ਆਰਥਕ ਮੰਦਹਾਲੀ ਨਾਲ ਜੂਝ ਰਹੀ ਹੈ ਪੰਥ ਦੀ ਧੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਜਿਸ ਲੜਕੀ ਨੂੰ ਕਦੀ ਪੰਥ ਦੀਆਂ ਜਥੇਬੰਦੀਆਂ ਨੇ “ਪੰਥ ਦੀ ਧੀ'' ਦਾ ਖਿਤਾਬ ਦੇ ਕੇ ਨਿਵਾਜਿਆ ਸੀ ਅੱਜ ਉਹ ਲੜਕੀ ਆਰਥਕ ਤੰਗੀਆਂ ਨਾਲ ਜੂਝ ਰਹੀ ਹੈ...........

Daughter of the Panth is battling with economic crisis

ਤਰਨਤਾਰਨ : ਜਿਸ ਲੜਕੀ ਨੂੰ ਕਦੀ ਪੰਥ ਦੀਆਂ ਜਥੇਬੰਦੀਆਂ ਨੇ “ਪੰਥ ਦੀ ਧੀ'' ਦਾ ਖਿਤਾਬ ਦੇ ਕੇ ਨਿਵਾਜਿਆ ਸੀ ਅੱਜ ਉਹ ਲੜਕੀ ਆਰਥਕ ਤੰਗੀਆਂ ਨਾਲ ਜੂਝ ਰਹੀ ਹੈ। ਅਫਸੋਸ ਦੀ ਗੱਲ ਇਹ ਹੈ ਕਿ ਕਿਸੇ ਨੇ ਉਸ ਦਾ ਹੱਥ ਤਾਂ ਕੀ ਫੜਨਾ ਸੀ, ਉਸ ਦੀ ਸਾਰ ਲੈਣ ਲਈ ਵੀ ਕੋਈ ਅੱਗੇ ਨਹੀਂ ਆਇਆ। 2006 ਵਿਚ ਪ੍ਰਵੀਨ ਕੌਰ ਨੂੰ ਸਾਰੇ ਖਾਲਸਾ ਪੰਥ ਦੀਆਂ ਧਾਰਮਕ, ਰਾਜਨੀਤਕ ਤੇ ਸਮਾਜਕ ਜਥੇਬੰਦੀਆਂ ਨੇ ਵੱਖ ਵੱਖ ਸਮਾਗਮ ਕਰ ਕੇ “ਪੰਥ ਦੀ ਧੀ'' ਕਿਹਾ ਸੀ। ਉਸ ਨੂੰ ਇਹ ਨਹੀਂ ਸੀ ਪਤਾ ਕਿ ਇਹ ਚਕਾਚੌਂਧ ਕੁਝ ਦਿਨਾਂ ਦੀ ਹੀ ਮਹਿਮਾਨ ਹੈ।

ਮੁਸਲਿਮ ਪਰਿਵਾਰ ਵਿਚੋਂ ਸਿੰਘ ਸਜੀ ਬੀਬਾ ਪ੍ਰਵੀਨ ਕੌਰ ਤੇ ਡੇਰਾ ਸਿਰਸਾ ਮੁਖੀ 'ਤੇ ਹਮਲਾ ਕਰਨ ਦਾ ਦੋਸ਼ ਲੱਗਾ ਸੀ ਤੇ ਇਸ ਨੂੰ ਲੰਮਾ ਸਮਾਂ ਪਟਿਆਲਾ ਤੇ ਹਰਿਆਣਾ ਦੀਆਂ ਜੇਲ੍ਹਾਂ ਵਿਚ ਗੁਜ਼ਾਰਨਾ ਪਿਆ ਸੀ। ਇਸ ਦੌਰਾਨ ਉਸ 'ਤੇ ਅੰਨ੍ਹਾ ਤਸ਼ੱਦਦ ਵੀ ਹੋਇਆ। ਬੀਬਾ ਪ੍ਰਵੀਨ ਕੌਰ ਨੇ ਦਸਿਆ ਕਿ ਉਹ ਜਬਰ ਤਾਂ ਉਸਨੇ ਸਹਿਨ ਕਰ ਲਿਆ ਪਰ ਮੈਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦ ਮੇਰੇ ਪਰਿਵਾਰ ਨੇ ਵੀ ਮੇਰਾ ਸਾਥ ਛੱਡ ਦਿਤਾ। ਪਰਿਵਾਰ ਵਿਚ ਉਸ ਦੀ ਮਾਂ ਹਸਨ ਬੀਬੀ ਤੇ ਇਕ ਭਰਾ  ਹੈ। ਪ੍ਰਵੀਨ ਕੌਰ ਨੇ ਦਸਿਆ ਕਿ ਕਿਸੇ ਨੇ ਮੇਰਾ ਸਾਥ ਤਾਂ ਕੀ ਦੇਣਾ ਸੀ ਉਲਟਾ ਮੇਰੇ 'ਤੇ ਮੁੜ ਇਸਲਾਮ ਵਿਚ ਆ ਜਾਣ ਦਾ ਦਬਾਅ ਪਾਇਆ ਗਿਆ।

ਪ੍ਰਵੀਨ ਕੌਰ ਦੇ 2 ਬੱਚੇ ਪਟਿਆਲਾ ਦੇ ਸਕੂਲ ਵਿਚ ਪੜ੍ਹਦੇ ਹਨ। ਆਰਥਿਕ ਸੰਕਟ ਵਿਚ ਉਲਝੀ “ਪੰਥ ਦੀ ਧੀ'' ਫੀਸ ਭਰਨ ਤੋਂ ਵੀ ਅਸਮਰਥ ਹੈ। ਸਕੂਲ ਚਲਾ ਰਹੀ ਧਾਰਮਿਕ ਜਥੇਬੰਦੀ ਦੇ ਮੁਖੀ ਨੂੰ ਮਿਲਣ ਲਈ ਕਈ ਵਾਰ ਪ੍ਰਵੀਨ ਕੌਰ ਤਰਲੇ ਕਰ ਚੁੱਕੀ ਹੈ ਤਾਂ ਕਿ ਉਹ ਆਪਣੀ ਮੰਦਹਾਲੀ ਦਾ ਵਾਸਤਾ ਪਾ ਕੇ ਫੀਸ ਵਿਚ ਕੁਝ ਰਿਆਇਤ ਲੈ ਸਕੇ, ਪਰ ਬਾਹਰ ਬੈਠੇ ਸੁਰੱਖਿਆ ਕਰਮਚਾਰੀ ਉਸ ਨੂੰ ਮਿਲਣ ਹੀ ਨਹੀ ਦਿੰਦੇ। ਪੰਥ ਦੀ ਇਹ ਧੀ ਪੰਥ ਨੂੰ ਪੁੱਛਦੀ ਹੈ ਕਿ ਕੀ ਕੁਰਬਾਨੀ ਕਰਨ ਵਾਲਿਆਂ ਨਾਲ ਇਵੇਂ ਹੀ ਹੋਵੇਗਾ।

Related Stories