ਕੁਦਰਤ ਦੀ ਅਨਮੋਲ ਦੇਣ ਐਲੋਵੇਰਾ (ਕੁਆਰ ਗੰਦਲ)

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਐਲੋਵੇਰਾ ਕੁਦਰਤ ਦੀ ਅਨਮੋਲ ਦੇਣ ਹੈ ਜਿਸ ਨੂੰ ਘੀ-ਘੁਮਾਰ, ਕੁਆਰ ਗੰਦਲ, ਘਰਿਤ ਕੁਮਾਰੀ ਆਦਿ ਨਾਂਵਾਂ ਨਾਲ ਜਾਣਿਆ ਜਾਂਦਾ ਹੈ। ਇਹ ਇਕ ਮੋਟੇ-ਮੋਟੇ..

File Photo

ਐਲੋਵੇਰਾ ਕੁਦਰਤ ਦੀ ਅਨਮੋਲ ਦੇਣ ਹੈ ਜਿਸ ਨੂੰ ਘੀ-ਘੁਮਾਰ, ਕੁਆਰ ਗੰਦਲ, ਘਰਿਤ ਕੁਮਾਰੀ ਆਦਿ ਨਾਂਵਾਂ ਨਾਲ ਜਾਣਿਆ ਜਾਂਦਾ ਹੈ। ਇਹ ਇਕ ਮੋਟੇ-ਮੋਟੇ ਹਰੇ-ਹਰੇ ਪੱਤਿਆਂ ਵਾਲਾ ਪੌਦਾ ਹੁੰਦਾ ਹੈ। ਇਸ ਦੇ ਪੱਤੇ ਚਾਰੇ ਪਾਸੇ ਫੈਲੇ ਹੁੰਦੇ ਹਨ। ਪੱਤਿਆਂ ਦੇ ਦੋਵੇਂ ਪਾਸੇ ਕੰਡੇ ਹੁੰਦੇ ਹਨ। ਵਿਚਕਾਰੋਂ ਇਕ ਲੰਮੀ ਟਾਹਣੀ ਨਿਕਲਦੀ ਹੈ ਜਿਸ ਨੂੰ ਫੁੱਲ ਲਗਦਾ ਹੈ।

ਪੱਤਿਆਂ ਨੂੰ ਕੱਟਣ ਤੇ ਇਸ ਦਾ ਗੁੱਦਾ (ਜੈੱਲ) ਨਿਕਲਦਾ ਹੈ। ਇਸ ਦੀਆਂ ਕਈ ਕਿਸਮਾਂ ਹਨ। ਪਰ 5 ਕਿਸਮਾਂ ਹੀ ਖਾਣ ਯੋਗ ਮੰਨੀਆਂ ਗਈਆਂ ਹਨ। ਦੇਸੀ ਐਲੋਵੇਰਾ ਪੰਜਾਬ ਵਿਚ ਆਮ ਹੀ ਉੱਗ ਜਾਂਦਾ ਹੈ। ਇਕ ਪੌਦੇ ਤੋਂ ਕਈ ਪੌਦੇ ਤਿਆਰ ਕੀਤੇ ਜਾ ਸਕਦੇ ਹਨ। ਇਸ ਨੂੰ ਲਗਾਤਾਰ ਖਾਂਦੇ ਰਹੀਏ ਤਾਂ ਛੇਤੀ ਬੁਢਾਪਾ ਨਹੀਂ ਆਉਂਦਾ ਕਿਉਂਕਿ ਇਸ ਵਿਚ ਵਿਟਾਮਿਨ-ਏ, ਬੀ-12, ਵਿਟਾਮਿਨ-ਸੀ, ਫੋਲਿਕ ਐਸਿਡ, ਕੈਲਸ਼ੀਅਮ, ਮੈਗਨੀਸ਼ੀਅਮ, ਮਿਨਰਲ ਆਦਿ ਹੁੰਦੇ ਹਨ।

ਏਨੇ ਗੁਣਾਂ ਦੇ ਬਾਵਜੂਦ ਵੀ ਅਪਣੀ ਧਾਰਨਾ ਇਹ ਹੈ ਕਿ ਇਹ ਗਰਮ ਹੁੰਦਾ ਹੈ ਜਦੋਂ ਕਿ ਅਜਿਹਾ ਕੁੱਝ ਵੀ ਨਹੀਂ। ਲੋੜੋਂ ਵੱਧ ਖਾਣ ਨਾਲ ਤਾਂ ਹਰ ਚੀਜ਼ ਦੇ ਨੁਕਸਾਨ ਹਨ। ਮੈਂ ਤੁਹਾਨੂੰ ਇਸ ਦੇ ਕ੍ਰਮਵਾਰ ਫਾਇਦੇ ਦਸਾਂਗਾ। ਅਸੀ ਜੋ ਪੜ੍ਹਿਆ, ਸਿਖਿਆ, ਇਕ ਦੂਜੇ ਤੋਂ ਗਿਆਨ ਲੈ ਕੇ ਸਾਂਝਾ ਕੀਤਾ, ਉਹੀ ਤੁਹਾਡੇ ਨਾਲ ਵੰਡਦੇ ਹਾਂ ਤੇ ਤੁਹਾਨੂੰ ਦਸਦੇ ਹਾਂ ਤਾਕਿ ਤੁਸੀ ਸਿਹਤਮੰਦ ਰਹੋ। ਐਲੋਵੇਰਾ ਕਈ ਦਵਾਈਆਂ ਵਿਚ ਕਈ ਤਰੀਕਿਆਂ ਨਾਲ ਵਰਤਿਆ ਜਾਂਦਾ ਹੈ। ਜੋ ਤਰੀਕੇ ਸੌਖੇ ਹਨ ਉਹੀ ਤੁਹਾਨੂੰ ਦੱਸਾਂਗਾ।

ਸਵੇਰੇ ਉਠ ਕੇ ਖ਼ਾਲੀ ਪੇਟ ਇਸ ਦਾ ਗੁੱਦਾ ਕੱਢ ਕੇ 1-2 ਚਮਚ ਖਾ ਲਉ। ਲਗਾਤਾਰ ਬੇਫ਼ਿਕਰ ਹੋ ਕੇ ਖਾਂਦੇ ਰਹੋ। ਇਸ ਨੂੰ ਖਾ ਕੇ ਘੰਟਾ ਕੁੱਝ ਨਾ ਖਾਉ। ਜੋ ਔਰਤ, ਮਰਦ ਸਦਾ ਜਵਾਨ ਰਹਿਣ ਦੀ ਇੱਛਾ ਰਖਦੇ ਹੋਣ, ਉਹ ਜ਼ਰੂਰ ਖਾਣ। ਇਸ ਨਾਲ ਕਬਜ਼, ਗੈਸ, ਪੇਟ ਸਾਫ਼ ਰਹੇਗਾ, ਤਾਕਤ ਮਿਲੇਗੀ, ਚਮੜੀ ਸਦਾ ਜਵਾਨ ਰਹੇਗੀ, ਅਰਥਾਤ ਬੁਢਾਪਾ ਨੇੜੇ ਨਹੀਂ ਆਉਂਦਾ।

ਇਸ ਦਾ ਗੁੱਦਾ ਕੱਢ ਕੇ ਛੋਟੇ-ਛੋਟੇ ਪੀਸ ਕਰ ਲਉ। ਧੁੱਪ ਵਿਚ ਕਈ ਦਿਨ ਰੱਖੋ। ਇਹ ਸੁੱਕ ਜਾਣਗੇ, ਸੁਕਾ ਕੇ ਪਾਊਡਰ ਬਣਾ ਲਉ। ਖਾਲੀ ਕੈਪਸੂਲ 500 ਮਿਲੀਗ੍ਰਾਮ ਦੇ ਭਰ ਕੇ ਰੱਖ ਲਉ। ਸਵੇਰੇ ਸ਼ਾਮ ਇਕ-ਇਕ ਕੈਪਸੂਲ ਖਾਉ। ਉੱਪਰ ਦੱਸੇ ਫਾਇਦੇ ਹੋਣਗੇ। ਇਹ ਉਨ੍ਹਾਂ ਲਈ ਹੈ ਜਿਨ੍ਹਾਂ ਦੇ ਘਰ ਵਿਚ ਇਹ ਬੂਟਾ ਨਹੀਂ ਲੱਗਾ ਹੋਇਆ ਉਂਜ ਤਾਜ਼ਾ ਜ਼ਿਆਦਾ ਚੰਗਾ ਹੁੰਦਾ ਹੈ।

ਅੱਧਾ ਕੱਪ ਦਹੀਂ ਵਿਚ ਦੋ ਚਮਚ ਇਸ ਦਾ ਗੁੱਦਾ ਚੰਗੀ ਤਰ੍ਹਾਂ ਪੀਸ ਕੇ ਮਿਲਾਉ, ਸ਼ੈਂਪੂ ਦੀ ਤਰ੍ਹਾਂ ਵਰਤੋ। 20 ਮਿੰਟ ਬਾਅਦ ਧੋ ਦਿਉ। ਹਰ 10 ਦਿਨ ਬਾਅਦ ਕਰਦੇ ਰਹੋ। ਵਾਲਾਂ ਦੀ ਚਮਕ ਬਣੀ ਰਹੇਗੀ। 2 ਚਮਚ ਐਲੋਵੇਰਾ ਦਾ ਗੁੱਦਾ, 1 ਕੈਪਸੂਲ (ਵਿਟਾਮਿਨ-ਈ) ਅੱਧਾ ਨਿੰਬੂ ਰਸ। ਗੁੱਦਾ ਪੀਸ ਕੇ ਉਸ ਵਿਚ ਕੈਪਸੂਲ ਕੱਟ ਕੇ ਪਾ ਦਿਉ। ਫਿਰ ਨਿੰਬੂ ਪਾ ਕੇ ਚੰਗੀ ਤਰ੍ਹਾਂ ਮਿਲਾ ਕੇ ਰੱਖੋ। ਇਹ ਤੁਹਾਡਾ ਮਾਊਥ ਵਾਸ਼ ਹੈ।

ਮੂੰਹ ਉਤੇ ਦੋ ਘੰਟੇ ਲਗਾ ਕੇ ਰੱਖੋ, ਫਿਰ ਹਲਕੇ ਕੋਸੇ ਪਾਣੀ ਨਾਲ ਧੋ ਲਉ। ਚੇਹਰਾ ਸਦਾ ਚਮਕਦਾ ਰੱਖਣ ਲਈ ਹਫ਼ਤੇ ਵਿਚ 1 ਜਾਂ 2 ਵਾਰ ਇੰਜ ਕਰੋ। ਇਸ ਨਾਲ ਰੰਗ ਰੂਪ ਨਿਖਰੇਗਾ, ਜਲਦੀ-ਜਲਦੀ ਝੁਰੜੀਆਂ ਨਹੀਂ ਪੈਂਦੀਆਂ। ਅੱਖਾਂ ਦੁਖਦੀਆਂ ਹੋਣ ਤਾਂ ਥੋੜਾ ਜਿਹਾ ਐਲੋਵੇਰਾ ਗੁੱਦਾ, ਥੋੜੀ ਜਹੀ ਅਸਲੀ ਹਲਦੀ, ਦੋਵੇਂ ਥੋੜਾ ਗਰਮ ਕਰ ਕੇ ਅੱਖਾਂ ਉਤੇ ਬੰਨ੍ਹ ਕੇ ਥੋੜਾ ਸਮਾਂ ਪੈ ਜਾਉ, ਫਿਰ ਲਾਹ ਦਿਉ। ਅੱਖਾਂ ਦਾ ਦਰਦ ਘੱਟ ਜਾਵੇਗਾ।

ਇਸ ਦਾ ਗੁੱਦਾ 10 ਗ੍ਰਾਮ ਰੋਜ਼ ਖਾਂਦੇ ਰਹਿਣ ਨਾਲ ਇਕ ਤਾਂ ਪੇਟ ਸਾਫ਼ ਹੁੰਦਾ ਹੈ। ਦੂਜਾ ਜੋੜਾਂ ਦਾ ਦਰਦ, ਗਠੀਆ, ਕਬਜ਼ ਨਹੀਂ ਹੁੰਦਾ, ਜੋ ਗਠੀਆ ਦਾ ਰੋਗੀ ਹੈ, ਉਹ ਲਗਾਤਾਰ ਖਾਵੇ। ਹੌਲੀ-ਹੌਲੀ ਗਠੀਆ ਠੀਕ ਹੋਵੇਗਾ, ਗਠੀਏ ਦਾ ਰੋਗ ਵਿਗੜੇਗਾ ਨਹੀਂ। ਵੇਖਿਆ ਗਿਆ ਹੈ ਜਦੋਂ ਗਠੀਏ ਦੇ ਰੋਗੀ ਦੇ ਹੱਥ ਪੈਰ ਵਿੰਗੇ ਹੋਣ ਲੱਗ ਜਾਣ ਫਿਰ ਉਹ ਗਠੀਏ ਦੀ ਵਿਗੜੀ ਕਿਸਮ ਵਿਚ ਮੰਨਿਆ ਜਾਂਦਾ ਹੈ। ਸੋ ਇਸ ਦੇ ਸੇਵਨ ਨਾਲ ਜੋੜਾਂ ਦਾ ਦਰਦ ਤੇ ਗਠੀਆ ਹੁੰਦਾ ਹੀ ਨਹੀਂ।

ਕਮਰ ਦਰਦ ਦੇ ਲੱਡੂ : ਕਣਕ ਦਾ ਆਟਾ ਅੱਧਾ ਕਿਲੋ, ਐਲੋਵੇਰਾ ਦਾ ਗੁੱਦਾ ਐਨਾ ਕੁ ਪਾਉ ਕਿ ਆਟਾ ਗੁਨ੍ਹਣ ਯੋਗ ਹੋ ਜਾਵੇ। ਜਿਵੇਂ ਆਪਾਂ ਆਟੇ ਵਿਚ ਪਾਣੀ ਪਾ ਕੇ ਆਟਾ ਗੁਨ੍ਹਦੇ ਹਾਂ। ਇਸ ਦਾ ਆਟਾ ਬਣ ਜਾਵੇ ਤਾਂ ਉਸ ਦੀਆਂ ਰੋਟੀਆਂ ਬਣਾ ਲਉ। ਜਦ ਰੋਟੀ ਤਵੇ ਤੇ ਤਿਆਰ ਹੋ ਜਾਵੇ ਤਾਂ ਉਸ ਦਾ ਪਾਊਡਰ ਬਣਾ ਕੇ ਸ਼ੱਕਰ, ਘੀ ਮਿਲਾ ਕੇ ਲੱਡੂ ਵੱਟ ਲਉ, ਘੀ, ਸ਼ੱਕਰ ਲੋੜ ਮੁਤਾਬਕ ਪਾ ਸਕਦੇ ਹੋ। ਇਹ ਲੱਡੂ ਦੁਧ ਨਾਲ 1-1 ਰੋਜ਼ ਖਾਉ, ਕਮਰ ਦਰਦ ਵਿਚ ਫਾਇਦਾ ਹੋਵੇਗਾ।

ਸਰਦੀਆਂ ਵਿਚ ਜ਼ਿਆਦਾ ਫ਼ਾਈਦੇਮੰਦ ਰਹਿੰਦਾ ਹੈ। ਜੇਕਰ ਕਦੇ ਵੀ ਘਰ ਦਾ ਕੋਈ ਮੈਂਬਰ ਅਚਾਨਕ ਅੱਗ ਨਾਲ ਝੁਲਸ ਜਾਵੇ ਤਾਂ ਤੁਰਤ ਐਲੋਵੇਰਾ ਦਾ ਗੁੱਦਾ ਪੀਹ ਕੇ ਉੱਥੇ ਲਗਾ ਦਿਉ। ਜਲਣ ਨਹੀਂ ਹੋਵੇਗੀ। ਇਸ ਦਾ ਗੁੱਦਾ ਜ਼ਖ਼ਮ ਵੀ ਭਰਦਾ ਹੈ। ਕੈਂਸਰ ਦੇ ਮਰੀਜ਼ਾਂ ਨੂੰ ਜਦੋਂ ਕੀਮੋਥਰੈਪੀ ਦੀਆਂ ਰੇਡੀਏਸ਼ਨਾਂ ਨਾਲ ਜ਼ਖ਼ਮ ਹੋ ਜਾਂਦੇ ਹਨ, ਉਨ੍ਹਾਂ ਨੂੰ ਭਰਨ ਵਿਚ ਬਹੁਤ ਮਦਦ ਕਰਦਾ ਹੈ।

ਐਲੋਵੇਰਾ ਦਾ ਆਚਾਰ : ਇਸ ਦੇ ਪੱਤੇ ਦੋਵਾਂ ਪਾਸਿਉਂ ਕੱਟ ਲਉ, ਕੰਡੇ ਨਾ ਰਹਿਣ। ਛੋਟੇ-ਛੋਟੇ ਟੁਕੜੇ ਕੱਟ ਕੇ 5 ਕਿੱਲੋ ਹੋ ਜਾਣ ਤਾਂ ਉਸ ਵਿਚ ਅੱਧਾ ਕਿਲੋ ਨਮਕ ਮਿਲਾ ਕੇ ਇਸ ਨੂੰ ਢੱਕ ਕੇ 2-3 ਦਿਨ ਧੁੱਪ ਵਿਚ ਰੱਖੋ ਤੇ ਵਿਚ-ਵਿਚ ਨੂੰ ਹਿਲਾਉਂਦੇ ਰਹੋ। 3 ਦਿਨ ਬਾਅਦ 100 ਗ੍ਰਾਮ ਹਲਦੀ, 100 ਗ੍ਰਾਮ ਧਨੀਆ, 100 ਗ੍ਰਾਮ ਜ਼ੀਰਾ, 50 ਗ੍ਰਾਮ ਲਾਲ ਮਿਰਚ, 60 ਗ੍ਰਾਮ ਭੁੰਨੀ ਹਿੰਗ, 300 ਗ੍ਰਾਮ ਅਜਵੈਣ, 100 ਗ੍ਰਾਮ ਸੁੰਢ, ਕਾਲੀ ਮਿਰਚ, ਮਗਜ਼ ਪੀਸ ਕੇ 60-60 ਗ੍ਰਾਮ, ਲੌਂਗ ਦਾਲਚੀਨੀ ਪਾਊਡਰ, ਸੁਹਾਗਾ ਭੁੰਨ ਕੇ ਸਾਰੇ 50-50 ਗ੍ਰਾਮ,

ਵੱਡੀ ਅਲੈਚੀ 50 ਗ੍ਰਾਮ, ਰਾਈ 300 ਗ੍ਰਾਮ। ਜੋ ਚੀਜ਼ਾਂ ਪੀਸਣ ਵਾਲੀਆਂ ਹਨ, ਉਨ੍ਹਾਂ ਨੂੰ ਮੋਟਾ-ਮੋਟਾ ਕੁੱਟ ਕੇ ਮਿਲਾ ਕੇ ਰੱਖ ਲਉ, ਕੁੱਝ ਦਿਨ ਬਾਅਦ ਇਹ ਖਾਣ ਯੋਗ ਹੋ ਜਾਵੇਗਾ। 3 ਤੋਂ 5 ਗ੍ਰਾਮ ਜਿੰਨਾ ਕੁ ਪੱਚ ਸਕੇ ਖਾਂਦੇ ਰਹੋ। ਪੇਟ ਰੋਗ, ਕਫ਼ ਰੋਗ, ਵਾਤ ਨਹੀਂ ਹੁੰਦੇ। ਇਹ ਤੁਸੀ ਦਾਲ, ਸਬਜ਼ੀ, ਸਾਗ ਆਦਿ ਵਿਚ ਮਿਲਾ ਕੇ ਖਾ ਸਕਦੇ ਹੋ। ਜੇਕਰ ਤੁਹਾਡੇ ਘਰ ਪੌਦਾ ਲੱਗਾ ਹੋਇਆ ਹੈ ਤਾਂ ਵਰਤੋਂ ਵਿਚ ਲਿਆਉ ਜੇ ਨਹੀਂ ਹੈ ਤਾਂ ਅਪਣੇ ਘਰ ਦਾ ਸ਼ਿੰਗਾਰ ਬਣਾ ਕੇ ਲਗਾਉ।

ਸੰਪਰਕ : 98726-10005, ਵੈਦ ਬੀ. ਕੇ ਸਿੰਘ