ਗਲਾਸੀ ਜੰਕਸ਼ਨ (ਭਾਗ 2)

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਗਲਾਸੀ ਜੰਕਸ਼ਨ ਵਿਚ ਵੜ ਕੇ ਇੰਜ ਲੱਗਾ ਜਿਵੇਂ ਯੂਰਪ 'ਚੋਂ ਨਿਕਲ ਕੇ ਪੰਜਾਬ ਵਿਚ ਵੜ ਗਿਆ ਹਾਂ। ਜਿਸ ਵਿਚ ਬਹੁਤ ਸਾਰਾ ਜਲੰਧਰ, ਥੋੜਾ  ਜਿਹਾ ਅੰਬਰਸਰ, ਵਿਰਲਾ-ਵਿਰਲਾ ...

Amin Malik

ਗਲਾਸੀ ਜੰਕਸ਼ਨ ਵਿਚ ਵੜ ਕੇ ਇੰਜ ਲੱਗਾ ਜਿਵੇਂ ਯੂਰਪ 'ਚੋਂ ਨਿਕਲ ਕੇ ਪੰਜਾਬ ਵਿਚ ਵੜ ਗਿਆ ਹਾਂ। ਜਿਸ ਵਿਚ ਬਹੁਤ ਸਾਰਾ ਜਲੰਧਰ, ਥੋੜਾ  ਜਿਹਾ ਅੰਬਰਸਰ, ਵਿਰਲਾ-ਵਿਰਲਾ ਲਾਹੌਰ ਤੇ ਕੋਈ-ਕੋਈ ਲੰਦਨ ਦਾ ਪਰਦੇਸੀ ਲਗਦਾ ਗੋਰਾ ਸੀ। ਜਿਸ 'ਟੇਸ਼ਨ ਦਾ ਨਾਮ ਹੀ ਗਲਾਸੀ ਜੰਕਸ਼ਨ ਹੋਵੇ, ਉਥੇ ਗੋਰਾ ਤਾਂ ਪਰਦੇਸੀ ਹੀ ਲਗਣਾ ਸੀ। ਝਕਦੇ ਝਕਦੇ ਨੇ ਮੈਂ ਆਲੇ ਦੁਆਲੇ ਝਾਤੀ ਮਾਰੀ ਤਾਂ ਇਕੋ ਹੀ ਐਸਾ ਮੇਜ਼ ਸੀ ਜਿਸ ਦੀਆਂ ਦੋ ਕੁਰਸੀਆਂ ਖ਼ਾਲੀ ਸਨ। ਅਜੇ ਬੈਠਾ ਹੀ ਸਾਂ ਤਾਂ ਪਤਾ ਲੱਗ ਗਿਆ ਕਿ ਇਸ ਮੇਜ਼ ਦੀਆਂ ਦੋ ਕੁਰਸੀਆਂ ਖ਼ਾਲੀ ਕਿਉਂ ਨੇ।

ਕਿਉਂਕਿ ਉਥੇ ਵਡੇਰੀ ਉਮਰ ਦੇ ਦੋ ਸਰਦਾਰ, ਸ਼ਰਾਬਖ਼ਾਨੇ ਵਿਚ ਖ਼ਾਨਾ ਖ਼ਰਾਬ ਪਰਵਾਸੀ ਅਜ਼ਾਬ ਖ਼ਾਨੇ ਦੀ ਅੱਗ ਤੋਂ ਸ਼ਾਇਦ ਛੁਟਕਾਰਾ ਨਹੀਂ ਸਨ ਪਾ ਸਕੇ। ''ਓਏ ਚੁਪ ਕਰ ਓਏ ਜੀਤੂ ਐਵੇਂ ਰੋਜ਼ ਦਿਹਾੜੀ ਤਮਾਸ਼ਾ ਲਾ ਲੈਨੈਂ। ਜੇ ਅੱਜ ਵੀ ਜ਼ਨਾਨੀ ਦੀ ਫੂੜ੍ਹੀ ਪਾ ਕੇ ਇੰਜ ਹੀ ਰੋਣੈ ਤਾਂ ਮੈਂ ਚਲਦਾਂ।'' ਇਕ ਸਰਦਾਰ ਦੂਜੇ ਰੋਂਦੇ ਹੋਏ ਸਰਦਾਰ ਨੂੰ ਦਾਬੇ ਮਾਰ ਰਿਹਾ ਸੀ।

ਅੱਖਾਂ ਦਾ ਹੜ੍ਹ ਵੀ ਕਦੀ ਦਬਕਿਆਂ ਦੀ ਰੇਤ ਨਾਲ ਠਿਲ੍ਹਿਆ ਗਿਆ? ਅੰਦਰ ਦੀ ਅੱਗ ਨੂੰ ਵੀ ਕਦੀ ਕਿਸੇ ਅਕਲ ਜਾਂ ਮਤ ਦਾ ਪਾਣੀ ਬੁਝਾ ਸਕਿਆ ਹੈ? ਜ਼ਿੰਦਗੀ ਦੇ ਲਾਏ ਹੋਏ ਭਾਂਬੜ, ਗਲਾਸੀ ਜੰਕਸ਼ਨ ਦੇ ਦੋ ਚਾਰ ਗਲਾਸਾਂ ਨਾਲ ਨਹੀਂ ਬੁੱਝ ਸਕਦੇ। ਬੰਦਾ ਪੰਜਾਬੀ ਹੋਵੇ ਤੇ ਉਤੋਂ  ਪੀਤੀ ਵੀ ਹੋਵੇ ਤਾਂ ਕਾਹਦਾ ਝਾਕਾ? ਮੈਂ ਰੋਂਦੇ ਸਰਦਾਰ ਦੇ ਮੋਢਿਆਂ ਉਪਰ ਹੱਥ ਰੱਖ ਕੇ ਆਖਿਆ, ''ਕੀ ਬਣ ਗਈਆਂ ਸਰਦਾਰ ਜੀ? ਪੱਬ ਦੇ ਪਿਆਲੇ ਨਾਲ ਵੀ ਦਿਲ ਕਿਉਂ ਨਹੀਂ ਪਰਚਦਾ?'' ਉਸ ਨੇ ਮੋਟੀਆਂ-ਮੋਟੀਆਂ ਖ਼ੂਬਸੂਰਤ ਅੱਖਾਂ ਨਾਲ ਪਿਛੇ ਮੁੜ ਕੇ ਵੇਖਿਆ।

ਬੀਅਰ ਦੀ ਝੱਗ ਨਾਲ ਲਿਬੜੀਆਂ ਮੁੱਛਾਂ ਇੰਜ ਸਨ ਜਿਵੇਂ ਬਿੱਲੀ ਦੁੱਧ ਪੀ ਕੇ ਹਟੀ ਹੋਵੇ। ਮੁੱਛਾਂ ਨੂੰ ਪੁੱਠੇ ਹੱਥ ਨਾਲ ਸਾਫ਼ ਕਰ ਕੇ ਆਖਣ ਲੱਗਾ, ''ਸੁਣ ਓਏ ਭਲਿਆ! ਮੈਨੂੰ ਸਰਦਾਰ ਨਾ ਆਖੀਂ। ਹੁਣ ਕਾਹਦੀਆਂ ਸਰਦਾਰੀਆਂ ਰਹਿ ਗਈਆਂ ਨੇ? ਸਰਦਾਰ ਤਾਂ ਉਸ ਦਿਨ ਹੀ ਡਿੱਗ ਪਿਆ ਸੀ ਜਿਸ ਦਿਨ ਜਹਾਜ਼ 'ਤੇ ਚੜ੍ਹਿਆ ਸੀ। ਅਪਣੇ ਪਿੰਡ ਦੀ ਮਿੱਟੀ ਛੱਡੀ ਤਾਂ ਮੈਂ ਮਿੱਟੀ ਨਾਲ ਮਿੱਟੀ ਹੋ ਗਿਆ। ਰੋਟੀ ਖਾਣ ਆਇਆ ਤਾਂ ਰੋਟੀ ਨੇ ਹੀ ਮੈਨੂੰ ਬੁਰਕੀ ਬਣਾ ਕੇ ਖਾ ਲਿਆ... ਗੁੰਨ੍ਹ ਛÎਡਿਆ ਆਟੇ ਨੇ ਮੈਨੂੰ। ਮੈਨੂੰ ਮੇਰੀ ਹੀ ਜੁੱਤੀ ਨੇ ਪੈਰੀਂ ਪਾ ਲਿਆ। ਹੁਣ ਮੇਰੇ ਲੀੜੇ ਗਲਮਿਉਂ ਫੜ ਕੇ ਧਰੂਈ ਫਿਰਦੇ ਨੇ।

ਇਸ ਦੇਸ਼ ਦੇ ਪਾਣੀ ਨੇ ਮੇਰਾ ਘੁੱਟ ਭਰ ਲਿਆ ਤੇ ਮੈਂ ਪਾਣੀਉਂ ਪਤਲਾ ਤੇ ਕੱਖੋਂ ਹੌਲਾ ਹੋ ਗਿਆ ਹਾਂ। ਯਾਦ ਰੱਖੀਂ, ਗਲਾਸ 'ਚੋਂ ਦਾਰੂ ਮੁਕ ਜਾਏ ਤਾਂ ਉਸ ਦਾ ਨਾਮ ਜਾਮ ਨਹੀਂ ਬਲਕਿ ਸਿਰਫ਼ ਗਲਾਸ ਹੁੰਦਾ ਏ। ਥਰਮੋਸ ਕਾਹਦੀ ਹੈ ਜੇ ਅੰਦਰੋਂ ਸ਼ੀਸ਼ਾ ਟੁੱਟ ਜਾਵੇ ਤਾਂ? ਤੂੰ ਹੁਣ ਮੈਨੂੰ ਜਤਿੰਦਰ ਸਿੰਘ ਵੀ ਨਾ ਆਖੀਂ। ਮੈਂ ਹੁਣ ਸਿਰਫ਼ ਜੀਤੂ ਹਾਂ... ਚਾਚਾ ਜੀਤੂ।''

ਮੇਰਾ ਜੀਅ ਕੀਤਾ, ਇਸ ਦੁੱਖ ਦੀ ਬਾਂਸਰੀ 'ਚੋਂ  ਸਾਰੀ ਰਾਤ ਹੀ ਇਸ ਤਰ੍ਹਾਂ ਦੀ ਖੁਲ੍ਹੀ ਕਵਿਤਾ ਸੁਣਦਾ ਰਹਾਂ। ਮੈਂ ਉਮਰਾਂ ਦਾ ਤ੍ਰਿਹਾਇਆ ਤੇ ਚਾਚਾ ਜੀਤੂ ਮੈਨੂੰ ਕਿਸੇ ਖੂਹ 'ਤੇ ਨਿਤਰੇ ਹੋਏ ਪਾਣੀ ਵਰਗਾ ਲਗਿਆ। ਮੈਂ ਹੋਰ ਦੋ ਚੁਲੀਆਂ ਭਰ ਕੇ ਪੀਣਾ ਹੀ ਚਾਹੁੰਦਾ ਸਾਂ ਕਿ ਚਾਚੇ ਜੀਤੂ ਦੇ ਕੋਲ ਬੈਠੇ ਸੰਗੀ ਨੇ ਦਾਬਾ ਮਾਰ ਕੇ ਉਸ ਨੂੰ ਚੁੱਪ ਕਰਾ ਦਿਤਾ। ਉਹ ਵਿਚਾਰਾ ਸਹਿਮ ਗਿਆ ਤੇ ਕੁੜਤੇ ਦਾ ਉਤਲਾ ਬੀੜਾ ਮੇਲ ਕੇ ਅੱਖਾਂ ਪੂੰਝਣ ਲੱਗ ਪਿਆ। ਉਸ ਦੀ ਬੇਵਸੀ ਦਸ ਰਹੀ ਸੀ ਕਿ ਪਰਵਾਸੀ ਜ਼ਿੰਦਗੀ ਨੇ ਉਸ ਕੋਲੋਂ ਦੁੱਖ ਫੋਲਣ ਦੇ ਹੱਕ ਵੀ ਖੋਹ ਲਏ ਹਨ।

ਉਸ ਦਾ ਮੂੰਹ-ਮੁਹਾਂਦਰਾ ਇਕ ਖ਼ੁਬਸੂਰਤ ਉਜੜੇ ਹੋਏ ਖੰਡਰ ਦੀ ਦਸ ਪਾਉਂਦਾ ਸੀ। ਉਸ ਦਾ ਜੁਗਰਾਫ਼ੀਆ ਦਸਦਾ ਸੀ ਕਿ ਉਸ ਦੇ ਅਤੀਤ ਦੇ ਵਰਕਿਆਂ ਉਪਰ ਕਦੀ ਬੜਾ ਹੀ ਖ਼ੂਬਸੂਰਤ ਇਤਿਹਾਸ ਹੋਵੇਗਾ। ਉਹ ਵਕਤ ਦੇ ਔਰੰਗਜ਼ੇਬ ਕੋਲੋਂ ਹਾਰਿਆ ਹੋਇਆ, ਅਣਖ ਵਾਲਾ ਸੱਚਾ ਸੁੱਚਾ ਨਿਹੰਗ ਲਗਦਾ ਸੀ। ਉਹ ਕਿਸੇ ਅਕਬਰ ਹੱਥੋਂ ਸੂਲੀ ਚੜ੍ਹਿਆ ਹੋਇਆ ਕੋਈ ਦੁੱਲਾ ਭੱਟੀ ਸੀ। ਉਹ ਕਿਸੇ ਮਾਛਣ ਦਾ ਭੱਠੀ ਝੋਕਦਾ ਹੋਇਆ ਹਜ਼ਰਤ ਸੁਲੇਮਾਨ ਸੀ ਜਾਂ ਸਿਕੰਦਰ ਕੋਲੋਂ ਹਾਰਿਆ ਹੋਇਆ ਪੰਜਾਬ ਦਾ ਕੋਈ ਅਣਖੀ ਪੋਰਸ। ਮੈਂ ਉਸ ਦੇ ਸਾਥੀ ਸਰਦਾਰ ਦੀ ਮਿੰਨਤ ਕੀਤੀ ਕਿ ਅੱਜ ਉਹ ਅਪਣੇ ਯਾਰ ਸਰਦਾਰ ਜਤਿੰਦਰ ਸਿੰਘ ਨੂੰ ਖੁਲ੍ਹ ਦੇ ਦੇਵੇ।

ਅੱਜ ਮੈਂ ਉਸ ਦੇ ਸਾਰੇ ਹੀ ਫੱਟਾਂ ਨੂੰ ਅਪਣੀਆਂ ਅੱਖਾਂ ਨਾਲ ਵੇਖ ਲਵਾਂ ਅਤੇ ਅਪਣੀ ਮਿੱਟੀ, ਅਪਣੇ ਦੇਸ਼ ਅਤੇ ਅਪਣੀ ਜੰਮਣ ਭੋਇੰ ਨੂੰ ਛੱਡ ਕੇ ਰੋਟੀ ਦੀ ਕੈਦ ਵਿਚ ਬੇੜੀਆਂ ਵੱਜੇ ਹੋਏ ਇਸ ਸ਼ਖ਼ਸ ਦੀ, ਸਜ਼ਾਵਾਂ ਦੀ ਦਾਸਤਾਨ ਸੁਣ ਲਵਾਂ। ਉਸ ਦੇ ਸਾਥੀ ਸਰਦਾਰ ਬਲਕਾਰ ਸਿੰਘ ਮਾਹਲ ਨੇ ਦਸਿਆ, ''ਅਮੀਨ ਸਾਹਬ! ਇਹ ਕਮਲਾ ਅਪਣੇ ਪਿਉ ਮੇਜਰ ਵਰਿਆਮ ਦਾ ਇਕੋ ਇਕ ਪੁੱਤਰ ਖ਼ਾਲਸਾ ਕਾਲਜ ਅੰਮ੍ਰਿਤਸਰ ਦਾ ਗਰੈਜੂਏਟ ਹੋਣ ਦੇ ਨਾਲ-ਨਾਲ, ਕਬੱਡੀ ਦਾ ਸਿਰ ਕਢਵਾਂ ਖਿਡਾਰੀ ਸੀ।

ਤਿੰਨ ਮੁਰੱਬੇ ਭੋਇੰ ਦਾ ਮਾਲਕ, ਰੱਜ ਕੇ ਸੋਹਣਾ ਤੇ ਇਨ੍ਹਾਂ ਸਾਰੀਆਂ ਸਹੂਲਤਾਂ ਦੇ ਨਾਲ-ਨਾਲ ਇਹ ਸ਼ਿਵ ਕੁਮਾਰ ਤੇ ਸਾਹਿਰ ਲੁਧਿਆਣਵੀ ਜਹੇ ਸੜਦੇ ਬਲਦੇ ਸ਼ਾਇਰਾਂ ਤੋਂ ਪ੍ਰਭਾਵਤ ਹੋ ਕੇ ਫ਼ਕੀਰ ਜਿਹਾ ਸ਼ਾਇਰ ਬਣ ਗਿਆ। ਪਿਉ ਨੇ ਸ਼ਾਇਰੀ ਤੋਂ ਹਟਾ ਕੇ ਬੰਦਾ ਬਣਾਉਣਾ ਚਾਹਿਆ ਪਰ ਇਹ ਸ਼ਾਇਰੀ ਦੀ ਬੰਦਗੀ ਤੋਂ ਬਾਜ਼ ਨਾ ਆਇਆ ਤੇ ਪਿਉ ਨੇ ਲੰਦਨ ਵਿਚ ਅਪਣੇ ਯਾਰ ਦੀ ਧੀ ਨਾਲ ਵਿਆਹ ਕਰ ਦਿਤਾ। ਇਸ ਦੇ ਘਰ ਵਿਚ ਰਿਜ਼ਕ ਦੀ ਕੋਈ ਘਾਟ ਨਹੀਂ ਸੀ, ਪਰ ਲੰਦਨ ਦੀ ਚਮਕ ਦਮਕ ਵਿਚ ਪਲਿਆ ਜਾਅਲੀ ਹੁਸਨ ਤੇ ਪੰਜਾਬ ਦੀ ਫ਼ਕੀਰ ਜਹੀ ਸ਼ਾਇਰੀ, ਇਕ ਦੂਜੇ ਨੂੰ ਮਖ਼ੌਲ ਜਿਹਾ ਲੱਗਣ ਲੱਗ ਪਏ।

ਲਕਦੀ (ਧੋਤੀ) ਨਾਲ ਜੀਨ, ਪਗੜੀ ਨਾਲ ਬੁਆਏ ਕੱਟ ਵਾਲ, ਚਾਰ ਦੀਵਾਰੀ ਨਾਲ ਆਜ਼ਾਦੀ ਤੇ ਪਰੌਂਠੇ ਨਾਲ ਪੀਜ਼ਾ ਹੱਥੋਪਾਈ ਹੋ ਗਏ। ਵਿਰੋਧੀ ਸੋਚਾਂ ਇਕ ਦੂਜੀ ਨਾਲ ਪੌੜ ਲਾ ਕੇ ਲੜੀਆਂ। ਜੀਤੂ ਦਾ ਪਿਉ ਨਹੀਂ ਸੀ ਚਾਹੁੰਦਾ ਕਿ ਉਸ ਦੇ ਯਾਰ ਦੀ ਧੀ ਉਜੜ ਕੇ ਲੰਦਨ ਪਰਤ ਜਾਏ। ਇਖ਼ਤਲਾਫ਼ ਦੀ ਇਸ ਆਰੀ ਕੋਲੋਂ ਜੀਤੂ ਦੇ ਪਿਉ ਨੂੰ ਅਪਣੀ ਯਾਰੀ ਕੱਟੀ ਜਾਣ ਦਾ ਡਰ ਸੀ। ਅਖ਼ੀਰ ਪੈਸਾ ਹਾਰ ਗਿਆ ਤੇ ਪੈਨੀ ਜਿੱਤ ਗਈ। ਪਿਉ ਨੇ ਭਲੇ ਮਾਣਸ ਜਹੇ ਖ਼ੂਬਸੁਰਤ ਸ਼ਾਇਰ ਪੁੱਤਰ ਦੀ ਮਿੰਨਤ ਕਰ ਕੇ, ਅਪਣੀ ਨੂੰਹ ਟੀਨਾ ਦੀ ਮੰਨ ਕੇ, ਜਤਿੰਦਰ ਨੂੰ ਲੰਦਨ ਟੋਰ ਦਿਤਾ।

ਜੀਤੂ  ਇਕ ਘੁੱਗੀ ਵਰਗਾ ਮਾਸੂਮ ਪੰਛੀ ਸ਼ਿਕਰਿਆਂ ਦੇ ਦੇਸ਼ ਵਿਚ ਆ ਕੇ ਬਚਦਾ ਬਚਾਉਂਦਾ ਆਖ਼ਰ ਪੱਬ ਵਿਚ ਆਲ੍ਹਣਾ ਬਣਾ ਬੈਠਾ। ਇਹ ਕਬੱਡੀ ਦਾ ਖਿਡਾਰੀ ਮਜ਼ਦੂਰੀਆਂ ਤਾਂ ਕਰ ਸਕਦਾ ਸੀ ਪਰ ਜਿਹੜੇ ਇਸ ਨੂੰ ਜਜ਼ਬਾਤੀ ਜੱਫੇ ਪਏ ਤੇ ਇਖ਼ਲਾਕੀ ਕੈਂਚੀਆਂ ਵੱਜੀਆਂ, ਉਨ੍ਹਾਂ ਤੋਂ ਛੁੱਟ ਕੇ ਢੇਰੀਆਂ ਤਕ ਨਾ ਅੱਪੜ ਸਕਿਆ। ਇਹ ਸਿਧ ਪੱਧਰਾ ਖਿਡਾਰੀ ਸੀ ਪਰ ਲੋਕਾਂ ਨੇ ਧੌਲਾਂ ਮਾਰੀਆਂ, ਲੰਗੋਟਾ ਪਾੜਿਆ ਤੇ ਰੈਫ਼ਰੀ ਨੇ ਜੀਤੂ  ਨੂੰ ਦਾਇਰੇ ਤੋਂ ਬਾਹਰ ਕੱਢ ਦਿਤਾ ਤੇ ਇਸ ਦੀ ਖੇਡ ਹੀ ਉਜੜ ਗਈ। ਤਿੰਨ ਬਾਲ ਜੰਮੇ। ਪਿਉ ਪਿੱਛੇ ਪੁੱਤਰ ਨੂੰ ਸਹਿਕਦਾ ਮਰ ਗਿਆ ਤੇ ਟੀਨਾ ਹੀ ਜਾ ਕੇ ਤਿੰਨ ਮੁਰੱਬੇ ਜ਼ਮੀਨ ਵੇਚ ਆਈ।

ਅਜੇ ਐਨੀ ਹੀ ਗੱਲ ਹੋ ਰਹੀ ਸੀ ਕਿ ਜਤਿੰਦਰ ਨੇ ਅਪਣੇ ਖ਼ਾਲੀ ਗਲਾਸ ਨੂੰ ਬੜੇ ਹੀ ਜ਼ੋਰ ਨਾਲ ਮੇਜ਼ ਉਪਰ ਮਾਰ ਕੇ ਆਖਿਆ, ''ਓਏ ਬਲਕਾਰਿਆ ਕਿਉਂ ਕੁਫ਼ਰ ਤੋਲਦਾ ਏਂ ਓਏ? ਉਹ ਕੁੱਤੀ ਕੌਣ ਹੁੰਦੀ ਏ ਮੇਰੇ ਰਾਠ ਪਿਉ ਸਰਦਾਰ ਵਰਿਆਮ ਸਿੰਘ ਮਲ੍ਹੀ ਦੀ ਜ਼ਮੀਨ ਵੇਚਣ ਵਾਲੀ? ਮੈਂ ਅਪਣੇ ਹੱਥੀਂ ਪਾਵਰ ਅਟਾਰਨੀ ਦਿਤੀ ਸੀ ਤੇ ਮੈਂ ਅੱਜ ਵੀ ਅਪਣੇ ਪਿੰਡ ਦਾ ਸਰਦਾਰ ਹਾਂ।''

ਮੈਂ ਖ਼ਾਲੀ ਗਲਾਸ ਵਿਚ ਛੇਤੀ ਨਾਲ ਵਿਸਕੀ ਪਾਈ ਤੇ ਜੀਤੂ  ਦੇ ਹੱਥ ਵਿਚ ਫੜਾ ਕੇ ਆਖਿਆ, ''ਚਾਚਾ ਤੂੰ ਤਾਂ ਆਖਿਆ ਸੀ ਮੈਨੂੰ ਸਰਦਾਰ ਨਾ ਆਖੀਂ?'' ਹੱਥ ਵਿਚ ਗਲਾਸ ਫੜ ਕੇ ਉਹ ਬਿਟਰ-ਬਿਟਰ ਛੱਤ ਵਲ ਵੇਖਣ ਲੱਗ ਪਿਆ ਤੇ ਐਵੇਂ ਦੋ ਘੜੀਆਂ ਸੋਚ ਕੇ ਇਕੋ ਹੀ ਡੀਕ ਵਿਚ ਸਾਰੀ ਅੱਗ ਪੀ ਗਿਆ। ਅੰਦਰ ਕੋਈ ਭਾਂਬੜ ਬਲਿਆ ਤੇ ਆਖਣ ਲੱਗਾ, ''ਮੁਆਫ਼ ਕਰ ਦਈਂ ਦੋਸਤਾ! ਮੈਂ ਅਪਣੇ ਹੀ ਬਿਆਨਾਂ ਤੋਂ ਮੁਕਰ ਗਿਆ ਹਾਂ। ਮੇਰੇ ਜਹੇ ਮੁਜ਼ਰਮ ਨੂੰ ਜਿੰਨੀ ਵੀ ਵੱਡੀ ਸਜ਼ਾ ਦਿਤੀ ਜਾਏ ਘੱਟ ਹੈ... ਲਾ ਲੈ ਮੈਨੂੰ ਹਥਕੜੀ।'' (ਚਲਦਾ  )

-43 ਆਕਲੈਂਡ ਰੋਡ, 
ਲੰਡਨ-ਈ 15-2ਏਐਨ,  
ਫ਼ੋਨ : 0208-519 21 39