ਸਾਨੂੰ ਦੀਵਿਆਂ ਦੀ ਕਿੰਨੀ ਲੋੜ ਹੈ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਮੀਲਾਂ ਲੰਮੀ ਗੁਫ਼ਾ ਹੈ-ਕਈ ਸਾਲ ਲੰਮਾ ਹਨੇਰਾ। ਸਿਰੇ ਉੱਤੇ ਨਿੱਕੇ ਬਲਬਾਂ ਦੀ ਲੜੀ ਹੈ। ਦੀਵਾ ਕੋਈ ਨਹੀਂ ਜਗਦਾ-ਸ਼ੁੱਧ ਸਰ੍ਹੋਂ ਦੇ ਤੇਲ ਵਾਲਾ।

Diwali Lamp

ਮੀਲਾਂ ਲੰਮੀ ਗੁਫ਼ਾ ਹੈ-ਕਈ ਸਾਲ ਲੰਮਾ ਹਨੇਰਾ। ਸਿਰੇ ਉੱਤੇ ਨਿੱਕੇ ਬਲਬਾਂ ਦੀ ਲੜੀ ਹੈ। ਦੀਵਾ ਕੋਈ ਨਹੀਂ ਜਗਦਾ-ਸ਼ੁੱਧ ਸਰ੍ਹੋਂ ਦੇ ਤੇਲ ਵਾਲਾ। ਜਨਤਕ ਪੈਸੇ ਨਾਲ ਬਣੇ ਪਿਤਰਕ ਨੇਤਾਵਾਂ ਦੇ ਬੁੱਤ-ਯਾਦਗਾਰਾਂ। ਨੇਤਾ ਜਿਹੜੇ ਆਪ ਤਾਂ ਰੰਗ ਕੇ ਹੱਥ, ਪਾਸ ਹੋ ਗਏ-ਪਰ ਕਰ ਗਏ ਦੇਸ਼ ਨੂੰ ਫ਼ੇਲ੍ਹ। ਧਾਰਮਕ ਕੱਟੜਵਾਦ ਦੇ ਅੰਧਕਾਰ ਵਿਚ ਕੁੱਝ ਦਿਸਦਾ ਹੀ ਨਹੀਂ। ਥਾਂ ਥਾਂ ਫਿਰਕੂ ਅੱਗ ਬਲਦੀ ਹੈ-ਪਰ ਚਾਨਣ ਕਿਧਰੇ ਨਹੀਂ ਦਿਸਦਾ।

ਲੋੜਾਂ ਨਹੀਂ ਪੂਰੀਆਂ ਹੁੰਦੀਆਂ। ਕਿਸਾਨ ਸੱਜਰ ਸੂਈ ਮੱਝ ਵੇਚਦਾ ਹੈ ਖਰੇ ਦੁੱਧ ਵਾਲੀ। ਖ਼ਰੀਦਦਾ ਹੈ ਖਾਦ, ਦਵਾਈ ਮਿਲਾਵਟ ਮਾਰੀ। ਖੇਤੀ ਸੁੰਗੜ ਗਈ ਹੈ। ਜ਼ਮੀਨ ਬਾਂਝ ਹੋ ਗਈ ਹੈ। ਕਿਸਾਨ ਕਰਜ਼ਾ ਲੈਂਦਾ ਹੈ- ਆੜ੍ਹਤੀਏ ਪਾਸੋਂ, ਬਾਣੀਏ ਪਾਸੋਂ, ਬੈਕਾਂ ਪਾਸੋਂ। ਉਸ ਦੀ ਪੱਤ ਰੁਲਦੀ ਹੈ, ਮੰਡੀ ਵਿਚ, ਘਰ ਵਿਚ, ਥਾਣੇ ਵਿਚ। ਹਜ਼ਾਰਾਂ ਦਾ ਕਰਜ਼ਾ ਬੈਠਾ ਬੈਠਾ ਹੀ, ਲੱਖਾਂ ਵਿਚ ਹੋ ਜਾਂਦਾ ਹੈ।

ਕਿਸਾਨ ਆਤਮ-ਹਤਿਆ ਕਰਦਾ ਹੈ। ਕਿਸਾਨ ਨੇ ਆਤਮ-ਹਤਿਆ ਗ਼ਰੀਬੀ ਕਰ ਕੇ ਨਹੀਂ, ਫ਼ਜ਼ੂਲ ਖ਼ਰਚੀ ਕਰ ਕੇ ਕੀਤੀ ਹੈ। ਹਾਕਮ ਮੰਨਦਾ ਹੀ ਨਹੀਂ। ਕਾਂਸ਼ੀਪੁਰ, ਰਾਏਪਾੜਾ ਵਿਖੇ ਅੰਬਾਂ ਦੀਆਂ ਗਿਟਕਾਂ ਖਾ ਕੇ ਮਰ ਗਏ, ਭੁੱਖਾਂ ਮਾਰੇ ਲੋਕ। ਉਹ ਭੁੱਖ ਨਾਲ ਨਹੀਂ ਮਰੇ, ਪੇਟ ਦੀ ਬੀਮਾਰੀ ਕਾਰਨ ਮਰੇ ਹਨ-ਦਫ਼ਤਰ ਮੰਨਦਾ ਹੀ ਨਹੀਂ। ਕੋਈ ਸੁਣਦਾ ਹੀ ਨਹੀਂ। ਕੋਈ ਵੇਖਦਾ ਹੀ ਨਹੀਂ। ਕੁੱਝ ਦਿਸਦਾ ਹੀ ਨਹੀਂ। ਹੇ ਰਾਮ, ਕਿੰਨਾ ਹਨੇਰਾ ਹੈ।

ਹਰਸ਼ਦ ਹਨ, ਕੇਤਨ ਹਨ, ਸੁੱਖ ਰਾਮ ਹਨ, ਰਵੀ ਸਿੱਧੂ ਹੈ, ਫੇਰੂ ਰਾਏ ਹੈ, ਨੀਰਵ ਮੋਦੀ ਹਨ-ਚੌਕਸੀ ਹਨ, ਮਾਲਿਆ ਹਨ, ਜੈਲਲਿਤਾਵਾਂ, ਮਮਤਾਵਾਂ ਹਨ। ਕੋਈ ਸਾਬਤ ਬੰਦਾ ਕਿਧਰੇ ਦਿਸਦਾ ਹੀ ਨਹੀਂ। ਏਜੰਟ ਹਨ, ਸੱਭ ਏਜੰਟ ਹਨ, ਦਲਾਲ ਹਨ, ਵਿਚੋਲੇ ਹਨ, ਜਨੂਨੀ ਹਨ, ਟਾਊਟ ਹਨ, ਫ਼ਸਾਦੀ ਹਨ। 25 ਸਾਲ ਬੀਤ ਗਏ ਹਨ, ਬੋਫ਼ੋਰਜ਼ ਦੇ 64 ਕਰੋੜ ਰੁਪਏ ਦੀ ਦਲਾਲੀ ਖਾਣ ਵਾਲੇ ਦਲਾਲਾਂ ਦਾ ਪਤਾ ਹੀ ਨਹੀਂ ਲੱਗਾ। ਸ਼ੰਕਰਾਨੰਦ ਸੰਸਦੀ ਕਮੇਟੀ ਨੇ ਬੋਫ਼ੋਰਜ਼ ਦੇ ਦਲਾਲ ਲਭਦਿਆਂ ਲਭਦਿਆਂ 64 ਕਰੋੜ ਰੁਪਏ ਖ਼ਰਚ ਹੋ ਗਏ। ਪਰ ਕਾਤਰੋਚੀ ਲੱਭਾ ਹੀ ਨਹੀਂ।

ਮੁਸਲਮਾਨ ਹਨ, ਹਿੰਦੂ ਹਨ, ਈਸਾਈ ਹਨ, ਬੋਧੀ ਹਨ, ਜੈਨੀ ਹਨ, ਯਹੂਦੀ ਹਨ, ਪਾਰਸੀ ਹਨ, ਸਿੱਖ ਹਨ। ਜਾਤਾਂ ਹਨ, ਗੋਤਾਂ ਹਨ, ਡਰਨੇ ਹਨ, ਮੁਖੋਟੇ ਹਨ, ਰੋਬੋਟ ਹਨ, ਆਕਾਰ ਹਨ। ਰੱਬ ਇਕ ਹੈ, ਕਈ ਨਾਂ ਹਨ। ਮੰਜ਼ਿਲ ਇਕ ਹੈ, ਕਈ ਮੁਕਾਮ ਹਨ। ਨਾਂ ਇਕ ਹੈ-ਕਈ ਉਪਨਾਮ ਹਨ, ਇਲਹਾਮ ਹਨ, ਈਮਾਨ ਹਨ, ਐਲਾਨ ਹਨ, ਬਦਨਾਮ ਹਨ। ਚਿੰਨ੍ਹ ਹਨ, ਲਿਬਾਸ ਹਨ। ਹੇ ਰਾਮ, ਤੇਰੇ ਬੰਦੇ ਕਿੱਥੇ ਚਲੇ ਗਏ?

ਵਚਨ ਹਨ, ਵਾਅਦੇ ਹਨ। ਨਸ਼ੇ ਹਨ, ਵੋਟਾਂ ਹਨ। ਪੁੱਤਰ ਹਨ, ਧੀਆਂ ਹਨ, ਜਵਾਈ ਹਨ। ਵਿਧਾਇਕੀਆਂ ਹਨ, ਪਦਵੀਆਂ ਹਨ, ਜਾਗੀਰਾਂ ਹਨ। ਪ੍ਰਵਾਰ ਤੋਂ ਪਰੇ ਕਾਲੀ ਰਾਤ ਹੈ। ਦੇਸ਼ ਕੌਮ ਕਿਧਰ ਚਲੇ ਗਏ। ਕਿੰਨਾ ਹਨੇਰਾ ਹੈ। ਬੰਗਾਲ ਦੇ ਸਬਲ ਕਰਮਾਕਰ ਨੇ ਅਪਣੀ ਚਾਰ ਸਾਲ ਦੀ ਪੁੱਤਰੀ ਅੰਜੂ ਦੀ ਸ਼ਾਦੀ, ਤਾਂਤਰਿਕ ਦੇ ਨਰਕਾਂ ਦੇ ਡਰਾਵੇ ਕਰ ਕੇ, ਡਾਇਮੰਡ ਨਾਂ ਦੇ ਕੁੱਤੇ ਨਾਲ ਕਰ ਦਿਤੀ। ਪੂਰੀ ਬਾਰਾਤ ਆਈ। ਵਾਜੇ ਗਾਜੇ ਹੋਏ। ਆਤਿਸ਼ਬਾਜ਼ੀ ਹੋਈ। ਤਸਵੀਰਾਂ ਖਿੱਚੀਆਂ ਗਈਆਂ। ਕਿਸੇ ਸਿਆਣੇ ਨੇ ਸਬਲ ਨੂੰ ਪੁਛਿਆ, ''ਸਬਲ ਇਹ ਤੂੰ ਕੀ ਕੀਤਾ? ਹਨੇਰੇ ਵਿਚ ਤੈਨੂੰ ਦਿਸਿਆ ਹੀ ਨਹੀਂ? ਕੁੜੀ ਦੀ ਸ਼ਾਦੀ ਪਸ਼ੂ ਨਾਲ?''

ਸਬਲ ਨੇ ਕਿਹਾ, ''ਮੈਂ ਅਪਣੀ ਧੀ ਦੀ ਸ਼ਾਦੀ ਕੁੱਤੇ ਨਾਲ ਹੀ ਕੀਤੀ ਹੈ ਕਿਸੇ ਦੂਜੀ ਜਾਤੀ ਜਾਂ ਕਿਸੇ ਦੂਜੇ ਧਰਮ ਦੇ ਮੁੰਡੇ ਨਾਲ ਤਾਂ ਨਹੀਂ ਕੀਤੀ। ਕੋਈ ਫ਼ਿਰਕੂ ਫ਼ਸਾਦ ਤਾਂ ਮੁੱਲ ਨਹੀਂ ਲਿਆ। ਕੁੜੀ ਸੌਖੀ ਰਹੇਗੀ। ਹੋਰ ਦਾਜ ਦੇ ਲਾਲਚ ਵਿਚ ਸਾੜੀ ਤਾਂ ਨਹੀਂ ਜਾਵੇਗੀ।'' ਕਿੰਨਾ ਹਨੇਰਾ ਹੈ। ਕੁੱਤੇ ਅਤੇ ਬੰਦੇ ਵਿਚਲਾ ਫ਼ਰਕ ਹੀ ਨਹੀਂ ਦਿਸਦਾ। ਹੁਸਨ ਦੇ ਕੋਠੇ ਉੱਤੇ ਬੈਠਾ ਹੈ ਉਮਰ, ਇਮਾਮ ਦਾ ਈਮਾਨ। ਸਾਨੂੰ ਹੁਕਮ ਹੈ-ਅਸੀਂ ਛੱਤ ਉੱਤੇ ਖਲੋ ਕੇ ਚੰਨ ਤਾਰੇ ਨਾ ਵੇਖੀਏ। ਸੂਰਜ ਕਦੋਂ ਚੜ੍ਹਦਾ ਹੈ, ਕਦੋਂ ਡੁਬਦਾ ਹੈ, ਸਾਨੂੰ ਪਤਾ ਹੀ ਨਹੀਂ। ਬਾਜ਼ਾਰਾਂ ਦੀ ਰੌਣਕ ਕਿੱਥੇ ਅਲੋਪ ਹੋ ਗਈ। ਪੰਛੀ ਜਿਹੜੇ ਗਾਉਂਦੇ ਸਨ, ਕਿੱਥੇ ਚਲੇ ਗਏ।

ਪਤਝੜ ਤੋਂ ਇਲਾਵਾ ਹੋਰ ਵੀ ਮੌਸਮ ਹੋਵੇਗਾ। ਬਹਾਰ ਕਦੀ ਤਾਂ ਆਉਂਦੀ ਹੋਵੇਗੀ। ਫੁੱਲ ਖਿੜਦੇ ਹੋਣਗੇ। ਅਸੀਂ ਹਸਣਾ ਚਾਹੁੰਦੀਆਂ ਹਾਂ। ਅਸੀਂ ਹਾਸੇ ਦੇ ਫੁੱਲਾਂ ਵਾਂਗ ਖਿੜਨਾ ਚਾਹੁੰਦੀਆਂ ਹਾਂ। ਹਸਦੇ ਚਿਹਰੇ ਵੇਖਣਾ ਚਾਹੁੰਦੀਆਂ ਹਾਂ। ਅਸੀਂ ਗਾਉਣਾ ਚਾਹੁੰਦੀਆਂ ਹਾਂ। ਅਸੀਂ ਨਚਣਾ ਚਾਹੁੰਦੀਆਂ ਹਾਂ। ਅਸੀਂ ਪੜ੍ਹਨਾ ਚਾਹੁੰਦੀਆਂ ਹਾਂ। ਸਤਰੰਗੀ ਅਸਮਾਨੀ ਪੀਂਘ ਦਾ ਰੰਗ ਸਿਰਫ਼ ਕਾਲਾ ਹੀ ਕਿਉਂ ਹੈ? ਰੰਗਾਂ ਵਾਲੀ ਫੁਲਕਾਰੀ ਕਿੱਥੇ ਅਲੋਪ ਹੋ ਗਈ। ਇਨ੍ਹਾਂ ਤੁਰਦੀਆਂ ਫਿਰਦੀਆਂ ਕਬਰਾਂ ਵਿਚ ਕਦੋਂ ਜ਼ਿੰਦਗੀ ਪਰਤੇਗੀ? ਇਹ ਜਿਊਂਦੀਆਂ ਲਾਸ਼ਾਂ ਕਦੋਂ ਧੜਕਣਗੀਆਂ? ਕਦੋਂ ਮੁਕੇਗੀ, ਬੁਰਕੇ ਵਾਲੀ ਇਹ ਕਾਲੀ ਬੋਲੀ ਹਨੇਰੀ ਰਾਤ? ਯਾ ਅੱਲਾ ਕਿੰਨਾ ਹਨੇਰਾ ਹੈ।

ਕੁੜੀ ਅੰਜੂ ਅਤੇ ਕੁੱਤੇ ਡਾਇਮੰਡ ਦੀ ਸ਼ਾਦੀ ਦੀਆਂ ਹਾਰਾਂ ਲੱਦੀਆਂ ਤਸਵੀਰਾਂ ਅਖ਼ਬਾਰਾਂ ਵਿਚ ਛਪੀਆਂ ਤਾਂ ਹੰਗਾਮਾ ਖੜਾ ਹੋ ਗਿਆ ਸੀ। ਅਨਪੜ੍ਹ 'ਬਾਬਾ' ਭਨਿਆਰਾ ਵਾਲਾ ਕਿੰਨਾ ਚਾਲਾਕ ਨਿਕਲਿਆ, ਹਰ ਸਿਆਸੀ ਆਗੂ, ਹਰ ਪੁਲਿਸ ਅਤੇ ਹਰ ਸਿਵਲ ਅਫ਼ਸਰ ਦੀ ਬਾਬੇ ਸਾਹਮਣੇ ਮੱਥੇ ਰਗੜਦਿਆਂ ਦੀ, ਉਸ ਨੇ ਤਸਵੀਰ ਖਿਚਵਾ ਲਈ ਸੀ। ਸਾਰੀਆਂ ਤਸਵੀਰਾਂ ਉਸ ਨੇ ਅਪਣੇ ਅਖੌਤੀ ਗ੍ਰੰਥ ਭਵਸਾਗਰ ਵਿਚ ਛਪਵਾ ਦਿਤੀਆਂ। ਹੁਣ ਮੁਕਰਨਾ ਮੁਸ਼ਕਲ ਸੀ। ਵਰਨਾ ਕਿਸ ਨੇ ਮੰਨਣਾ ਸੀ ਕਿ ਉਹ ਭੰਨਿਆਰਾ ਵਾਲੇ ਦੇ ਡੇਰੇ ਕਦੀ ਗਿਆ ਸੀ। ਗੂੜ੍ਹੇ ਹਨੇਰੇ ਵਿਚ ਕਦੀ ਕਦੀ ਕੋਈ ਵਿਅਕਤੀ ਲੁੱਟ ਕੇ ਮਾਲ ਤਕ ਪਹੁੰਚਣ ਲਈ ਮਾੜੀ ਜਹੀ ਤੀਲੀ ਬਾਲ ਕੇ ਰੌਸ਼ਨੀ ਕਰਦਾ ਹੈ। ਕਿੰਨਾ ਹਨੇਰਾ ਹੈ।

ਲੰਚ ਬਰੇਕ ਤੋਂ ਬਾਅਦ ਦਾ ਸਮਾਂ ਹੈ। ਦਫ਼ਤਰ ਖੁੱਲ੍ਹੇ ਹਨ-ਰਜਿਸਟਰਾਂ ਵਿਚ ਹਾਜ਼ਰੀ ਪੂਰੀ ਹੈ। ਦੋਵੇਂ ਹਾਜ਼ਰ ਹਨ-ਚੇਤਨਾ ਗਾਇਬ ਹੈ-ਸਿਰਫ਼ ਘੁਰਾੜੇ ਹਨ ਜਾਂ ਜੇਬ ਵਲ ਸੰਕੇਤ ਕਰਦੀਆਂ ਉਂਗਲਾਂ ਦੇ ਇਸ਼ਾਰੇ ਹਨ। ਜਾਮ ਹੈ ਟਰੈਫ਼ਿਕ। ਚਾਂਦੀ ਦੀ ਕੁੰਜੀ ਨਾਲ ਚਲਦਾ ਹੈ। ਬਾਜ਼ਾਰ ਡੁਪਲੀਕੇਟ ਹਨ। ਅਸਲ ਅਤੇ ਨਕਲ ਦਾ ਪਤਾ ਨਹੀਂ ਚਲਦਾ। ਕਿੰਨਾ ਹਨੇਰਾ ਹੈ। ਮੁਨਾਫ਼ਾ ਦੁਗਣਾ ਹੈ-ਪਰ ਬਾਜ਼ਾਰ ਵਿਚ ਮੰਦਾ ਹੈ। ਧਰਮ ਅਤੇ ਸਿਆਸਤ ਦਾ ਵਪਾਰ ਤੇਜ਼ੀ ਵਿਚ ਹੈ। ਗਿਲਾਫ਼ ਹਨ-ਦੋਗਲੇ ਬੋਲ ਹਨ-ਬਨਾਵਟੀ ਹਾਸੇ ਹਨ-ਮਿਲਾਵਟੀ ਖਾਸੇ ਹਨ। ਕੁੱਝ ਦਿਸਦਾ ਹੀ ਨਹੀਂ। ਕਿੰਨਾ ਹਨੇਰਾ ਹੈ।

ਭ੍ਰਿਸ਼ਟਾਚਾਰੀ ਹੈ, ਬਦਕਾਰੀ ਹੈ, ਵਿਭਚਾਰੀ ਹੈ, ਫ਼ਿਰਕੇਦਾਰੀ ਹੈ। ਅਧਿਕਾਰੀ, ਵਪਾਰੀ, ਪੁਜਾਰੀ, ਸ਼ਾਸਤਰਧਾਰੀ ਲੁਟੇਰਾ ਹੈ। ਸੱਚ ਕਿਧਰੇ ਦਿਸਦਾ ਹੀ ਨਹੀਂ। ਮੋਟੇ ਜਿਸਮਾਂ ਦਾ ਚੁਫ਼ੇਰੇ ਸਖ਼ਤ ਪਹਿਰਾ ਹੈ। ਦਿਵਾਲੀ ਦੇ ਦੀਵੇ ਜਗਦੇ ਹਨ, ਪਰ ਦਿਲਾਂ ਅੰਦਰ ਹਨੇਰਾ ਹੈ। ਦਿਲਾਂ ਦੀ ਦਿਵਾਲੀ ਕਦੋਂ ਆਵੇਗੀ?
ਸੰਪਰਕ : 94638-08697