ਦਿੱਲੀ 'ਚ ਜੋ ਕੁਝ ਵੀ ਹੋ ਰਿਹਾ ਉਹ ਇਨਸਾਨੀਅਤ ਦੇ ਹੱਕ 'ਚ ਨਹੀਂ : ਖਹਿਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿੱਲੀ ਵਿਚ ਹੋਏ ਦੰਗਿਆਂ ਨੂੰ ਲੈ ਕੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦਾ ਬਿਆਨ ਆਇਆ ਹੈ।

Photo

ਚੰਡੀਗੜ੍ਹ: ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਭੜਕੀ ਹਿੰਸਾ ਨਾਲ ਦਿੱਲੀ ਵਿਚ ਕਾਫ਼ੀ ਨੁਕਸਾਨ ਹੋਇਆ ਹੈ। ਦਿੱਲੀ ਵਿਚ ਹੋਏ ਦੰਗਿਆਂ ਨੂੰ ਲੈ ਕੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦਾ ਬਿਆਨ ਆਇਆ ਹੈ।

ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਜੋ ਕੁਝ ਵੀ ਦਿੱਲੀ ਵਿਚ ਵਾਪਰ ਰਿਹਾ ਹੈ ਤੇ ਜਿਸ ਢੰਗ ਨਾਲ ਇਕ ਫਿਰਕੇ ਨੂੰ ਨਿਸ਼ਾਨਾ ਬਣਾਇਆ ਗਿਆ, ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕੇਂਦਰ ਸਰਕਾਰ ਕਾਨੂੰਨ ਨੂੰ ਲਾਗੂ ਕਰਨ ‘ਚ ਫੇਲ੍ਹ ਰਹੀ ਹੈ। ਉਹਨਾਂ ਕਿਹਾ ਕਿ ਬੀਤੇ ਕਈ ਦਿਨਾਂ ਤੋਂ ਦਿੱਲੀ ਦੀ ਰਾਜਧਾਨੀ ਵਿਚ ਬਹੁਤ ਕੁਝ ਵਾਪਰਿਆ ਹੈ।

ਸ਼ਰੇਆਮ ਭੀੜ ਵੱਲੋਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਹਮਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਦਿੱਲੀ ਦੇ ਹਾਲਾਤ ਪੁਲਿਸ ਤੋਂ ਕੰਟਰੋਲ ਨਹੀਂ ਹੋ ਰਹੇ, ਜੇਕਰ ਕਦੇ ਪੂਰੇ ਭਾਰਤ ਵਿਚ ਪੁਲਿਸ ਦੀ ਲੋੜ ਪਈ ਤਾਂ ਉਹ ਕਿਵੇਂ ਕੰਟਰੋਲ ਕਰੇਗੀ। ਉਹਨਾਂ ਕਿਹਾ ਕਿ ਬਹੁਤ ਹੈਰਾਨੀ ਦੀ ਗੱਲ ਹੈ ਕਿ ਇਹ ਸਭ ਉਸ ਸਮੇਂ ਵਾਪਰਿਆ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਅਪਣੀ ਭਾਰਤ ਫੇਰੀ ‘ਤੇ ਸਨ ਤੇ ਪੂਰੇ ਅੰਤਰਰਾਸ਼ਟਰੀ ਮੀਡੀਆ ਦੀ ਨਜ਼ਰ ਰਾਜਧਾਨੀ ‘ਤੇ ਸੀ।

ਹੁਣ ਤੱਕ ਇਸ ਹਿੰਸਾਂ ਕਾਰਨ 35 ਲੋਕਾਂ ਦੀ ਮੌਤ ਹੋ ਗਈ ਹੈ। ਉਹਨਾਂ ਕਿਹਾ ਕਿ ਇਹ ਕੇਂਦਰ ਸਰਕਾਰ ਲਈ ਬਹੁਤ ਹੀ ਸ਼ਰਮਨਾਕ ਗੱਲ ਹੈ ਤੇ ਇਸ ਦੀ ਜਿੰਨੇ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਜਾਵੇ, ਉਹ ਘੱਟ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਹਮਦਰਦੀ ਹਿੰਸਾ ਪੀੜਤਾਂ ਦੇ ਨਾਲ ਹੈ, ਚਾਹੇ ਉਹ ਪੁਲਿਸ ਅਫ਼ਸਰ ਹਨ ਜਾਂ ਮੀਡੀਆ ਪਰਸਨ ਜਾਂ ਗਰੀਬ।

ਉਹਨਾਂ ਕਿਹਾ ਕਿ ਇਹ ਦੰਗੇ ਸਟੇਟ ਦੀ ਸ਼ੈਅ ਤੋਂ ਬਿਨਾਂ ਨਹੀਂ ਹੋ ਸਕਦੇ। ਉਹਨਾਂ ਕਿਹਾ ਕਿ ਜੇਕਰ ਹਾਲਾਤ ਪੁਲਿਸ ਤੋਂ ਕੰਟਰੋਲ ਨਹੀਂ ਹੋਏ ਤਾਂ ਫੌਜ ਨੂੰ ਬੁਲਾਇਆ ਜਾ ਸਕਦਾ ਸੀ। ਉਹਨਾਂ ਕਿਹਾ ਕਿ ਸਾਰਿਆਂ ਨੂੰ ਯਾਦ ਹੈ ਕਿ ਇਸੇ ਤਰ੍ਹਾਂ ਦੇ ਹਾਲਾਤ 1984 ਵਿਚ ਵੀ ਪੈਦਾ ਹੋਏ ਸਨ ਤੇ ਉਹ ਧੰਬਾ ਅੱਜ ਤੱਕ ਕੇਂਦਰ ਸਰਕਾਰ ਦੇ ਸਿਰ ਤੋਂ ਨਹੀਂ ਹਟ ਸਕਿਆ।

ਸ਼ਾਹੀਨ ਬਾਗ ਵਿਚ ਹੋ ਰਹੇ ਨਾਗਰਿਕਤਾ ਕਾਨੂੰਨ ਵਿਰੋਧੀ ਪ੍ਰਦਰਸ਼ਨ ‘ਤੇ ਉਹਨਾਂ ਨੇ ਕਿਹਾ ਕਿ ਉੱਥੇ ਲੋਕ ਸ਼ਾਂਤੀ ਨਾਲ ਬੈਠ ਕੇ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਸ਼ਾਹੀਨ ਬਾਗ ਵਿਚ ਬੈਠੀਆਂ ਔਰਤਾਂ ਨੂੰ ਮੈਂ ਸਲਾਮ ਕਰਨਾ ਚਾਹੁੰਦਾ ਹਾਂ। ਇਸ ਦੌਰਾਨ ਉਹਨਾਂ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਵਾਪਰੀਆਂ ਘਟਨਾਵਾਂ ਦੀ ਵੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ।

ਇਸ ਦੇ ਨਾਲ ਹੀ ਉਹਨਾਂ ਨੇ ਦਿੱਲੀ ਹਾਈਕੋਰਟ ਦੇ ਜਸਟਿਸ ਐਸ ਮੁਰਲੀਧਰ ਦੇ ਤਬਾਦਲੇ ਨੇ ਕਈ ਤਰ੍ਹਾਂ ਦੇ ਸਵਾਲ ਚੁੱਕੇ। ਇਸ ਦੇ ਨਾਲ ਹੀ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹ ਸਿਰਫ਼ ਭਾਜਪਾ ਦੇ ਪ੍ਰਧਾਨ ਮੰਤਰੀ ਨਹੀਂ ਬਲਕਿ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਹਨ। ਉਹਨਾਂ ਕਿਹਾ ਕਿ ਅੱਜ ਜਿਸ ਤਰ੍ਹਾਂ ਦਾ ਮਾਹੌਲ ਹੈ, ਉਸ ਨਾਲ ਦੇਸ਼ ਤਰੱਕੀ ਨਹੀਂ ਕਰ ਸਕਦਾ।