ਜਜ਼ਬਾਤ, ਕੁਰਬਾਨੀ ਤੇ ਹਰ ਹੁਕਮ ਵਿਚ ਖਰੇ ਉਤਰਨ ਦੀ ਸ਼ਰਧਾ ਦਾ ਸੁਮੇਲ ਹੈ ਈਦ ਉਲ ਜ਼ੁਹਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਇਸਲਾਮ ਧਰਮ ਦੇ ਮੰਨਣ ਵਾਲੇ ਵੀ ਮੁੱਢ ਕਦੀਮ ਬਾਬਾ ਆਦਮ ਅਲੈਹਿ ਦੇ ਜ਼ਮਾਨੇ ਤੋਂ ਹੀ ਦੁਨੀਆਂ ਦੇ ਹਰ ਕੋਨੇ-ਕੋਨੇ ’ਚ ਵਸੇ ਹੋਏ ਹਨ।

Eid al-Adha

ਵਿਸ਼ਵ ਭਰ ਵਿਚ ਵੱਖੋ-ਵੱਖ ਧਰਮਾਂ ਨਾਲ ਸਬੰਧਤ ਲੋਕ ਆਪੋ ਅਪਣੇ ਰੀਤੀ ਰਿਵਾਜਾਂ ਅਨੁਸਾਰ ਅਪਣੇ ਤਿਉਹਾਰ ਮਨਾਉਂਦੇ ਚਲੇ ਆ ਰਹੇ ਹਨ ਇਸੇ ਵਿਚ ਇਸਲਾਮ ਧਰਮ ਦੇ ਮੰਨਣ ਵਾਲੇ ਵੀ ਮੁੱਢ ਕਦੀਮ ਬਾਬਾ ਆਦਮ ਅਲੈਹਿ ਦੇ ਜ਼ਮਾਨੇ ਤੋਂ ਹੀ ਦੁਨੀਆਂ ਦੇ ਹਰ ਕੋਨੇ-ਕੋਨੇ ’ਚ ਵਸੇ ਹੋਏ ਹਨ। ਇਸ ਨੂੰ ਮੰਨਣ ਵਾਲੇ ਭਾਵੇਂ ਕਿਸੇ ਵੀ ਖ਼ਿੱਤੇ ਵਿਚ ਵਸਦੇ ਹੋਣ, ਅਪਣੇ ਤਿਉੇਹਾਰਾਂ ਤੇ ਇਬਾਦਤਾਂ ਨੂੰ ਸਮੇਂ-ਸਮੇਂ ਤੇ ਭੇਜੇ ਨਬੀ ਪੈਗ਼ੰਬਰਾਂ ਰਾਹੀਂ ਦਰਸਾਏ ਰਸਤੇ ਅਨੁਸਾਰ ਮਨਾਉਂਦੇ ਆ ਰਹੇ ਹਨ। ਇਨ੍ਹਾਂ ਇਬਾਦਤਾਂ ਵਿਚੋਂ ਹੀ ਤਿਉਹਾਰ ਦੇ ਰੂਪ ਵਿਚ ਹਰ ਸਾਲ ਅਰਬੀ (ਚੰਨ ਦੀ) ਮਹੀਨੇ ਜਿਲ ਹਿਜਾ ਦੀ ਦਸਵੀਂ, ਗਿਆਰਵੀਂ ਤੇ ਬਾਰ੍ਹਵੀਂ ਤਰੀਖ਼ ਨੂੰ ਮਨਾਏ ਜਾਂਦੇ ਈਦ ਉਲ ਜ਼ੁਹਾ ਮੌਕੇ ਅਪਣੇ ਰੱਬ ਲਈ ਕੁਰਬਾਨੀ ਕਰ ਕੇ ਅਪਣੀ ਸ਼ਰਧਾ ਤੇ ਹਜ਼ਰਤ ਇਬਰਾਹੀਮ ਅਲੈਹਿ. ਦੀ ਸੁੱਨਤ ਅਦਾ ਕਰਦਿਆਂ ਰੱਬ ਦੇ ਹੁਕਮ ਨੂੰ ਮੰਨਣ ਦਾ ਪ੍ਰਗਟਾਵਾ ਇਸਲਾਮ ਦੇ ਮੰਨਣ ਵਾਲੇ ਪੈਰੋਕਾਰਾਂ ਵਲੋਂ ਕੀਤਾ ਜਾਂਦਾ ਹੈ।

ਹਜ਼ਰਤ ਇਬਰਾਹੀਮ ਅਲੈਹਿ. ਨੂੰ ਦੁਨੀਆਂ ਵਿਚ ਕੌਣ ਹੈ ਜੋ ਨਾ ਜਾਣਦਾ ਹੋਵੇ? ਮੁਸਲਮਾਨ, ਈਸਾਈ, ਯਹੂਦੀ ਧਰਮ ਤੇ ਲਗਭਗ ਦੁਨੀਆਂ ਵਿਚ ਹਰ ਧਰਮ ਵਿਚ ਉਨ੍ਹਾਂ ਦਾ ਵਿਸ਼ੇਸ਼ ਜ਼ਿਕਰ ਹੈ। ਉਨ੍ਹਾਂ ਦੀ ਰੱਬ ਪ੍ਰਤੀ ਪ੍ਰਗਟਾਈ ਹੁਕਮ ਮੰਨਣ ਦੀ ਪ੍ਰਕ੍ਰਿਆ ਇਸ ਤਿਉਹਾਰ ਦੀ ਮੁੱਖ ਵਿਸ਼ੇਸ਼ਤਾ ਹੈ ਜਿਸ ਤਰ੍ਹਾਂ ਸ਼ਬਦ ‘ਕੁਰਬਾਨੀ’ ਤੋਂ ਹੀ ਇਸ ਦੀ ਅਸਲੀਅਤ ਸਮਝ ਵਿਚ ਆ ਰਹੀ ਹੈ। ਦੂਜੇ ਸ਼ਬਦਾਂ ਵਿਚ ਅਪਣੇ ਵਲੋਂ ਮੁਹੱਬਤ ਵਾਲੀ ਚੀਜ਼ ਨੂੰ ਕਿਸੇ ਦੀ ਖ਼ੁਸ਼ੀ ਲਈ ਕੁਰਬਾਨ ਕਰਨਾ ਹੀ ਕੁਰਬਾਨੀ ਹੈ। ਦੁਨੀਆਂ ਵਿਚ ਵੀ ਵੇਖਿਆ ਜਾਂਦਾ ਹੈ ਕਿ ਪਿਆਰ ਕਰਨ ਤੇ ਚਾਹੁਣ ਵਾਲਿਆਂ ਦੀ ਅਜ਼ਮਾਇਸ਼ (ਪ੍ਰੀਖਿਆ) ਹੁੰਦੀ ਚਲੀ ਆਈ ਹੈ। ਇਸੇ ਤਰ੍ਹਾਂ ਅੱਲ੍ਹਾ ਤਾਅਲਾ ਨੇ ਵੀ ਸਮੇਂ-ਸਮੇਂ ਤੇ ਅਪਣੇ ਨਬੀਆਂ ਤੇ ਦੋਸਤਾਂ ਦੀ ਵੱਖੋ ਵੱਖ ਤਰੀਕਿਆ ਨਾਲ ਅਜ਼ਮਾਇਸ਼ ਕੀਤੀ ਹੈ, ਇਨ੍ਹਾਂ ਸਖ਼ਤ ਅਜ਼ਮਾਇਸ਼ਾਂ ਵਿਚੋਂ ਹੀ ਰੱਬ ਨੇ ਪੈਗ਼ੰਬਰ ਹਜ਼ਰਤ ਇਬਰਾਹੀਮ (ਅਲੈ.) ਨੂੰ ਗੁਜ਼ਾਰਿਆ। 

ਹਜ਼ਰਤ ਇਬਰਾਹੀਮ ਲਗਭਗ ਪੰਜ ਹਜ਼ਾਰ ਸਾਲ ਪਹਿਲਾਂ ਇਰਾਕ ਵਿਚ ਇਕ ਬੁੁੁੁੱਤ ਬਣਾਉਣ ਵਾਲੇ ਆਜ਼ਰ ਨਾਮੀ ਵਿਅਕਤੀ ਦੇ ਘਰ ਪੈਦਾ ਹੋਏ ਪਰ ਬਚਪਨ ਤੋਂ ਹੀ ਉਨ੍ਹਾਂ ਨੂੰ ਬੁਤਪ੍ਰਸਤੀ ਤੋਂ ਸਖ਼ਤ ਨਫ਼ਰਤ ਸੀ। ਆਪ ਦਾ ਖ਼ਾਨਦਾਨ ਧਾਰਮਕ ਤੌਰ ’ਤੇ ਉਸ ਸਮਾਜ ਵਿਚ ਉੱਚ ਪ੍ਰੋਹਿਤ, ਪੁਜਾਰੀ ਤੇ ਨਜੂਮੀ ਫ਼ਲਸਫ਼ੇ ਸਬੰਧੀ ਵਿਸ਼ੇਸ਼ ਸਥਾਨ ਰਖਦਾ ਸੀ, ਜਿਨ੍ਹਾਂ ਦੀ ਸੋਚ ਤੇ ਆਗਿਆ ਤੋਂ ਬਿਨਾਂ ਉਸ ਸਮੇਂ ਕੋਈ ਧਾਰਮਕ ਰਸਮ ਅਦਾ ਨਹੀਂ ਕੀਤੀ ਜਾਂਦੀ ਸੀ। ਹਜ਼ਰਤ ਇਬਰਾਹੀਮ ਅਲੈਹਿ. ਦੀ ਜਗ੍ਹਾ ਇਸ ਪ੍ਰਵਾਰ ਵਿਚ ਜੇਕਰ ਕੋਈ ਹੋਰ ਪੈਦਾ ਹੁੰਦਾ ਤਾਂ ਸ਼ਾਇਦ ਅਪਣੇ ਪ੍ਰਵਾਰ ਦੀ ਰੀਤ ਹੀ ਨਿਭਾਈ ਰਖਦਾ ਪਰ ਹਜ਼ਰਤ ਇਬਰਾਹੀਮ ਅਪਣੇ ਸਮਾਜ ਦੇ ਬਿਲਕੁਲ ਉਲਟ ਹਮੇਸ਼ਾ ਸੋਚਦੇ ਰਹਿੰਦੇ ਕਿ ਜਿਹੜੇ ਬੁੱਤ ਤੇ ਚੰਨ-ਤਾਰੇ ਅਪਣੇ ਆਪ ਕੁੱਝ ਨਹੀਂ ਕਰ ਸਕਦੇ, ਉਹ ਅਪਣੇ ਭਗਤਾਂ ਦਾ ਕੀ ਭਲਾ ਕਰ ਸਕਦੇ ਹਨ?

ਇਸ ਲਈ ਆਪ ਹਮੇਸ਼ਾ ਰੱਬ ਦੀ ਹੋਂਦ ਸਬੰਧੀ ਇਕ ਗਹਿਰੀ ਸੋਚ ਵਿਚ ਰਹਿੰਦੇ ਸੀ ਕਿ ਦੁਨੀਆਂ ਵਿਚ ਸਾਜੀ ਜ਼ਮੀਨ ਤੇ ਅਸਮਾਨ ਦਰਮਿਆਨ ਸਜੀ ਕਾਇਨਾਤ ਨੂੰ ਚਲਾਉਣ ਵਾਲੀ ਕੋਈ ਤਾਕਤ ਜ਼ਰੂਰ ਹੈ ਜੋ ਇਨ੍ਹਾਂ ਨੂੰ ਗਰਦਿਸ਼ (ਚਲਾ) ਦੇ ਰਹੀ ਹੈ। ਫਿਰ ਇਸ ਵਿਚ ਮੌਜੂਦ ਚੀਜ਼ਾਂ ਕਿਵੇਂ ਕਿਸੇ ਦਾ ਰੱਬ ਹੋ ਸਕਦੀਆਂ ਹਨ? ਜਿਸ ਲਈ ਉਨ੍ਹਾਂ ਇਕ ਐਲਾਨ ਕਰਵਾ ਦਿਤਾ ਕਿ “ਜਿਨ੍ਹਾ ਨੂੰ ਤੁਸੀ ਅੱਲ੍ਹਾ ਦੀ ਜਾਤ ਵਿਚ ਸ਼ਰੀਕ ਕਰਦੇ ਹੋ ਉਨ੍ਹਾਂ ਨਾਲ ਮੇਰਾ ਕੋਈ ਵਾਸਤਾ ਨਹੀਂ।’’ ਲੋਕਾਂ ਨੂੰ ਸਮਝਾਉਣ ਦੇ ਉਦੇਸ਼ ਨਾਲ ਇਕ ਵਾਰ ਹਜ਼ਰਤ ਇਬਰਾਹੀਮ ਨੇ ਬਸਤੀ ਦੇ ਬੁੱਤਖ਼ਾਨੇ ਵਿਚ ਸਾਰੇ ਬੁੱਤਾਂ ਨੂੰ ਤੋੜ ਕੇ ਕੁਹਾੜੀ ਵੱਡੇ ਬੁੱਤ ਦੇ ਮੋਢਿਆਂ ਤੇ ਰੱਖ ਦਿਤੀ।

ਪੁੱਛਣ ਤੇ ਉਨ੍ਹਾਂ ਕਿਹਾ ਕਿ ਅਪਣੇ ਵੱਡੇ ਪੁੱਤਰ ਤੋਂ ਪੁੱਛੋ  ਕਿ ਇਸ ਨੂੰ ਕਿਸ ਨੇ ਤੋੜਿਆ ਹੈ? ਬਸਤੀ ਵਾਲਿਆਂ ਆਖਿਆ ਕਿ ਇਹ ਕਿਵੇਂ ਤੋੜ ਸਕਦਾ ਹੈ? ਤਾਂ ਹਜ਼ਰਤ ਇਬਰਾਹੀਮ (ਅਲੈ.) ਨੇ ਕਿਹਾ ਕਿ ਫਿਰ ਤੁਸੀ ਹੀ ਦੱਸੋ ਕਿ ਜਿਹੜਾ ਈਸ਼ਵਰ (ਬੁੱਤ) ਅਪਣਾ ਬਚਾਅ ਖ਼ੁਦ ਨਹੀਂ ਕਰ ਸਕਦਾ, ਉਹ ਤੁਹਾਡਾ ਭਲਾ ਕਿਵੇਂ ਕਰੇਗਾ? ਅਪਣੇ ਈਸ਼ਵਰਾਂ ਦੀ ਨਿੰਦਾ ਤੇ ਅਜਿਹੀ ਵਿਰਤੀ ਵੇਖ ਆਪ ਦੇ ਘਰ ਵਾਲਿਆਂ ਨੇ ਆਪ ਨੂੰ ਘਰੋਂ ਕੱਢ ਦਿਤਾ ਤੇ ਵਕਤ ਦੇ ਬਾਦਸ਼ਾਹਾਂ ਨੇ ਉਨ੍ਹਾਂ ਨੂੰ ਦੁਨੀਆਂ ਦੇ ਸੱਭ ਤੋਂ ਵੱਡੇ ਅੱਗ ਦੇ ਭਾਂਬੜ ਵਿਚ ਸੁਟਵਾ ਦਿਤਾ। ਰੱਬ ਵਲੋਂ ਇਨ੍ਹਾਂ ਦਾ ਇਹ ਪਹਿਲਾ ਇਮਤਿਹਾਨ ਸੀ। ਇਨ੍ਹਾਂ ਦੀ ਇਸ ਪਕਿਆਈ ਨੂੰ ਵੇਖ ਕੇ ਰੱਬ ਨੇ ਇਨ੍ਹਾਂ ਲਈ ਅੱਗ ਉਸ ਸਮੇਂ ਭਾਵੇ ਠੰਢੀ ਕਰ ਦਿਤੀ ਪਰ ਇਮਤਿਹਾਨ ਅਜੇ ਹੋਰ ਬਾਕੀ ਸੀ ਜਿਨ੍ਹਾਂ ਵਿਚੋਂ ਗੁਜ਼ਰਨ ਲਈ ਅਜ਼ਮਾਇਆ ਗਿਆ। 

 

ਇਸ ਘਟਨਾ ਤੋਂ ਬਾਦ ਆਪ ਅਪਣੇ ਦੇਸ਼ ਤੋਂ ਨਿਕਲ ਕੇ ਫ਼ਲਸਤੀਨ ਚਲੇ ਗਏ ਪਰ ਸੋਕੇ ਦੀ ਵਜ੍ਹਾ ਕਰ ਕੇ ਉਥੇ ਨਾ ਵਸੇ ਤੇ ਮਿਸਰ ਆ ਗਏ ਜਿਥੇੇ ਵਕਤ ਦੇ ਬਾਦਸ਼ਾਹ ਨੇ ਆਪ ਦੇ ਖ਼ੁਦਾ ਪ੍ਰਸਤੀ ਤੇ ਚੰਗੇ ਗੁਣਾਂ ਕਰ ਕੇ ਅਪਣੀ ਲੜਕੀ ਹਾਜ਼ਰਾ ਦੀ ਸ਼ਾਦੀ ਆਪ ਨਾਲ ਕਰ ਦਿਤੀ। ਉਸ ਸਮੇਂ ਤਕ ਆਪ ਦੀ ਕੋਈ ਔਲਾਦ ਨਹੀਂ ਸੀ। ਵੱਖੋ ਵੱਖ ਰਵਾਇਤਾਂ ਅਨੁਸਾਰ ਲਗਭਗ 87 ਸਾਲ ਦੀ ਉਮਰ ਵਿਚ ਆਪ ਨੇ ਅਪਣੇ ਰੱਬ ਪਾਸ ਬੇਟੇ ਦੀ ਪ੍ਰਾਪਤੀ ਲਈ ਦੁਆ ਕੀਤੀ। ਦੁਆ ਕਬੂਲ ਹੋਈ ਤੇ ਆਪ ਦੀ ਦੂਜੀ ਬੀਵੀ ਹਜ਼ਰਤ ਹਾਜ਼ਰਾ ਤੋ ਦੋ ਬੇਟੇ ਹਜ਼ਰਤ ਇਸਹਾਕ ਅਲੈਹਿ. ਤੇ ਹਜ਼ਰਤ ਇਸਮਾਈਲ ਅਲੈਹਿ. ਪੈਦਾ ਹੋਏ। ਕੁਰਆਨ-ਏ-ਪਾਕ ਵਿਚ ਦਰਜ ਰਵਾਇਤ ਅਨੁਸਾਰ ਹਜ਼ਰਤ ਇਸਮਾਈਲ ਅਲੈਹਿ. ਅਜੇ ਦੁਧ ਪੀਂਦੇ ਬੱਚੇ ਹੀ ਸੀ ਕਿ ਰੱਬ ਵਲੋਂ ਅਗਲੀ ਅਜ਼ਮਾਇਸ਼ ਆਈ ਕਿ ਛੋਟੇ ਬੇਟੇ ਇਸਮਾਈਲ ਅਲੈਹਿ. ਅਤੇ ਉਨ੍ਹਾਂ ਦੀ ਮਾਤਾ ਨੂੰ ਸ਼ਾਮ ਦੇ ਇਲਾਕੇ ਵਿਚੋਂ ਬਾਹਰ ‘ਹਿਜਾਜ਼’ ਦੇ ਸੁੱਕੇ ਰੇਗਿਸਤਾਨ ਵਿਚ ਛੱਡ ਦਿਉ।

ਆਪ ਨੇ ਅਪਣੇ ਰੱਬ ਦੀ ਰਜ਼ਾ ਹਾਸਲ ਕਰਨ ਲਈ ਪਤਨੀ ਤੇ ਬੇਟੇ ਨੂੰ ਦੂਰ ਅਰਬ ਦੇ ਸੁੱਕੇ ਰੇਗਿਸਤਾਨ ਵਿਚ ਛੱਡ ਦਿਤਾ ਜਿਥੇ ਆਗਿਆਕਾਰੀ ਪਤਨੀ ਦੀ ਮਿਸਾਲ ਪੇਸ਼ ਕਰਦਿਆ ਜਿਥੇ ਬੀਬੀ ਹਾਜ਼ਰਾ ਨੇ ਹੁਕਮ ਦੀ ਤਾਮੀਲ ਕੀਤੀ, ਉਥੇ ਹੀ ਰੱਬ ਨੇ ਅਪਣੀ ਤਾਕਤ ਰਾਹੀਂ ਇਨ੍ਹਾਂ ਦੀ ਰਾਖੀ ਕਰ ਕੇ ਆਗਿਆਕਾਰੀਆਂ ਨਾਲ ਉਸ ਦਾ ਕੀ ਸਲੂਕ ਹੁੰਦਾ ਹੈ, ਦੁਨੀਆਂ ਨੂੰ ਦਸਿਆ। ਇਥੇ ਛੋਟਾ ਬੇਟਾ ਇਸਮਾਈਲ ਪਿਆਸ ਨਾਲ ਵਿਲਕ ਰਿਹਾ ਸੀ ਤਾਂ ਬੀਬੀ ਹਾਜ਼ਰਾਂ ਉਥੇ ਹੀ ਪਾਣੀ ਦੀ ਭਾਲ ਲਈ ਇੱਧਰ ਉਧਰ ਤੜਪਦੀ ਪਹਾੜੀਆਂ ਵਿਚਕਾਰ ਫਿਰ ਰਹੀ ਸੀ ਕਿ ਰੱਬ ਨੇ ਬੇਟੇ ਇਸਮਾਈਲ ਦੀਆਂ ਅੱਡੀਆਂ ਦੇ ਰਗੜਨ ਨਾਲ ਅਪਣੀ ਕਰਾਮਾਤ ਰਾਹੀਂ ਉਥੇ ਚਸ਼ਮਾ ਆਬ-ਏ ਜ਼ਮ-ਜ਼ਮ ਜਾਰੀ ਕਰ ਦਿਤਾ ਜੋ ਅੱਜ ਤਕ ਜਾਰੀ ਹੈ ਤੇ ਬੀਬੀ ਹਾਜ਼ਰਾਂ ਦਾ ਦੌੜਨਾ ਰੱਬ ਨੂੰ ਇੰਨਾ ਪਸੰਦ ਆਇਆ ਕਿ ਹਰ ਸਾਲ ਮੱਕਾ ਵਿਖੇ ਹੱਜ ਕਰਨ ਵਾਲੇ ਹਾਜੀਆਂ ਲਈ ਸ਼ਫ਼ਾ ਮਰਵਾ ਪਹਾੜੀਆਂ ਦਰਮਿਆਨ ਦੌੜਨਾ ਹੱਜ ਦਾ ਹਿੱਸਾ ਬਣਾ ਦਿਤਾ ਤੇ ਇਥੋਂ ਜ਼ਮ-ਜ਼ਮ ਦਾ ਪਾਣੀ ਅੱਜ ਹਜ਼ਾਰਾਂ ਸਾਲ ਬਾਦ ਤਕ ਪੂਰੀ ਦੁਨੀਆਂ ਫ਼ਾਇਦਾ ਉਠਾ ਰਹੀ ਹੈ ਜੋ ਕਈ ਵਿਗਿਆਨਕ ਤੱਤਾਂ ਨਾਲ ਸ੍ਰੀਰ ਲਈ ਫ਼ਾਇਦੇਮੰਦ ਸਾਬਤ ਹੋ ਰਿਹਾ ਹੈ।

 

ਹਜ਼ਰਤ ਇਬਰਾਹੀਮ ਅਲੈਹਿ. ਤੇ ਇਸ ਅਜ਼ਮਾਇਸ਼ ਤੋਂ ਬਾਦ ਇਕ ਹੋਰ ਪ੍ਰੀਖਿਆ ਆਈ ਕਿ ਕਿਤੇ ਮੇਰਾ ਪਿਆਰਾ ਨਬੀ ਇਬਰਾਹੀਮ ਔਲਾਦ ਦੇ ਮੋਹ ਵਿਚ ਪੈ ਕੇ ਮੈਨੂੰ ਤਾਂ ਨਹੀਂ ਭੁਲਾ ਬੈਠਾ। ਜਦ ਪਿਆਰੇ ਬੇਟੇ ਇਸਮਾਈਲ ਦੀ ਉਮਰ 9 ਸਾਲ ਹੋਈ ਤਾਂ ਪਿਆਰੇ ਰੱਬ ਨੇ ਇਸ ਨੂੰ ਅਪਣੀ ਰਜ਼ਾ ਲਈ ‘ਕੁਰਬਾਨ’ ਕਰਨ ਵਾਸਤੇ ਇਬਰਾਹੀਮ ਅਲੈਹਿ. ਨੂੰ ਕਿਹਾ। ਫਿਰ ਕੀ ਸੀ ਕਿ ਰੱਬ ਦੀ ਰਜ਼ਾ ਵਿਚ ਰੰਗੇ ਇਬਰਾਹੀਮ ਨੇ ਜਦੋਂ ਇਸ ਹੁਕਮ ਨੂੰ ਬੇਟੇ ਨਾਲ ਸਾਂਝਾ ਕੀਤਾ ਤਾਂ ਇਸਮਾਈਲ ਨੇ ਝੱਟ ਕਿਹਾ ਕਿ “ਅੱਬਾ ਜਾਨ ਆਪ ਨੂੰ ਜੋ ਰੱਬ ਵਲੋਂ ਹੁਕਮ ਹੋਇਆ ਹੈ, ਉਸ ਨੂੰ ਪੂਰਾ ਕਰੋ, ਮੈਂ ਖਰਾ ਉਤਰਾਂਗਾ। ਬੇਟੇ ਦਾ ਇਹ ਜਵਾਬ ਸੁਣ ਕੇ ਹਜ਼ਰਤ ਇਬਰਾਹੀਮ ਨੇ ਬੇਟੇ ਇਸਮਾਈਲ ਨੂੰ ਜੰਗਲ ਵਿਚ ਲਿਜਾ ਕੇ ਜ਼ਮੀਨ ਤੇ ਲਿਟਾ ਲਿਆ ਤੇ ਰੱਬ ਦੇ ਹੁਕਮ ਤੇ ਅੱਖਾਂ ਬੰਦ ਕਰ ਬੇਟੇ ਦੀ ਗ਼ਰਦਨ ਤੇ ਛੁਰੀ ਚਲਾ ਦਿਤੀ।

ਅਕਾਸ਼ ਵਿਚ ਤਰਥੱਲੀ ਮੱਚ ਗਈ ਕਿ ਇਹ ਇਬਰਾਹੀਮ ਨੇ ਕੀ ਕਰ ਵਿਖਾਇਆ। ਆਪ ਦੇ ਆਗਿਆਕਾਰੀ ਹੋਣ ਦੇ ਦਿਤੇ ਸਬੂਤ ਨੂੰ ਵੇਖ ਰੱਬ ਦੀ ਰਹਿਮਤ ਜੋਸ਼ ਵਿਚ ਆਈ ਤੇ ਰੱਬੀ ਆਵਾਜ਼ ਆਈ ਕਿ ਇਬਰਾਹੀਮ ਅੱਖਾਂ ਖੋਲ੍ਹੋ ਅਸੀ ਤੇਰੀ ਕੁਰਬਾਨੀ ਕਬੂਲ ਕਰ ਲਈ ਤੇ ਅਸੀ ਅਪਣੇ ਆਗਿਆਕਾਰੀ ਬੰਦਿਆਂ ਨੂੰ ਅਜਿਹਾ ਹੀ ਇਨਾਮ ਦਿੰਦੇ ਹਾਂ। ਜਦੋਂ ਹਜ਼ਰਤ ਇਬਰਾਹੀਮ ਅਲੈਹਿ. ਨੇ ਅੱਖਾਂ ਖੋਲ੍ਹੀਆਂ ਤਾਂ ਹਜ਼ਰਤ ਇਸਮਾਈਲ ਅਲੈਹਿ. ਸਹੀ ਸਲਾਮਤ ਸੀ ਤੇ ਉਨ੍ਹਾਂ ਦੀ ਥਾਂ ਤੇ ਇਕ ਦੁੰਬਾ ਜਾਨਵਰ ਜ਼ਿਬਾਹ (ਕੁਰਬਾਨ) ਹੋਇਆ ਪਿਆ ਸੀ। ਇਹ ਵੇਖ ਆਪ ਨੇ ਰੱਬ ਦਾ ਸ਼ੁਕਰ ਕੀਤਾ। 

ਇਸੇ ਇਤਿਹਾਸਕ ਘਟਨਾ ਨੂੰ ਲੈ ਕੇ ਹਰ ਸਾਲ ਮੁਸਲਮਾਨ ਭਾਈਚਾਰੇ ਵਲੋਂ ਈਦ ਉਲ ਜ਼ੁਹਾ ਦੇ ਮੌਕੇ ਇਸ ਅਜ਼ੀਮ ਪੈਗ਼ੰਬਰ ਦੀ ਸੁੰਨਤ ਯਾਦ ਕਰਦਿਆਂ, ਅੱਲ੍ਹਾ ਵਲੋਂ ਲਗਾਏ ਹੁਕਮ ਨੂੰ ਲੈ ਕੇ ਕੁਰਬਾਨੀ ਕੀਤੀ ਜਾਂਦੀ ਹੈ ਤੇ ਇਸੇ ਜਿਲ ਹਿਜਾ ਮਹੀਨੇ ਮੁਸਲਿਮ ਭਾਈਚਾਰੇ ਵਲੋਂ ਸਾਊਦੀ ਅਰਬ ਦੇ ਮੱਕਾ ਸ਼ਹਿਰ ਵਿਖੇ ਹੱਜ ਦਾ ਫ਼ਰਜ਼ ਅਦਾ ਕਰਨ ਗਏ ਸਾਰੇ ਹਾਜੀਆਂ ਲਈ ਕੁਰਬਾਨੀ ਜ਼ਰੂਰੀ ਕਰ ਦਿਤੀ ਜਿਸ ਤੋਂ ਬਿਨਾਂ ਹੱਜ ਮੁਕੰਮਲ ਨਹੀਂ ਹੁੰਦੀ।

 

ਇਸਲਾਮ ਵਿਚ ਹਰ ਉਸ ਮੁਸਲਮਾਨ ਤੇ ਕੁਰਬਾਨੀ ਫ਼ਰਜ਼ (ਅਤਿ ਜ਼ਰੂਰੀ) ਹੈ ਜਿਸ ਪਾਸ ਅਪਣੀ ਜ਼ਰੂਰਤ ਦੀਆਂ ਚੀਜ਼ਾਂ ਤੋਂ ਇਲਾਵਾਂ ਸਾਢੇ ਸੱਤ ਤੋਲੇ ਸੋਨਾ ਜਾਂ ਸਾਢੇ 52 ਤੋਲੇ ਚਾਂਦੀ ਜਾਂ ਇਨ੍ਹਾਂ ਦੋਹਾਂ ਵਿਚੋਂ ਇਕ ਦੀ ਕੀਮਤ ਦੇ ਬਰਾਬਰ ਹੋਰ ਚੀਜ਼ਾਂ ਹੋਣ ਭਾਵ ਉਸ ਪਾਸ 25-30 ਹਜ਼ਾਰ ਰੁਪਏ ਦੇ ਲਗਭਗ ਜਮ੍ਹਾਂ ਪੂੰਜੀ ਦੀ ਮਲਕੀਅਤ ਹੋਵੇ। ਇਸਲਾਮ ਅਨੁਸਾਰ ਇੰਨੀ ਮਲਕੀਅਤ ਵਾਲਾ ਹਰ ਮੁਸਲਮਾਨ ਅਮੀਰ ਲੋਕਾਂ ਦੀ ਸੂਚੀ ਵਿਚ ਆਉਂਦਾ ਹੈ ਜਿਸ ਪਾਸ ਏਨੇ ਪੈਸੇ ਹੋਣ, ਉਸ ਤੇ ਕੁਰਬਾਨੀ ਫ਼ਰਜ਼ ਹੈ, ਅਗਰ ਨਹੀਂ ਕਰੇਗਾ ਤਾਂ ਗੁਨਾਹਗਾਰ ਹੋਵੇਗਾ। ਇਸ ਮੌਕੇ ਕੀਤੀ ਕੁਰਬਾਨੀ ਦਾ ਗੋਸ਼ਤ ਤਿੰਨ ਬਰਾਬਰ ਹਿੱਸਿਆਂ ਵਿਚ, ਪਹਿਲਾ ਹਿੱਸਾ ਗ਼ਰੀਬ ਲੋਕਾਂ ਲਈ, ਦੂਜਾ ਅਪਣੇ ਸਕੇ ਸਬੰਧੀਆਂ (ਸ਼ਰੀਕੇ ਵਾਲਿਆਂ) ਲਈ ਤੇ ਤੀਜਾ ਅਪਣੇ ਪ੍ਰਵਾਰ ਲਈ ਬਰਾਬਰ ਭਾਗਾਂ ਵਿਚ ਵੰਡਿਆ ਜਾਂਦਾ ਹੈ। ਇਹ ਕੁਰਬਾਨੀ ਚੰਨ ਦੀ ਦੱਸ ਤਾਰੀਖ਼ ਨੂੰ ਸੂਰਜ ਨਿਕਲਣ ਤੋਂ ਬਾਦ ਈਦ ਉੱਲ ਜ਼ੁਹਾ ਦੀ ਵਿਸ਼ੇਸ਼ ਨਮਾਜ਼ ਬਾਰ੍ਹਾਂ ਜਿਲ ਹਿਜਾ ਦੇ ਸੂਰਜ ਛਿਪਣ ਤਕ ਅਦਾ ਕੀਤੀ ਜਾ ਸਕਦੀ ਹੈ । 

ਈਦ ਵਾਲੇ ਦਿਨ ਮੁਸਲਮਾਨ ਭਰਾ ਸਵੇਰੇ ਸਾਝਰੇ ਉਠ ਕੇ ਇਸ਼ਨਾਨ ਕਰ ਕੇ ਪਾਕ ਸਾਫ਼ ਲਿਬਾਸ ਪਹਿਨ ਕੇ ਈਦਗਾਹ ਵਿਚ ਈਦ ਦੀ ਵਿਸ਼ੇਸ਼ ਨਮਾਜ਼ ਅਦਾ ਕਰਦੇ ਹਨ। ਇਹ ਸੱਭ ਰੱਬ ਦੀ ਬਾਰਗਾਹ ਵਿਚ ਸਜਦਾ ਕਰਦੇ ਹੋਏ ਅਮੀਰ ਗ਼ਰੀਬ ਦਾ ਕੋਈ ਵਿਤਕਰਾ ਨਾ ਹੋ ਕੇ ਇਕ ਕਤਾਰ ਵਿਚ ਖੜ ਹੋ ਕੇ ਨਮਾਜ਼ ਪੜ੍ਹਦੇ ਹਨ ਤੇ ਪੂਰੀ ਦੁਨੀਆਂ ਨੂੰ ਇਹ ਸੰਦੇਸ਼ ਦਿੰਦੇ ਹਨ ਕਿ ਦੁਨੀਆਂ ਵਿਚ ਕੋਈ ਵੱਡਾ ਛੋਟਾ ਨਹੀਂ। ਨਮਾਜ਼ ਦੇ ਬਾਦ ਮੌਲਵੀ ਸਾਹਬ ਵਲੋਂ ਦਿਤੇ ਜਾਣ ਵਾਲੇ ਵਿਸ਼ੇਸ਼ ਸੰਬੋਧਨ ਤੋਂ ਬਾਦ ਈਦ ਗਾਹ ਤੇ ਮਸਜਿਦਾਂ ਵਿਚ ਆਏ ਅਪਣੇ ਹਮ ਵਤਨ ਲੋਕਾਂ ਨੂੰ ਗਲੇ ਮਿਲ ਕੇ ਈਦ ਦੀਆਂ ਵਧਾਈਆਂ ਦਾ ਅਦਾਨ ਪ੍ਰਦਾਨ ਕਰਦੇ ਹਨ। 

ਐਮ. ਇਸਮਾਈਲ ਏਸ਼ੀਆ 
ਪੱਤਰਕਾਰ ਰੋਜ਼ਾਨਾ ਸਪੋਕਸਮੈਨ, ਮਾਲੇਰਕੋਟਲਾ।
ਸੰਪਰਕ : 98559-78675