ਸੋਸ਼ਲ ਮੀਡੀਆ 'ਤੇ ਫੈਲੀ ਵੀਡੀਉ ਦਾ 'ਜਥੇਦਾਰ' ਨੇ ਲਿਆ ਗੰਭੀਰ ਨੋਟਿਸ
ਡੇਰਾ ਪ੍ਰੇਮੀ ਵਿਰੁਧ ਪਰਚਾ ਦਰਜ ਕਰਨ ਦੇ ਦਿਤੇ ਆਦੇਸ਼
ਤਲਵੰਡੀ ਸਾਬੋ, ਅੰਮ੍ਰਿਤਸਰ : ਸੋਸ਼ਲ ਮੀਡੀਆ 'ਤੇ ਫੈਲੀ ਇਕ ਵੀਡੀਉ ਜਿਸ ਵਿਚ ਇਕ ਵਿਅਕਤੀ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਗ਼ਲਤ ਬੋਲਿਆ ਜਾ ਰਿਹਾ ਸੀ 'ਤੇ ਗੰਭੀਰ ਨੋਟਿਸ ਲੈਂਦਿਆਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਿਥੇ ਇਸ ਦੀ ਨਿਖੇਧੀ ਕੀਤੀ ਹੈ ਉੱਥੇ ਹੀ ਉਕਤ ਵਿਅਕਤੀ ਵਿਰੁਧ ਪਰਚਾ ਦਰਜ ਕਰਵਾਉਣ ਦੇ ਆਦੇਸ਼ ਦਿਤੇ ਹਨ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਡੇਰਾ ਸਿਰਸਾ ਦੇ ਇਕ ਪ੍ਰੇਮੀ ਨੇ ਫੇਸਬੁੱਕ 'ਤੇ ਵੀਡੀਉ ਰਾਹੀਂ ਬੋਲਦਿਆਂ ਗੁਰੂ ਗੋਬਿੰਦ ਸਿੰਘ ਜੀ ਦੀ ਬਰਾਬਰੀ ਬਲਾਤਕਾਰੀ ਸਾਧ ਸੌਦਾ ਸਾਧ ਨਾਲ ਕਰ ਕੇ ਸਿੱਖ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਹੈ। ਇਸ ਤੋਂ ਇਲਾਵਾ ਇਕ ਹੋਰ ਮਸਲੇ ਦਾ ਨੋਟਿਸ ਲੈਂਦਿਆਂ ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਨੇ ਮਜੀਠਾ ਰੋਡ ਬਾਈਪਾਸ 'ਤੇ ਲੱਗੇ ਇਕ ਬੋਰਡ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਜੀ ਦਾ ਨਾਮ ਸੁਨਹਿਰੀ ਮੰਦਰ ਲਿਖ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਹੈ।
ਜਥੇਦਾਰ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਕੋਈ ਮੰਦਰ ਨਹੀਂ ਹੈ ਇਹ ਤਾਂ ਸਿੱਖਾਂ ਦਾ ਪਾਵਨ ਸਰਵਉੱਚ ਅਸਥਾਨ ਹੈ। 'ਜਥੇਦਾਰ' ਨੇ ਸੰਸਾਰ ਭਰ ਵਿਚ ਵਸਦੇ ਸਾਰੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਅਪਣੇ ਕੇਂਦਰੀ ਅਸਥਾਨ ਦਾ ਨਾਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਹੀ ਲੈਣਾ ਜਾਂ ਲਿਖਣਾ ਚਾਹੀਦਾ ਹੈ ਨਾ ਕਿ ਗੋਲਡਨ ਟੈਂਪਲ। ਇਸ ਮਸਲੇ ਸਬੰਧੀ ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਸੜਕਾਂ 'ਤੇ ਬੋਰਡ ਲਗਾਉਣ ਵਾਲੀ ਕੰਪਨੀ ਵਿਰੁਧ ਬਣਦੀ ਕਾਰਵਾਈ ਅਤੇ ਇਨ੍ਹਾਂ ਬੋਰਡਾਂ ਨੂੰ ਉਥੋਂ ਹਟਾਉਣ ਅਤੇ ਹੋਰਨਾਂ ਥਾਵਾਂ 'ਤੇ ਦਰਬਾਰ ਸਾਹਿਬ ਦਾ ਨਾਮ ਬਦਲਣ 'ਤੇ ਰੋਕ ਲਗਾਈ।