ਨਰਿੰਦਰ ਮੋਦੀ ਦੀ ਜਿੱਤ ਨੂੰ ਕਿਵੇਂ ਦੇਖਦੇ ਹਨ ਵਿਦੇਸ਼ੀ ਅਖਬਾਰ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਆਓ ਜਾਣਦੇ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਦੀ ਜਿੱਤ ਨੂੰ ਵਿਦੇਸ਼ੀ ਮੀਡੀਆ ਕਿਸ ਤਰ੍ਹਾਂ ਦੇਖਦਾ ਹੈ।

Narendra Modi

ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਦੀ ਇਕ ਵਾਰ ਫਿਰ ਕੇਂਦਰ ਦੀ ਸੱਤਾ ਵਿਚ ਵਾਪਸੀ ਹੋ ਗਈ ਹੈ। ਭਾਰਤ ਦੀਆਂ ਲੋਕ ਸਭਾ ਚੋਣਾਂ ‘ਤੇ ਦੁਨੀਆ ਭਰ ਦੀਆਂ ਨਜ਼ਰਾਂ ਟੀਕੀਆਂ ਹੋਈਆ ਸਨ। ਭਾਰਤੀ ਮੀਡੀਆ ਦੇ ਨਾਲ ਨਾਲ ਵਿਦੇਸ਼ੀ ਮੀਡੀਆ ਨੇ ਵੀ ਲੋਕ ਸਭਾ ਚੋਣਾਂ ਦੌਰਾਨ ਪੀਐਮ ਮੋਦੀ ਦੀ ਜਿੱਤ ਨੂੰ ਵੱਡੇ ਪੱਧਰ ‘ਤੇ ਕਵਰ ਕੀਤਾ ਹੈ। ਆਓ ਜਾਣਦੇ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਦੀ ਜਿੱਤ ਨੂੰ ਵਿਦੇਸ਼ੀ ਮੀਡੀਆ ਕਿਸ ਤਰ੍ਹਾਂ ਦੇਖਦਾ ਹੈ।

ਅਮਰੀਕੀ ਅਖਬਾਰ ਵਾਸ਼ਿੰਗਟਨ ਪੋਸਟ ਨੇ ‘ਰਾਸ਼ਟਰਵਾਦ ਦੀ ਅਪੀਲ ਦੇ ਨਾਲ ਮੋਦੀ ਨੇ ਜਿੱਤੀ ਚੋਣ’ ਨਾਂਅ ਦਾ ਇਕ ਲੇਖ ਲਿਖਿਆ ਹੈ। ਇਸ ਵਿਚ ਉਹਨਾਂ ਲਿਖਿਆ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਉਹਨਾਂ ਦੀ ਪਾਰਟੀ ਨੇ ਦੁਨੀਆ ਦੀਆਂ ਸਭ ਤੋਂ ਵੱਡੀਆਂ ਚੋਣਾਂ ਵਿਚ ਭਾਰੀ ਜਿੱਤ ਹਾਸਿਲ ਕੀਤੀ ਹੈ। ਇਸ ਜਿੱਤ ਨਾਲ ਸਾਫ ਹੁੰਦਾ ਹੈ ਕਿ ਵੋਟਰਾਂ ਨੇ ਮੋਦੀ ਦੀ ਸ਼ਕਤੀਸ਼ਾਲੀ ਅਤੇ ਮਾਣਮੱਤੀ ਹਿੰਦੂ ਛਵੀ ‘ਤੇ ਮੋਹਰ ਲਗਾ ਦਿੱਤੀ ਹੈ। ਅਖਬਾਰ ਨੇ ਲਿਖਿਆ ਹੈ ਕਿ ਪੰਜ ਸਾਲ ਪਹਿਲਾਂ ਇਕ ਚਾਹ ਵੇਚਣ ਵਾਲੇ ਦੇ ਪੁੱਤਰ ਨਰਿੰਦਰ ਮੋਦੀ ਜਦੋਂ ਪਹਿਲੀ ਵਾਰ ਕੇਂਦਰੀ ਸੱਤਾ ਵਿਚ ਆਏ ਸੀ ਤਾਂ ਲੋਕਾਂ ਨੇ ਉਹਨਾਂ ਨੂੰ ਬਦਲਾਅ ਦੀ ਇੱਛਾ ਨਾਲ ਵੋਟ ਪਾਈ ਸੀ।  ਲੋਕਾਂ ਵਿਚ ਯਕੀਨ ਸੀ ਕਿ ਉਹ ਇਕ ਅਰਬ ਤੋਂ ਜ਼ਿਆਦਾ ਲੋਕਾਂ ਦੇ ਇਸ ਦੇਸ਼ ਨੂੰ ਬਦਲ ਸਕਦੇ ਹਨ। ਅਰਥਵਿਵਸਥਾ ਨੂੰ ਬਿਹਤਰ ਕਰ ਸਕਦੇ ਹਨ ਅਤੇ ਲੱਖਾਂ ਨੌਕਰੀਆਂ ਪੈਦਾ ਕਰ ਸਕਦੇ ਹਨ।

ਉਹਨਾਂ ਲਿਖਿਆ ਹੈ ਕਿ ਲੋਕਾਂ ਦੀਆਂ ਉਮੀਦਾਂ ਪੰਜ ਸਾਲਾਂ ਵਿਚ ਪੂਰੀਆਂ ਨਹੀਂ ਹੋਈਆਂ, ਇਸਦੇ ਬਾਵਜੂਦ ਵੀ ਉਹਨਾਂ ਨੇ ਮੋਦੀ ਨੂੰ ਚੁਣਿਆ ਕਿਉਂਕਿ ਉਹ ਵੋਟਰਾਂ ਨੂੰ ਰਾਸ਼ਟਰਵਾਦ ਦਾ ਸੰਦੇਸ਼ ਦੇਣ ਵਿਚ ਸਫਲ ਰਹੇ। ਇਸ ਵਾਰ ਉਹਨਾਂ ਨੇ ਭਾਰਤ ਦੇ ਲੋਕਾਂ ਨੂੰ ਇਹ ਯਕੀਨ ਦਿੱਤਾ ਹੈ ਕਿ ਉਹ ਇਕੱਲੇ ਅਜਿਹੇ ਉਮੀਦਵਾਰ ਹਨ ਜੋ ਦੇਸ਼ ਦੀ ਰੱਖਿਆ ਕਰਨਗੇ ਅਤੇ ਅਤਿਵਾਦ ਨਾਲ ਲੜਨਗੇ। ਵਾਸਿੰਗਟਨ ਪੋਸਟ ਮੁਤਾਬਿਕ ਨਰਿੰਦਰ ਮੋਦੀ ਦੀ ਜਿੱਤ ਉਸ ਧਾਰਮਿਕ ਰਾਸ਼ਟਰਵਾਦ ਦੀ ਜਿੱਤ ਹੈ ਜਿਸ ਵਿਚ ਭਾਰਤ ਨੂੰ ਧਰਮ ਨਿਰਪੱਖਤਾ ਦੀ ਰਾਹ ਤੋਂ ਵੱਖ ਹਿੰਦੂ ਰਾਸ਼ਟਰਾਂ ਦੇ ਰੂਪ ਵਿਚ ਦੇਖਿਆ ਜਾਣ ਲੱਗਿਆ ਹੈ।

ਅਮਰੀਕੀ ਅਖਬਾਰ ਨਿਊਯਾਰਕ ਟਾਈਮਜ਼ ਨੇ ਨਰਿੰਦਰ ਮੋਦੀ ਦੀ ਜਿੱਤ ‘ਤੇ ਅਪਣੀ ਇਕ ਵਿਸ਼ੇਸ਼ ਰਿਪੋਰਟ ‘ਭਾਰਤ ਦੇ ਚੌਕੀਦਾਰ ਨਰਿੰਦਰ ਮੋਦੀ ਦੀ ਇਤਿਹਾਸਕ ਜਿੱਤ’ ਸਿਰਲੇਖ ਦੇ ਨਾਲ ਤਿਆਰ ਕੀਤੀ ਹੈ। ਇਸ ਰਿਪੋਰਟ ਵਿਚ ਲਿਖਿਆ ਹੈ ਕਿ ਮੋਦੀ ਨੇ ਪੂਰੇ ਚੋਣ ਪ੍ਰਚਾਰ ਵਿਚ ਅਪਣੇ ਆਪ ਨੂੰ ਭਾਰਤ ਦਾ ਚੌਂਕੀਦਾਰ ਦੱਸਿਆ ਜਦਕਿ ਉਹਨਾਂ ਦੇ ਪਹਿਲੇ ਕਾਰਜਕਾਲ ਦੌਰਾਨ ਭਾਰਤ ਦੀ ਘੱਟ ਗਿਣਤੀ ਨੇ ਅਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕੀਤਾ।

ਇਸ ਰਿਪੋਰਟ ਵਿਚ ਅੱਗੇ ਲਿਖਿਆ ਹੈ ਕਿ ਨਰਿੰਦਰ ਮੋਦੀ ਨੇ ਅਪਣੇ ਪਹਿਲੇ ਪੰਜ ਸਾਲਾਂ ਵਿਚ ਅਰਬਪਤੀਆਂ ਨੂੰ ਫਾਇਦਾ ਪਹੁੰਚਾਇਆ ਹੈ ਅਤੇ ਜਨਤਾ ਦੇ ਸਾਹਮਣੇ ਅਪਣੇ ਕਮਜ਼ੋਰ ਪਰਿਵਾਰਿਕ ਪੱਖ ਨੂੰ ਪੇਸ਼ ਕੀਤਾ ਹੈ। ਉਹਨਾਂ ਨੇ ਆਰਥਿਕ ਵਿਕਾਸ ਨੂੰ ਲੈ ਕੇ ਬਹੁਤ ਕੁਝ ਬੋਲਿਆ ਪਰ ਦੇਸ਼ ਦੇ ਨੌਜਵਾਨਾਂ ਨੂੰ ਨੌਕਰੀ ਨਹੀਂ ਦੇ ਸਕੇ। ਇਹਨਾਂ ਗੱਲਾਂ ਦੇ ਬਾਵਜੂਦ ਵੀ ਜੇਕਰ ਮੋਦੀ ਸੱਤਾ ਵਿਚ ਆਏ ਤਾਂ ਇਸ ਦਾ ਕਾਰਨ ਹਿੰਦੂ ਰਾਸ਼ਟਰਵਾਦ ਹੈ। ਅਖਬਾਰ ਅਨੁਸਾਰ ਨਰਿੰਦਰ ਮੋਦੀ ਦੀ ਜਿੱਤ ਉਹਨਾਂ ਦੇ ਵਿਵਾਦਿਤ ਹਿੰਦੂ ਰਾਸ਼ਟਰਵਾਦ, ਲੋਕਾਂ ਨੂੰ ਭਰਮਾਉਣ ਵਾਲੀ ਨਿਮਰਤਾ ਅਤੇ ਗਰੀਬਾਂ ਲਈ ਕੁਝ ਯੋਜਨਾਵਾਂ ਦੀ ਵਜ੍ਹਾ ਨਾਲ ਹੋਈ ਹੈ।

ਪਾਕਿਸਤਾਨ ਦੇ ਸਭ ਤੋਂ ਪ੍ਰਸਿੱਧ ਅੰਗਰੇਜ਼ੀ ਅਖਬਾਰ ਡਾਨ ਨੇ ਭਾਰਤੀ ਚੋਣਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਹੈ। ਅਖਬਾਰ ਨੇ ਭਾਜਪਾ ਦੀ ਜਿੱਤ ‘ਤੇ ਲਿਖਿਆ ਹੈ ਕਿ ਭਾਰਤ ਵਿਚ ਇਸ ਵਾਰ ਚੋਣਾਂ ਦੌਰਾਨ ਸਭ ਤੋਂ ਵੱਡਾ ਮੁੱਦਾ ਰਾਸ਼ਟਰੀ ਸੁਰੱਖਿਆ ਦਾ ਰਿਹਾ ਹੈ। ਜਨਤਾ ਨੇ ਇਸ ਮੁੱਦੇ ‘ਤੇ ਭਾਸ਼ਣ ਦੇਣ ਵਾਲੇ ਮੋਦੀ ਨੂੰ ਇਕ ਅਜੀਜ ਜਾਦੂਗਰ ਦੇ ਰੂਪ ਵਿਚ ਦੇਖਿਆ।  ਬਾਲਾਕੋਟ ਏਅਰਸਟ੍ਰਾਈਕ ਨੂੰ ਕੋਰੀਓਗ੍ਰਾਫਰ ਦੇ ਤੌਰ ‘ਤੇ ਅਪਣੇ ਆਪ ਨੂੰ ਸਥਾਪਿਤ ਕਰਦੇ ਹੋਏ ਮੋਦੀ ਨੇ ਵੰਡੇ ਹੋਏ ਵਿਰੋਧੀਆਂ ਨੂੰ ਪੂਰੀ ਤਰਾਂ ਕੁਚਲ ਕੇ ਰੱਖ ਦਿੱਤਾ।

ਡਾਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਜਿੱਤ ‘ਤੇ ਸੰਪਾਦਕੀ ਵਿਚ ਅੱਗੇ ਲਿਖਿਆ ਹੈ ਕਿ ਮੋਦੀ ਦਾ ਪੂਰਾ ਚੋਣ ਪ੍ਰਚਾਰ ਮੁਸਲਿਮ ਅਤੇ ਪਾਕਿਸਤਾਨ ਵਿਰੋਧ ‘ਤੇ ਕੇਂਦਰਿਤ ਸੀ ਅਤੇ ਇਸ ਪ੍ਰਚਾਰ ਦੀ ਸ਼ੁਰੂਆਤ ਵਿਚ ਭਾਰਤ ਸਰਕਾਰ ਨੇ ਰਾਸ਼ਟਰਵਾਦ ਦੀ ਭਾਵਨਾ ਨੂੰ ਭੜਕਾਉਣ ਲਈ ਹੀ ਪਾਕਿਸਤਾਨ ਦੇ ਅੰਦਰ ਹਵਾਈ ਹਮਲੇ ਕੀਤੇ ਸਨ।

ਚੀਨ ਦੇ ਪ੍ਰਸਿੱਧ ਅਖਬਾਰ ਗਲੋਬਲ ਟਾਈਮਜ਼ ਨੇ ਭਾਜਪਾ ਦੀ ਜਿੱਤ ਨੂੰ ਇਤਿਹਾਸਕ ਦੱਸਦੇ ਹੋਏ ਲਿਖਿਆ ਹੈ ਕਿ 1984 ਤੋਂ ਬਾਅਦ ਭਾਰਤ ਵਿਚ ਪਹਿਲੀ ਵਾਰ ਕਿਸੇ ਪਾਰਟੀ ਨੇ ਲਗਾਤਾਰ ਦੂਜੀ ਵਾਰ ਬਹੁਮਤ ਨਾਲ ਸਰਕਾਰ ਬਣਾਈ ਹੈ। ਨਰਿੰਦਰ ਮੋਦੀ ਦੀ ਜਿੱਤ ਨਾਲ ਭਾਰਤ ਦੇ ਵਿੱਤੀ ਬਜ਼ਾਰਾਂ ਵਿਚ ਵੀ ਭਾਰੀ ਉਛਾਲ ਆਇਆ ਹੈ। ਅਖਬਾਰ ਨੇ ਲਿਖਿਆ ਹੈ ਕਿ ਇਸ ਵੱਡੀ ਜਿੱਤ ਤੋਂ ਬਾਅਦ ਹੁਣ ਮੋਦੀ ਲਈ ਚੁਣੌਤੀਆਂ ਸ਼ੁਰੂ ਹੋਣ ਵਾਲੀਆਂ ਹਨ। ਅਖਬਾਰ ਵਿਚ ਇਸਦੇ ਨਾਲ ਇਹ ਵੀ ਲਿਖਿਆ ਹੈ ਕਿ ਮੋਦੀ ਲਈ ਦੇਸ਼ ਨੂੰ ਇਕਜੁੱਟ ਕਰਨਾ ਬਹੁਤ ਮੁਸ਼ਕਿਲ ਹੋਵੇਗਾ।

ਬ੍ਰਿਟੇਨ ਦੇ ਪ੍ਰਸਿੱਧ ਅਖਬਾਰ ਦ ਗਾਰਡਿਅਨ ਨੇ ਭਾਰਤ ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ‘ਤੇ ਲਿਖਿਆ ਹੈ ਕਿ ਮੋਦੀ ਦੀ ਅਸਧਾਰਨ ਪ੍ਰਸਿੱਧੀ ਦੇ ਚਲਦਿਆਂ ਭਾਰਤੀ ਸਿਆਸਤ ਹੁਣ ਹਿੰਦੂ ਰਾਸ਼ਟਰਵਾਦ ਦੇ ਨਵੇਂ ਯੁੱਗ ਵਿਚ ਪ੍ਰਵੇਸ਼ ਕਰ ਚੁਕੀ ਹੈ। ਅਖਬਾਰ ਨੇ ਅਪਣੀ ਸੰਪਾਦਕੀ ਵਿਚ ਮੋਦੀ ‘ਤੇ ਸਖ਼ਤ ਟਿੱਪਣੀ ਕੀਤੀ ਹੈ। ਇਸਦੇ ਮੁਤਾਬਿਕ ਬ੍ਰੇਕਜ਼ਿਟ, ਡੋਨਾਲਡ ਟਰੰਪ ਅਤੇ ਨਰਿੰਦਰ ਮੋਦੀ ਦੀ ਸਫਲਤਾ ਦਾ ਬੀਜ ਸਥਾਨਕ ਨਸਲਵਾਦ ਅਤੇ ਅਸਮਾਨਤਾ ਦੁਆਰਾ ਬੋਇਆ ਗਿਆ ਹੈ। ਦ ਗਾਰਡੀਅਨ ਨੇ ਇਕ ਹੋਰ ਸੰਪਾਦਕੀ ਵਿਚ ਲਿਖਿਆ ਹੈ ਕਿ ਭਾਰਤ ਦੀ ਆਤਮਾ ਲਈ ਮੋਦੀ ਦੀ ਜਿੱਤ ਬੁਰੀ ਹੈ। ਅਖਬਾਰ ਨੇ ਸਾਫ ਤੌਰ ‘ਤੇ ਲਿਖਿਆ ਹੈ ਕਿ ਦੁਨੀਆ ਨੂੰ ਇਕ ਹੋਰ ਪ੍ਰਸਿੱਧ ਰਾਸ਼ਟਰਵਾਦੀ ਨੇਤਾ ਦੀ ਜ਼ਰੂਰਤ ਨਹੀਂ ਹੈ ਜੋ ਕਿ ਘੱਟ ਗਿਣਤੀ ਨੂੰ ਦੂਜੇ ਦਰਜੇ ਦਾ ਨਾਗਰਿਕ ਮੰਨਦਾ ਹੋਵੇ।