Panthak News: ‘ਬਲੀਦਾਨ’ ਤੇ ‘ਸ਼ਹਾਦਤ’ ਲਫ਼ਜ਼ਾਂ ’ਚ ਦਾਰਸ਼ਨਿਕ ਦਿ੍ਰਸ਼ਟੀ ਤੋਂ ਜ਼ਮੀਨ ਅਸਮਾਨ ਦਾ ਫ਼ਰਕ : ਜਾਚਕ
ਕਿਹਾ, ਸ਼ਹਾਦਤ, ਕੁਰਬਾਨੀ, ਮਾਤਮ, ਸੋਗ, ਚੜ੍ਹਦੀਕਲਾ, ਸ਼ਹੀਦ ਅਤੇ ਬਲੀਦਾਨ ’ਚ ਫ਼ਰਕ
Panthak News: ‘ਸ਼ਹਾਦਤ’ ਤੇ ‘ਬਲੀਦਾਨ’ (ਬਲਿਦਾਨ) ਲਫ਼ਜ਼ਾਂ ’ਚ ਦਾਰਸ਼ਨਿਕ ਦਿ੍ਰਸ਼ਟੀ ਤੋਂ ਜ਼ਮੀਨ ਅਸਮਾਨ ਦਾ ਫ਼ਰਕ ਹੈ, ਕਿਉਂਕਿ ‘ਬਲੀਦਾਨ’ ਵੈਦਿਕ-ਮਤੀ ਸ਼ਬਦਾਵਲੀ ਹੈ ਅਤੇ ‘ਸ਼ਹਾਦਤ’ ਜਿੱਥੇ ਕਿਤੇਬਕ-ਮਤੀ ਸ਼ਬਦਾਵਲੀ ਹੈ, ਉੱਥੇ ਸਿੱਖੀ ਵਿਚ ਪਹੁੰਚ ਕੇ ਉਨ੍ਹਾਂ ਦੇ ਅਰਥ ਹੀ ਬਦਲ ਚੁੱਕੇ ਹਨ। ਇਹੀ ਕਾਰਨ ਹੈ ਕਿ ਜਦੋਂ ਸਾਲ 2014 ਤੋਂ ਮੋਦੀ ਹਕੂਮਤ ਹੋਂਦ ’ਚ ਆਈ ਹੈ, ਉਸ ਵੇਲੇ ਤੋਂ ਹੀ ਗੋਦੀ ਮੀਡੀਏ ਵਿਚ ਸ਼ਹੀਦਾਂ ਨੂੰ ਬਲੀਦਾਨੀ ਅਤੇ ਸ਼ਹੀਦੀ ਅਥਵਾ ਸ਼ਹਾਦਤ ਨੂੰ ਬਲੀਦਾਨ ਲਿਖਣਾ ਤੇ ਕਹਿਣਾ ਸ਼ੁਰੂ ਕਰ ਦਿਤਾ ਗਿਆ ਹੈ। ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਪ੍ਰਤੀ ਪ੍ਰਧਾਨ ਮੰਤਰੀ ਮੋਦੀ ਤੇ ਹਰਿਆਣੇ ਦੇ ਮੁੱਖ ਮੰਤਰੀ ਖ਼ੱਟਰ ਵਲੋਂ ਅਖ਼ਬਾਰਾਂ ਨੂੰ ਜੋ ਇਸ਼ਤਿਹਾਰ ਜਾਰੀ ਕੀਤੇ ਗਏ ਹਨ, ਉਨ੍ਹਾਂ ਵਿਚ ਵੀ ‘ਸ਼ਹਾਦਤ’ ਦੀ ਥਾਂ ‘ਬਲੀਦਾਨ’ ਲਫ਼ਜ਼ ਵਰਤੇ ਮਿਲਦੇ ਹਨ, ਜਿਹੜਾ ਹਿੰਦੂ-ਰਾਸ਼ਟਰ ਦੇ ਮੁਦਈਆਂ ਦਾ ਸਿੱਖੀ ਦੀ ਸ਼ਹਾਦਤ ਦੇ ਮਨੋਰਥ ਅਤੇ ਅਰਥ-ਭਾਵ ਦਾ ਭਗਵਾਕਰਨ ਕਰਨ ਦਾ ਬੜਾ ਹੀ ਕੁਟਿਲ, ਗੁੱਝਾ ਤੇ ਬਿਪਰਵਾਦੀ ਯਤਨ ਹੈ। ਇਸ ਪ੍ਰਤੀ ਸਿੱਖ ਕੌਮ ਦੇ ਕਥਿਤ ਆਗੂਆਂ ਤੇ ਬੁੱਧੀਜੀਵੀ ਵਰਗ ਨੂੰ ਜਾਗਣ ਦੀ ਲੋੜ ਹੈ।
ਇਹ ਵਿਚਾਰ ਹਨ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜੋ ਉਨ੍ਹਾਂ ਨਿਊਯਾਰਕ ਤੋਂ ਅਪਣੇ ਈ-ਮੇਲ ਰਾਹੀਂ ਅਦਾਰਾ ‘ਰੋਜ਼ਾਨਾ ਸਪੋਕਸਮੈਨ’ ਦੇ ਇਸ ਪੱਤਰਕਾਰ ਨਾਲ ਸਾਂਝੇ ਕੀਤੇ ਹਨ। ਉਨ੍ਹਾਂ ਅਪਣੇ ਉਪਰੋਕਤ ਵਿਚਾਰਾਂ ਦੀ ਸਪੱਸ਼ਟਤਾ ਕਰਦਿਆਂ ਦਸਿਆ ਕਿ ਮਹਾਨ ਕੋਸ਼ ਮੁਤਾਬਕ ਕਿਸੇ ਦੇਵਤੇ ਅੱਗੇ ਅੰਨ ਆਦਿਕ ਸਮੱਗਰੀ ਭੇਂਟ ਕਰਨ ਅਤੇ ਪਸ਼ੂ ਆਦਿਕ ਦੀ ਬਲੀ ਦੇਣ ਦੀ ਕਿਰਿਆ ਨੂੰ ਬਲੀਦਾਨ (ਬਲਿਦਾਨ) ਆਖਿਆ ਜਾਂਦਾ ਹੈ। ਕੋਸ਼ ਵਿਚ ਲਿਖਿਆ ਹੋਇਆ ਹੈ ਕਿ ‘ਈਸ਼ਵਰ ਅਥਵਾ ਕਿਸੇ ਦੇਵਤਾ ਦੇ ਨਮਿੱਤ ਪਸ਼ੂ ਦੀ ਕੁਰਬਾਨੀ ਕਰਨੀ ਬਲਿਦਾਨ ਦੀ ਰੀਤਿ ਬਹੁਤ ਪੁਰਾਣੀ ਹੈ’। ਵੇਦਾਂ ਦੇ ਸਮੇਂ ਇਸ ਦਾ ਵੱਡਾ ਪ੍ਰਚਾਰ ਸੀ, ਯਜੁਰਵੇਦ ਦੇਖਣ ਤੋਂ ਪਤਾ ਲਗਦਾ ਹੈ ਕਿ ਦੇਵਤਿਆਂ ਦੀ ਪ੍ਰਸੰਨਤਾ ਲਾਭ ਕਰਨ ਲਈ ਜੀਵਾਂ ਦੀ ਕੁਰਬਾਨੀ ਕੀਤੀ ਜਾਂਦੀ ਸੀ।
ਰਮਾਇਣ ਅਤੇ ਮਹਾਂਭਾਰਤ ਆਦਿ ਗ੍ਰੰਥਾਂ ’ਚ ਵੀ ਇਸ ਬਾਬਤ ਅਨੰਤ ਲੇਖ ਹਨ। ਬਾਈਬਲ ਅਤੇ ਕੁਰਾਨ ਵਿਚ ਵੀ ਬਲੀਦਾਨ ਦਾ ਅਨੇਕਾਂ ਥਾਂ ਜ਼ਿਕਰ ਹੈ ਪਰ ਉਨ੍ਹਾਂ ਦੀ ਸ਼ਬਦਾਵਲੀ ’ਚ ਬਲੀਦਾਨ ਦੀ ਥਾਂ ‘ਕੁਰਬਾਨੀ’ ਲਿਖਿਆ ਜਾਂਦਾ ਹੈ। ਪਾਠਕ ਹੈਰਾਨ ਹੋਣਗੇ ਕਿ ਸਿੱਖ ਫ਼ਲਸਫ਼ੇ ’ਚ ਸ਼ਹਾਦਤ ਤੇ ਕੁਰਬਾਨੀ ਸਮਾਨਰਥਕ ਹੋ ਚੁੱਕੇ ਹਨ, ਕਿਉਂਕਿ ਗੁਰੂ ਸਾਹਿਬਾਨ ਤੇ ਸਿੱਖ ਸ਼ਹੀਦਾਂ ਨੇ ਸਿੱਖੀ ਸਿਦਕ ਨੂੰ ਕਾਇਮ ਰਖਦਿਆਂ ਮਾਨਵੀ ਸਮਾਜ ਦੇ ਅਜ਼ਾਦੀ ਆਦਿਕ ਮੁਢਲੇ ਹੱਕਾਂ ਅਤੇ ਹਕੂਮਤੀ ਜ਼ੁਲਮ ਤੇ ਜਬਰ ਦੀ ਵਿਰੋਧਤਾ ਕਰਦਿਆਂ ਅਪਣੇ-ਆਪ ਨੂੰ ਖ਼ੁਸ਼ੀ-ਖ਼ੁਸ਼ੀ ਨਿਛਾਵਰ ਕੀਤਾ, ਮਰਨਾ ਪ੍ਰਵਾਨ ਕੀਤਾ ਪਰ ਜ਼ਾਲਮਾਂ ਦੀ ਈਨ ਨਹੀ ਮੰਨੀ। ਇਸ ਲਈ ਗੁਰੂ ਨਾਨਕ-ਜੋਤ ਗੁਰੂ ਸਾਹਿਬਾਨ ਅਤੇ ਸਿੱਖ ਸ਼ਹੀਦਾਂ ਦੀ ਸ਼ਹਾਦਤ ਨੂੰ ਨਾ ਤਾਂ ਵੈਦਿਕ-ਮਤੀ ਬਲੀਦਾਨ ਦਸਿਆ ਜਾ ਸਕਦਾ ਹੈ ਅਤੇ ਨਾ ਹੀ ਉਨ੍ਹਾਂ ਦੀ ਸ਼ਹਾਦਤ ਨੂੰ ਕਿਤੇਬਕ-ਮਤੀ ਦਿ੍ਰਸ਼ਟੀ ਤੋਂ ਵਿਚਾਰਿਆ ਜਾ ਸਕਦਾ ਹੈ, ਕਿਉਂਕਿ ਇਸਲਾਮਿਕ ਪ੍ਰੰਪਰਾ ’ਚ ਮਾਤਮ ਤੇ ਰੋਣਾ-ਪਿੱਟਣਾ ਹੈ ਅਤੇ ਸਿੱਖੀ ਦੀ ਸ਼ਹਾਦਤ ਮਾਤਮ ਰਹਿਤ ਤੇ ਚੜ੍ਹਦੀਕਲਾ ਦੀ ਪ੍ਰਤੀਕ ਹੈ। ਇਹੀ ਕਾਰਨ ਹੈ ਕਿ ਗੁਰਮਤਿ ਦਰਸ਼ਨ ਦੇ ਸ੍ਰੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਵਿਚ ਸ਼ਹੀਦ ਲਫ਼ਜ਼ ਤਾਂ ਮਿਲਦਾ ਹੈ ਪਰ ਬਲੀਦਾਨ ਕਿਧਰੇ ਨਹੀਂ ਲਭਦਾ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।