The last day of Indira Gandhi: ਇੰਦਰਾ ਗਾਂਧੀ ਦੇ ਕਤਲ ਦੀ ਪੂਰੀ ਕਹਾਣੀ, ਜਦੋਂ 25 ਸਕਿੰਟ 'ਚ ਵੱਜੀਆਂ ਸਨ 33 ਗੋਲੀਆਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਖੂਨ ਨਾਲ ਭਿੱਜੀ ਇੰਦਰਾ ਗਾਂਧੀ ਦਾ ਹਾਲ ਦੇਖ ਕੰਬ ਗਏ ਸਨ ਡਾਕਟਰ, ਚੜ੍ਹੀਆਂ ਸਨ ਖੂਨ ਦੀਆਂ 80 ਬੋਤਲਾਂ

The last day of Indira Gandhi

The last day of Indira Gandhi:ਕਹਿੰਦੇ ਨੇ ਜਦੋਂ ਕਿਸੇ ਦੀ ਮੌਤ ਹੋਣੀ ਹੁੰਦੀ ਹੈ ਤਾਂ ਉਸ ਨੂੰ ਕੁੱਝ ਸਮਾਂ ਪਹਿਲਾਂ ਹੀ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ।  ਇੰਦਰਾ ਗਾਂਧੀ ਨੂੰ ਵੀ 31 ਅਕਤੂਬਰ 1984 ਤੋਂ ਪਹਿਲਾਂ ਦੀ ਰਾਤ ਨੂੰ ਕੁੱਝ ਅਜਿਹੀ ਹੀ ਘਬਰਾਹਟ ਹੋ ਰਹੀ ਸੀ। ਥਕਾਵਟ ਤੇ ਘਬਰਾਹਟ ਕਾਰਨ ਉਹ ਰਾਤ ਭਰ ਚੰਗੀ ਤਰ੍ਹਾਂ ਸੌਂ ਵੀ ਨਹੀਂ ਸਕੀ।  ਉਸ ਰਾਤ ਇੰਦਰਾ ਗਾਂਧੀ ਜਦੋਂ ਦਿੱਲੀ ਪਰਤੇ ਤਾਂ ਕਾਫੀ ਥੱਕ ਗਏ ਸਨ।  ਉਸ ਰਾਤ ਨੂੰ ਉਹ ਬਹੁਤ ਘੱਟ ਸੁੱਤੇ... ਸਾਹਮਣੇ ਵਾਲੇ ਕਮਰੇ 'ਚ ਸੌਂ ਰਹੇ ਸੋਨੀਆ ਗਾਂਧੀ ਜਦੋਂ ਸਵੇਰੇ 4 ਵਜੇ ਆਪਣੇ ਦਮੇ ਦੀ ਦਵਾਈ ਲੈਣ ਲਈ ਉੱਠ ਕੇ ਬਾਥਰੂਮ ਵੱਲ ਗਏ ਤਾਂ ਇੰਦਰਾ ਗਾਂਧੀ ਉਸ ਵੇਲੇ ਜਾਗ ਰਹੇ ਸਨ।

ਸਵੇਰੇ ਸਾਢੇ 7 ਵਜੇ ਤਕ ਇੰਦਰਾ ਗਾਂਧੀ ਕੇਸਰੀ ਰੰਗ ਦੀ ਕਾਲੇ ਬਾਰਡਰ ਵਾਲੀ ਸਾੜੀ ਪਹਿਨ ਕੇ ਤਿਆਰ ਹੋ ਚੁੱਕੀ ਸੀ। ਇਸ ਦਿਨ ਉਨ੍ਹਾਂ ਦੀ ਪਹਿਲੀ ਮੁਲਾਕਾਤ ਪੀਟਰ ਉਸਤੀਨੋਵ ਦੇ ਨਾਲ ਤੈਅ ਸੀ, ਜੋ ਇੰਦਰਾ ਗਾਂਧੀ 'ਤੇ ਇਕ ਡਾਕੂਮੈਂਟਰੀ ਫਿਲਮ ਬਣਾ ਰਹੇ ਸਨ।  ਉਹ ਇਕ ਦਿਨ ਪਹਿਲਾਂ ਉੜੀਸਾ ਦੌਰੇ ਦੌਰਾਨ ਵੀ ਉਨ੍ਹਾਂ ਨੂੰ ਸ਼ੂਟ ਕਰ ਰਹੇ ਸੀ।

ਦੁਪਹਿਰ ਵੇਲੇ ਇੰਦਰਾ ਗਾਂਧੀ ਨੇ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਜੇਮਸ ਕੈਲੇਘਨ ਅਤੇ ਮਿਜ਼ੋਰਮ ਦੇ ਇਕ ਆਗੂ ਨਾਲ ਮੁਲਾਕਾਤ ਕਰਨੀ ਸੀ।  ਸ਼ਾਮ ਨੂੰ ਉਨ੍ਹਾਂ ਨੇ ਬ੍ਰਿਟੇਨ ਦੀ ਰਾਜਕੁਮਾਰੀ ਐਨ ਨੂੰ ਖਾਣੇ 'ਤੇ ਸੱਦਿਆ ਸੀ।

31 ਅਕਤੂਬਰ ਵਾਲੇ ਦਿਨ ਨਾਸ਼ਤੇ 'ਚ ਇੰਦਰਾ ਗਾਂਧੀ ਨੇ 2 ਟੋਸਟ, ਸੰਤਰੇ ਦਾ ਜੂਸ ਅਤੇ ਆਂਡੇ ਖਾਧੇ। ਨਾਸ਼ਤੇ ਤੋਂ ਬਾਅਦ ਜਦੋਂ ਮੇਕਅਪਮੈਨ ਉਨ੍ਹਾਂ ਦੇ ਚਿਹਰੇ 'ਤੇ ਪਾਊਡਰ ਅਤੇ ਬਲਸ਼ਰ ਲਗਾ ਰਿਹਾ ਸੀ ਤਾਂ ਉਨ੍ਹਾਂ ਦੇ ਡਾਕਟਰ ਕੇ.ਪੀ. ਮਾਥੁਰ ਵੀ ਉਥੇ ਪਹੁੰਚ ਗਏ ਸਨ।  ਉਹ ਰੋਜ਼ ਇਸੇ ਸਮੇਂ ਉਨ੍ਹਾਂ ਨੂੰ ਦੇਖਣ ਪਹੁੰਚਦੇ ਸੀ।

ਇੰਦਰਾ ਗਾਂਧੀ ਨੇ ਡਾਕਟਰ ਮਾਥੁਰ ਨੂੰ ਵੀ ਅੰਦਰ ਬੁਲਾ ਲਿਆ ਅਤੇ ਦੋਵੇਂ ਗੱਲਾਂ ਕਰਨ ਲੱਗੇ। 9 ਵੱਜ ਕੇ 10 ਮਿੰਟ 'ਤੇ ਜਦੋਂ ਇੰਦਰਾ ਗਾਂਧੀ ਆਪਣੇ ਬੰਗਲੇ 'ਚੋਂ ਬਾਹਰ ਆਈ ਤਾਂ ਚੰਗੀ ਧੁੱਪ ਖਿੜੀ ਹੋਈ ਸੀ। ਧੁੱਪ ਤੋਂ ਬਚਾਉਣ ਲਈ ਸਿਪਾਹੀ ਨਾਰਾਇਣ ਸਿੰਘ ਕਾਲੀ ਛੱਤਰੀ ਲੈ ਕੇ ਇੰਦਰਾ ਦੇ ਨਾਲ ਚੱਲਣ ਲੱਗਿਆ। ਉਨ੍ਹਾਂ ਤੋਂ ਕੁੱਝ ਕਦਮ ਪਿੱਛੇ ਆਰ.ਕੇ. ਧਵਨ ਅਤੇ ਇੰਦਰਾ ਗਾਂਧੀ ਦਾ ਨਿੱਜੀ ਸੇਵਕ ਨਾਥੂ ਰਾਮ ਚੱਲ ਰਿਹਾ ਸੀ।  ਸੱਭ ਤੋਂ ਪਿੱਛੇ ਉਨ੍ਹਾਂ ਦਾ ਨਿੱਜੀ ਸੁਰੱਖਿਆ ਅਫ਼ਸਰ, ਸਬ-ਇੰਸਪੈਕਟਰ ਰਾਮੇਸ਼ਵਰ ਦਿਆਲ ਆ ਰਿਹਾ ਸੀ।

ਇਸੇ ਦੌਰਾਨ ਸਾਹਮਣਿਓਂ ਇਕ ਮੁਲਾਜ਼ਮ ਟੀ-ਸੈੱਟ ਲੈ ਕੇ ਲੰਘਿਆ, ਜਿਸ 'ਚ ਉਸਤੀਨੋਵ ਨੂੰ ਚਾਹ ਸਰਵ ਕੀਤੀ ਜਾਣੀ ਸੀ। ਇੰਦਰਾ ਨੇ ਉਸ ਨੂੰ ਬੁਲਾ ਕੇ ਕਿਹਾ ਕਿ ਉਸਤੀਨੋਵ ਲਈ ਦੂਜਾ ਟੀ-ਸੈਟ ਕੱਢਿਆ ਜਾਵੇ।

ਧਵਨ ਨਾਲ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਯਮਨ ਦੌਰੇ ਬਾਰੇ ਗੱਲਾਂ ਕਰਦੀ-ਕਰਦੀ ਇੰਦਰਾ ਗਾਂਧੀ ਅਕਬਰ ਰੋਡ ਨੂੰ ਉਨ੍ਹਾਂ ਦੀ ਰਿਹਾਇਸ਼ ਨਾਲ ਜੋੜੀ ਵਾਲੀ ਸੜਕ ਨੇੜੇ ਪਹੁੰਚੀ। ਇਸ ਤੋਂ ਬਾਅਦ ਅਚਾਨਕ ਉੱਥੇ ਤਾਇਨਾਤ ਸੁਰੱਖਿਆ ਅਫ਼ਸਰ ਬੇਅੰਤ ਸਿੰਘ ਨੇ ਆਪਣੀ ਰਿਵਾਲਵਰ ਕੱਢ ਕੇ ਇੰਦਰਾ ਗਾਂਧੀ 'ਤੇ ਗੋਲੀ ਚਲਾ ਦਿੱਤੀ। ਇੰਦਰਾ ਨੇ ਬਚਣ ਦੀ ਕੋਸ਼ਿਸ਼ ਕੀਤੀ, ਪਰ ਉਸੇ ਵਕਤ ਬੇਅੰਤ ਸਿੰਘ ਨੇ 2 ਗੋਲੀਆਂ ਹੋਰ ਚਲਾ ਦਿੱਤੀਆਂ, ਜੋ ਉਨ੍ਹਾਂ ਦੀ ਬੱਖੀ, ਛਾਤੀ ਤੇ ਲੱਤ 'ਚ ਲੱਗੀਆਂ। ਇੰਦਰਾ ਗਾਂਧੀ ਨੂੰ ਡਿੱਗਿਆਂ ਦੇਖ ਬੇਅੰਤ ਸਿੰਘ ਆਪਣੀ ਥਾਂ ਤੋਂ ਹਿੱਲਿਆ ਨਹੀਂ।

ਉਸੇ ਵੇਲੇ ਬੇਅੰਤ ਸਿੰਘ ਨੇ ਮਹਿਜ਼ 5 ਫੁੱਟ ਦੀ ਦੂਰੀ 'ਤੇ ਖੜ੍ਹੇ ਆਪਣੇ ਸਾਥੀ ਸਤਵੰਤ ਸਿੰਘ ਨੂੰ ਆਵਾਜ਼ ਮਾਰ ਕੇ ਕਿਹਾ - ਗੋਲੀ ਚਲਾਓ...ਸਤਵੰਤ ਸਿੰਘ ਨੇ ਫੌਰਨ ਆਪਣੀ ਆਪਣੀ ਆਟੋਮੈਟਿਕ ਕਾਰਬਾਈਨ ਦੀਆਂ 25 ਗੋਲੀਆਂ ਇੰਦਰਾ ਗਾਂਧੀ 'ਤੇ ਦਾਗ਼ ਦਿਤੀਆਂ। ਬੇਅੰਤ ਸਿੰਘ ਦਾ ਪਹਿਲਾ ਫਾਇਰ ਹੋਏ 25 ਸਕਿੰਟ ਬੀਤ ਚੁੱਕੇ ਸਨ... ਪਰ ਉੱਥੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਵਲੋਂ ਕੋਈ ਪ੍ਰਤੀਕਿਰਿਆ ਸਾਹਮਣੇ ਨਾ ਆਈ। ਸਤਵੰਤ ਲਗਾਤਾਰ ਫਾਇਰ ਕਰੀ ਜਾ ਰਿਹਾ ਸੀ।

ਰਾਮੇਸ਼ਵਰ ਦਿਆਲ ਨੇ ਇੰਦਰਾ ਗਾਂਧੀ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੇ ਪੱਟ ਤੇ ਪੈਰਾਂ 'ਚ ਗੋਲੀਆਂ ਲੱਗਣ ਕਾਰਨ ਉਹ ਉਥੇ ਹੀ ਡਿੱਗ ਪਿਆ। ਉਸ ਸਮੇਂ ਬੇਅੰਤ ਸਿੰਘ ਤੇ ਸਤਵੰਤ ਸਿੰਘ ਦੋਹਾਂ ਨੇ ਅਪਣੇ ਹਥਿਆਰ ਸੁੱਟਦਿਆਂ ਆਖਿਆ - "ਅਸੀਂ ਜੋ ਕੁੱਝ ਕਰਨਾ ਸੀ, ਅਸੀਂ ਕਰ ਦਿਤਾ... ਹੁਣ ਤੁਸੀਂ ਜੋ ਕਰਨਾ ਹੈ, ਕਰੋ...''

ਉਸ ਸਮੇਂ ਆਈਟੀਬੀਪੀ ਦੇ ਜਵਾਨਾਂ ਨੇ ਦੋਵਾਂ ਨੂੰ ਅਪਣੇ ਘੇਰੇ 'ਚ ਲੈ ਲਿਆ। ਭਾਵੇਂ ਉਥੇ ਹਰ ਸਮੇਂ ਐਂਬੂਲੈਂਸ ਖੜ੍ਹੀ ਰਹਿੰਦੀ ਸੀ ਪਰ ਉਸ ਦਿਨ ਉਸ ਦਾ ਡਰਾਈਵਰ ਵੀ ਉਥੇ ਮੌਜੂਦ ਨਹੀਂ ਸੀ।

ਜ਼ਮੀਨ 'ਤੇ ਡਿੱਗੀ ਪਈ ਇੰਦਰਾ ਗਾਂਧੀ ਨੂੰ ਆਰ.ਕੇ. ਧਵਨ ਤੇ ਸੁਰੱਖਿਆ ਮੁਲਾਜ਼ਮ ਦਿਨੇਸ਼ ਭੱਟ ਨੇ ਚੁੱਕ ਕੇ ਚਿੱਟੀ ਐਮਬੈਸਡਰ ਕਾਰ ਦੀ ਪਿਛਲੀ ਸੀਟ 'ਤੇ ਰੱਖਿਆ... ਜਿਵੇਂ ਹੀ ਕਾਰ ਚੱਲਣ ਲੱਗੀ, ਸੋਨੀਆ ਗਾਂਧੀ ਨੰਗੇ ਪੈਰੀਂ ਆਪਣੇ ਡ੍ਰੈਸਿੰਗ ਗਾਊਨ 'ਚ ਹੀ “ਮੰਮੀ-ਮੰਮੀ” ਆਖਦੀ ਭੱਜਦੀ ਹੋਈ ਆਈ।

ਆਪਣੀ ਸੱਸ ਦੀ ਇਹ ਹਾਲਤ ਦੇਖ ਉਹ ਉਸੇ ਗੱਡੀ 'ਚ ਬੈਠ ਗਏ। ਕਾਰ ਬਹੁਤ ਤੇਜ਼ੀ ਨਾਲ ਏਮਜ਼ ਹਸਪਤਾਲ ਵੱਲ ਵਧੀ। 4 ਕਿਲੋਮੀਟਰ ਦੇ ਸਫ਼ਰ ਦੌਰਾਨ ਕੋਈ ਕੁੱਝ ਨਹੀਂ ਬੋਲਿਆ। ਸੋਨੀਆ ਦਾ ਗਾਊਨ ਇੰਦਰਾ ਦੇ ਖੂਨ ਨਾਲ ਭਿੱਜ ਚੁੱਕਾ ਸੀ।

ਕਾਰ 9 ਵੱਜ ਕੇ 32 ਮਿੰਟ 'ਤੇ ਏਮਜ਼ ਪਹੁੰਚੀ। ਉੱਥੇ ਇੰਦਰਾ ਦੇ ਬਲੱਡ ਗਰੁੱਪ O Negative ਦਾ ਕਾਫ਼ੀ ਸਟਾਕ ਸੀ ਪਰ ਘਰੋਂ ਕਿਸੇ ਨੇ ਵੀ ਏਮਜ਼ ਫ਼ੋਨ ਕਰ ਕੇ ਨਹੀਂ ਦੱਸਿਆ ਸੀ ਕਿ ਇੰਦਰਾ ਨੂੰ ਗੰਭੀਰ ਹਾਲਤ 'ਚ ਉਥੇ ਲਿਆਇਆ ਜਾ ਰਿਹਾ ਹੈ। ਐਮਰਜੈਂਸੀ ਵਾਰਡ ਦਾ ਗੇਟ ਖੋਲ੍ਹਣ ਅਤੇ ਇੰਦਰਾ ਨੂੰ ਕਾਰ ਤੋਂ ਉਤਾਰਨ 'ਚ 3 ਮਿੰਟ ਲੱਗ ਗਏ। ਉੱਥੇ ਕੋਈ ਸਟ੍ਰੈਚਰ ਵੀ ਮੌਜੂਦ ਨਹੀਂ ਸੀ।

ਕਿਸੇ ਤਰ੍ਹਾਂ ਇਕ ਸਟ੍ਰੈਚਰ ਦਾ ਇੰਤਜ਼ਾਮ ਕੀਤਾ ਗਿਆ... ਜਦੋਂ ਉਨ੍ਹਾਂ ਨੂੰ ਕਾਰ ਤੋਂ ਉਤਾਰਿਆ ਗਿਆ ਤਾਂ ਇੰਦਰਾ ਨੂੰ ਇਸ ਹਾਲਤ ਵਿਚ ਦੇਖ ਕੇ ਉਥੇ ਤਾਇਨਾਤ ਡਾਕਟਰ ਘਬਰਾ ਗਏ।  ਡਾਕਟਰ ਨੂੰ ਇੰਦਰਾ ਗਾਂਧੀ ਦੇ ਦਿਲ ਦੀ ਮਾਮੂਲੀ ਹਰਕਤ ਦਿਖਾਈ ਦੇ ਰਹੀ ਸੀ ਪਰ ਨਾੜੀ ਵਿਚ ਕੋਈ ਧੜਕਨ ਨਹੀਂ ਮਿਲ ਰਹੀ ਸੀ।  ਇੰਦਰਾ ਦੀਆਂ ਅੱਖਾਂ ਦੀ ਪੁਤਲੀਆਂ ਫੈਲੀਆਂ ਹੋਈਆਂ ਸੀ, ਜੋ ਇਸ ਵੱਲ ਇਸ਼ਾਰਾ ਸੀ ਕਿ ਉਨ੍ਹਾਂ ਦੇ ਦਿਮਾਗ ਨੂੰ ਨੁਕਸਾਨ ਪਹੁੰਚਿਆ ਸੀ।

ਇੰਦਰਾ ਨੂੰ 80 ਬੋਤਲ ਖ਼ੂਨ ਦਿਤਾ ਗਿਆ ਜੋ ਉਨ੍ਹਾਂ ਦੇ ਸਰੀਰ ਦੇ ਖ਼ੂਨ ਤੋਂ 5 ਗੁਣਾ ਵੱਧ ਸੀ। ਡਾਕਟਰਾਂ ਨੇ ਇੰਦਰਾ ਦੇ ਸਰੀਰ ਨੂੰ ਹਾਰਟ ਐਂਡ ਲੰਗ ਮਸ਼ੀਨ ਨਾਲ ਜੋੜ ਦਿਤਾ, ਜੋ ਕਿ ਉਨ੍ਹਾਂ ਦੇ ਖ਼ੂਨ ਨੂੰ ਸਾਫ਼ ਕਰਨ ਦਾ ਕੰਮ ਕਰਨ ਲੱਗੀ, ਜਿਸ ਦੇ ਕਾਰਨ ਉਨ੍ਹਾਂ ਦੇ ਖ਼ੂਨ ਦਾ ਤਾਪਮਾਨ 37 ਡਿਗਰੀ ਦੇ ਆਮ ਤਾਪਮਾਨ ਤੋਂ ਘੱਟ ਕੇ 31 ਹੋ ਗਿਆ। ਇਹ ਸਾਫ਼ ਸੀ ਕਿ ਇੰਦਰਾ ਇਸ ਦੁਨੀਆਂ ਤੋਂ ਜਾ ਚੁੱਕੀ ਸਨ ਪਰ ਫਿਰ ਵੀ ਉਨ੍ਹਾਂ ਨੂੰ ਏਮਜ਼ ਦੀ ਅੱਠਵੀਂ ਮੰਜ਼ਿਲ ਦੇ ਆਪਰੇਸ਼ਨ ਥਿਏਟਰ 'ਚ ਲਿਜਾਇਆ ਗਿਆ।

ਡਾਕਟਰਾਂ ਨੇ ਦੇਖਿਆ ਕਿ ਗੋਲੀਆਂ ਨੇ ਇੰਦਰ ਦੇ ਲੀਵਰ ਦੇ ਸੱਜੇ ਹਿੱਸੇ ਨੂੰ ਛੱਲਣੀ ਕਰ ਦਿਤਾ ਸੀ।  ਉਨ੍ਹਾਂ ਦੀ ਅੰਤੜੀ 'ਚ ਘੱਟੋ-ਘੱਟ 12 ਸੁਰਾਖ਼ ਹੋ ਗਏ ਸਨ।  ਇਕ ਫੇਫੜੇ ਵਿਚ ਵੀ ਗੋਲੀ ਲੱਗੀ ਸੀ ਅਤੇ ਰੀੜ੍ਹ ਦੀ ਹੱਡੀ ਵੀ ਗੋਲੀਆਂ ਕਰਕੇ ਟੁੱਟ ਚੁੱਕੀ ਸੀ।  31 ਅਕਤੂਬਰ ਦੀ ਦੁਪਹਿਰ 2 ਵੱਜ ਕੇ 23 ਮਿੰਟ 'ਤੇ ਇੰਦਰਾ ਗਾਂਧੀ ਨੂੰ ਮ੍ਰਿਤਕ ਐਲਾਨ ਦਿਤਾ ਗਿਆ।

For more news apart from The last day of Indira Gandhi, stay tuned to Rozana Spokesman