ਡਾ. ਰੂਪ ਸਿੰਘ ਤੇ ਭਾਈ ਦਰਸ਼ਨ ਸਿੰਘ ਨੇ ਧਰਨਾ ਖ਼ਤਮ ਕਰਨ ਦੀ ਕੀਤੀ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਧਰਨੇ ਦੌਰਾਨ ਦੋ ਬੀਬੀਆਂ ਦੀ ਹਾਲਤ ਵਿਗੜੀ, ਹਸਪਤਾਲ ਭੇਜਿਆ

Protest Pic

ਅੰਮ੍ਰਿਤਸਰ : ਸ਼੍ਰੋ੍ਰਮਣੀ ਕਮੇਟੀ ਦੇ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਧਰਨਾ ਲਗਾਈ ਬੈਠੇ ਮੁਲਾਜ਼ਮਾਂ ਦਾ ਧਰਨਾ ਅੱਜ 5ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ। ਮੁਲਾਜ਼ਮਾਂ ਦੀਆਂ ਮੰਗਾਂ ਮਨਵਾਉਣ ਲਈ ਭੁੱਖ ਹੜਤਾਲ 'ਤੇ ਬੈਠੀਆਂ ਬੀਬੀ ਰਾਜਵਿੰਦਰ ਕੌਰ ਅਤੇ ਬੀਬੀ ਮਨਜੀਤ ਕੌਰ ਦੀ ਹਾਲਤ ਅੱਜ ਦੁਪਹਿਰ ਸਮੇਂ ਖ਼ਰਾਬ ਹੋ ਗਈ ਤੇ ਉਨ੍ਹਾਂ ਦੋਹਾਂ ਨੂੰ ਤੁਰਤ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿਚ ਭੇਜਿਆ ਗਿਆ। ਇਨ੍ਹਾਂ ਦੋਹਾਂ ਬੀਬੀਆਂ ਦੀ ਥਾਂ 'ਤੇ ਹਰਜਿੰਦਰ ਸਿੰਘ ਅਤੇ ਬੀਬੀ ਗੁਰਪ੍ਰੀਤ ਕੌਰ ਨੇ ਭੁੱਖ ਹੜਤਾਲ ਸ਼ੁਰੂ ਕੀਤੀ। ਇਨ੍ਹਾਂ ਮੁਲਾਜ਼ਮਾਂ ਨੂੰ ਮਨਾਉਣ ਦੀਆਂ ਪਹਿਲੀ ਵਾਰ ਕੋਸ਼ਿਸ਼ਾਂ ਸ਼ੁਰੂ ਹੋਈਆਂ। 

ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਦਰਸ਼ਨ ਸਿੰਘ ਅਤੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ, ਧਰਮ ਪ੍ਰਚਾਰ ਦੇ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾਂ ਨੇ ਹੜਤਾਲੀ ਫ਼ਾਰਗ਼ ਮੁਲਾਜ਼ਮਾਂ ਨਾਲ ਮੁਲਾਕਾਤ ਕੀਤੀ ਅਤੇ ਧਰਨਾ ਖ਼ਤਮ ਕਰਨ ਦੀ ਅਪੀਲ ਕੀਤੀ ਗਈ। ਇਸ ਬਾਰੇ ਡਾ. ਰੂਪ ਸਿੰਘ ਨੇ ਦਸਿਆ ਕਿ ਫ਼ਾਰਗ਼ ਮੁਲਾਜ਼ਮਾਂ ਦੇ ਮਸਲੇ ਨੂੰ ਹੱਲ ਕਰਨ ਲਈ ਡੂੰਘੀ ਵਿਚਾਰ ਹੋਈ ਹੈ ਅਤੇ ਸਬੰਧਤ ਫ਼ਾਰਗ ਮੁਲਾਜ਼ਮਾਂ ਪਾਸੋਂ 30 ਅਪ੍ਰੈਲ ਤਕ ਦਾ ਸਮਾਂ ਮੰਗਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੇ ਹੱਲ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਵੀ ਵਿਚਾਰ ਕੀਤਾ ਹੈ।

ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਅਧਿਕਾਰੀਆਂ ਵਲੋਂ ਧਰਨੇ 'ਤੇ ਬੈਠੇ ਫ਼ਾਰਗ ਮੁਲਾਜ਼ਮਾਂ ਪਾਸ ਜਾ ਕੇ ਵੀ ਧਰਨਾ ਚੁਕਣ ਦੀ ਬੇਨਤੀ ਕੀਤੀ ਗਈ ਅਤੇ ਵਿਸ਼ਵਾਸ ਦਿਵਾਇਆ ਗਿਆ ਕਿ 30 ਅਪ੍ਰੈਲ ਤਕ ਇਹ ਮਸਲਾ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਫ਼ਾਰਗ਼ ਮੁਲਾਜ਼ਮਾਂ ਨੂੰ ਅਪਣੀ ਅੜੀ ਛੱਡ ਕੇ ਗੱਲਬਾਤ ਲਈ ਅੱਗੇ ਆਉਣਾ ਚਾਹੀਦਾ ਹੈ। ਮੁਲਾਜ਼ਮਾਂ ਵਲੋਂ ਅਜੀਤ ਸਿੰਘ ਝੁਬਾਲ, ਸੁਖਮਨ ਸਿੰਘ, ਸਤਿੰਦਰ ਸਿੰਘ ਅਤੇ ਕੁਲਵੰਤ ਸਿੰਘ ਨੇ ਗੱਲਬਾਤ ਕੀਤੀ।

ਇਨ੍ਹਾਂ ਕਮੇਟੀ ਅਧਿਕਾਰੀਆਂ ਵਲੋਂ ਮੰਗਿਆ ਸਮਾਂ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਧਰਨਾ ਉਦੋਂ ਹੀ ਚੁਕਿਆ ਜਾਵੇਗਾ ਜਦ ਸਾਰੇ ਮੁਲਾਜ਼ਮਾਂ ਨੂੰ ਬਹਾਲ ਕੀਤੇ ਜਾਣ ਦੇ ਦਸਤਾਵੇਜ਼ ਦੇ ਦਿਤੇ ਜਾਣਗੇ। ਮੁਲਾਜ਼ਮਾਂ ਵਲੋਂ ਗੱਲ ਕਰਦਿਆਂ ਅਜੀਤ ਸਿੰਘ ਝੁਬਾਲ ਨੇ ਕਿਹਾ ਕਿ ਕਮੇਟੀ ਦੇ ਅÎਧਿਕਾਰੀ ਅਤੇ ਅਹੁਦੇਦਾਰ ਜਾਣ ਬੁਝ ਕੇ ਮਸਲਾ ਉਲਝਾ ਰਹੇ ਹਨ। ਇੱਕਲਾ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਹੀ ਸਾਰੇ ਮਾਮਲੇ ਨੂੰ ਖ਼ਰਾਬ ਕਰ ਰਿਹਾ ਹੈ। ਅੱਜ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਇਨ੍ਹਾਂ ਧਰਨਾਕਾਰੀਆਂ ਨਾਲ ਸ਼ਾਮਲ ਹੋ ਕੇ ਇਨ੍ਹਾਂ ਦੀਆਂ ਮੰਗਾਂ ਦਾ ਸਮਰਥਨ ਕੀਤਾ।