ਮੂਲ ਨਾਨਕਸ਼ਾਹੀ ਕੈਲੰਡਰ ਕੀਤਾ ਜਾਵੇ ਤੁਰੰਤ ਲਾਗੂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸਾਬਕਾ ਜਨਰਲ ਸਕੱਤਰ ਨੇ ਕੀਤੀ ਮੰਗ

sukhdev singh bhaur

ਸ੍ਰੀ ਅਨੰਦਪੁਰ ਸਾਹਿਬ : ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਜਥੇਦਾਰ ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਸੰਨ 2017 ਵਿਚ 29 ਮਈ ਨੂੰ, 2018 ਵਿਚ 17 ਜੂਨ ਨੂੰ, 2019 ਵਿਚ 7 ਜੂਨ ਨੂੰ ਅਤੇ ਹੁਣ 2020 ਵਿਚ 26 ਮਈ ਨੂੰ ਆਇਆ ਹੈ।

ਉਨ੍ਹਾਂ ਕਿਹਾ ਕੀ ਇਹ ਇਕ ਤਾਰੀਖ ਨੂੰ ਨਹੀ ਆ ਸਕਦੇ? ਪੁਰਾਤਨ ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰਪੁਰਬਾਂ ਅਤੇ ਸ਼ਹੀਦੀ ਪੁਰਬਾਂ ਦੀ ਤਾਰੀਖ ਇਕ ਹੀ ਮਿਥੀ ਗਈ ਸੀ ਤੇ ਇਹ ਬਿਲਕੁਲ ਠੀਕ ਸੀ। ਉਨ੍ਹਾਂ ਕਿਹਾ ਕਿ ਕਿੰਨੇ ਅਫ਼ਸੋਸ ਦੀ ਗੱਲ ਹੈ ਕਿ ਸੰਨ 2003 ਤੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਲਗਾਤਾਰ 8 ਸਾਲ ਲਾਗੂ ਕਰਨ ਤੋਂ ਬਾਅਦ 2011 ਵਿਚ ਬਿਨਾਂ ਕਿਸੇ ਗੱਲ ਤੋਂ ਬਦਲ ਦਿਤਾ ਗਿਆ।

ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰ: ਸੁਰਿੰਦਰ ਸਿੰਘ ਨੇ ਕਿਹਾ ਕਿ ਪਾਲ ਸਿੰਘ ਪੁਰੇਵਾਲ ਦੀ ਸਖ਼ਤ ਮਿਹਨਤ ਨਾਲ ਤਿਆਰ ਕੀਤੇ ਗਏ ਕੈਲੰਡਰ ਨਾਲ ਸੰਗਤਾਂ ਨੂੰ ਦਸਮ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਅਤੇ ਹੋਰ ਕਈ ਇਤਿਹਾਸਕ ਦਿਹਾੜੇ ਯਾਦ ਹੋ ਗਏ ਸਨ ਪਰ ਕੈਲੰਡਰ ਬਦਲਣ ਨਾਲ ਸਾਰੀਆਂ ਤਾਰੀਖਾਂ ਬਦਲ ਗਈਆਂ ਤੇ ਸੰਗਤਾਂ ਵਿਚ ਭੰਬਲਭੂਸਾ ਪੈਦਾ ਹੋ ਗਿਆ ਜੋ ਅਜੇ ਵੀ ਨਿਰੰਤਰ ਜਾਰੀ ਹੈ।

ਉਨ੍ਹਾਂ ਕਿਹਾ ਕਿ ਕੌਮ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨਾਲ ਗੱਲ ਕੀਤੀ ਜਾਵੇ।