ਹਾਲ ਮੇਰੇ ਮੁਕਲਾਵੇ ਦਾ (ਭਾਗ 2)

ਸਪੋਕਸਮੈਨ ਸਮਾਚਾਰ ਸੇਵਾ

ਰਾਣੀ ਨੂੰ ਪੁਛਿਆ ''ਕਰਮਾਂ ਵਾਲੀਏ! ਮੈਂ ਤੇ ਹੋਣੀ ਤਕਦੀਰ ਨੂੰ ਇਥੇ ਆ ਹੀ ਗਿਆ ਸਾਂ ਪਰ ਹੁਣ ਇਹ ਤੇਰੀ ਮੇਰੀ ਜੁਦਾਈ ਦਾ ਵੇਲਾ ਕਾਹਨੂੰ ਨੇੜੇ ਆਉਣ ਲੱਗ ਪਿਆ ਹੈ?'' ਉਹ...

Amin Malik

ਰਾਣੀ ਨੂੰ ਪੁਛਿਆ ''ਕਰਮਾਂ ਵਾਲੀਏ! ਮੈਂ ਤੇ ਹੋਣੀ ਤਕਦੀਰ ਨੂੰ ਇਥੇ ਆ ਹੀ ਗਿਆ ਸਾਂ ਪਰ ਹੁਣ ਇਹ ਤੇਰੀ ਮੇਰੀ ਜੁਦਾਈ ਦਾ ਵੇਲਾ ਕਾਹਨੂੰ ਨੇੜੇ ਆਉਣ ਲੱਗ ਪਿਆ ਹੈ?'' ਉਹ ਆਖਣ ਲੱਗੀ ''ਕਰ ਦੇ ਸਾਈਨ। ਇਥੇ ਸਾਰੇ ਇਸ ਤਰ੍ਹਾਂ ਹੀ ਕਰਦੇ ਨੇ।'' ਮੈਂ ਆਖਿਆ ''ਇਥੇ ਜੋ ਜੋ ਕੁੱਝ ਹੁੰਦਾ ਏ ਮੈਂ ਨਹੀਂ ਕਰਨਾ।'' ਉਸ ਨੇ ਪੁਛਿਆ, ''ਕਿਉਂ, ਕੀ ਕੀ ਹੁੰਦਾ ਏ ਇਥੇ?'' ਮੈਂ ਕਿਹਾ, ''ਇਥੇ ਕਵਾਰੀਆਂ ਦੇ ਘਰ ਬਾਲ ਜੰਮਦੇ ਨੇ, ਇਥੇ ਖੀਰੀਆਂ ਹੀ ਸੂ ਪੈਂਦੀਆਂ ਨੇ। ਇਥੇ ਜ਼ਨਾਨੀ ਦਾ ਜ਼ਨਾਨੀ ਅਤੇ ਜਣੇ ਦਾ ਜਣੇ ਨਾਲ ਵਿਆਹ ਹੁੰਦਾ ਹੈ।

ਕਈ ਬੀਵੀਆਂ ਨੇ ਖ਼ਾਵੰਦ ਨੂੰ ਇਲਾਕਾ ਬਦਰ ਕਰ ਕੇ ਅਪਣੀ ਗਲੀ ਵਿਚ ਨਾ ਵੜਨ ਦਾ ਹੁਕਮਨਾਮਾ ਹਾਸਲ ਕੀਤਾ ਹੋਇਆ ਏ।'' ਮੈਂ ਵਾਹਵਾ ਚਿਰ ਲੱਤਾਂ ਅੜਾਈਆਂ ਪਰ ਪ੍ਰਦੇਸ ਬੇਗਾਨਾ, ਨਾ ਭੈਣ ਨਾ ਭਰਾ ਤੇ ਨਾ ਅੰਗ ਨਾ ਸਾਕ। ਫ਼ਾਰਮ ਭਰ ਕੇ ਦਸਤਖ਼ਤ ਕਰ ਦਿਤੇ। ਕੁੱਝ ਦਿਨ ਪਿਛੋਂ ਮੈਨੂੰ ਲੈਟਰ ਆਇਆ, ''ਮਿਸਟਰ ਮਲਿਕ! ਤੂੰ 15 ਤਾਰੀਖ਼ ਨੂੰ ਸੋਸ਼ਲ ਸੈਕਟਰੀ ਦੇ ਦਫ਼ਤਰ ਹਾਜ਼ਰ ਹੋ ਕੇ ਇੰਟਰਵੀਊੂ ਦੇਣਾ ਹੈ। ਪਾਸਪੋਰਟ ਅਤੇ ਬਾਲਾਂ ਦੇ ਜੰਮਣ-ਪੱਤਰ ਨਾਲ ਲੈ ਕੇ ਆ।''

ਲੈਟਰ ਪੜ੍ਹ ਕੇ ਅਪਣੇ ਸਾਲੇ ਨੂੰ ਪੁਛਿਆ, ''ਭਾਅ ਜੀ, ਇਹ ਤਲਾਕ ਦੇ ਝੀੜੇ ਅਤੇ ਖ਼ਰਾਟਿਆਂ ਵਾਲੀਆਂ ਗੱਲਾਂ ਦਾ ਵੇਰਵਾ ਮੈਂ ਕਰਾਂਗਾ ਕਿਸ ਤਰ੍ਹਾਂ? ਮੈਨੂੰ ਤਾਂ ਖ਼ਰਾਟਿਆਂ ਦੀ ਅੰਗਰੇਜ਼ੀ ਵੀ ਨਹੀਂ ਆਉਂਦੀ। ਅੱਗੋਂ ਵੱਧ ਗ਼ਮ ਇਹ ਸੀ ਬਈ ਮੈਨੂੰ ਅੰਗਰੇਜ਼ਾਂ ਦੇ ਲਹਿਜੇ ਦੀ ਸਮਝ ਨਹੀਂ ਸੀ ਆਉਂਦੀ। ਇੰਜ ਹੀ ਲਗਦਾ ਸੀ ਜਿਵੇਂ ਪੀਪੇ ਵਿਚ ਰੋੜੇ ਖੜਕਾਏ ਜਾ ਰਹੇ ਨੇ। ਇਹ ਵਰਕਰ ਨੂੰ ਵਰਕਾ, ਫ਼ਾਦਰ ਨੂੰ ਫ਼ਾਦਾ ਤੇ ਅਫ਼ਸਰ ਨੂੰ ਅਫ਼ਸਾ ਆਖਦੇ ਨੇ। ਪਤਾ ਨਹੀਂ ਅੰਗਰੇਜ਼ਾਂ ਨੂੰ ''ਰ'' 'ਤੇ ਆ ਕੇ ਮਿਰਚ ਕਿਉੁਂ ਲੜ ਜਾਂਦੀ ਏ।''

ਮੇਰੀਆਂ ਗੱਲਾਂ ਸੁਣ ਕੇ ਰਾਣੀ ਨੇ ਆਖਿਆ, ''ਘਬਰਾਉਂਦਾ ਕਿਉਂ ਏਂ, ਮੈਂ ਤੇਰੇ ਨਾਲ ਚੱਲਾਂਗੀ। ਮੈਨੂੰ ਇਹ ਗੜਬੜ ਆਉਂਦੀ ਏ।'' ਮੈਂ ਹੌਂਸਲਾ ਕਰ ਕੇ ਸੌਂ ਗਿਆ। ਵਤਨ ਦਾ ਪਿਆਰ ਛੱਡ ਕੇ ਸਹੁਰਿਆਂ ਦੀ ਮਾਰ ਖਾਂਦਿਆਂ ਵਾਹਵਾ ਹੀ ਦਿਹਾੜੇ ਲੰਘ ਗਏ ਸਨ। ਮੈਂ ਤੇ ਰਾਣੀ ਦੋਹਾਂ ਬਾਲਾਂ ਨਾਲ ਉਤਲੇ ਕਮਰੇ ਵਿਚ ਟੰਗੇ ਹੋਏ ਸਾਂ। ਕਮਰਾ ਕਾਹਦਾ ਸੀ, ਖੁੱਡਾ ਸੀ ਕੁੱਕੜੀਆਂ ਦਾ। ਸੱਸ ਸਹੁਰਾ ਥੱਲੇ ਖੁੱਲ੍ਹੇ ਡੁੱਲ੍ਹੇ ਕਮਰੇ ਵਿਚ ਸਾਡਾ ਕਲੇਜਾ ਲੂੰਹਦੇ ਸਨ। ਮੈਨੂੰ ਸਾਫ਼ ਪਤਾ ਲੱਗ ਰਿਹਾ ਸੀ ਕਿ ਤੋਤਾ ਚਸ਼ਮੀ ਵੱਧ ਰਹੀ ਹੈ ਅਤੇ ਸਾਈਆਂ ਮੱਥੇ 'ਤੇ ਅੱਖਾਂ ਰੱਖ ਲਈਆਂ ਨੇ।

ਕਦੀ ਜੇ ਰਾਤ ਨੂੰ ਮੈਨੁੰ ਯੂਸਫ਼ ਜ਼ੁਲੈਖ਼ਾ ਪੜ੍ਹਦਿਆਂ 12 ਵੱਜ ਜਾਂਦੇ ਤਾਂ ਥੱਲਿਉਂ ਸਹੁਰਾ ਜੀ ਬੜਾ ਅਵਾਜ਼ਾਰ ਜਿਹਾ ਹੋ ਕੇ ਆਉਂਦਾ ਅਤੇ ਚੁੱਪ ਕਰ ਕੇ ਬਿਜਲੀ ਆਫ਼ ਕਰ ਕੇ ਆਖਦਾ ''ਤੂੰ ਅੱਧੀ ਰਾਤ ਤਕ ਯੂਸਫ਼ ਜ਼ੁਲੈਖ਼ਾਂ ਪੜ੍ਹਦਾ ਰਹਿਨਾ ਏਂ। ਯੂਸ਼ਫ਼ ਨੇ ਸਾਨੂੰ ਖ਼ੂਹ ਨਹੀਂ ਲਵਾ ਦੇਣਾ। ਇਥੇ ਬਿਜਲੀ ਦਾ ਬਿਲ ਆਉਂਦਾ ਏ। ਇਹ ਪਾਕਿਸਤਾਨ ਨਹੀਂ ਜਿਥੇ ਮੀਟਰ ਰੀਡਰ ਨੂੰ ਪੰਜਾਹ ਰੁਪਏ ਦੇ ਕੇ ਪੂਰਾ ਮਹੀਨਾ ਏਅਰ ਕੰਡੀਸ਼ਨਰ ਚਲਾ ਲਵੋ।'' ਮੈਂ ਹਨੇਰੇ ਵਿਚ ਮੂੰਹ ਹੀ ਵੇਖਦਾ ਰਹਿੰਦਾ ਕਿ ਇਹ ਵਲਾਇਤੀ ਰੰਗ ਵਿਚ ਰੰਗੇ ਮੁਹਤਰਮ ਫ਼ਾਦਾ ਸਾਹਿਬ ਨੇ ਮੇਰੇ ਨਾਲ ਕੀ ਕੀਤੀ ਹੈ।

ਰਾਣੀ ਦਾ ਮੂੰਹ ਮਾਰਦਾ ਸੀ ਨਹੀਂ ਤੇ ਉਸ ਦਾ ਮੂੰਹ ਦੂਜੇ ਪਾਸੇ ਲਾ ਦੇਣਾ ਸੀ। ਰਾਣੀ ਨੂੰ ਮੇਰੀ ਆਕੜਖ਼ਾਨੀ ਦਾ ਵੀ ਪਤਾ ਸੀ ਕਿ ਅਮੀਨ ਨੱਕ ਉਪਰ ਮੱਖੀ ਨਹੀਂ ਬੈਠਣ ਦਿੰਦਾ। ਉਹ ਤਰਲਾ ਕਰ ਕੇ ਆਖਦੀ, ''ਗੁੱਸਾ ਨਾ ਕਰ, ਅੱਬਾ ਜੀ ਦਾ ਮਤਲਬ ਹੈ ਬਹੁਤਾ ਜਾਗਣ ਨਾਲ ਤਬੀਅਤ ਖ਼ਰਾਬ ਹੋ ਜਾਂਦੀ ਏ।'' ਉਹ ਵਿਚਾਰੀ ਅੱਗ ਪਾਣੀ ਵਿਚ ਘਿਰੀ ਹੋਈ ਸੀ। ਮੈਨੂੰ ਅੰਦਰੋਂ ਪਤਾ ਸੀ ਕਿ ਬਾਬੇ ਹੋਰਾਂ ਨੂੰ ਪਾਊਂਡਾਂ ਦਾ ਹੌਲ ਖਾਈ ਜਾਂਦਾ ਹੈ ਜਿਸ ਕਰ ਕੇ ਬਲਬ ਬੁਝਾਂਦਾ ਫਿਰਦਾ ਏ।

ਆਖ਼ਰ ਇਕ ਦਿਨ ਬਾਬੇ ਨੇ ਮੇਰਾ ਇਲਾਜ ਲੱਭ ਕੇ ਆਖਿਆ, ''ਤੂੰ ਕਿਤਾਬ ਦਾ ਖਹਿੜਾ ਨਹੀਂ ਛਡਣਾ ਤਾਂ ਸੜਕ ਵਾਲੇ ਪਾਸੇ ਵਾਲੀ ਵਿੰਡੋ ਅੱਗੋਂ ਪਰਦਾ ਚੁੱਕ ਕੇ ਕਮਰੇ ਦੀ ਬੱਤੀ ਬੁਝਾ ਲਿਆ ਕਰ। ਆਖ਼ਰ ਹਕੂਮਤ ਨੇ ਖੰਭੇ ਉਪਰ ਬਲਬ ਕਾਹਦੇ ਲਈ ਲਾਇਆ ਹੈ? ਸਰਕਾਰੀ ਬਿਜਲੀ ਵਰਤਿਆ ਕਰ। ਆਖ਼ਰ ਮੈਂ ਸਾਰੀ ਉਮਰ ਹਕੂਮਤ ਨੂੰ ਟੈਕਸ ਦਿਤਾ ਹੈ।'' ਮੈਂ ਬਾਰੀ ਅੱਗੋਂ ਪਰਦਾ ਚੁਕਿਆ ਤਾਂ ਮੈਨੂੰ ਹੋਰ ਲੋਅ ਲੱਗ ਗਈ। ਮੈਂ ਯੂਸਫ਼ ਵਾਲੀ ਜ਼ੁਲੈਖ਼ਾਂ ਨੂੰ ਛੱਡ ਕੇ ਜਿਊਂਦੀ ਜਾਗਦੀ ਮੈਡਮ ਰੀਟਾ ਦਾ ਪਾਠ ਕਰਨ ਲੱਗ ਪਿਆ।

ਮੈਨੂੰ ਪਤਾ ਹੀ ਨਹੀਂ ਸੀ ਕਿ ਸਾਹਮਣੇ ਵਾਲੀ ਖਿੜਕੀ ਵਿਚ ਸ਼ੈਕਸਪੀਅਰ ਦੀ ਲਿਖਤ ਦਾ ਨਜ਼ਾਰਾ ਨਜ਼ਰ ਆ ਜਾਏਗਾ। ਮੈਡਮ ਨੇ ਵੀ ਅਪਣੀ ਬਾਰੀ ਦਾ ਪਰਦਾ ਚੁਕਿਆ ਹੋਇਆ ਸੀ। ਖ਼ੌਰੇ ਉਸ ਦਾ ਵੀ ਸਹੁਰਾ ਅਜੇ ਜਿਊਂਦਾ ਸੀ। ਸੱਤਰ ਕੁ ਸਾਲ ਦੀ ਹੋਵੇਗੀ। ਮੈਂ ਸਾਲ ਤਾਂ ਨਾ ਗਿਣੇ, ਬਸ ਬਲਦੀ ਮਿਸ਼ਾਲ ਨੂੰ ਹੀ ਵੇਖਿਆ। ਇੰਜ ਹੀ ਸੀ ਜਿਵੇਂ ਬਲਬ ਦੇ ਥੱਲੇ ਵੀ ਬਲਬ ਜਗ ਰਿਹਾ ਹੋਵੇ। ਉਸ ਦੇ ਕਮਰੇ ਦਾ ਬਲਬ ਬਲਦਾ ਸੀ ਜਿਸ ਦੇ ਥੱਲੇ ਇਕ ਬਲਦਾ ਭਾਂਬੜ ਬੈਠਾ ਹੋਇਆ ਸੀ।

ਗਰਮੀਆਂ ਦੇ ਮੌਸਮ ਵਿਚ ਖਿੜਕੀ ਦਾ ਪਰਦਾ ਚੁੱਕ ਕੇ ਵੇਖਿਆ, ਗੁਜ਼ਾਰੇ ਲਾਇਕ ਬੇਪਰਦਗੀ ਵੀ ਹੈ ਸੀ। ਮੈਂ ਧਿਆਨ ਮਾਰਿਆ ਤਾਂ ਸਾਰੇ ਧਿਆਨ ਹੱਟ ਗਏ। ਦਿਲ ਵਿਚ ਸਹੁਰੇ ਨੂੰ ਆਖਿਆ 'ਮੇਰਾ ਕੀ ਵਿਗਾੜ ਲਿਆ ਈ? ਰੌਸ਼ਨੀ ਖੋਹ ਕੇ ਰੀਟਾ ਵਿਖਾ ਗਿਆ ਏਂ।' ਰੀਟਾ ਦੀ ਰੌਣਕ ਕੀ ਦੱਸਾਂ! ਹਨੇਰੇ ਵਿਚ ਖਲੋ ਕੇ ਉਸ ਚਾਨਣੀ ਨੂੰ ਵੇਖ ਵੇਖ ਖ਼ੁਸ਼ ਹੁੰਦਾ ਰਿਹਾ। ਉਹ ਸ਼ੀਸ਼ੇ ਅੱਗੇ ਬਹਿ ਕੇ ਮੋਚਨੇ ਨਾਲ ਵਾਲ ਖਿੱਚਦੀ, ਕੰਨਾਂ ਨੂੰ ਖਿੱਚ ਖਿੱਚ ਵੇਖਦੀ ਕਿ ਕਿਧਰੇ ਉਖੜ ਤਾਂ ਨਹੀਂ ਗਏ। ਵਾਲਾਂ ਨੂੰ ਕੁੰਡਲ ਪਾਣ ਵਾਲੀਆਂ ਚੂੰਢੀਆਂ ਲਾਉਂਦੀ। ਪਾਣੀ ਵਾਲੀ ਪਿਆਲੀ ਵਿਚੋਂ ਓਪਰੇ ਦੰਦਾਂ ਦਾ ਬੀੜ ਮੂੰਹ ਵਿਚ ਇਹਤਿਆਤ ਨਾਲ ਤੁੰਨ ਲੈਂਦੀ। (ਚਲਦਾ)