ਹਾਲ ਮੇਰੇ ਮੁਕਲਾਵੇ ਦਾ (ਭਾਗ 1)

ਸਪੋਕਸਮੈਨ ਸਮਾਚਾਰ ਸੇਵਾ

ਵਿਆਹ ਪਿਛੋਂ ਜਦੋਂ ਵੀ ਜਵਾਈ ਬਣ ਕੇ ਚਾਈਂ ਚਾਈਂ ਸਹੁਰਿਆਂ ਘਰ ਛੁਟੀਆਂ ਗੁਜ਼ਾਰਨ ਲੰਦਨ ਜਾਂਦਾ ਤਾਂ ਬੜੀ ਟਹਿਲ ਸੇਵਾ ਹੁੰਦੀ ਸੀ। ਬੜੇ ਮੇਰੇ ਸਿੰਗ ਚੋਪੜੇ ਜਾਂਦੇ ਅਤੇ...

Amin Malik

ਵਿਆਹ ਪਿਛੋਂ ਜਦੋਂ ਵੀ ਜਵਾਈ ਬਣ ਕੇ ਚਾਈਂ ਚਾਈਂ ਸਹੁਰਿਆਂ ਘਰ ਛੁਟੀਆਂ ਗੁਜ਼ਾਰਨ ਲੰਦਨ ਜਾਂਦਾ ਤਾਂ ਬੜੀ ਟਹਿਲ ਸੇਵਾ ਹੁੰਦੀ ਸੀ। ਬੜੇ ਮੇਰੇ ਸਿੰਗ ਚੋਪੜੇ ਜਾਂਦੇ ਅਤੇ ਪਹਿਲਣ ਝੋਟੀ ਵਾਂਗ ਥਿੰਦਾ ਜਿਹਾ ਵੰਡ ਗਤਾਵਾ ਲਭਦਾ। ਪਰ ਜਦੋਂ ਨੌਕਰੀ ਨੂੰ ਲੱਤ ਮਾਰੀ ਅਤੇ ਬੇੜੀਆਂ ਰੋੜ੍ਹ ਕੇ ਬਾਲਾਂ ਸਮੇਤ ਲੰਦਨ ਆ ਗਿਆ ਤਾਂ ਸੱਸ ਦੀਆਂ ਅੱਖਾਂ ਵਿਚੋਂ ਵੀ ਦੀਦ ਜਾਂਦੀ ਰਹੀ। ਰੱਬ ਝੂਠ ਨਾ ਬੁਲਾਵੇ, ਬਸ ਤਿੰਨ ਕੁ ਦਿਹਾੜੇ ਸੱਸ ਨੇ ਸੇਵੀਆਂ ਉਬਾਲੀਆਂ, ਪੀਜ਼ਾ ਪਾਈ ਤੋਂ ਜਾਣੂ ਕਰਵਾਇਆ, ਬਰਗਰ ਅਤੇ ਟੂਟੀ ਫ਼ਰੂਟੀ ਨਾਲ ਮੇਲ ਜੋਲ ਹੋਇਆ।

ਫਿਰ ਥੋੜੇ ਹੀ ਦਿਹਾੜੇ ਲੰਘੇ ਕਿ ਹੌਲੀ ਹੌਲੀ ਮੈਨੂੰ ਮੇਰੇ ਅਸਲੀ ਸਥਾਨ 'ਤੇ ਲੈ ਆਂਦਾ। ਹੁਣ ਮੈਂ ਸਿਰਫ਼ ਦੁਮ ਹੀ ਨਹੀਂ ਸੀ ਹਿਲਾਉਂਦਾ ਵਰਨਾ ਹਾਲਤ ਮੇਰੀ ਉਹੀ ਸੀ ਜਿਹੜੀ ਸਹੁਰਿਆਂ ਘਰ ਜਵਾਈ ਦੀ ਹੁੰਦੀ ਏ। ਮੈਨੂੰ ਤੋਕੜਾਂ ਵਾਂਗ ਵਖਰੀ ਖੁਰਲੀ 'ਤੇ ਬੰਨ੍ਹ ਕੇ ਪਰਾਲੀ ਪਾਉਣ ਲੱਗ ਪਏ। ਬਲੌਰੀ ਗਿਲਾਸ ਪੜਛੱਤੀ ਉਤੇ ਰੱਖ ਕੇ ਸਿਲਵਰ ਦੇ ਗਿਲਾਸ ਵਿਚ ਪਾਣੀ ਢੋਹਣ ਲੱਗ ਪਏ। ਪਹਿਲਾਂ ਤਾਂ ਮੈਂ ਸਮਝਿਆ ਐਵੇਂ ਭੁੱਲ ਭੁਲੇਖੇ ਸੱਸ ਕੋਲੋਂ ਇੰਜ ਹੋ ਗਿਆ ਏ। ਪਰ ਜਦੋਂ ਡੋਂਗੇ ਦੀ ਬਜਾਏ ਸਿੱਧਾ ਕੌਲੀ ਵਿਚ ਸਾਲਣ ਪਾ ਕੇ ਦੇਣ ਲੱਗ ਪਏ ਤਾਂ ਮੈਨੂੰ ਸ਼ੱਕ ਪੈ ਗਿਆ।

ਅੱਗੋਂ ਕਾਵਾਂ ਦੇ ਅੱਥਰੂਆਂ ਵਰਗਾ ਸ਼ੋਰਾ, ਹੱਡੀਆਂ ਤੋਂ ਗੋਸ਼ਤ ਅਤੇ ਨਹੁੰਆਂ ਤੋਂ ਮਾਸ ਵਖਰਾ ਹੋ ਗਿਆ। ਹੁਣ ਤੇ ਕੋਈ ਗੱਲ ਢਕੀ ਛੁਪੀ ਨਹੀਂ ਸੀ ਰਹਿ ਗਈ। ਪਰ ਪਿਛੇ ਵੀ ਕੁੱਝ ਨਹੀਂ ਸੀ ਛੱਡ ਕੇ ਆਇਆ। ਬੇੜੀਆਂ ਸਾੜ ਕੇ ਸਹੁਰਿਆਂ ਦੇ ਘਰ ਮੁਕਲਾਵੇ ਜਾਣ ਦਾ ਚਾਅ ਪੂਰਾ ਕਰਨ ਆਇਆ ਸਾਂ। ਅਖ਼ੀਰ ਕੰਨ ਥੱਲੇ ਸੁੱਟ ਲਏ ਤੇ ਚੱਡਿਆਂ ਵਿਚ ਪੂਛ ਦੇ ਕੇ ਸਹੁਰਿਆਂ ਘਰ ਰਹਿਣ ਵਾਲੇ ਮੇਰੇ ਚਾਲੇ ਹੋ ਗਏ। ਇਕ ਦਿਨ ਸਵੇਰੇ ਸਵੇਰੇ ਮੇਰਾ ਵੱਡਾ ਸਾਲਾ ਇਕ ਫ਼ਾਰਮ ਲੈ ਆਇਆ। ਮੇਰੇ ਹੱਥ ਫੜਾ ਕੇ ਕਹਿਣ ਲਗਾ ''ਅਮੀਨ ਸਾਹਿਬ! ਇਹ ਫ਼ਾਰਮ ਸੋਸ਼ਲ ਸਕਿਉਰਿਟੀ ਵਾਸਤੇ ਭਰ ਕੇ ਦਫ਼ਤਰ ਜਮ੍ਹਾਂ ਕਰਵਾ ਦਿਉ।''

ਰੱਬ ਝੂਠ ਨਾ ਬੁਲਾਏ, ਉਸ ਫ਼ਾਰਮ ਵਿਚ ਜੰਮਣ ਤੋਂ ਲੈ ਕੇ ਮਰਨ ਤੋਂ ਬਾਅਦ ਤਕ ਦੇ ਸਵਾਲ ਵੀ ਸਨ। ਮਸਲਨ ਜੇ ਤੈਨੂੰ ਦੋ ਤਿੰਨ ਦਿਹਾੜੇ ਰੋਟੀ ਨਾ ਲੱਭੇ ਤਾਂ ਕੀ ਕਰੇਂਗਾ? ਜੇ ਰਾਤ ਨੂੰ ਬੀਵੀ ਲੜ ਕੇ ਘਰੋਂ ਕੱਢ ਦੇਵੇ ਤਾਂ ਰਹਿਣ ਦੇ ਥਾਂ ਦਾ ਪਤਾ ਈ? ਜੇ ਤੇਰੇ ਖ਼ਰਾਟਿਆਂ ਤੋਂ ਤੰਗ ਆ ਕੇ ਬੀਵੀ ਪੁਲਿਸ ਸੱਦ ਲਵੇ ਜਾਂ ਤਲਾਕ ਮੰਗੇ ਤਾਂ ਕਿਹੜੇ ਅਦਾਰੇ ਵਿਚ ਜਾਵੇਂਗਾ? ਮੈਂ ਫ਼ਾਰਮ ਪੜ੍ਹ ਕੇ ਸਾਲੇ ਨੂੰ ਆਖਿਆ ''ਪਰਵੇਜ਼ ਸਾਹਿਬ! ਨਾ ਮੈਂ ਇਹ ਕੰਮ ਕਦੀ ਕੀਤੈ ਅਤੇ ਨਾ ਅੱਗੋਂ ਇਰਾਦਾ ਹੈ। ਇਹ ਖ਼ਰਾਟਿਆਂ ਦਾ ਹਿਸਾਬ ਵੀ ਮੰਗਦੇ ਨੇ ਤੇ ਮੈਂ ਇਸ ਦਾ ਕੋਈ ਜਵਾਬ ਨਹੀਂ ਦੇਣਾ।'' ਉਸ ਆਖਿਆ ''ਅਮੀਨ ਸਾਹਿਬ ਇਹ ਐਵੇਂ ਫ਼ਾਰਮੈਲਟੀ ਹੁੰਦੀ ਹੈ, ਤੁਸੀ ਵਹਿਮ ਨਾ ਕਰੋ।'' (ਚਲਦਾ)