ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਮੰਡੋਲੀ ਜੇਲ ਭੇਜਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਢਾਈ ਵਜੇ ਦੇ ਕਰੀਬ ਭਾਰੀ ਸੁਰੱਖਿਆ ਪ੍ਰਬੰਧਾਂ ਅਧੀਨ ਸੱਜਣ ਕੁਮਾਰ ਕੜਕੜਡੂਮਾ ਅਦਾਲਤ ਵਿਚ ਪੁੱਜਾ.......

Sajjan Kumar

ਨਵੀਂ ਦਿੱਲੀ : ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਕਾਂਗਰਸੀ ਆਗੂ ਸੱਜਣ ਕੁਮਾਰ ਨੇ ਅੱਜ ਭਾਰੀ ਸੁਰੱਖਿਆ ਪ੍ਰਬੰਧਾਂ ਅਧੀਨ ਪੂਰਬੀ ਦਿੱਲੀ ਦੇ ਕੜਕੜਡੂਮਾ ਅਦਾਲਤੀ ਕੰਪਲੈਕਸ ਵਿਖੇ ਮੈਟਰੋਪੋਲੀਟੇਨ ਮੈਜਿਸਟ੍ਰੇਟ ਅਦਿਤੀ ਗਰਗ ਦੀ ਅਦਾਲਤ ਵਿਚ ਆਤਮ ਸਮਰਪਣ ਕਰ ਦਿਤਾ ਜਿਥੋਂ ਉਸ ਨੂੰ ਅਤਿ ਆਧੁਨਿਕ ਸੁਰੱਖਿਆ ਵਾਲੀ  ਉਤਰ ਪੂਰਬੀ ਦਿੱਲੀ ਦੀ ਮੰਡੋਲੀ ਜੇਲ ਵਿਖੇ ਭੇਜ ਦਿਤਾ ਗਿਆ। 17 ਦਸੰਬਰ ਨੂੰ ਦਿੱਲੀ ਹਾਈ ਕੋਰਟ ਨੇ ਦਿੱਲੀ ਛਾਉਣੀ ਇਲਾਕੇ ਅਧੀਨ ਰਾਜ ਨਗਰ ਵਿਖੇ ਨਵੰਬਰ 84 ਵਿਚ 5 ਸਿੱਖਾਂ ਕਿਹਰ ਸਿੰਘ, ਗੁਰਪ੍ਰੀਤ ਸਿੰਘ, ਰਘੁਵਿੰਦਰ ਸਿੰਘ, ਨਰਿੰਦਰਪਾਲ ਸਿੰਘ ਤੇ ਕੁਲਦੀਪ ਸਿੰਘ ਨੂੰ ਕਤਲ ਕਰਨ  ਦੇ ਦੋਸ਼ਾਂ ਅਧੀਨ ਸੱਜਣ ਕੁਮਾਰ ਨੂੰ

ਉਮਰ ਕੈਦ ਦੀ ਸਜ਼ਾ ਸੁਣਾਈ ਸੀ ਤੇ 31 ਦਸੰਬਰ ਤਕ ਆਤਮ ਸਮਰਪਣ ਕਰਨ ਦੀ ਹਦਾਇਤ ਦਿਤੀ ਸੀ। ਉਦੋਂ ਹਾਈ ਕੋਰਟ ਨੇ ਸਿੱਖਾਂ ਦੇ ਸਮੂਹਕ ਕਤਲਾਂ ਨੂੰ 'ਮਨੁੱਖਤਾ ਵਿਰੁਧ ਅਪਰਾਧ' ਮੰਨਿਆ ਸੀ ਤੇ ਕਿਹਾ ਸੀ, 'ਇਹ ਅਪਰਾਧ ਸਮਾਜ ਦੀ ਆਤਮਾ ਨੂੰ ਝੰਜੋੜਦੇ ਰਹਿਣਗੇ।' ਪਿਛੋਂ ਸੱਜਣ ਕੁਮਾਰ ਦੇ ਵਕੀਲਾਂ ਨੇ ਹਾਈ ਕੋਰਟ ਕੋਲ ਆਤਮ ਸਮਰਪਣ ਲਈ ਇਕ ਮਹੀਨੇ ਦੀ ਮੋਹਲਤ ਮੰਗੀ ਸੀ ਜਿਸ ਨੂੰ ਅਦਾਲਤ ਨੇ ਰੱਦ ਕਰ ਦਿਤਾ ਸੀ। ਸੁਰਪੀਮ ਕੋਰਟ ਵਿਚ ਛੁੱਟੀਆਂ ਹੋਣ ਕਰ ਕੇ, ਵੀ ਅਖ਼ੀਰ ਸੱਜਣ ਕੁਮਾਰ ਨੂੰ ਆਤਮ ਸਮਰਪਣ ਕਰਨਾ ਪਿਆ।

ਅੱਜ ਦੁਪਹਿਰ ਢਾਈ ਵਜੇ ਦੇ ਕਰੀਬ ਭਾਰੀ ਸੁਰੱਖਿਆ ਪ੍ਰਬੰਧਾਂ ਅਧੀਨ ਜਦੋਂ ਲੰਮੇ ਕੱਦ ਕਾਠ ਵਾਲੇ 73 ਸਾਲਾ ਸੱਜਣ ਕੁਮਾਰ ਕੜਕੜਡੂਮਾ ਅਦਾਲਤ ਵਿਚ ਪੁਜਿਆ, ਤਾਂ ਉਹ ਮਾਯੂਸ ਨਜ਼ਰ ਆ ਰਿਹਾ ਸੀ। ਉਸ ਨੇ ਕਾਲੇ ਰੰਗ ਦਾ ਗਰਮ ਕੋਟ, ਕਾਲੀ ਪੈਂਟ ਤੇ ਖੇਡਾਂ ਵਾਲੇ ਬੂਟ ਪਾਏ ਹੋਏ ਸਨ। ਬਿਸਕੁਟੀ ਰੰਗ ਦੇ ਮੱਫਲਰ ਨਾਲ ਅਪਣਾ ਅੱਧਾ ਮੂੰਹ ਕੱਜਿਆ ਹੋਇਆ ਸੀ ਤੇ ਸਿਰ 'ਤੇ ਨੀਲੇ ਰੰਗ ਦੀ ਗਰਮ ਟੋਪੀ ਪਾਈ ਹੋਈ ਸੀ। ਸੱਜਣ ਕੁਮਾਰ ਤੋਂ ਪਹਿਲਾਂ ਦੁਪਹਿਰ 12:15 ਵਜੇ ਦੇ ਕਰੀਬ ਮਹੇਂਦਰ ਯਾਦਵ ਤੇ ਸਾਬਕਾ ਕਾਂਗਰਸੀ ਵਿਧਾਇਕ ਕ੍ਰਿਸ਼ਨ ਖੋਖਰ ਅਦਾਲਤ ਪੁੱਜ ਗਏ ਸਨ, ਜਿਥੇ ਉਨ੍ਹਾਂ ਆਤਮ ਸਮਰਪਣ ਕਰ ਦਿਤਾ ਸੀ।

ਮਹਿੰਦਰ ਯਾਦਵ ਸੋਟੀ ਦਾ ਸਹਾਰਾ ਲੈ ਕੇ ਤੁਰ ਰਿਹਾ ਸੀ। ਇਨ੍ਹਾਂ ਦੋਹਾਂ ਨੂੰ ਹਾਈ ਕੋਰਟ ਨੇ 10-10 ਸਾਲ ਦੀ ਸਜ਼ਾ ਸੁਣਾਈ ਸੀ। ਸੱਜਣ ਕੁਮਾਰ ਦੀ ਜਾਨ ਨੂੰ ਖ਼ਤਰਾ ਦੇ ਹਵਾਲੇ ਪਿਛੋਂ ਅਦਾਲਤ ਨੇ ਉਸ ਨੂੰ ਜੇਲ ਤੋਂ ਅਦਾਲਤ ਵਿਚ ਲੈ ਕੇ ਜਾਣ ਵਾਸਤੇ ਵਖਰੀ ਪੁਲਿਸ ਗੱਡੀ ਦੀ ਮੰਗ ਪ੍ਰਵਾਨ ਕਰ ਲਈ। 1 ਨਵੰਬਰ 1984 ਨੂੰ ਦਿੱਲੀ ਛਾਉਣੀ ਦੇ ਰਾਜ ਨਗਰ ਇਲਾਕੇ ਵਿਚ ਭੂਤਰੀਆਂ ਭੀੜਾਂ ਵਲੋਂ ਪੰਜ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ ਸੀ ਜਿਨ੍ਹਾਂ ਵਿਚ ਬੀਬੀ ਜਗਦੀਸ਼ ਕੌਰ ਦੇ ਜੀਵਨ ਸਾਥੀ ਤੇ ਪੁੱਤਰ, ਜਗਸ਼ੇਰ ਸਿੰਘ ਦੇ ਤਿੰਨ ਭਰਾਵਾਂ ਅਤੇ ਮੁੱਖ ਗਵਾਹ ਬੀਬੀ ਨਿਰਪ੍ਰੀਤ ਕੌਰ ਦੇ ਪਿਤਾ ਸ.ਨਿਰਮਲ ਸਿੰਘ ਸ਼ਾਮਲ ਸਨ।

ਜ਼ਿਕਰਯੋਗ ਹੈ ਕਿ ਅੱਜ ਤੋਂ ਪੰਜ ਸਾਲ ਪਹਿਲਾਂ 30 ਅਪ੍ਰੈਲ 2013 ਨੂੰ ਕੜਕੜਡੂਮਾ ਅਦਾਲਤ ਦੇ ਵਧੀਕ ਜ਼ਿਲਾ ਜੱਜ ਜੇ.ਆਰ.ਆਰਿਅਨ ਵਲੋਂ ਸੱਜਣ ਕੁਮਾਰ ਤੇ ਹੋਰਨਾਂ ਦੋਸ਼ੀਆਂ ਨੂੰ ਬਰੀ ਕਰ ਦਿਤੇ  ਜਾਣ ਪਿਛੋਂ ਸੀਬੀਆਈ ਦੇ ਵਕੀਲ ਸ.ਆਰ.ਐਸ.ਚੀਮਾ ਨੇ ਇਸ ਮਾਮਲੇ ਨੂੰ ਹਾਈਕੋਰਟ ਵਿਚ ਚੁਨੌਤੀ ਦਿਤੀ ਸੀ। 
ਸੁਣਵਾਈ ਦੌਰਾਨ ਸ.ਚੀਮਾ ਨੇ ਹਾਈ ਕੋਰਟ ਦੇ ਧਿਆਨ ਵਿਚ ਲਿਆਂਦਾ ਸੀ

ਕਿ ਸੱਜਣ ਕੁਮਾਰ ਵਿਰੁਧ ਮਿਸ਼ਰਾ ਕਮਿਸ਼ਨ ਕੋਲ 17 ਹਲਫ਼ਨਾਮੇ ਦਾਖ਼ਲ ਹੋਏ ਸਨ, ਇਸ ਦੇ ਬਾਵਜੂਦ ਸੱਜਣ ਕੁਮਾਰ 'ਤੇ ਕੋਈ ਮਾਮਲਾ ਦਰਜ ਨਹੀਂ ਸੀ ਕੀਤਾ ਗਿਆ। ਉਦੋਂ ਕੜਕੜਡੂਮਾ ਅਦਾਲਤ ਨੇ  ਹੋਰਨਾਂ ਪੰਜ ਦੋਸ਼ੀਆਂ ਕਾਂਗਰਸੀ ਵਿਧਾਇਕ ਮਹਿੰਦਰ ਯਾਦਵ ਤੇ ਕੌਂਸਲਰ ਬਲਵਾਨ ਖੋਖਰ ਸਣੇ ਪੰਜ ਜਣਿਆਂ ਨੂੰ ਦੋਸ਼ੀ ਕਰਾਰ ਦਿਤਾ ਸੀ। ਤਿੰਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਤੇ ਦੋ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ ਦਿਤੀ ਗਈ ਸੀ।