ਮਹੀਵਾਲ ਦਾ ਕਿੱਸਾ ਦਸਮ ਗੁਰੂ ਦੇ ਜੋਤੀ ਜੋਤ ਸਮਾਉਣ ਤੋਂ 24 ਸਾਲ ਬਾਅਦ ਲਿਖਿਆ ਗਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਫਿਰ ਇਸ ਕਿੱਸੇ ਬਾਰੇ ਜ਼ਿਕਰ ਦਸਮ ਗ੍ਰੰਥ ਤੇ ਭਾਈ ਗੁਰਦਾਸ ਦੀਆਂ ਵਾਰਾਂ ਵਿਚ ਕਿਵੇਂ?

File Photo

ਕੋਟਕਪੂਰਾ  (ਗੁਰਿੰਦਰ ਸਿੰਘ) : ਇਤਿਹਾਸ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਕੱਤਕ ਸੰਮਤ 1765 ਅਰਥਾਤ ਅਕਤੂਬਰ ਸੰਨ 1708 'ਚ ਜੋਤੀ-ਜੋਤਿ ਸਮਾਏ ਸਨ। ਉਨ੍ਹਾਂ ਨੇ ਨਾਮ ਨਾਲ ਜੋੜੇ ਜਾ ਰਹੇ 'ਦਸਮ ਗ੍ਰੰਥ' 'ਚ ਕੇਵਲ ਹੀਰ-ਰਾਂਝੇ ਦੇ ਕਿੱਸੇ ਦਾ ਹੀ ਵਰਨਣ ਨਹੀਂ, ਸਗੋਂ ਸੋਹਣੀ ਮਹੀਂਵਾਲ ਅਤੇ ਸੱਸੀ-ਪੁੰਨੂੰ ਦਾ ਵੀ ਵੇਰਵੇ ਸਹਿਤ ਵਰਨਣ ਹੈ।

ਉੱਘੇ ਪੰਥ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਦਸਮ ਗ੍ਰੰਥ ਦੇ ਤਰਤੀਬਵਾਰ ਚਰਿਤ੍ਰ ਨੰਬਰ 98, 101 ਤੇ 108 ਭਾਈ ਗੁਰਦਾਸ ਜੀ ਦੇ ਨਾਂ ਹੇਠ ਪ੍ਰਚਲਤ ਵਾਰਾਂ ਦੇ ਸੰਗ੍ਰਹਿ ਦੀ 27ਵੀਂ ਵਾਰ ਦੀ ਪਹਿਲੀ ਪਉੜੀ ਵਿਚ ਵੀ ਦਸਮ ਗ੍ਰੰਥ ਵਾਂਗ ਹੀ ਕੇਵਲ ਸੱਸੀ ਪੁੰਨੂੰ ਦੇ ਇਸ਼ਕ ਦਾ ਹੀ ਜ਼ਿਕਰ ਨਹੀਂ ਸਗੋਂ ਹੀਰ-ਰਾਂਝੇ ਤੇ ਸੋਹਣੀ ਮਹੀਂਵਾਲ ਦਾ ਜ਼ਿਕਰ ਕਰਦਿਆਂ ਆਖਿਆ

ਕਿ ਸੱਸੀ-ਪੁੰਨੂੰ ਦੇ ਹਵਾਲੇ ਵਾਲੀ ਉਹ ਪ੍ਰਚਲਤ ਤੁਕ ਹੈ “ਮੇਹੀਵਾਲ ਨੋ ਸੋਹਣੀ ਨੈ ਤਰਦੀ ਰਾਤੀ'' ਭਾਈ ਕਾਹਨ ਸਿੰਘ ਜੀ ਨਾਭਾ ਦੇ ਰਚਿਤ 'ਮਹਾਨ ਕੋਸ਼' ਮੁਤਾਬਕ ਭਾਈ ਗੁਰਦਾਸ ਜੀ ਦਾ ਦੇਹਾਂਤ ਹੋਇਆ ਸੀ ਸੰਮਤ 1694 ਅਰਥਾਤ ਸੰਨ 1637 ਨੂੰ, ਗੁਰੂ ਗੋਬਿੰਦ ਸਿੰਘ ਜੀ ਜੋਤੀ-ਜੋਤਿ ਸਮਾਏ ਸਨ, ਸੰਮਤ 1765 ਅਰਥਾਤ ਸੰਨ 1708 'ਚ ਅਤੇ ਸੋਹਣੀ ਦਾ ਆਸ਼ਕ ਮਹੀਂਵਾਲ ਅਪਣੀ ਪ੍ਰੇਮਿਕਾ ਦੇ ਵਿਛੋੜੇ ਕਾਰਨ ਡੁੱਬ ਕੇ ਮਰਿਆ ਸੀ,

ਸੰਮਤ 1789 ਅਰਥਾਤ ਸੰਨ 1732 ਨੂੰ। ਉਨ੍ਹਾਂ ਕਿਹਾ ਕਿ ਗੂਗਲ 'ਤੇ ਖੋਜ ਕਰੀਏ ਤਾਂ ਲਿਖਿਆ ਮਿਲਦਾ ਹੈ ਕਿ ਮੁਗ਼ਲ-ਕਾਲ ਦਾ ਅੰਤਲਾ ਦੌਰ ਅਠਾਰਵੀਂ ਸਦੀ। ਸਪੱਸ਼ਟ ਹੈ ਕਿ ਮਹੀਂਵਾਲ ਦਾ ਕਿੱਸਾ ਬਣਿਆ ਹੈ ਭਾਈ ਗੁਰਦਾਸ ਜੀ ਦੇ ਦੇਹਾਂਤ ਤੋਂ 95 ਸਾਲ ਪਿੱਛੋਂ ਅਤੇ ਦਸਮ ਗੁਰੂ ਦੇ ਜੋਤੀ-ਜੋਤਿ ਸਮਾਉਣ ਤੋਂ 24 ਸਾਲ ਬਾਅਦ। ਇਸ ਲਈ ਇਥੇ ਹੇਠ ਲਿਖੇ ਸਵਾਲ ਖੜੇ ਹੁੰਦੇ ਹਨ ਕਿ ਭਾਈ ਸਾਹਿਬ ਤੇ ਗੁਰੂ ਜੀ ਦੇ ਪਵਿੱਤਰ ਨਾਵਾਂ ਨਾਲ ਜੁੜੀਆਂ ਉਪਰੋਕਤ ਰਚਨਾਵਾਂ 'ਚ 'ਮੇਹੀਵਾਲ' ਦੇ ਕਿੱਸੇ ਦਾ ਹਵਾਲਾ ਕਿਵੇਂ ਸ਼ਾਮਲ ਹੋ ਗਿਆ?

ਗਿਆਨੀ ਜਾਚਕ ਨੇ ਸਵਾਲ ਕੀਤਾ ਕਿ ਹੀਰ-ਰਾਂਝਾ, ਸੱਸੀ-ਪੁੰਨੂੰ ਅਤੇ ਸੋਹਣੀ ਮਹੀਂਵਾਲ ਦੇ ਕਿਸੇ ਵਰਗੀਆਂ ਕਾਮਿਕ ਰਚਨਾਵਾਂ ਨੂੰ ਗੁਰੂ ਰੂਪ ਭਾਈ ਗੁਰਦਾਸ ਜੀ ਤੇ ਰੱਬ-ਰੂਪ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਨਾਵਾਂ ਨਾਲ ਕਿਉਂ ਅਤੇ ਕਿਵੇਂ ਜੋੜਿਆ ਗਿਆ? ਕੀ ਇਹ ਕੋਈ ਕੋਝੀ ਸਾਜ਼ਸ਼ ਤਾਂ ਨਹੀਂ? ਗੁਰਬਾਣੀ ਦੇ ਪਹਿਲੇ ਵਿਆਖਿਆਕਾਰ ਤੇ ਖ਼ਾਲਸੇ ਦੇ ਸਵਾਮੀ ਵਰਗੀਆਂ ਦੈਵੀ ਸ਼ਖ਼ਸੀਅਤਾਂ ਨੂੰ ਖੋਰਾ ਲਾਉਣ ਦੀ, ਤਾਕਿ ਉਨ੍ਹਾਂ ਨੂੰ ਵੀ ਅਸ਼ਲੀਲ ਤੇ ਕਾਮਿਕ ਕਿਸੇ ਕਹਾਣੀਆਂ ਲਿਖਣ ਵਾਲੇ ਆਮ ਕਵੀਆਂ 'ਚ ਸ਼ੁਮਾਰ ਕੀਤਾ ਜਾ ਸਕੇ?

ਕੀ ਇਉਂ ਨਹੀਂ ਜਾਪਦਾ ਕਿ ਉਪਰੋਕਤ ਰਚਨਾਵਾਂ ਦਾ ਲੇਖਕ ਕੋਈ ਇਕੋ ਵਿਅਕਤੀ ਹੈ ਜਿਸ ਨੇ ਗੁਰੂ-ਕਾਲ ਪਿੱਛੋਂ ਉਪਰੋਕਤ ਮਹਾਨ ਸ਼ਖਸੀ ਨਾਵਾਂ ਦੀ ਦੁਰਵਰਤੋਂ ਕੀਤੀ ਹੈ? ਆਸ ਹੈ ਕਿ ਗੁਰਮਤਿ ਫ਼ਿਲਾਸਫ਼ੀ ਅਤੇ ਇਤਿਹਾਸ ਦੀ ਸੂਝ ਰੱਖਣ ਵਾਲੇ ਸੱਜਣ ਉਪਰੋਕਤ ਸਵਾਲਾਂ ਦਾ ਉਤਰ ਲੱਭ ਕੇ ਸਪੋਕਸਮੈਨ ਦੇ ਪਾਠਕਾਂ ਨਾਲ ਜ਼ਰੂਰ ਸਾਂਝਾ ਕਰਨਗੇ।