ਸ਼ਹੀਦੀ ਦਿਵਸ ‘ਤੇ ਵਿਸ਼ੇਸ਼ : ਭਗਤ ਸਿੰਘ ਦੇ ਆਖਰੀ ਖ਼ਤ ਵਿਚ ਕੀ ਲਿਖਿਆ ਸੀ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਭਗਤ ਸਿੰਘ ਅਤੇ ਉਸਦੇ ਸਾਥੀ ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦਿੱਤੇ ਜਾਣਾ ਭਾਰਤ ਦੇ ਇਤਿਹਾਸ ਵਿਚ ਦਰਜ ਸਭ ਤੋਂ ਵੱਡੀਆਂ ਅਤੇ ਮਹੱਤਵਪੂਰਨ ਘਟਨਾਵਾਂ ਵਿਚੋਂ ਇਕ ਹੈ।

Shaheed Bhagat Singh

ਦੇਸ਼ ਅਤੇ ਦੁਨੀਆ ਦੇ ਇਤਿਹਾਸ ਵਿਚ ਉਂਝ ਤਾਂ ਕਈ ਮਹੱਤਵਪੂਰਨ ਘਟਨਾਵਾਂ 23 ਮਾਰਚ ਦੀ ਤਰੀਕ ਦੇ ਨਾਂ ‘ਤੇ ਦਰਜ ਹਨ, ਪਰ ਭਗਤ ਸਿੰਘ ਅਤੇ ਉਸਦੇ ਸਾਥੀ ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦਿੱਤੇ ਜਾਣਾ ਭਾਰਤ ਦੇ ਇਤਿਹਾਸ ਵਿਚ ਦਰਜ ਸਭ ਤੋਂ ਵੱਡੀਆਂ ਅਤੇ ਮਹੱਤਵਪੂਰਨ ਘਟਨਾਵਾਂ ਵਿਚੋਂ ਇਕ ਹੈ। ਸਾਲ 1931 ਵਿਚ ਭਾਰਤੀ ਅਜ਼ਾਦੀ ਲਹਿਰ ਦੇ ਦੌਰਾਨ ਕ੍ਰਾਂਤੀਕਾਰੀ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ 23 ਮਾਰਚ ਨੂੰ ਹੀ ਫਾਂਸੀ ਦਿੱਤੀ ਗਈ ਸੀ। 23 ਮਾਰਚ ਨੂੰ ‘ਸ਼ਹੀਦ ਦਿਵਸ’ ਦੇ ਰੂਪ ਵਿਚ ਵੀ ਮਨਾਇਆ ਜਾਂਦਾ ਹੈ।

ਜਦੋਂ ਭਗਤ ਸਿੰਘ ਵਰਗੇ ਪੁੱਤਰ ਪੈਦਾ ਹੁੰਦੇ ਹਨ ਤਾਂ ਉਹ ਆਪਣੇ ਖ਼ਾਨਦਾਨ ਦੇ ਨਾਲ-ਨਾਲ ਕੌਮ ਅਤੇ ਦੇਸ਼ ਦਾ ਨਾਮ ਇਤਿਹਾਸ ਦੇ ਪੰਨਿਆਂ ’ਤੇ ਸੁਨਿਹਰੀ ਅੱਖਰਾਂ ਨਾਲ ਲਿਖ ਜਾਂਦੇ ਹਨ। ਭਗਤ ਸਿੰਘ ਦਾ ਜਨਮ ਸਿੱਖ ਪਰਿਵਾਰ ਵਿਚ ਪਿਤਾ ਸਰਦਾਰ ਕਿਸ਼ਨ ਸਿੰਘ ਦੇ ਘਰ, ਮਾਤਾ ਵਿਦਿਆਵਤੀ ਦੀ ਕੁੱਖੋਂ 28 ਸਤੰਬਰ,1907 ਨੂੰ ਚੱਕ ਨੰਬਰ 105 ਪਿੰਡ ਬੰਗਾਂ ਤਹਿਸੀਲ ਜੜ੍ਹਾਂਵਾਲਾਂ ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਖੇ ਹੋਇਆ। ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਕਲਾਂ ਨਵਾਂਸ਼ਹਿਰ (ਪੰਜਾਬ) ਵਿਚ ਸਥਿਤ ਹੈ।  ਨਵਾਂਸ਼ਹਿਰ ਦਾ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਨਗਰ ਰੱਖ ਦਿੱਤਾ ਗਿਆ ਹੈ।

ਭਗਤ ਸਿੰਘ ਅਜ਼ਾਦੀ ਅੰਦੋਲਨ ਦੇ ਅਜਿਹੇ ਸਿਪਾਹੀ ਰਹੇ ਹਨ. ਜਿਨ੍ਹਾਂ ਦਾ ਜ਼ਿਕਰ ਆਉਂਦੇ ਹੀ ਸਰੀਰ ਵਿਚ ਜੋਸ਼ ਦੌੜਨ ਲੱਗ ਜਾਂਦਾ ਹੈ ਅਤੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਭਗਤ ਸਿੰਘ ਨੇ ਅੰਗਰੇਜ਼ਾਂ ਨਾਲ ਲੋਹਾ ਲਿਆ ਅਤੇ ਅਸੈਂਬਲੀ ਵਿਚ ਬੰਬ ਸੁੱਟ ਕੇ ਅੰਗਰੇਜ਼ਾਂ ਨੂੰ ਸੁੱਤੀ ਨੀਂਦ ਤੋਂ ਜਗਾਉਣ ਦਾ ਕੰਮ ਕੀਤਾ। ਅਸੈਂਬਲੀ ਵਿਚ ਬੰਬ ਸੁੱਟਣ ਤੋਂ ਬਾਅਦ ਉਹ ਭੱਜੇ ਨਹੀਂ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਤੋਂ ਬਾਅਦ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ।

ਭਗਤ ਸਿੰਘ ਦਾ ਆਖਰੀ ਖ਼ਤ

ਭਗਤ ਸਿੰਘ ਨੇ ਫਾਂਸੀ ਤੋਂ ਪਹਿਲਾਂ ਆਪਣੇ ਆਖਰੀ ਖ਼ਤ ਵਿਚ ਲਿਖਿਆ, ‘ਸਾਥੀਓ ਸੁਭਾਵਿਕ ਹੈ ਕਿ ਜੀਣ ਦੀ ਇੱਛਾ ਮੇਰੇ ਵਿਚ ਵੀ ਹੋਣੀ ਚਾਹੀਦੀ, ਮੈਂ ਇਸ ਨੂੰ ਛੁਪਾਉਣਾ ਨਹੀਂ ਚਾਹੁੰਦਾ, ਪਰ ਮੈਂ ਇਕ ਹੀ ਸ਼ਰਤ ‘ਤੇ ਜ਼ਿੰਦਾ ਰਹਿ ਸਕਦਾ ਹਾਂ ਕਿ ਕੈਦ ਹੋ ਕੇ ਜਾਂ ਪਾਬੰਧ ਹੋ ਕੇ ਨਾ ਰਹਾਂ। ਮੇਰਾ ਨਾਂ ਹਿੰਦੋਸਤਾਨੀ ਕ੍ਰਾਂਤੀ ਦਾ ਪ੍ਰਤੀਕ ਬਣ ਚੁੱਕਿਆ ਹੈ। ਕ੍ਰਾਂਤੀਕਾਰੀ ਦਲਾਂ ਦੇ ਆਦੇਸ਼ ਨੇ ਮੈਨੂੰ ਬਹੁਤ ਉੱਚਾ ਉਠਾ ਦਿੱਤਾ ਹੈ, ਇੰਨਾ ਉੱਚਾ ਕਿ ਜਿਉਂਦੇ ਰਹਿਣ ਦੀ ਸਥਿਤੀ ਵਿਚ ਮੈਂ ਇਸ ਤੋਂ ਉੱਚਾ ਨਹੀਂ ਉਠ ਸਕਦਾ ਸੀ। ਮੇਰੇ ਹੱਸਦੇ-ਹੱਸਦੇ ਫਾਂਸੀ ‘ਤੇ ਚੜ੍ਹਨ ਦੀ ਸੂਰਤ ਵਿਚ ਦੇਸ਼ ਦੀਆਂ ਮਾਤਾਵਾਂ ਆਪਣੇ ਬੱਚਿਆਂ ਤੋਂ ਭਗਤ ਸਿੰਘ ਦੀ ਉਮੀਦ ਕਰਨਗੀਆਂ। ਇਸ ਨਾਲ ਅਜ਼ਾਦੀ ਲਈ ਕੁਰਬਾਨੀ ਦੇਣ ਵਾਲਿਆਂ ਦੀ ਗਿਣਤੀ ਇੰਨੀ ਵਧ ਜਾਵੇਗੀ ਕਿ ਕ੍ਰਾਂਤੀ ਨੂੰ ਰੋਕਣਾ ਨਾਮੁਮਕਿਨ ਹੋ ਜਾਵੇਗਾ। ਅਜਕਲ ਮੈਨੂੰ ਖੁਦ ‘ਤੇ ਬਹੁਤ ਗਰਵ ਹੈ। ਹੁਣ ਤਾਂ ਬੜੀ ਬੇਤਾਬੀ ਨਾਲ ਅੰਤਿਮ ਪ੍ਰੀਖਿਆ ਦਾ ਇੰਤਜ਼ਾਰ ਹੈ, ਕਾਮਨਾ ਹੈ ਕਿ ਇਹ ਹੋਰ ਨਜ਼ਦੀਕ ਹੋ ਜਾਵੇ’।

ਭਗਤ ਸਿੰਘ ਦਾ ਅਧੂਰਾ ਸੰਘਰਸ਼

ਭਗਤ ਸਿੰਘ , ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਲਾਉਣ ਦੀ ਮਿਤੀ 24 ਮਾਰਚ, 1931 ਤੈਅ ਕੀਤੀ ਗਈ ਸੀ। ਪਰੰਤੂ ਲੋਕਾਂ ਦਾ ਹਜੂਮ 23 ਮਾਰਚ ਸਵੇਰ ਤੋਂ ਹੀ ਜੇਲ੍ਹ ਦੇ ਗੇਟ ਦੇ ਬਾਹਰ ਇਕੱਠਾ ਹੋਣ ਲੱਗਾ। ਲੋਕਾਂ ਦੀ ਬਗਾਵਤ ਤੋਂ ਡਰਦਿਆਂ ਅੰਗਰੇਜ਼ ਹਕੂਮਤ ਨੇ ਇੱਕ ਕੋਝੀ ਚਾਲ ਚਲਦਿਆਂ 23 ਮਾਰਚ,1931 ਨੂੰ ਸ਼ਾਮ 7:30 ਵਜੇ ਫਾਂਸੀ ਦੇਣ ਦੀ ਯੋਜਨਾ ਬਣਾਈ। ਜਦੋਂ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਫਾਂਸੀ ਦੇ ਤਖਤੇ ਤੱਕ ਲਿਜਾਉਣ ਲਈ ਪੁਲਿਸ ਕਰਮਚਾਰੀ ਆਏ ਤਾਂ ਉਸ ਸਮੇਂ ਭਗਤ ਸਿੰਘ ਲੈਨਿਨ ਦੀ ਜੀਵਨੀ ਪੜ੍ਹ ਰਿਹਾ ਸੀ। ਭਗਤ ਸਿੰਘ ਨੇ ਕਿਹਾ ਰੁਕੋ ਇੱਕ ਕ੍ਰਾਂਤੀਕਾਰੀ ਦੂਜੇ ਕ੍ਰਾਂਤੀਕਾਰੀ ਨਾਲ ਮੁਲਾਕਾਤ ਕਰ ਰਿਹਾ ਹੈ। ਇਸ ਤੋਂ ਬਾਅਦ ਭਗਤ ਸਿੰਘ ਕਿਤਾਬ ਦਾ ਪੰਨਾ ਮੋੜ ਪੁਲਿਸ ਕਰਮਚਾਰੀਆਂ ਨਾਲ ਤੁਰ ਪਿਆ। ਕਿਤਾਬ ਦਾ ਮੁੜਿਆ ਹੋਇਆ ਪੰਨਾਂ ਇੰਝ ਕਹਿ ਰਿਹਾ ਸੀ ਜਿਵੇਂ ਕਿ ਇਹ ਸੰਘਰਸ਼ ਅਧੂਰਾ ਹੈ ਜੋ ਆਉਣ ਵਾਲੀ ਪੀੜ੍ਹੀ ਪੂਰਾ ਕਰੇਗੀ।