ਪਹਿਲਾਂ SGPC ਦੀ ਅੰਦਰੋਂ ਸਫ਼ਾਈ ਕਰੋ, ਫਿਰ ਹੀ 550 ਸਾਲਾ ਪ੍ਰਕਾਸ਼ ਉਤਸਵ ਠੀਕ ਤਰ੍ਹਾਂ ਮਨਾ ਸਕੋਗੇ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

550 ਸਾਲਾ ਉਤਸਵ ਮਨਾਉਣ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪ੍ਰਧਾਨ ਲੌਂਗੋਵਾਲ ਦਿਨ ਰਾਤ ਬਿਆਨ ਤੇ ਬਿਆਨ ਦਾਗ਼ ਰਿਹਾ ਹੈ।

SGPC

550 ਸਾਲਾ ਉਤਸਵ ਮਨਾਉਣ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪ੍ਰਧਾਨ ਲੌਂਗੋਵਾਲ ਦਿਨ ਰਾਤ ਬਿਆਨ ਤੇ ਬਿਆਨ ਦਾਗ਼ ਰਿਹਾ ਹੈ। ਤੁਹਾਨੂੰ ਪਤਾ ਹੋਵੇਗਾ ਕਿ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਕਾਂਡ ਵੇਲੇ ਇਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਗੁੰਗੀ ਕਮੇਟੀ ਬਣੀ ਰਹੀ। ਮਾਇਆ ਦੇ ਢੇਰਾਂ ਉਤੇ ਬੈਠੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪਹਿਲਾ ਫ਼ਰਜ਼ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਕਰਨਾ ਹੈ।

ਅਫ਼ਸੋਸ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਬਨਾਉਣ ਵਾਲੇ ਪ੍ਰਧਾਨ ਅਕਾਲੀ ਦਲ ਤੇ ਸਿੱਖੀ ਦੇ ਠੇਕੇਦਾਰਾਂ ਦੇ ਨਾਂ ਬੇਅਦਬੀ ਕਾਂਡਾਂ ਵਿਚ ਆ ਚੁਕੇ ਹੋਣ, ਇਹ ਵਿਚਾਰਾ ਲੌਂਗੋਵਾਲ ਪ੍ਰਧਾਨਗੀ ਲਈ ਅੱਜ ਫਿਰ ਉਨ੍ਹਾਂ ਲੋਕਾਂ ਦੀ ਚਾਪਲੂਸੀ ਕਰਦਾ ਫਿਰੇ, ਸਿਆਸਤ ਕਰੇ, 550 ਸਾਲਾ ਪੁਰਬ ਮਨਾਉਣ ਆਈ ਸੰਗਤ ਦੀ ਮਾਇਆ ਨਾਲ ਅਪਣੇ ਨੰਬਰ ਬਣਾਏ, ਬੇਅਦਬੀ ਕਾਂਡ ਵਾਲਿਆਂ ਲਈ ਸੰਗਤ ਦੇ ਕਰੋੜਾਂ ਰੁਪਏ ਖ਼ਰਚ ਦੇਵੇ

, ਦਿਨੋ ਦਿਨ ਨਿਘਰਦੀ ਜਾ ਰਹੀ ਸ਼੍ਰੋਮਣੀ ਕਮੇਟੀ ਦੀ ਅੰਦਰੋਂ ਸਫ਼ਾਈ ਨਾ ਕਰੇ, ਫਿਰ ਪ੍ਰਧਾਨ ਬਣਨ ਦਾ ਕੀ ਫਾਇਦਾ? 550 ਸਾਲਾ ਪੁਰਬ ਮਨਾ ਕੇ ਕੀ ਕਰ ਲਿਆ ਇਨ੍ਹਾਂ ਨੇ? ਆਰ.ਐਸ.ਐਸ. ਨਾਲ ਨਹੁੰ ਮਾਸ ਦਾ ਤੇ ਭਾਜਪਾ ਨਾਲ ਪਤੀ-ਪਤਨੀ ਵਾਲਾ ਰਿਸ਼ਤਾ ਰੱਖਣ ਤੋਂ ਬਾਅਦ ਵੀ ਉਹ ਲਗਾਤਾਰ ਸਾਡੇ ਗੁਰੂਆਂ ਵਿਰੁਧ ਭੱਦੀ ਸ਼ਬਦਾਵਲੀ ਵਰਤ ਰਹੇ ਹਨ। ਸਿੱਖ ਕੌਮ ਨੂੰ ਮੁੱਠੀ ਭਰ ਕਹਿ ਕੇ ਲਲਕਾਰ ਰਹੇ ਹਨ।

ਇਹ ਵਿਚਾਰੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਾਲੇ ਉਨ੍ਹਾਂ ਆਰ.ਐਸ.ਐਸ-ਭਾਜਪਾ ਵਾਲਿਆਂ ਵਿਰੁਧ ਇਕ ਵੀ ਸ਼ਬਦ ਬੋਲ ਨਹੀਂ ਰਹੇ ਕਿਉਂਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਚਿੰਬੜੇ ਇਹ ਲੋਕ, ਸਾਡੇ ਗੁਰੂਘਰਾਂ ਵਿਚ ਸਿਸਟਮ ਹੀ ਵਿਗਾੜ ਚੁਕੇ ਹਨ। ਉਦਾਹਰਣ ਵਜੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦੀ ਸ਼ਹਾਦਤ ਵਾਲੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਦੇ ਗੁਰਦਵਾਰਾ ਸਾਹਿਬ ਦੀ ਗੋਲਕ ਨੂੰ ਕਰੋੜਾਂ ਰੁਪਏ ਦਾ ਚੂਨਾ, ਇਸ ਕਰ ਕੇ ਲਗਾ ਦਿਤਾ ਕਿ ਗੁਰੂਘਰ ਲਈ ਕਿਤੇ ਦੂਰ ਜ਼ਮੀਨ ਖ਼ਰੀਦੋ, ਕਰੋੜਾਂ ਦੀ ਦਲਾਲੀ ਖਾਉ, ਇਹ ਕੁੱਝ ਹੋ ਚੁਕਾ ਹੈ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਚੁਣੇ ਹੋਏ ਮੈਂਬਰਾਂ ਨੇ ਇਹ ਦੋਸ਼ ਫ਼ਤਿਹਗੜ੍ਹ ਸਾਹਿਬ ਤੋਂ ਵਾਰ-ਵਾਰ ਮੀਟਿੰਗਾਂ ਕਰ ਕੇ ਲਗਾਏ।  ਇਸ ਨੂੰ ਵਾਰ ਵਾਰ  ਲੌਂਗੋਵਾਲ ਦੇ ਨੋਟਿਸ ਵਿਚ ਲਿਆਂਦਾ ਗਿਆ।  ਵਿਚਾਰਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਿਆਸੀ ਲੋਕਾਂ ਦਾ ਕੁੱਝ ਨਾ ਵਿਗਾੜ ਸਕਿਆ। ਇਹ ਜਾਂ ਤਾਂ ਜਾਂਚ ਕਰਵਾਉਂਦਾ ਜਾਂ ਫਿਰ ਦੋਸ਼ੀਆਂ ਨੂੰ ਕਲੀਨ ਚਿੱਟ ਦੇ ਦਿੰਦਾ।

ਕਿੰਨਾ ਚਿਰ ਹੋ ਗਿਐ ਸਾਡੇ ਪੰਜਾਬ, ਸਾਡੇ ਦੇਸ਼ ਵਿਚ ਨਗਰ ਕੀਰਤਨ ਦੀਆਂ ਬਸਾਂ ਘੁੰਮ ਰਹੀਆਂ ਹਨ। ਸੰਗਤਾਂ ਦਾ ਕਿੰਨਾ ਪੈਸਾ ਇਕੱਠਾ ਹੋਇਆ ਹੈ, ਕੀ ਕਦੇ ਸੰਗਤਾਂ ਨੂੰ ਹਿਸਾਬ ਦਿਤਾ ਹੈ? ਅਸੀ ਦਾਅਵਾ ਕਰ ਸਕਦੇ ਹਾਂ ਕਿ ਭ੍ਰਿਸ਼ਟ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਮੈਂਬਰ, ਸ਼੍ਰੋਮਣੀ ਕਮੇਟੀ ਵਿਚ ਬੈਠੇ ਹਨ। ਗੁਰੂ ਘਰਾਂ ਦੇ ਨਾਂ ਤੇ ਸਿਆਸਤ ਕਰਦੇ ਹਨ, ਸ਼ਰਾਬ ਪੀਂਦੇ ਹਨ, ਮੀਟ ਖਾਂਦੇ ਹਨ, ਗੁਰੂ ਘਰ ਦੀਆਂ ਗੋਲਕਾਂ ਦੀ ਦੁਰਵਰਤੋਂ ਕਰਦੇ ਹਨ।

ਗੁਰੂ ਗੋਬਿੰਦ ਸਿੰਘ ਧਰਮ ਉਤੇ ਪੁੱਤਰ ਵਾਰ ਗਿਆ ਸੀ ਪਰ ਇਹ ਲੋਕ ਗੋਲਕਾਂ ਉਤੇ ਪੁੱਤਰ ਪਾਲਦੇ ਹਨ। ਕੀ ਲੌਂਗੋਵਾਲ ਨੂੰ ਇਹ ਪਤਾ ਨਹੀਂ? ਕਦੋਂ ਸੁਧਾਰ ਕਰੇਗਾ? ਕਮੇਟੀ ਪ੍ਰਧਾਨ ਜੀ, ਤੁਸੀ ਉਹ ਲੋਕ ਹੋ ਜਿਨ੍ਹਾਂ ਨੇ ਸਿਰਸੇ ਵਾਲੇ ਨੂੰ ਘਰ ਜਾ ਕੇ ਮਾਫ਼ੀਆਂ ਦਿਤੀਆਂ। ਵੋਟਾਂ ਖ਼ਾਤਰ ਤੁਹਾਨੂੰ ਪ੍ਰਧਾਨ ਬਣਾਉਣ ਵਾਲੇ ਸਿੱਖੀ ਦੇ ਠੇਕੇਦਾਰਾਂ ਨੇ ਸਿਰਸੇ ਵਾਲੇ ਦੇ ਗੋਡਿਆਂ ਵਿਚ ਮੱਥੇ ਟੇਕੇ। ਜਦ ਸਿਰਸੇ ਵਾਲੇ ਦਾ ਨਾਂ ਬੇਅਦਬੀ ਕਾਂਡ ਵਿਚ ਆਇਆ, ਤੁਸੀ ਕਦੇ ਉਸ ਦਾ ਵਿਰੋਧ ਨਾ ਕੀਤਾ। ਇਕ ਪਾਸੇ ਤੁਸੀ ਸਿਰਸੇ ਵਾਲੇ ਨਾਲ ਜੁੜੇ ਰਹੇ, ਦੂਜੇ ਪਾਸੇ ਭਾਜਪਾ ਆਰ.ਐਸ.ਐਸ ਨਾਲ ਜੁੜੇ ਹੋ।

ਤੁਸੀ ਸਿੱਖ ਕਿਥੇ ਹੋ? ਤੁਹਾਡੀਆਂ ਨੀਤੀਆਂ ਕਰ ਕੇ ਸਿੱਖ ਲੋਕ ਦੁਖੀ ਹੋਏ। ਕਈ ਬਿਆਸ ਵਰਗੇ ਡੇਰਿਆਂ ਉਤੇ ਚਲੇ ਗਏ, ਕੋਈ ਨਿਰੰਕਾਰੀ ਬਣ ਗਿਆ, ਕੋਈ ਰਾਧਾ ਸਵਾਮੀ ਬਣ ਗਿਆ,  ਕਈ ਦੇਵੀਆਂ ਦੇ ਜਾਣ ਲੱਗ ਪਏ, ਤੁਹਾਡੀ ਬਦੌਲਤ ਸਿੱਖ ਕੌਮ ਲੀਰੋ ਲੀਰ ਹੋ ਚੁਕੀ ਹੈ। ਤੁਹਾਡੀ ਬਦੌਲਤ ਅੱਜ ਆਰ.ਐਸ.ਐਸ ਨਾਲ ਸਾਂਝ ਰੱਖਣ ਵਾਲੇ ਟਕਸਾਲਾਂ ਦੇ ਮੁਖੀ ਹਨ। ਮੰਨੋ ਭਾਵੇਂ ਨਾ ਮੰਨੋ ਸਿੱਖ ਕੌਮ ਵਿਚ 15 ਸਾਲ ਪੁਰਾਣਾ ਪ੍ਰਚਾਰਕ ਢਡਰੀਆਂ ਵਾਲਾ ਹੈ, ਜੋ ਜ਼ਬਰਦਸਤ ਪ੍ਰਚਾਰਕ ਹੈ। ਜੇ ਉਹ ਪੂਰਾ ਸੱਚ ਬੋਲਦਾ, ਤੁਹਾਡੇ ਬੰਦਿਆਂ ਨੇ ਉਹ ਵੀ ਮਰਵਾ ਦੇਣਾ ਸੀ।

ਤੁਸੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਾਲੇ ਸ਼ਰਾਬੀ ਬੰਦਿਆਂ ਦੇ ਵੋਟਰਾਂ ਤੇ ਦਲ ਬਦਲੂਆਂ ਦੇ ਗਲਾਂ ਵਿਚ ਸਿਰੋਪੇ ਗੁਰੂਘਰਾਂ ਦੇ ਮੈਨੇਜਰਾਂ ਤੋਂ ਮੰਗਵਾ-ਮੰਗਵਾ ਕੇ ਪਾਉਂਦੇ ਹੋ। ਬਾਦਲ ਦਲ ਨਾਲ ਜੋੜਨ ਲਈ ਸਿਆਸਤ ਕਰਦੇ ਹੋ। ਮਨਮੋਹਨ ਸਿੰਘ ਦੇਸ਼ ਦਾ ਦਸ ਸਾਲ ਪ੍ਰਧਾਨ ਮੰਤਰੀ ਰਿਹਾ, ਵਿਚਾਰਾ ਅੰਮ੍ਰਿਤਸਰ ਜਿੰਨੀ ਵਾਰੀ ਗੁਰੂਘਰ ਆਇਆ, ਤੁਸੀ ਮੋਦੀ ਦੇ ਸਿਰ ਤੇ ਚਾਰ-ਚਾਰ ਪੱਗਾਂ ਟਿਕਾਉਣ ਵਾਲਿਆਂ ਨੇ ਸਿਰੋਪਾ ਡਾ. ਮਨਮੋਹਨ ਸਿੰਘ ਨੂੰ ਨਾ ਦਿਤਾ ਜਿਸ ਨੇ ਅਰਬਾਂ ਰੁਪਿਆ ਪੰਜਾਬ ਨੂੰ ਦਿਤਾ। ਹਾਂ ਜਦੋਂ ਵਾਰ-ਵਾਰ ਅਖ਼ਬਾਰਾਂ ਨੇ ਲਿਖਿਆ ਤਾਂ ਪਿਛੇ ਜਹੇ ਮਨਮੋਹਨ ਸਿੰਘ ਨੂੰ ਵੀ ਸਿਰੋਪਾ ਦੇ ਦਿਤਾ।

ਸਿਆਸੀ ਲੋਕਾਂ ਦੀਆਂ ਮੀਟਿੰਗਾਂ ਲਈ ਵਧੀਆ ਲੰਗਰ ਦੇ ਪ੍ਰਬੰਧ, ਲੌਂਗੋਵਾਲ ਸਾਹਿਬ ਗੁਰੂਘਰ ਵਿਚ ਹੁੰਦੇ ਹਨ। ਇਥੋਂ ਤਕ ਕਿ ਕਿਸੇ ਵੱਡੇ ਸਿਆਸੀ ਲੀਡਰ ਦੀ ਮੌਤ ਹੋ ਜਾਵੇ ਤਾਂ ਉਸ ਦੇ ਭਰਾ, ਪਿਤਾ ਕਿਸੇ ਦੀ ਵੀ ਮੌਤ ਹੋਵੇ, ਸਾਰਾ ਖ਼ਰਚਾ ਗੁਰੂਘਰ ਵਿਚੋਂ ਕਰ ਕੇ ਸਾਰੇ ਪ੍ਰਬੰਧ ਤੁਸੀ ਕਰਦੇ ਹੋ। ਲੌਂਗੋਵਾਲ ਜੀ ਸੱਚਾਈ ਹੈ ਕਿ ਤੁਸੀ ਸੱਚੇ ਸੁੱਚੇ ਸਿੱਖਾਂ ਨਾਲ ਦੁਸ਼ਮਣੀ ਨਿਭਾ ਰਹੇ ਹੋ। ਵਾਰ-ਵਾਰ ਗੁਰੂਘਰਾਂ ਤੇ ਕਾਬਜ਼ ਰਹਿਣ ਦੇ ਤਰੀਕੇ ਲੱਭ ਰਹੇ ਹੋ। ਤੁਹਾਡੇ ਤੇ ਤੁਹਾਡੇ ਕੁੱਝ ਸ਼੍ਰੋਮਣੀ ਕਮੇਟੀ ਮੈਂਬਰਾਂ ਵਿਚ ਸਿੱਖੀ ਵਾਲੇ ਗੁਣ ਹੀ ਨਹੀਂ। ਕ੍ਰਿਪਾ ਕਰ ਕੇ ਤੁਸੀ 550 ਸਾਲਾ ਪੁਰਬ ਨਾ ਮਨਾਉ, ਸਿਰਸੇ ਵਾਲਾ ਦਾ ਡੇਰਾ ਖ਼ਾਲੀ ਪਿਆ ਹੈ, ਜਾ ਕੇ ਸੰਭਾਲ ਲਉ।

-ਭੁਪਿੰਦਰ ਸਿੰਘ ਬਾਠ, ਪਿੰਡ ਪੰਜੋਲੀ, ਫ਼ਤਿਹਗੜ੍ਹ ਸਾਹਿਬ, ਸੰਪਰਕ : 94176-82002