ਕਿਉਂ ਰਾਮ ਰਹੀਮ ਦੇ ਹੱਕ ਵਿਚ ਹੈ ਸੱਤਾਧਾਰੀ ਭਾਜਪਾ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਹੈ ਕਿ ਹਾਲੇ ਤੱਕ ਇਸ ਮਾਮਲੇ ਵਿਚ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਹੈ। ਪਰ ਪੈਰੋਲ ਲੈਣਾ ਹਰ ਕੈਦੀ ਦਾ ਅਧਿਕਾਰ ਹੈ।

Why the ruling BJP is in favor of Ram Rahim?

ਹਰਿਆਣਾ ਦੀ ਭਾਜਪਾ ਸਰਕਾਰ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦੇਣ ਦੇ ਸਮਰਥਨ ਵਿਚ ਸਾਹਮਣੇ ਆਈ ਹੈ। ਹਰਿਆਣਾ ਦੇ ਜੇਲ੍ਹ ਮੰਤਰੀ ਕ੍ਰਿਸ਼ਨ ਲਾਲ ਪਵਾਰ ਨੇ ਕਿਹਾ ਕਿ ਜੇਕਰ ਰਾਮ ਰਹੀਮ ਦਾ ਵਿਵਹਾਰ ਵਧੀਆ ਹੈ ਤਾਂ ਉਹਨਾਂ ਨੂੰ ਪੈਰੋਲ ਮਿਲਣ ਦਾ ਅਧਿਕਾਰ ਹੈ। ਪਵਾਰ ਦੇ ਨਾਲ ਨਾਲ ਹਰਿਆਣਾ ਦੇ ਸਿਹਤ ਅਤੇ ਖੇਡ ਮੰਤਰੀ ਅਨਿਲ ਵਿੱਜ ਨੇ ਵੀ ਕਿਹਾ ਕਿ ਚੰਗੇ ਵਿਵਹਾਰ ਲਈ ਰਾਮ ਰਹੀਮ ਨੂੰ ਪੈਰੋਲ ਮਿਲਣੀ ਚਾਹੀਦੀ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਹੈ ਕਿ ਹਾਲੇ ਤੱਕ ਇਸ ਮਾਮਲੇ ਵਿਚ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਹੈ। ਪਰ ਪੈਰੋਲ ਲੈਣਾ ਹਰ ਕੈਦੀ ਦਾ ਅਧਿਕਾਰ ਹੈ।

 


 

ਇਸ ਮਾਮਲੇ ਵਿਚ ਹਰਿਆਣਾ ਸਰਕਾਰ ਦਾ ਦ੍ਰਿਸ਼ਟੀਕੋਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਨਾਲੋਂ ਵੱਖਰਾ ਹੈ, ਜਿਸ ਅਨੁਸਾਰ ਰਾਮ ਰਹੀਮ ਦੇ ਬਾਹਰ ਆਉਣ ਨਾਲ ਪੰਜਾਬ ਅਤੇ ਹਰਿਆਣਾ ਵਿਚ ਕਾਨੂੰਨੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਵਿਚ ਕਾਨੂੰਨੀ ਤੌਰ ‘ਤੇ ਭਾਜਪਾ ਦਾ ਤਰਕ ਹੈ ਕਿ ਪੈਰੋਲ ਹਰ ਕੈਦੀ ਦਾ ਅਧਿਕਾਰ ਹੈ ਅਤੇ ਕਾਨੂੰਨੀ ਸਮੱਸਿਆਵਾਂ ਕਰਕੇ ਇਸ ਨੂੰ ਰੋਕਿਆ ਨਹੀਂ ਜਾ ਸਕਦਾ। ਰਾਮ ਰਹੀਮ ਵਰਗੇ ਬਲਾਤਕਾਰੀ ‘ਤੇ ਭਾਜਪਾ ਨਰਮੀ ਕਿਉਂ ਦਿਖਾ ਰਹੀ ਹੈ?  ਇਸ ਸਾਲ ਦੇ ਅਖ਼ੀਰ ਵਿਚ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਦੀ ਸਿਆਸੀ ਮਜਬੂਰੀ ਇਸ ਦਾ ਜਵਾਬ ਹੋ ਸਕਦੀ ਹੈ।

ਦੱਸਿਆ ਜਾਂਦਾ ਹੈ ਕਿ 2014 ਅਤੇ 2019 ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਰਾਮ ਰਹੀਮ ਨੇ ਭਾਜਪਾ ਦਾ ਸਮਰਥਨ ਕੀਤਾ ਸੀ। 2014 ਵਿਚ ਹੀ ਸੌਦਾ ਸਾਧ ਨੇ ਹਰਿਆਣਾ ਵਿਧਾਨ ਸਭਾ ਅਤੇ 2017 ਵਿਚ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੀ ਭਾਜਪਾ ਦਾ ਸਮਰਥਨ ਕੀਤਾ ਸੀ। ਡੇਰਾ ਸੱਚਾ ਸੌਦਾ ਦਾ ਪੰਜਾਬ ਅਤੇ ਹਰਿਆਣਾ ਵਿਚ ਕਾਫ਼ੀ ਪ੍ਰਭਾਵ ਹੈ । ਸਿਰਫ਼ ਭਾਜਪਾ ਹੀ ਨਹੀਂ ਉਸ ਦੀ ਸਹਿਯੋਗੀ ਪਾਰਟੀ ਸ੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੀ ਵੀ ਕਿਸੇ ਸਮੇਂ ਰਾਮ ਰਹੀਮ ਨਾਲ ਚੰਗੀ ਗੱਲਬਾਤ ਸੀ। ਪਰ 2014 ਵਿਚ ਲੋਕ ਸਭਾ ਚੋਣਾਂ ਤੋਂ ਬਾਅਦ ਰਾਮ ਰਹੀਮ ਦੇ ਸਮਰਥਕ ਅਕਾਲੀ-ਭਾਜਪਾ ਦਾ ਸਮਰਥਨ ਕਰ ਰਹੇ ਹਨ। ਭਾਜਪਾ ਨੇ ਕਈ ਥਾਵਾਂ ‘ਤੇ ਰਾਮ ਰਹੀਮ ਦੀ ਤਾਰੀਫ਼ ਕੀਤੀ ਹੈ।

 


 

ਉਦਾਹਰਣ ਦੇ ਤੌਰ ‘ਤੇ ਸਾਲ 2014 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੱਛ ਭਾਰਤ ਮੁਹਿੰਮ ਦੌਰਾਨ ਰਾਮ ਰਹੀਮ ਦੇ ਸਹਿਯੋਗ ਲਈ ਉਸ ਦੀ ਤਾਰੀਫ਼ ਕੀਤੀ ਸੀ। ਇਸ ਤਾਰੀਫ਼ ਦਾ ਟਵੀਟ ਵੀ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋਇਆ ਸੀ। ਅਜਿਹਾ ਉਸ ਸਮੇਂ ਹੋਇਆ ਜਦੋਂ ਰਾਮ ਰਹੀਮ ਔਰਤਾਂ ਨਾਲ ਬਲਾਤਕਾਰ ਦੀਆਂ ਕੋਸ਼ਿਸ਼ਾਂ ਕਰ ਰਿਹਾ ਸੀ। 2014 ਵਿਚ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਵੀ ਮੋਦੀ ਨੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਮ ਰਹੀਮ ਦੀ ਤਾਰੀਫ਼ ਕੀਤੀ ਸੀ ਅਤੇ ਉਹਨਾਂ ਦੇ ਸਮਰਥਕਾਂ ਨੂੰ ਭਾਜਪਾ ਦਾ ਸਾਥ ਦੇਣ ਦੀ ਅਪੀਲ ਕੀਤੀ।

 


 

ਖ਼ਬਰਾਂ ਮੁਤਾਬਕ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਕਤੂਬਰ ਦੇ ਪਹਿਲੇ ਹਫ਼ਤੇ ਵਿਚ ਰਾਮ ਰਹੀਮ ਨੂੰ ਮਿਲੇ ਸਨ ਅਤੇ ਉਹਨਾਂ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਉਹਨਾਂ ਦਾ ਆਸ਼ੀਰਵਾਦ ਵੀ ਲਿਆ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਮਿਤ ਸ਼ਾਹ ਨਾਲ ਬੈਠਕ ਤੋਂ ਛੇ ਦਿਨ ਬਾਅਦ ਭਾਜਪਾ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀ ਨੇ ਹਰਿਆਣਾ ਚੋਣਾਂ ਲਈ 44 ਭਾਜਪਾ ਉਮੀਦਵਾਰਾਂ ਨੂੰ ਆਸ਼ੀਰਵਾਦ ਲੈਣ ਲਈ ਰਾਮ ਰਹੀਮ ਨੂੰ ਮਿਲਣ ਲਈ ਕਿਹਾ। ਹਰਿਆਣਾ ਭਾਜਪਾ ਦੇ ਕਈ ਲੀਡਰਾਂ ਨੂੰ ਰਾਮ ਰਹੀਮ ਦੇ ਕਰੀਬੀਆਂ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਉਹਨਾਂ ਵਿਚੋਂ ਸਭ ਤੋਂ ਜ਼ਿਆਦਾ ਪ੍ਰਸਿੱਧ ਸਟੇਟ ਮੰਤਰੀ ਰਾਮ ਬਿਲਾਸ ਸ਼ਰਮਾ ਹਨ।

ਅਜਿਹੀ ਇਕ ਵੀਡੀਓ ਵੀ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਰਾਮ ਬਿਲਾਸ ਸ਼ਰਮਾ ਰਾਮ ਰਹੀਮ ਸਾਹਮਣੇ ਨਤਮਸਤਕ ਹੋ ਰਹੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਸੌਦਾ ਸਾਧ ਨੂੰ 51 ਲੱਖ ਭੇਟ ਕੀਤੇ ਜੋ ਕਿ ਲੋਕਾਂ ਦੀ ਅਲੋਚਨਾ ਤੋਂ ਬਾਅਦ ਉਹਨਾਂ ਨੇ ਵਾਪਸ ਲੈ ਲਏ ਸਨ। ਰਾਮ ਰਹੀਮ ਨੂੰ ਸਜ਼ਾਂ ਮਿਲਣ ਤੋਂ ਬਾਅਦ ਉਹਨਾਂ ਨੇ ਡੇਰਾ ਪ੍ਰੇਮੀਆਂ ਨੂੰ ਸ਼ਾਂਤੀ ਪਸੰਦ ਲੋਕ ਕਿਹਾ ਸੀ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਡੇਰਾ ਪ੍ਰੇਮੀਆਂ ‘ਤੇ ਧਾਰਾ 144  ਲਾਗੂ ਨਹੀਂ ਹੁੰਦੀ। ਇਸੇ ਤਰ੍ਹਾਂ ਹੀ ਸਾਲ 2016 ਵਿਚ ਹਰਿਆਣਾ ਦੇ ਸਿਹਤ ਅਤੇ ਖੇਡ ਮੰਤਰੀ ਅਨਿਲ ਵਿਜ ਨੇ ਸੂਬਾ ਫੰਡ ਵਿਚੋਂ ਰਾਮ ਰਹੀਮ ਖੇਡ ਪ੍ਰਜੈਕਟ ਲਈ 50 ਲੱਖ ਦਾ ਫੰਡ ਦਿੱਤਾ ਸੀ।

ਹਰਿਆਣਾ ਦੇ ਮੁੱਖ ਮੰਤਰੀ ਨੇ ਵੀ ਰਾਮ ਰਹੀਮ ਦੀ ਸਫ਼ਾਈ ਮੁਹਿੰਮ ਵਿਚ ਹਿੱਸਾ ਲਿਆ ਸੀ। ਰਾਮ ਰਹੀਮ ਨੂੰ ਬਲਾਤਕਾਰ ਮਾਮਲੇ ਵਿਚ ਦੋਸ਼ੀ ਐਲਾਨੇ ਜਾਣ ਦੇ ਬਾਵਜੂਦ ਵੀ ਭਾਜਪਾ ਨੇ ਉਸ ਨੂੰ ਅਪਣਾ ਸਮਰਥਨ ਦੇ ਰਹੀ ਹੈ। 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਮਨੋਹਰ ਲਾਲ ਖੱਟੜ ਨੇ ਕਿਹਾ ਸੀ ਕਿ ਉਹ ਚੋਣਾਂ ਲਈ ਰਾਮ ਰਹੀਮ ਤੋਂ ਸਮਰਥਨ ਦੀ ਮੰਗ ਕਰਨਗੇ। ਕਿਹਾ ਜਾਂਦਾ ਹੈ ਕਿ ਸੌਦਾ ਸਾਧ ਦੇ ਡੇਰੇ ਦਾ ਸਹਿਯੋਗ ਮਿਲਣ ਨਾਲ ਹੀ ਹਰਿਆਣਾ ਵਿਚ ਭਾਜਪਾ ਅਤੇ ਬਠਿੰਡਾ, ਫਿਰੋਜ਼ਪੁਰ ਲੋਕ ਸਭਾ ਸੀਟ ‘ਤੇ  ਅਕਾਲੀ ਦਲ ਦੀ ਜਿੱਤ ਹੋਈ ਹੈ।

ਕੁਝ ਹੀ ਮਹੀਨਿਆਂ ਵਿਚ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਾਲ ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਭਾਜਪਾ ਇਕ ਵਾਰ ਫਿਰ ਤੋਂ ਸੌਦਾ ਸਾਧ ਨੂੰ ਖ਼ੁਸ਼ ਕਰਨ ਜਾ ਰਹੀ ਹੈ। ਪਰ ਹੁਣ ਦੇਖਣਾ ਇਹ ਹੋਵੇਗਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਚ ਬਾਦਲਾਂ ਅਤੇ ਸੌਦਾ ਸਾਧ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ ਪੰਜਾਬ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਅਕਾਲੀ ਅਤੇ ਡੇਰਾ ਪ੍ਰੇਮੀਆਂ ‘ਤੇ ਇਸ ਦਾ ਕੀ ਪ੍ਰਭਾਵ ਪੈਂਦਾ ਹੈ।