ਼ਾਦ ਕਰਵਾਉਣ ਤਕ ਸਰਜੀਕਲ ਸਟ੍ਰਾਈਕ ਜਾਰੀ ਰਹੇਗੀ।

ਸਿੱਖ ਭਾਈਚਾਰੇ ਦੇ ਪਤਿੱਤਪੁਣੇ, ਸਿੱਖ ਸੰਸਥਾਵਾਂ ਦੇ ਕਮਜ਼ੋਰ ਹੋਣ, ਧੜੇਬੰਦੀ ਕਰਕੇ ਰਾਜਸੀ ਤੌਰ 'ਤੇ ਕਮਜ਼ੋਰ ਹੋਣ ਕਰ ਕੇ ਨਵੀਂ ਅਕਾਲੀ ਲੀਡਰਸ਼ਿਪ ਲਈ ਤਾਕਤਵਰ ਰਾਜਨੀਤਕ ਤੇ ਧਾਰਮਕ ਸ਼ਕਤੀ ਵਜੋਂ ਉਭਰਨਾ ਸੌਖਾ ਨਹੀਂ। ਦੇਸ਼ ਦੀ ਵੰਡ ਬਾਅਦ ਸਿੱਖਾਂ ਸਬੰਧੀ ਪੱਤਰ ਤੇ ਅਮਲ, ਸਥਾਈ ਗ਼ੈਰ ਰਾਜਕੀ ਲਾਬੀ ਦਾ ਕਾਰਜ ਜਾਰੀ ਰਹੇਗਾ। ਇਸ ਭਾਈਚਾਰੇ ਤੇ ਸਬੰਧਤ ਲੀਡਰਸ਼ਿਪ ਨੂੰ ਕੰਟਰੋਲ ਵਿਚ ਰੱਖਣ ਲਈ ਲੋੜ ਪੈਣ ਤੇ ਮੁੜ ਸਰਜੀਕਲ ਸਟ੍ਰਾਈਕ ਤੋਂ ਗ਼ੁਰੇਜ਼ ਨਹੀਂ ਕੀਤਾ ਜਾਵੇਗਾ।
                                                                                                                            ਦਰਬਾਰਾ ਸਿੰਘ  ਕਾਹਲੋਂ ਸੰਪਰਕ : +1-289-829-2929