ਮੱਕਾ ਬਨਾਮ ਕਰਤਾਰਪੁਰ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਮੇਰੇ ਪੁਰਖਿਆਂ ਦਾ ਪਿੰਡ ਕੋਟਲੀ ਪੀਰ ਅਹਿਮਦ ਸ਼ਾਹ ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ, ਲਹਿੰਦੇ ਪੰਜਾਬ ਵਿਚ ਹੈ...

Mecca vs Kartarpur

ਮੇਰੇ ਪੁਰਖਿਆਂ ਦਾ ਪਿੰਡ ਕੋਟਲੀ ਪੀਰ ਅਹਿਮਦ ਸ਼ਾਹ ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ, ਲਹਿੰਦੇ ਪੰਜਾਬ ਵਿਚ ਹੈ। ਇਹ ਕਰਤਾਰਪੁਰ ਤੋਂ ਮਹਿਜ਼ ਇਕ ਘੰਟੇ ਦੀ ਦੂਰੀ ਉਤੇ ਹੈ। ਮੇਰਾ ਤਾਇਆ ਸ੍ਰ. ਚੰਨਣ ਸਿੰਘ ਤੇ ਬਾਪੂ ਜੀ ਅਕਸਰ ਅਪਣੇ ਪੁਰਾਣੇ ਪਿੰਡ ਦੀਆਂ ਗੱਲਾਂ ਕਰਦੇ ਰਹਿੰਦੇ ਨੇ। ਉਹ ਵੀ ਲੱਖਾਂ ਸਿੱਖਾਂ ਵਾਂਗ ਅਪਣੇ ਜਨਮ ਭੌਇੰ ਦੇ ਦਰਸ਼ਨਾਂ ਨੂੰ ਤਰਸਦੇ ਰਹਿੰਦੇ ਤੇ ਹਰ ਰੋਜ਼ ਅਰਦਾਸਾਂ ਕਰਦੇ ਕਿ 'ਹੇ ਸੱਚੇ ਪਾਤਸ਼ਾਹ ਪਿੰਡ ਨਾ ਸਹੀ ਪਰ ਅਪਣੇ ਗੁਰੂਘਰ ਕਰਤਾਰਪੁਰ ਸਾਹਿਬ ਦੇ ਤਾਂ ਜਿਊਂਦੇ ਜੀਅ ਨੇੜਿਉਂ ਦਰਸ਼ਨ ਕਰਵਾ ਦੇ।'

ਰੋਜ਼ ਸੈਂਕੜੇ ਲੋਕ ਡੇਰਾ ਬਾਬਾ ਨਾਨਕ ਤੋਂ ਦੂਰਬੀਨ ਨਾਲ ਕਰਤਾਰਪੁਰ ਸਾਹਿਬ ਦੇ ਦੂਰੋਂ ਦਰਸ਼ਨ ਕਰ ਕੇ ਪ੍ਰਸ਼ਨ ਤਾਂ ਹੁੰਦੇ ਪਰ ਦਿਲ ਵਿਚ ਇਕ ਕਸਕ ਲੈ ਕੇ ਵਾਪਸ ਪਰਤ ਆਉਂਦੇ। ਪਿਛਲੇ 71 ਸਾਲਾਂ ਤੋਂ ਕਈ ਸ਼ਰਧਾਲੂ ਇਸ ਅਸਥਾਨ ਉਤੇ ਜਾਣ ਲਈ ਨਿੱਤ ਕੁਦਰਤ ਅੱਗੇ ਝੋਲੀਆਂ ਅਡਦੇ ਆ ਰਹੇ ਨੇ। ਡੇਰਾ ਬਾਬਾ ਨਾਨਕ ਤੋਂ ਕੋਈ ਦੋ ਕੁ ਮੀਲ ਇਸ ਪਾਸੇ ਕੰਡਿਆਲੀ ਤਾਰ ਉਤੇ ਬੀ.ਐਸ.ਐਫ਼ ਨੇ ਉਚੀ ਧੁੱਸੀ ਉਤੇ ਇਕ ਪੱਕਾ ਦਰਸ਼ਨ ਅਸਥਾਨ ਸੰਗਤਾਂ ਵਾਸਤੇ ਤਿਆਰ ਕਰ ਰਖਿਆ ਹੈ ਜਿਸ ਦੀਆਂ ਪੌੜੀਆਂ ਚੜ੍ਹ ਕੇ ਲੋਕ ਉਪਰ ਥੜੇ ਉਤੇ ਚਲੇ ਜਾਂਦੇ ਹਨ।

ਇਥੇ ਇਕ ਦੂਰਬੀਨ ਪੱਕੇ ਤੌਰ ਉਤੇ ਲਗਾ ਰੱਖੀ ਹੈ ਜਿਸ ਵਿਚੋਂ ਕਰੀਬ ਸਾਡੇ ਚਾਰ ਕਿਲੋਮੀਟਰ ਦੂਰ ਸਥਿਤ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਸਿਰਫ਼ ਗੁੰਬਦ ਹੀ ਵਿਖਾਈ ਦੇਂਦਾ ਹੈ ਜਿਸ ਦਿਨ ਮੌਸਮ ਸਾਫ਼ ਹੋਵੇ ਉਸ ਦਿਨ ਤਾਂ ਬਿਨਾਂ ਦੂਰਬੀਨ ਖੁੱਲ੍ਹੀਆਂ ਅੱਖਾਂ ਨਾਲ ਵੀ ਦਰਸ਼ਨ ਹੋ ਜਾਂਦੇ ਹਨ ਪਰ ਬਹੁਤੀ ਵਾਰ ਲੋਕ ਦੂਰਬੀਨ ਰਾਹੀ ਜਾਂ ਅਪਣੇ ਕੈਮਰਿਆਂ ਦੇ ਲੈਂਜ਼ ਰਾਹੀਂ ਗੁਰਦਵਾਰੇ ਦੇ ਦਰਸ਼ਨ ਕਰਦੇ ਹਨ। ਪਿਛਲੇ ਕਈ ਸਾਲਾਂ ਤੋਂ ਸੰਗਤਾਂ ਇਥੋਂ ਹੀ ਦਰਸ਼ਨ ਕਰ ਕੇ ਨਿਹਾਲ ਹੁੰਦੀਆਂ ਆ ਰਹੀਆਂ ਹਨ।

ਛੁੱਟੀ ਵਾਲੇ ਦਿਨ ਇਥੇ ਕਾਫ਼ੀ ਭੀੜ ਹੁੰਦੀ ਹੈ। ਸੰਗਤਾਂ ਦੇ ਬੈਠਣ ਵਾਸਤੇ ਪੱਕੇ ਸ਼ੈੱਡ ਬਣੇ ਹੋਏ ਹਨ ਅਤੇ ਇਥੇ ਇਕ ਗੁਰੂ ਘਰ ਵੀ ਬਣਾਇਆ ਗਿਆ ਹੈ ਜਿਥੇ ਲੋਕ ਮੱਥਾ ਟੇਕਦੇ ਤੇ ਲੰਗਰ ਪ੍ਰਸ਼ਾਦਾ ਛਕਦੇ ਹਨ। ਉਦਾਂ ਬੀ.ਐਸ.ਐਫ਼ ਨੇ ਇਥੇ ਇਕ ਸਸਤੀ ਕੰਟੀਨ ਵੀ ਖੋਲ੍ਹ ਰੱਖੀ ਹੈ ਜਿਥੋਂ ਦੇਸੀ ਘਿਉ ਵਾਲੀ ਵੇਸਣ ਦੀ ਬਰਫ਼ੀ ਤੇ ਹੋਰ ਖਾਣ ਪੀਣ ਦਾ ਸਮਾਨ ਮਿਲ ਜਾਂਦਾ ਹੈ। ਦੂਰੋਂ ਆਏ ਲੋਕ ਇਸ ਦਾ ਆਨੰਦ ਲੈਂਦੇ ਅਕਸਰ ਵੇਖੇ ਜਾਂਦੇ ਹਨ। ਭਾਰਤ ਤੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਰਹਿੰਦੇ ਪੰਜਾਬੀ ਇਸ ਜਗ੍ਹਾ ਉਤੇ ਆ ਚੁੱਕੇ ਹਨ। ਇਕੱਲੇ ਪੰਜਾਬੀ ਤੇ ਸਿੱਖ ਹੀ ਨਹੀਂ ਸਗੋਂ ਹਰ ਮਜ਼ਹਬ ਦੇ ਲੋਕ ਇਸ ਥਾਂ ਉਤੇ ਆ ਕੇ ਲਾਂਘੇ ਵਾਸਤੇ ਕੁਦਰਤ ਅੱਗੇ ਖ਼ੈਰ ਮੰਗ ਚੁੱਕੇ ਹਨ।

ਜਦੋਂ ਹਿੰਦ-ਪਾਕਿ ਦੀ ਵੰਡ ਨਹੀਂ ਸੀ ਹੋਈ ਤਾਂ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਤੇ ਇਥੋਂ ਅੱਗੇ ਸਿਆਲਕੋਟ ਤਕ ਰੇਲ ਤੇ ਸੜਕੀ ਮਾਰਗ ਜੁੜਿਆ ਹੋਇਆ ਸੀ ਤੇ ਸਾਡੇ ਬਜ਼ੁਰਗ ਦਸਦੇ ਨੇ ਕਿ ਉਹ ਕਈ ਵਾਰ ਰੇਲ ਉਤੇ ਡੇਰਾ ਬਾਬਾ ਨਾਨਕ ਆ ਜਾਂਦੇ ਸੀ ਤੇ ਕਈ ਵਾਰ ਤਾਂ ਪੈਦਲ ਵੀ ਕੋਈ ਸਾਮਾਨ ਵਗੈਰਾ ਖ਼ਰੀਦਣ ਡੇਰਾ ਬਾਬਾ ਨਾਨਕ  ਆਇਆ ਕਰਦੇ ਸਨ। ਇਹ ਰੇਲ ਮਾਰਗ 1965 ਦੀ ਭਾਰਤ-ਪਾਕਿ ਜੰਗ ਦੌਰਾਨ ਢਹਿ ਢੇਰੀ ਕਰ ਦਿਤਾ ਗਿਆ ਅਤੇ ਇਕ ਵਾਰ ਫਿਰ ਲਹਿੰਦੇ ਤੇ ਚੜ੍ਹਦੇ ਪੰਜਾਬ ਵਿਚ ਤਰੇੜਾਂ ਪਾ ਦਿਤੀਆਂ ਗਈਆਂ।

ਰਾਵੀਉਂ ਪਾਰ ਬਾਬੇ ਨਾਨਕ ਦਾ ਦਰਬਾਰ: ਕਰਤਾਰਪੁਰ ਸਾਹਿਬ ਦਾ ਅਸਥਾਨ ਲਾਹੌਰ ਤੋਂ ਨਾਰੋਵਾਲ ਵਾਲੀ ਸੜਕ ਉਤੇ ਸ਼ਕਰਗੜ੍ਹ ਤੋਂ ਦੋ-ਢਾਈ ਮੀਲ ਦੱਖਣ ਵਾਲੇ ਪਾਸੇ ਸਥਿਤ ਹੈ। ਲਾਹੌਰ ਤੋਂ ਪਹਿਲਾਂ ਚੱਕ ਅਮਰ ਵਾਸਤੇ ਰੇਲ ਲਾਈਨ ਜਾਂਦੀ ਸੀ ਜੋ ਲਾਹੌਰ ਨੂੰ ਕਰਤਾਰਪੁਰ ਸਾਹਿਬ ਨਾਲ ਜੋੜਦੀ ਸੀ। ਇਸ ਲਾਈਨ ਉਤੇ ਦਰਬਾਰ ਸਾਹਿਬ ਨਾਂ ਦਾ ਸਟੇਸ਼ਨ ਹੈ ਤੇ ਇਸੇ ਲਾਈਨ ਤੋਂ ਡੇਰਾ ਬਾਬਾ ਨਾਨਕ ਨੂੰ ਰੇਲ ਆਉਂਦੀ-ਜਾਂਦੀ ਸੀ, ਜੋ ਅੱਗੇ ਅੰਮ੍ਰਿਤਸਰ ਨੂੰ ਜਾਂਦੀ ਸੀ। ਪਰ ਪੁਲ ਟੁੱਟਣ ਤੋਂ ਬਾਅਦ ਇਹ ਰੇਲ ਬੰਦ ਹੋ ਗਈ।

ਸੜਕ ਰਾਹੀਂ ਲਾਹੌਰ ਤੋਂ ਕਰਤਾਰਪੁਰ ਸਾਹਿਬ ਦਾ ਰਸਤਾ 113 ਕਿਲੋਮੀਟਰ ਹੈ ਤੇ ਨਨਕਾਣਾ ਸਾਹਿਬ ਤੋਂ ਇਸ ਦੀ ਦੂਰੀ 200 ਕਿਲੋਮੀਟਰ ਦੇ ਕਰੀਬ ਹੈ। ਭਾਰਤ ਵਾਲੇ ਪਾਸਿਉਂ ਡੇਰਾ ਬਾਬਾ ਨਾਨਕ ਤੋਂ ਇਹ ਦੂਰੀ ਮਹਿਜ਼ ਪੰਜ ਕਿਲੋਮੀਟਰ ਰਹਿ ਜਾਂਦੀ ਹੈ ਤੇ ਗੁਰਦਾਸਪੁਰ ਤੋਂ ਇਹ ਦੂਰੀ ਸਿਰਫ਼ 35 ਕਿਲੋਮੀਟਰ ਹੈ। ਇਸੇ ਤਰ੍ਹਾਂ ਬਟਾਲਾ ਤੋਂ ਕਰਤਾਰਪੁਰ ਸਾਹਿਬ ਲਾਂਘੇ ਦੀ ਦੂਰੀ 25 ਕਿਲੋਮੀਟਰ, ਅੰਮ੍ਰਿਤਸਰ ਤੋਂ 43 ਕਿਲੋਮੀਟਰ ਤੇ ਜਲੰਧਰ ਤੋਂ ਇਹ ਅਸਥਾਨ 94 ਕਿਲੋਮੀਟਰ ਦੂਰ ਹੈ। ਜੇਕਰ ਕਿਸੇ ਸ਼ਰਧਾਲੂ ਨੇ ਚੰਡੀਗੜ੍ਹ ਤੋਂ ਆਉਣਾ ਹੋਵੇ ਤਾਂ ਉਸ ਨੂੰ 255 ਕਿਲੋਮੀਟਰ ਦਾ ਰਸਤਾ ਤਹਿ ਕਰਨਾ ਪਵੇਗਾ।

ਕਰਤਾਰਪੁਰ ਸਾਹਿਬ ਦਾ ਮੁੱਢ ਬਾਬੇ ਨਾਨਕ ਜੀ ਨੇ 1522 ਈਸਵੀ ਨੂੰ ਮੋੜ੍ਹੀ ਗੱਡ ਕੇ ਬੰਨ੍ਹਿਆ ਤੇ ਇਸ ਅਸਥਾਨ ਵਿਖੇ ਬਾਬਾ ਜੀ ਨੇ ਕਰੀਬ 18 ਸਾਲ ਬਿਤਾਏ ਤੇ ਫ਼ਕੀਰੀ ਚੋਲਾ ਉਤਾਰ ਕੇ ਖੇਤੀਬਾੜੀ ਕੀਤੀ। ਬਾਅਦ ਵਿਚ ਆਪ ਜੀ ਦਾ ਪ੍ਰਵਾਰ ਵੀ ਤਲਵੰਡੀ ਤੋਂ ਇਥੇ ਆ ਕੇ ਰਹਿਣ ਲੱਗਾ। ਰਾਵੀ ਦੇ ਆਰ-ਪਾਰ ਬਾਬੇ ਦੀ ਮਹਿਕ : ਸੰਨ 1522 ਵਿਚ ਅਪਣੀਆਂ ਚਾਰ ਉਦਾਸੀਆਂ ਪੂਰੀਆਂ ਕਰਨ ਉਪਰੰਤ ਬਾਬਾ ਜੀ ਕਰਤਾਰਪੁਰ ਵਿਖੇ ਆ ਗਏ ਇਥੇ ਉਨ੍ਹਾਂ ਨੇ ਪੂਰੇ 17 ਸਾਲ 5 ਮਹੀਨੇ 9 ਦਿਨ ਖੇਤੀਬਾੜੀ ਕੀਤੀ ਤੇ ਮਨੁਖਤਾ ਨੂੰ ਕਿਰਤ ਕਰੋ ਤੇ ਵੰਡ ਕੇ ਛਕੋ ਦਾ ਮਹਾਨ ਉਪਦੇਸ਼ ਦਿਤਾ।

ਇਸੇ ਅਸਥਾਨ ਉਤੇ ਬਾਬਾ ਨਾਨਕ ਜੀ ਅਪਣਾ ਜੀਵਨ ਨਿਰਬਾਹ ਕਰਦੇ ਹੋਏ ਆਪ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਨੂੰ ਪਵਿੱਤਰ ਕਰਦੇ ਹੋਏ 22 ਸਤੰਬਰ 1539 ਨੂੰ ਇਸੇ ਅਸਥਾਨ 'ਤੇ ਜੋਤੀ ਜੋਤ ਸਮਾਅ ਗਏ।  ਖੇਤੀਬਾੜੀ ਕਰਨ ਵਾਲੇ ਜਾਣਦੇ ਹੋਣਗੇ ਕਿ ਕਿਸਾਨੀ ਦਾ ਦਰਿਆਵਾਂ ਨਾਲ ਕਿੰਨਾ ਗੂੜ੍ਹਾ ਸਬੰਧ ਹੈ। ਦਰਿਆ ਪਾਣੀਆਂ ਦਾ ਭਰਿਆ ਮੇਲਾ ਹੁੰਦੇ ਹਨ। ਕਰਤਾਰਪੁਰ ਸਹਿਬ ਤੋਂ ਰਾਵੀ ਮਹਿਜ਼ ਇਕ ਮੀਲ ਦੂਰ ਹੋਵੇਗਾ। ਮੈਂ ਕਦੇ-ਕਦੇ ਸੋਚਦਾਂ ਕੇ ਬਾਬਾ ਜੀ ਜ਼ਰੂਰ ਹੀ ਰਾਵੀ ਕੰਢੇ ਆਉਂਦੇ ਹੋਣਗੇ ਤੇ ਇਥੇ ਆਪ ਵੀ ਕਦੇ-ਕਦੇ ਡੁਬਕੀ ਲਗਾ ਲੈਂਦੇ ਹੋਣਗੇ ਤੇ ਅਪਣੇ ਬਲਦਾਂ ਦੇ ਪਿੰਡੇ ਵੀ ਠਾਰ ਲੈਂਦੇ ਹੋਣਗੇ ਤਾਂ ਹੀ ਤੇ ਰਾਵੀ ਦਾ ਕੰਢਾ ਹਾਲੇ ਤਕ ਦਿਲਕਸ਼ ਲਗਦਾ ਤੇ ਇਸ ਦਾ ਪਾਣੀ ਸੀਤਲ ਤੇ ਨਿਰਮਲ ਹੈ।

ਮੈਂ ਅਕਸਰ ਹੀ ਰਾਵੀ ਕੰਢੇ ਜਾ ਬੈਠਦਾ ਹਾਂ। ਇਹ ਦਰਿਆ ਅਠਖ਼ੇਲੀਆਂ ਕਰਦਾ ਕਦੇ ਲਹਿੰਦੇ ਤੇ ਕਦੇ ਚੜ੍ਹਦੇ ਪੰਜਾਬ ਵਿਚ ਆਣ ਵਗਦੈ। ਤਾਰ ਦੇ ਐਨ ਲਾਗੇ ਰਾਵੀ ਕੰਢੇ ਪਏ ਪੱਥਰਾਂ ਉਤੇ ਬੈਠ ਜਦੋਂ ਸੂਰਜ ਡੁੱਬਣ ਦਾ ਨਜ਼ਾਰਾ ਵੇਖੀਦੈ ਤਾਂ ਰੂਹ ਤ੍ਰਿਪਤ ਹੋ ਜਾਂਦੀ ਹੈ। ਲਹਿੰਦੇ ਵਲੋਂ ਅੱਲ੍ਹਾ ਹੂ ਅਕਬਰ ਤੇ ਚੜ੍ਹਦੇ ਵੱਲੋਂ ਰਹਿਰਾਸ ਦੀ ਬਾਣੀ ਦੀਆਂ ਆਵਾਜ਼ਾਂ ਜਦੋਂ ਰਾਵੀ ਦੇ ਪਾਣੀ ਉਤੇ ਆਣ ਮਿਲਦੀਆਂ ਨੇ ਤਾਂ ਅਲੋਕਿਕ ਮਾਹੌਲ ਸਿਰਜਿਆ ਜਾਂਦੈ। ਮੈਂ ਜਦੋਂ ਵੀ ਰਾਵੀ ਕੰਢੇ ਜਾਵਾਂ ਮੈਨੂੰ ਹਰ ਪਾਸੇ ਬਾਬੇ ਨਾਨਕ ਦੀ ਮਹਿਕ ਖਿਲਰੀ ਮਹਿਸੂਸ ਹੁੰਦੀ ਹੈ ਤੇ ਮੈਂ ਝੱਟ ਲੀੜੇ ਲਾਹ ਕੇ ਰਾਵੀ ਵਿਚ ਡੁਬਕੀ ਲਗਾ ਲੈਂਦਾਂ ਹਾਂ। ਤੁਸੀ ਵੀ ਇਹ ਮਹਿਕ ਮਹਿਸੂਸ ਕਰਨੀ ਚਾਹੁੰਦੇ ਹੋ ਤਾਂ ਆਉ ਕਿਸੇ ਦਿਨ ਰਾਵੀ ਕੰਢੇ ਉਤੇ।

ਦਿਲ ਮਿਲ ਜਾਣ, ਰਾਹ ਆਪੇ ਮਿਲ ਜਾਣਗੇ : ਅਖ਼ਬਾਰ ਵਿਚ ਇਕ ਕਵਰ ਸਟੋਰੀ ਪੜ੍ਹੀ ਕਿ ਗੁਰਦਾਸਪੁਰ ਦਾ ਇਕ ਨਿਹੰਗ ਬੇਅੰਤ ਸਿੰਘ ਇਸ ਵਾਰ ਬਾਬੇ ਨਾਨਕ ਦਾ ਗੁਰਪੁਰਬ ਮਨਾਉਣ ਜਥੇ ਨਾਲ ਪਾਕਿਸਤਾਨ ਗਿਆ ਤੇ ਜਦ ਉਹ ਉਥੇ ਪਹੁੰਚਿਆ ਤਾਂ ਵੰਡ ਵੇਲੇ ਵਿਛੜੀਆਂ ਉਸ ਦੀਆਂ ਭੈਣਾਂ ਉਸ ਨੂੰ ਅੱਗੇ ਉਡੀਕਦੀਆਂ ਪਈਆਂ ਸਨ। ਪਹਿਲਾਂ ਤਾਂ ਪਾਕਿਸਤਾਨ ਆਰਮੀ ਨੇ ਉਨ੍ਹਾਂ ਨੂੰ ਇਕ ਦੂਜੇ ਦੇ ਲਾਗੇ ਨਾ ਆਉਣ ਦਿਤਾ ਪਰ ਪੂਰੀ ਤਸੱਲੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਮਿਲਣ ਦਿਤਾ ਗਿਆ। ਜਦੋਂ ਉਹ ਚਿਰਾਂ ਦੇ ਵਿਛੜੇ ਮਿਲੇ ਤਾਂ ਸਾਰਾ ਅਸਮਾਨ ਵੈਰਾਗ ਦੇ ਰੰਗ ਵਿਚ ਰੰਗਿਆ ਗਿਆ।

ਭੈਣਾਂ ਨੇ ਭਰਾ ਨੂੰ ਗਲਵਕੜੀ ਵਿਚ ਲੈ ਕੇ ਏਨੇ ਅੱਥਰੂ ਵਹਾਏ ਕਿ ਕਾਇਨਾਤ ਸਿੱਲ੍ਹੀ-ਸਿੱਲ੍ਹੀ ਲੱਗਣ ਲਗ ਪਈ। ਭਾਵਨਾਵਾਂ ਦਾ ਹੜ੍ਹ ਸਾਰੇ ਜੀਆਂ ਦੀਆਂ ਅੱਖਾਂ ਰਾਹੀਂ ਵਹਿ ਤੁਰਿਆ। ਚੜ੍ਹਦੇ ਪੰਜਾਬ ਦੇ ਪ੍ਰਵਾਰ ਨੂੰ ਲਹਿਦੇ ਪੰਜਾਬ ਦੇ ਪ੍ਰਵਾਰ ਨੇ ਏਨਾ ਮਾਣ-ਸਤਿਕਾਰ ਤੇ ਪਿਆਰ ਦਿਤਾ ਜੋ ਇਕ ਰਾਜਾ ਵੀ ਅਪਣੇ ਵਾਰਸਾਂ ਨੂੰ ਸ਼ਾਇਦ ਨਹੀਂ ਸੀ ਦੇ ਸਕਦਾ। ਰੁਖ਼ਸਤੀ ਵੇਲੇ ਭੈਣਾਂ ਨੇ ਭਰਾ ਨੂੰ ਤੋਹਫ਼ੇ ਭੇਟ ਕੀਤੇ। ਮਣਾਂ ਮੂੰਹੀਂ ਮੁਹੱਬਤ ਬੇਅੰਤ ਸਿੰਘ ਤੋਂ ਸਾਂਭੀ ਨਹੀਂ ਜਾ ਰਹੀ। ਉਸ ਨੇ ਏਧਰ ਆ ਕੇ ਜੋ-ਜੋ ਗੱਲਾਂ ਦਸੀਆਂ ਉਹ ਕਿਸੇ ਪਰੀ ਲੋਕ ਦੀਆਂ ਕਹਾਣੀਆਂ ਵਾਂਗ ਲਗਦੀਆਂ ਸਨ। ਸਾਰੇ ਅਖ਼ਬਾਰਾਂ ਤੇ ਟੀ.ਵੀ. ਚੈਨਲਾਂ ਉਤੇ ਬੇਅੰਤ ਸਿੰਘ ਦੀ ਕਹਾਣੀ ਦੱਸੀ ਗਈ।

ਇਕੱਲਾ ਬੇਅੰਤ ਸਿੰਘ ਹੀ ਇਸ ਤਰ੍ਹਾਂ ਦੀ ਕਹਾਣੀ ਦਾ ਇਕਲੌਤਾ ਪਾਤਰ ਨਹੀਂ। ਵੰਡ ਵੇਲੇ ਪਤਾ ਨਹੀਂ ਕਿਨੇ ਪ੍ਰਵਾਰ ਇਕ-ਦੂਜੇ ਤੋਂ ਵਖਰੇ ਹੋ ਗਏ। ਉਸ ਭੈੜੇ ਦੌਰ ਨੇ ਪਤਾ ਨਹੀਂ ਕਿੰਨੇ ਹਸਦੇ ਵਸਦੇ ਘਰ ਬਰਬਾਦ ਕਰ ਦਿਤੇ। ਸੈਂਕੜੇ ਹਜ਼ਾਰਾਂ ਲੋਕ ਅਪਣਿਆਂ ਨੂੰ ਫਿਰ ਕਦੇ ਨਾ ਮਿਲ ਸਕੇ। ਵਿਛੜਿਆਂ ਨੂੰ ਮਿਲਣ ਦੀ ਇਕ ਚੀਸ ਦਿਲ ਵਿਚ ਲਈ ਕਈ ਇਸ ਫ਼ਾਨੀ ਜਹਾਨ ਤੋਂ ਹੀ ਕੂਚ ਕਰ ਗਏ ਜਿਹੜੇ ਵਿਚਾਰੇ ਬੇਅੰਤ ਸਿੰਘ ਵਾਂਗ ਖ਼ੁਸ਼ਨਸੀਬ ਨਹੀਂ ਸਨ।

ਅਣਗਿਣਤ ਬਜ਼ੁਰਗ ਨੇ ਜੋ ਅਪਣੀ ਜਨਮ ਭੋਇੰ ਨੂੰ ਛੂਹਣ ਤਕ ਲੋਚ ਰਹੇ ਨੇ। ਜਿਹੜੇ ਇਹੀ ਅਰਦਾਸਾਂ ਕਰਦੇ ਨੇ ਕਿ ਕਿਤੇ ਸਰਹੱਦ ਖੁੱਲ੍ਹੇ ਤੇ ਉਹ ਅਪਣੀ ਜਨਮ ਭੋਇੰ ਉਤੇ ਪੈਰ ਧਰ ਕੇ ਵੇਖਣ। ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਣ ਨਾਲ ਬਹੁਤ ਸਾਰੇ ਅਜਿਹੇ ਬਜ਼ੁਰਗਾਂ ਨੂੰ ਇਕ ਆਸ ਦੀ ਕਿਰਨ ਵਿਖਾਈ ਦੇਣ ਲੱਗ ਪਈ ਹੈ।
(ਬਾਕੀ ਅਗਲੇ ਹਫ਼ਤੇ)
ਸੰਪਰਕ : 99889-64633