ਪੰਜਾਬ ਦਾ ਇਹ ਪਿੰਡ ਹੈ ਪੂਰੀ ਤਰਾਂ ਨਸ਼ਾ ਮੁਕਤ, ਅਜਿਹਾ ਕੀ ਕੀਤਾ.. Spokesman ਦੀ ਗਰਾਊਂਡ ਰਿਪੋਰਟ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਪੰਜਾਬ ਇਕ ਅਜਿਹਾ ਸੂਬਾ ਹੈ ਜੋ ਕਿਸੇ ਸਮੇਂ ਬੁਲੰਦੀਆਂ ਨੂੰ ਛੂੰਹਦਾ ਸੀ ਤੇ ਅਪਣੀ ਨਿਵੇਕਲੀ ਪਛਾਣ ਕਰਕੇ ਪੂਰੀ ਦੁਨੀਆ ਵਿਚ ਮਸ਼ਹੂਰ ਸੀ।

Photo

ਰਾਏਕੋਟ: ਪੰਜਾਬ ਇਕ ਅਜਿਹਾ ਸੂਬਾ ਹੈ ਜੋ ਕਿਸੇ ਸਮੇਂ ਬੁਲੰਦੀਆਂ ਨੂੰ ਛੂੰਹਦਾ ਸੀ ਤੇ ਅਪਣੀ ਨਿਵੇਕਲੀ ਪਛਾਣ ਕਰਕੇ ਪੂਰੀ ਦੁਨੀਆ ਵਿਚ ਮਸ਼ਹੂਰ ਸੀ। ਸਮੇਂ ਦੇ ਨਾਲ-ਨਾਲ ਪੰਜਾਬ ਵਿਚ ਕਈ ਬਦਲਾਅ ਆਏ, ਜਿਨ੍ਹਾਂ ਕਾਰਨ ਪੰਜਾਬ ਦੀ ਹੋਂਦ ਖਤਰੇ ਵਿਚ ਪੈਂਦੀ ਜਾ ਰਹੀ ਹੈ। ਅਜਿਹਾ ਹੀ ਬਦਲਾਅ ਹੈ ਨਸ਼ਿਆਂ ਦਾ ਛੇਵਾਂ ਦਰਿਆ।

ਅੱਜ ਦਾ ਪੰਜਾਬ ਨਸ਼ੇ ਦੇ ਸਾਗਰ ਵਿਚ ਡੁਬਦਾ ਜਾ ਰਿਹਾ ਹੈ। ਬਹੁਤ ਹੀ ਅਫ਼ਸੋਸ ਦੀ ਗੱਲ ਹੈ ਕਿ ਨਸ਼ੇ ਦੇ ਕਾਲੇ ਦੈਂਤ ਕਾਰਨ ਪੰਜਾਬ ਅੱਜ ਦਿਨ-ਬ-ਦਿਨ ਕਮਜ਼ੋਰ ਹੁੰਦਾ ਜਾ ਰਿਹਾ ਹੈ। ਆਏ ਦਿਨ ਪੰਜਾਬ ਵਿਚ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਨਸ਼ੇ ਨੂੰ ਪੰਜਾਬ ਵਿਚੋਂ ਜੜੋਂ ਖਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਖ਼ਾਸ ਉਪਰਾਲਾ ਕੀਤਾ ਜਾ ਰਿਹਾ ਹੈ।

ਇਸ ਦੇ ਤਹਿਤ ਪੰਜਾਬ ਸਰਕਾਰ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਬੀੜਾ ਚੁੱਕਿਆ ਹੈ। ਇਸ ਦੇ ਲਈ ਸੂਬਾ ਸਰਕਾਰ ਵੱਲੋਂ ਵੱਖ-ਵੱਖ ਥਾਵਾਂ ‘ਤੇ ਨਸ਼ਾ ਛੁਡਾਊ ਕੇਂਦਰ ਖੋਲ੍ਹੋ ਗਏ ਹਨ ਤੇ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੀ ਦਲਦਲ ‘ਚੋਂ ਕੱਢਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸੂਬੇ ਦੇ ਕਈ ਪਿੰਡ ਵੀ ਅਜਿਹੇ ਹਨ ਜੋ ਪੰਜਾਬ ਦੇ ਹੋਰਨਾਂ ਪਿੰਡਾਂ ਨੂੰ ਮਾਤ ਦੇ ਰਹੇ ਹਨ ਤੇ ਨਵੀਂ ਮਿਸਾਲ ਪੇਸ਼ ਕਰ ਰਹੇ ਹਨ।

ਅਜਿਹਾ ਹੀ ਇਕ ਪਿੰਡ ਹੈ ਜ਼ਿਲ੍ਹਾ-ਲੁਧਿਆਣਾ ਤੇ ਤਹਿਸੀਲ ਰਾਏਕੋਟ ‘ਚ ਪੈਂਦਾ ਪਿੰਡ ਰਾਜਗੜ੍ਹ। ਇਹ ਪਿੰਡ ਪੰਜਾਬ ਦੇ ਬਾਕੀ ਪਿੰਡਾ ਨਾਲੋਂ ਵੱਖਰਾ ਹੈ ਕਿਉਂਕਿ ਇੱਥੇ ਨਾ ਤਾਂ ਕੋਈ ਨਸ਼ਾ ਕਰਦਾ ਹੈ ਤੇ ਨਾ ਹੀ ਕੋਈ ਨਸ਼ਾ ਵੇਚਦਾ ਹੈ। ਪੰਜਾਬ ਦਾ ਇਹ ਪਿੰਡ ਬਾਕੀ ਪਿੰਡਾਂ ਲਈ ਪ੍ਰੇਰਣਾ ਬਣ ਗਿਆ ਹੈ। ਰੋਜ਼ਾਨਾ ਸਪੋਕਸਮੈਨ ਵੱਲੋਂ ਤੰਦਰੁਸਤ ਪਿੰਡਾਂ ਦੀ ਲੜੀ ਦੌਰਾਨ ਇਸ ਪਿੰਡ ਦੀ ਖ਼ਾਸ ਰਿਪੋਰਟਿੰਗ ਕੀਤੀ ਗਈ।

ਇਸ ਦੌਰਾਨ ਇਹ ਦੇਖਿਆ ਗਿਆ ਕਿ ਇਹ ਪਿੰਡ ਕਿਵੇਂ ਨਸ਼ਾ ਮੁਕਤ ਬਣਿਆ ਤੇ ਇਸ ਪਿੰਡ ਦੀ ਕਹਾਣੀ ਕੀ ਹੈ। ਇਸ ਦੌਰਾਨ ਇਸ ਪਿੰਡ ਦੇ ਲੋਕਾਂ ਨਾਲ ਵੀ ਗੱਲ਼ਬਾਤ ਕੀਤੀ ਗਈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਉਹਨਾਂ ਦੇ ਪਿੰਡ ਵਿਚ ਕੋਈ ਵੀ ਮੁੰਡਾ ਚਿੱਟਾ, ਅਫੀਮ ਆਦਿ ਨਸ਼ੇ ਨਹੀਂ ਕਰਦਾ।

ਪਿੰਡ ਵਾਸੀਆਂ ਨੇ ਦੱਸਿਆ ਕਿ ਸ਼ੁਰੂ ਤੋਂ ਹੀ ਇਸ ਪਿੰਡ ‘ਤੇ ਪ੍ਰਮਾਤਮਾ ਦੀ ਅਜਿਹੀ ਕ੍ਰਿਪਾ ਰਹੀ ਕਿ ਇੱਥੇ ਕੋਈ ਨਸ਼ਾ ਨਹੀਂ ਕਰਦਾ ਤੇ ਨਾ ਹੀ ਕਿਸੇ ਨੇ ਅਤੀਤ ਵਿਚ ਕੋਈ ਨਸ਼ਾ ਕੀਤਾ। ਇਹ ਪਿੰਡ ਸ਼ੁਰੂ ਤੋਂ ਹੀ ਨਸ਼ਾ-ਮੁਕਤ ਹੈ। ਇਸ ਪਿੰਡ ਵਿਚ 250 ਦੇ ਕਰੀਬ ਮੁੰਡੇ ਹਨ ਤੇ ਸਾਰੇ ਹੀ ਮੁੰਡੇ ਨਸ਼ੇ ਤੋਂ ਬਗੈਰ ਹਨ। ਇਸ ਦੇ ਨਾਲ ਹੀ ਪਿੰਡ ਦੇ ਹਾਲਾਤ ਵੀ ਬਹੁਤ ਵਧੀਆ ਹਨ ਤੇ ਪਿੰਡ ਦੇ ਸਰਪੰਚ ਵੱਲੋਂ ਵੀ ਵਧੀਆ ਕੰਮ ਕੀਤੇ ਜਾ ਰਹੇ ਹਨ।

ਪਿੰਡ ਰਾਜਗੜ੍ਹ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਨੇ ਵੀ ਦੱਸਿਆ ਕਿ ਇਹ ਪਿੰਡ ਸ਼ੁਰੂ ਤੋਂ ਹੀ ਨਸ਼ਾ-ਮੁਕਤ ਹੈ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਪਿੰਡ ਨੂੰ ਹਰ ਤਰ੍ਹਾਂ ਦੀ ਗ੍ਰਾਂਟ ਆ ਰਹੀ ਹੈ, ਜਿਸ ਨਾਲ ਪਿੰਡ ਵਿਚ ਵਧੀਆ ਕੰਮ ਹੋ ਰਹੇ ਹਨ। ਪਿੰਡ ਦੇ ਨੌਜਵਾਨਾਂ ਦਾ ਕਹਿਣਾ ਹੈ ਕਿ ਇਸ ਪਿੰਡ ‘ਤੇ ਗੁਰੂਆਂ ਦੀ ਮਿਹਰ ਹੈ ਕਿਉਂਕਿ ਇੱਥੇ ਸਾਰੇ ਨੌਜਵਾਨ ਗੁਰਸਿੱਖ ਹਨ।

ਉਹਨਾਂ ਦੱਸਿਆ ਕਿ ਇਸ ਪਿੰਡ ਕੋਈ ਵੀ ਨਾਈ ਦੀ ਦੁਕਾਨ ਨਹੀਂ ਹੈ ਤੇ ਨਾ ਹੀ ਕਿਸੇ ਦੁਕਾਨ ਤੋਂ ਸਿਗਰਟ ਆਦਿ ਮਿਲਦੇ ਹਨ। ਨੌਜਵਾਨਾਂ ਦਾ ਕਹਿਣਾ ਹੈ ਕਿ ਇਸ ਪਿੰਡ ਨੂੰ ਖ਼ੂਬਸੂਰਤ ਬਣਾਉਣ ਵਿਚ ਪਿੰਡ ਦੇ ਇਕ-ਇਕ ਬੰਦੇ ਦਾ ਯੋਗਦਾਨ ਹੈ। ਪਿੰਡ ਦੇ ਬਜ਼ੁਰਗਾਂ ਨੇ ਦੱਸਿਆ ਕਿ ਪਿੰਡ ਦੇ ਤਾਜ਼ਾ ਹਾਲਾਤ ਪਹਿਲਾਂ ਨਾਲੋ ਕਾਫ਼ੀ ਅਲੱਗ ਹਨ।

ਜ਼ਿਲ੍ਹਾ ਲੁਧਿਆਣਾ ਦੇ ਇਸ ਪਿੰਡ ਵਿਚ ਕੋਈ ਡਿਸਪੈਂਸਰੀ ਨਹੀਂ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਕਿਸੇ ਨੂੰ ਦਵਾਈ ਦੀ ਲੋੜ ਹੁੰਦੀ ਹੈ ਤਾਂ ਉਹ ਨਾਲ ਦੇ ਪਿੰਡ ਤੋਂ ਲੈ ਕੇ ਆਉਂਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਪਿੰਡ ਵਿਚ ਡਿਸਪੈਂਸਰੀ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਜੋ ਕਿ ਜਲਦ ਪੂਰੀ ਹੋ ਸਕਦੀ ਹੈ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਦੇ ਨੌਜਵਾਨਾਂ ਵਿਚ ਏਕਤਾ ਹੈ ਤੇ ਹਰ ਕੋਈ ਮੁਸ਼ਕਿਲ ਸਮੇਂ ‘ਚ ਇਕ-ਦੂਜੇ ਨਾਲ ਖੜ੍ਹਾ ਹੁੰਦਾ ਹੈ। ਇਸ ਨਾਲ ਹੀ ਪਿੰਡ ਦਾ ਹਰੇਕ ਕੰਮ ਸਾਰੇ ਮਿਲ ਕੇ ਕਰਦੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਪਿੰਡ ਵਿਚ ਸੰਤ ਗਿਆਨੀ ਗੁਰਬਚਨ ਸਿੰਘ ਦੇ ਨਾਨਕੇ ਹਨ ਤੇ ਇਹ ਵੀ ਵੱਡਾ ਕਾਰਨ ਹੈ ਜਿਸ ਕਰਕੇ ਪਿੰਡ ਵਿਚ ਕੋਈ ਨਸ਼ਾ ਨਹੀਂ ਹੈ।

ਪਿੰਡ ਵਾਸੀਆਂ ਨਾਲ ਹੋਈ ਇਸ ਮੁਲਾਕਾਤ ਤੋਂ ਪਤਾ ਚੱਲਦਾ ਹੈ ਕਿ ਇਹ ਪਿੰਡ ਕਿਵੇਂ ਸੂਬੇ ਦੇ ਬਾਕੀ ਪਿੰਡਾਂ ਨਾਲੋਂ ਵੱਖਰਾ ਹੈ ਤੇ ਪੂਰੇ ਪੰਜਾਬ ਲਈ ਮਿਸਾਲ ਬਣ ਰਿਹਾ ਹੈ। ਨਸ਼ਿਆਂ ਦੇ ਵਗ ਰਹੇ ਦਰਿਆ ਨੂੰ ਇਸ ਪਿੰਡ ਵੱਲੋਂ ਕਰਾਰਾ ਜਵਾਬ ਦਿੱਤਾ ਗਿਆ ਹੈ। ਲੋੜ ਹੈ ਬਾਕੀ ਪਿੰਡਾਂ ਨੂੰ ਇਸ ਪਿੰਡ ਤੋਂ ਸੇਧ ਲੈਣ ਦੀ ਤਾਂ ਜੋ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ।